ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਗ ਕਦੇ ਨਾ ਲਾਈਏ
ਵਾਤਾਵਰਨ ਦੀ ਸ਼ੁੱਧਤਾ ਮਨੁੱਖ ਸਮੇਤ ਹਰ ਸਜੀਵ ਲਈ ਬੇਹੱਦ ਜ਼ਰੂਰੀ ਹੈ। ਤਕਨਾਲੋਜੀ ਦੇ ਵਿਕਾਸ ਦੇ ਬੇਅੰਤ ਫ਼ਾਇਦਿਆਂ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਨੁਕਸਾਨ ਵੀ ਹੋਏ ਹਨ। ਉਦਾਹਰਨ ਦੇ ਤੌਰ ’ਤੇ ਆਵਾਜਾਈ ਦੇ ਅਜੋਕੇ ਸਾਧਨਾਂ ਨਾਲ ਦੂਰੀ ਭਾਵੇਂ ਸੁੰਗੜ ਕੇ ਛੋਟੀ ਰਹਿ ਗਈ ਹੈ ਪਰ ਵਾਤਾਵਰਨ ਦਾ ਤੇਜ਼ ਗਤੀ ਨਾਲ ਪ੍ਰਦੂਸ਼ਿਤ ਹੋਣਾ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਅਜਿਹੀ ਹੀ ਇਕ ਸਮੱਸਿਆ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਵਿਚ ਹੋ ਰਹੇ ਪ੍ਰਦੂਸ਼ਣ ਸਬੰਧੀ ਹੈ। ਪੰਜਾਬ ਵਿਚ ਤਕਰੀਬਨ 220 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦਾ ਵੱਡਾ ਹਿੱਸਾ ਖੇਤਾਂ ਵਿਚ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਅੱਜ-ਕੱਲ੍ਹ ਅਸੀਂ ਆਮ ਹੀ ਇਹ ਸੁਣ ਰਹੇ ਹਾਂ ਕਿ ਪਰਾਲੀ ਨੂੰ ਅੱਗ ਲਗਾਉਣਾ ਮਨ੍ਹਾ ਹੈ। ਕਿਸਾਨ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ, ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸ ਦੇ ਬਦਲਵੇਂ ਪ੍ਰਬੰਧਾਂ ਪ੍ਰਤੀ ਰੁਝਾਨ ਵਧਾਉਣਾ ਚਾਹੀਦਾ ਹੈ।
ਕੋਈ ਸਮਾਂ ਸੀ ਜਦ ਮੁਲਕ ਵਿਚ ਅੰਨ ਦੀ ਥੋੜ੍ਹ ਦੇ ਬਾਵਜੂਦ ਵਿੱਚ ਮਿਹਨਤਕਸ਼ ਕਿਸਾਨਾਂ ਨੇ ਧਰਤੀ ਦੀ ਹਿੱਕ ਵਿੱਚੋਂ ਧੜਾ-ਧੜ ਅਨਾਜ ਪੈਦਾ ਕਰ ਕੇ ਮੁਲਕ ਦੇ ਅੰਨ ਭੰਡਾਰ ਟੀਸੀ ਤਕ ਭਰ ਦਿੱਤੇ ਸਨ ਜੋ ਹਰੀ-ਕ੍ਰਾਂਤੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਜੇ ਉਸ ਸਮੇਂ ਦੇ ਸੂਬਾ ਦੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਵੱਲ ਝਾਤ ਮਾਰੀਏ ਤਾਂ ਸਾਨੂੰ ਸਾਫ਼-ਸ਼ੁੱਧ ਵਾਤਾਵਰਨ ਯਾਦ ਆਉਂਦਾ ਹੈ ਅਤੇ ਸਿਹਤਮੰਦ ਅੱਖਾਂ ਦੇ ਝਰੋਖਿਆਂ ਵਿਚ ਦੀ ਝਾਕਦੇ ਹਨ। ਇਸ ਦਾ ਰਾਜ਼ ਲੋਕਾਂ ਦੀ ਰੁੱਖੀ-ਮਿੱਸੀ, ਰਲਵੀਂ-ਮਿਲਵੀਂ ਖ਼ੁਰਾਕ ਸੀ। ਲਗਪਗ ਹਰ ਘਰ ਵਿਚ ਝੋਨੇ, ਬਾਜਰੇ, ਮੱਕੀ ਆਦਿ ਦੀ ਮਿੱਸੀ ਰੋਟੀ ਪੱਕਦੀ ਸੀ। ਕਣਕ ਦੀ ਰੋਟੀ ਤਾਂ ਕਿਸੇ ਖ਼ਾਸ ਪ੍ਰਾਹੁਣੇ ਦੇ ਆਉਣ ’ਤੇ ਹੀ ਪੱਕਦੀ। ਘਰ ਦਾ ਕਮਾਦ ਬੀਜਿਆ ਜਾਂਦਾ ਅਤੇ ਗੰਨੇ ਦਾ ਰੌਹ, ਗੁੜ, ਸ਼ੱਕਰ ਵਿਚ ਤਰਦਾ ਦੇਸੀ ਘਿਓ ਲੋਕਾਂ ਦੀ ਖ਼ੁਰਾਕ ਦੇ ਅਨਿੱਖੜਵੇਂ ਅੰਗ ਸਨ।
ਜੇ ਅਸੀਂ ਉਸ ਸਮੇਂ ਦੀਆਂ ਇਨ੍ਹਾਂ ਨਿਆਮਤਾਂ ਨੂੰ ਮੌਜੂਦਾ ਸਮੇਂ ਨਾਲ ਮਿਲਾਨ ਕਰ ਕੇ ਦੇਖੀਏ ਤਾਂ ਫ਼ਸਲੀ ਵਿਭਿੰਨਤਾ ਦੇ ਕਿਸੇ ਪਾਸੇ ਗੁਆਚ ਜਾਣ ਕਾਰਨ ਸਭ ਨਿਆਮਤਾਂ ਖ਼ਤਮ ਹੋ ਗਈਆਂ ਹਨ। ਮਨੁੱਖ ਨੇ ਆਧੁਨਿਕ ਖੇਤੀ ਦੇ ਚੱਕਰ ਵਿਚ ਬਹੁਤ ਸਾਰੀਆਂ ਅਲਾਮਤਾਂ ਸਹੇੜ ਲਈਆਂ ਹਨ। ਰਲਵੀਂ ਮਿੱਸੀ ਰੋਟੀ ਦੀ ਥਾਂ ਕਣਕ ਦੀਆਂ ਰੋਟੀਆਂ ਨੇ ਲੈ ਲਈ ਹੈ। ਸਾਉਣੀ ਦੀਆਂ ਸਾਰੀਆਂ ਨਿੱਕੀਆਂ-ਮੋਟੀਆਂ ਫ਼ਸਲਾਂ ਦੀ ਥਾਂ ਇਕੱਲੀ ਝੋਨੇ ਦੀ ਫ਼ਸਲ ਦੀ ਸਰਦਾਰੀ ਹੈ।
ਕਣਕ-ਝੋਨਾ ਸੂਬਿਆਂ ਦਾ ਪ੍ਰਮੁੱਖ ਫ਼ਸਲੀ ਚੱਕਰ ਬਣ ਗਿਆ ਹੈ। ਇਨ੍ਹਾਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਣਾ ਵੀ ਇਨ੍ਹਾਂ ਫ਼ਸਲਾਂ ਦੇ ਹਰਮਨ-ਪਿਆਰਾ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇਕ ਹੈ। ਝੋਨੇ ਦੀ ਫ਼ਸਲ ਦੀ ਵਾਢੀ ਤੋਂ ਬਾਅਦ ਉਸ ਦੀ ਪਰਾਲੀ ਨੂੰ ਆਮ ਤੌਰ ’ਤੇ ਅੱਗ ਲਾ ਕੇ ਸਾੜਿਆ ਜਾਂਦਾ ਹੈ ਪਰ ਇਸ ਨਾਲ ਜੋ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਉਹ ਵਾਤਾਵਰਨ ਤੇ ਜੀਵਨ ਪੱਧਰ ਲਈ ਸਿਰੇ ਦਾ ਖ਼ਤਰਨਾਕ ਹੈ।
ਇਕ ਰਿਪੋਰਟ ਵਿਚ ਇਹ ਤੱਥ ਸਾਫ਼ ਕੀਤੇ ਗਏ ਹਨ ਕਿ ਜੇਕਰ ਇਕ ਕਿੱਲੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜੋ ਕਿ 2.5 ਤੋਂ 3 ਟਨ ਤਕ ਹੁੰਦੀ ਹੈ, ਇਸ ਦੇ ਸੜਨ ਨਾਲ ਤਕਰੀਬਨ 32 ਕਿੱਲੋ ਯੂਰੀਆ, 5.5 ਕਿੱਲੋ ਡੀਏਪੀ ਅਤੇ 51 ਕਿੱਲੋ ਪੋਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸਾਡੇ ਮਿੱਤਰ-ਕੀੜੇ ਵੀ ਬਲੀ ਚੜ੍ਹ ਜਾਂਦੇ ਹਨ ਜਿਸ ਨਾਲ ਸਾਡੀ ਖੇਤੀਬਾੜੀ ਨੂੰ ਘੱਟ-ਉਪਜਾਊ ਸ਼ਕਤੀ ਅਤੇ ਵੱਧ ਬਿਮਾਰੀਆਂ ਜਾਂ ਹਾਨੀਕਾਰਕ ਕੀੜਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਗ ਦਾ ਅਗਲਾ ਭਿਆਨਕ ਅਸਰ ਜ਼ਮੀਨ ਦੀ ਜੈਵਿਕ ਸਿਹਤ ’ਤੇ ਵੀ ਪੈਂਦਾ ਹੈ ਕਿਉਂਕਿ ਪਰਾਲੀ ਸਾੜਨ ਨਾਲ ਸਾਡੀ ਜ਼ਮੀਨ ਉੱਪਰਲਾ ਜੈਵਿਕ ਮਲੜ੍ਹ ਵੀ ਮਚ ਕੇ ਸੁਆਹ ਹੋ ਜਾਂਦਾ ਹੈ। ਅਗਲੀ ਅਲਾਮਤ ਜੋ ਕਿ ਪਰਾਲੀ ਸੜਨ ਨਾਲ ਮਨੁੱਖ ਨੇ ਸਹੇੜੀ ਹੈ, ਉਹ ਹੈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ ਜੋ ਕਿ ਸਾਡੇ ਸਰੀਰ ਦੀ ਆਕਸੀਜਨ ਲੈਣ ਦੀ ਸਮਰੱਥਾ ਨੂੰ ਘੱਟ ਕਰਦੀ ਹੈ ਅਤੇ ਇਸ ਤਰ੍ਹਾਂ ਕਿੰਨੇ ਹੀ ਮਨੁੱਖ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
ਇਹ ਗੈਸ ਅੱਖਾਂ ਵਿਚ ਜਲਣ ਦਾ ਕਾਰਨ ਵੀ ਬਣਦੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ’ਤੇ ਪੈਦਾ ਹੋਇਆ ਹਾਨੀਕਾਰਕ ਧੂੰਆਂ ਫੇਫੜਿਆਂ, ਚਮੜੀ, ਖ਼ੂਨ ਅਤੇ ਸਾਹ ਕਿਰਿਆ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਅੱਜ ਜੇਕਰ ਅਸੀਂ ਮੌਜੂਦਾ ਸਿਹਤ ਦਾ ਮਿਲਾਨ ਪੁਰਾਣੀ ਪੀੜ੍ਹੀ ਨਾਲ ਕਰੀਏ ਤਾਂ ਇਹ ਸਾਫ਼ ਝਲਕਦਾ ਹੈ ਕਿ ਅੱਜ ਦੇ ਸੂਬਾ ਵਾਸੀ ਸਿਹਤ ਪੱਖੋਂ ਵੀ ਹਾਰ ਗਏ ਹਨ। ਸਾਡਾ ਜਰਖੇਜ਼ ਜ਼ਮੀਨੀ ਖਿੱਤਾ ਕਿੰਨੀਆਂ ਹੀ ਨਾ-ਮੁਰਾਦ ਬਿਮਾਰੀਆਂ ਦੀ ਲਪੇਟ ਵਿਚ ਆ ਗਿਆ ਹੈ।
ਔਸਤਨ ਜੀਵਨਕਾਲ ਜੋ ਕਿਸੇ ਸਮੇਂ 100 ਸਾਲ ਹੋਣਾ ਆਮ ਜਿਹੀ ਗੱਲ ਸੀ, ਅੱਜ-ਕੱਲ੍ਹ 60 ਸਾਲ ਤੋਂ ਬਾਅਦ ਖ਼ਤਰੇ ਵਿਚ ਆ ਜਾਂਦਾ ਹੈ। ਇਹ ਸਭ ਵਾਤਾਵਰਨ ਨਾਲ ਹੋ ਰਹੀ ਛੇੜ-ਛਾੜ ਦੇ ਹੀ ਨਤੀਜੇ ਹਨ। ਇਕ ਸਰਵੇਖਣ ਦੇ ਨਤੀਜਿਆਂ ਅਨੁਸਾਰ ਆਮ ਦਿਨਾਂ ਵਿਚ ਮਹੀਨ ਕਣਾਂ ਦੀ ਮਿਕਦਾਰ ਜੋ ਕਿ ਸਾਹ ਨਾਲ ਸਾਡੇ ਅੰਦਰ ਜਾਂਦੇ ਹਨ, 60 ਮਿਲੀਗ੍ਰਾਮ ਪ੍ਰਤੀ ਘਣਮੀਟਰ ਹੁੰਦੀ ਹੈ। ਇਹ ਪਰਾਲੀ ਸਾੜਨ ਵਾਲੇ ਦਿਨਾਂ ਵਿਚ ਵਧ ਕੇ 425 ਮਿਲੀਗ੍ਰਾਮ ਪ੍ਰਤੀ ਘਣਮੀਟਰ ਤਕ ਚਲੀ ਜਾਂਦੀ ਹੈ। ਸਭ ਤੋਂ ਚਿੰਤਾਜਨਕ ਗੱਲ ਹੈ ਸਰਦੀ ਦੀ ਰੁੱਤ ਵਿਚ ਪਿਆ ਫ਼ਰਕ ਜੋ ਕਿ ਪਿਛਲੇ 2-3 ਵਰਿ੍ਹਆਂ ਵਿਚ ਆਮ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
ਸੂਬਿਆਂ ਦੀ ਧਰਤੀ ਅਜਿਹੀ ਹੈ ਜੋ ਹਰ ਇਕ ਰੁੱਤ ਦਾ ਜੋਬਨ ਮਾਣਦੀ ਹੈ ਪਰ ਪਿਛਲੇ ਵਰਿ੍ਹਆਂ ਵਿਚ ਸਰਦੀ ਦੀ ਰੁੱਤ ਵਿਚ ਪਿਆ ਫ਼ਰਕ, ਸਰਦੀ ਦਾ ਘੱਟ ਪੈਣਾ ਜਿੱਥੇ ਵਾਤਾਵਰਨ ਪੱਖੋਂ ਵੱਡੀ ਸਮੱਸਿਆ ਹੈ, ਉੱਥੇ ਸੂਬੇ ਦੇ ਕਣਕ ਉਤਪਾਦਨ ਲਈ ਵੀ ਖ਼ਤਰਾ ਬਣ ਸਕਦਾ ਹੈ। ਫਿਰ ਇਸ ਤੋਂ ਅੱਗੇ ਧੂੰਏਂ ਵਿਚ ਕਿੰਨੀ ਵਾਰ ਆਵਾਜਾਈ ਵਿਚ ਜਾਨੀ-ਮਾਲੀ ਨੁਕਸਾਨ ਹੋ ਜਾਣ ਦੇ ਮਾੜੇ ਸੁਨੇਹੇ ਸੁਣਨ ਨੂੰ ਮਿਲਦੇ ਹਨ।
ਇਸ ਲਈ ਵਾਤਾਵਰਨ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਦੇ ਹੋਏ ਸਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਥਾਂ, ਇਸ ਦੇ ਢੁੱਕਵੇਂ ਬਦਲ ਅਪਨਾਉਣੇ ਚਾਹੀਦੇ ਹਨ। ਸੂਬਿਆਂ ਦੀ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਦੇ ਸਹਿਯੋਗ ਲਈ ਵਚਨਬੱਧ ਹੈ। ਯੂਨੀਵਰਸਿਟੀ ਵੱਲੋਂ ਸੁਝਾਈਆਂ ਤਕਨੀਕਾਂ ਜਿਵੇਂ ਸੀਡਰ ਦੀ ਵਰਤੋਂ ਲਾਭਕਾਰੀ ਹੈ। ਇਸ ਮਸ਼ੀਨ ਨਾਲ ਕੰਬਾਈਨ ਨਾਲ ਕੱਟੇ ਹੋਏ ਝੋਨੇ ਦੇ ਨਾੜ ਦੇ ਵੱਢ ਵਿਚ ਕਣਕ ਸਿੱਧੇ ਤੌਰ ’ਤੇ ਬੀਜੀ ਜਾ ਸਕਦੀ ਹੈ। ਇਸ ਤਰ੍ਹਾਂ ਪਾਣੀ ਦੀ ਵੀ ਬੱਚਤ ਹੁੰਦੀ ਹੈ ਤੇ ਨਦੀਨ ਵੀ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਅਸੀਂ ਪਰਾਲੀ ਨੂੰ ਖੇਤ ’ਚ ਇਕ ਪਾਸੇ, ਜਿੱਥੇ ਪਾਣੀ ਸੋਖਾ ਮੁਹੱਈਆ ਹੋਵੇ, ਟੋਏ ਵਿਚ ਦੱਬ ਸਕਦੇ ਹਾਂ ਅਤੇ ਇਸ ਵਿਚ ਗਊ ਦਾ ਗੋਬਰ ਅਤੇ ਪਾਣੀ ਦੇ ਛਿੜਕਾਅ ਦੀ ਮਦਦ ਨਾਲ ਇਕ ਵਧੀਆ ਕੰਪੋਸਟ ਖਾਦ ਤਿਆਰ ਕਰ ਸਕਦੇ ਹਾਂ।
ਸੀਡਰ ਦੀ ਵਰਤੋਂ ਕਰ ਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਸਕਦੇ ਹਾਂ। ਪਰਾਲੀ ਨੂੰ ਅਸੀਂ ਬਾਇਓ-ਗੈਸ ਪਲਾਂਟ ਵਿਚ ਵਰਤ ਕੇ ਵੀ ਲਾਹਾ ਪ੍ਰਾਪਤ ਕਰ ਸਕਦੇ ਹਾਂ। ਸੂਬਾ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖ ਕੇ ਇਸ ਮਸਲੇ ਨੂੰ ਕਿਸਾਨ ਅਤੇ ਸਰਕਾਰ ਦੋਵੇਂ ਧਿਰਾਂ ਰਲ ਕੇ ਹੱਲ ਕਰ ਸਕਦੀਆਂ ਹਨ।
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਝਾਏ ਬਾਇਓ-ਗੈਸ ਪਲਾਂਟ ਪਿੰਡ ਪੱਧਰ ’ਤੇ ਪੰਚਾਇਤਾਂ ਸਰਕਾਰ ਦੀ ਮਦਦ ਨਾਲ ਤਿਆਰ ਕਰਵਾ ਸਕਦੀਆਂ ਹਨ ਅਤੇ ਸਾਰੇ ਪਿੰਡ ਦੀ ਪਰਾਲੀ, ਪਿੰਡ ਵਿਚਲੀ ਸ਼ਾਮਲਾਟ ਵਿਚ ਇਕੱਠੀ ਕਰ ਕੇ ਇਸ ਬਾਇਓ-ਗੈਸ ਪਲਾਂਟ ਵਿਚ ਵਰਤ ਲਈ ਜਾਵੇ ਅਤੇ ਸਾਰਾ ਪਿੰਡ ਇਸ ਤੋਂ ਈਂਧਨ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਸਾਡਾ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚ ਜਾਵੇਗਾ ਅਤੇ ਨਾਲ ਦੀ ਨਾਲ ਲੋਕਾਂ ਨੂੰ ਗੈਸ ਵੀ ਮਿਲੇਗੀ।
ਇਸ ਤੋਂ ਇਲਾਵਾ ਪੰਚਾਇਤ ਪਿੰਡ ਵਿਚਲੇ ਅਗਾਂਹਵਧੂ ਕਿਸਾਨਾਂ ਨੂੰ ਪਮ ਖੇਤੀਬਾੜੀ ਯੂਨੀਵਰਸਿਟੀ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਲਈ ਭੇਜ ਸਕਦੀ ਹੈ ਅਤੇ ਸਿਖਲਾਈ ਪ੍ਰਾਪਤ ਕਰ ਕੇ ਇਹ ਵੀਰ ਸਾਂਝੀ ਜਗ੍ਹਾ ’ਤੇ ਖੁੰਬਾਂ ਦੀ ਕਾਸ਼ਤ ਪਰਾਲੀ ਵਰਤ ਕੇ ਕਰ ਸਕਦੇ ਹਨ ਜਿਸ ਤੋਂ ਪੰਚਾਇਤ ਮੁਨਾਫ਼ਾ ਕਮਾ ਸਕਦੀ ਹੈ ਅਤੇ ਪਿੰਡ ਦੇ ਮਿਹਨਤਕਸ਼ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਹੋ ਜਾਣਗੇ। ਹੈਪੀ ਸੀਡਰ ਵਰਗੀ ਮਸ਼ੀਨਰੀ ਪਿੰਡਾਂ ਦੀਆਂ ਸਹਿਕਾਰੀ ਸਭਾਭਾਂ ਵਿਚ ਮੁਹੱਈਆ ਹੋਣੀ ਚਾਹੀਦੀ ਹੈ ਤਾਂ ਜੋ ਹਰ ਆਮ-ਖ਼ਾਸ ਕਿਰਸਾਨ ਇਸ ਮਸ਼ੀਨਰੀ ਨੂੰ ਕਿਰਾਏ ’ਤੇ ਲੈ ਕੇ ਵਰਤ ਸਕੇ। ਆਓ, ਰਲ ਕੇ ਪੰਜਾਬ ਦੀ ਸੁਰਗ ਵਰਗੀ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਈਏ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.