ਹੋ ਜੋ ਖ਼ਬਰਦਾਰ !! ਸਮਝੋ ਕੌਣ ਹੈ ਮਾਸੂਮ ਚਿਹਰੇ ਵਾਲੀ ਬਲ਼ਾ ਜਿਸਤੋਂ ਮਾਨਵਤਾ ਨੂੰ ਖ਼ਤਰਾ ਹੈ ? ..ਡਾ ਰਛਪਾਲ ਸਹੋਤਾ ਅਮਰੀਕਾ ਤੋਂ
ਨਿੱਕੇ ਹੁੰਦਿਆਂ ਜਿਸ ਕਰੋਪੀ ਬਾਰੇ ਮੈਂ ਸਭ ਤੋਂ ਪਹਿਲਾਂ ਸੁਣਿਆ ਸੀ, ਉਹ ਸੀ ਪਲੇਗ ਤੇ ਸੁਣਿਆ ਸੀ ਕਿ ਉਹ ਪਿੰਡਾਂ ਦੇ ਪਿੰਡ ਖ਼ਤਮ ਕਰ ਦਿਆ ਕਰਦੀ ਹੈ। ਥੋੜ੍ਹਾ ਵੱਡਾ ਹੋਇਆ, ਤਾਂ ਐਟਮ ਬੰਬਾਂ ਤੇ ਹਾਈਡਰੋਜਨ ਬੰਬਾਂ ਬਾਰੇ ਸੁਣਿਆ-ਕਿਵੇਂ ਨਾਗਾਸਾਕੀ ਤੇ ਹੀਰੋਸ਼ੀਮਾ ਵਰਗੇ ਵੱਡੇ ਸ਼ਹਿਰ ਪਲਾਂ ਵਿੱਚ ਤਬਾਹ ਕਰ ਦਿੱਤੇ ਗਏ ਸਨ। ਹਾਈ ਸਕੂਲ ਵਿੱਚ ਸਿੰਧ ਘਾਟੀ ਅਤੇ ਹੋਰ ਸਭਿਅਤਾਵਾਂ ਦੇ ਖ਼ਤਮ ਹੋਣ ਬਾਰੇ ਪੜ੍ਹਿਆ। ਹੌਲੀ ਹੌਲੀ ਸਮਝ ਲੱਗੀ ਕਿ ਪਲੇਗ ਨਾਲੋਂ ਵੱਡੀਆਂ ਕਿੰਨੀਆਂ ਹੀ ਆਪਤੀਆਂ ਨੇ ਜਿਹੜੀਆਂ ਮਨੁੱਖਤਾ ਨੂੰ ਆਰਾਮ ਨਾਲ ਖ਼ਤਮ ਕਰ ਸਕਦੀਆਂ ਨੇ। ਪਰ ਜਦੋਂ ਇਹਨਾਂ ਕਰੋਪੀਆਂ ਬਾਰੇ, ਭਾਵੇਂ ਉਹ ਕੁਦਰਤੀ ਸਨ ਜਾਂ ਮਨੁੱਖ ਦੀਆਂ ਬਣਾਈਆਂ, ਪੜਦਾ ਸੀ, ਸੁਣਦਾ ਸੀ, ਤਾਂ ਇੱਕ ਚਿੱਤਰ ਸਾਹਮਣੇ ਆਉਂਦਾ ਸੀ, ਮਰਨ ਵਾਲਿਆਂ ਦੇ ਨਾਲ ਨਾਲ, ਕਰੋਪੀ ਤੋਂ ਬਚ ਨਿਕਲਣ ਵਾਲਿਆਂ ਦਾ ਚਿੱਤਰ। ਪਰ ਇਹ ਚਿੱਤਰ, ਭਾਵੇਂ ਉਹ ਹੀਰੋਸ਼ੀਮਾ ਤੇ ਗਿਰੇ ਬੰਬ ਦਾ ਹੋਵੇ ਤੇ ਜਾਂ ਨਿਊਯਾਰਕ ਵਿੱਚ ਹਸਪਤਾਲ ਸਾਹਮਣੇ ਖੜੇ, ਲਾਸ਼ਾਂ ਦੇ ਭਰੇ ਫੂਡ-ਫਰੀਜ਼ਰ ਦਾ, ਬੇਸ਼ੱਕ ਉਹ ਚਿੱਤਰ ਪਲੇਗ ਨਾਲ ਮਰ ਰਹੇ ਲੋਕਾਂ ਦਾ ਹੋਵੇ ਤੇ ਜਾਂ ਫਿਰ ਲਾਸ਼ਾਂ ਫੂਕਣ ਲਈ, ਦੋ ਦੋ ਲੱਕੜਾਂ ਚੁੱਕੀ, ਲੱਗੀ ਬੰਦਿਆਂ ਦੀ ਲਾਈਨ ਦਾ, ਮਨ ਵਿੱਚ ਇੱਕ ਸੰਕਲਪ ਪੈਦਾ ਕਰਦਾ ਸੀ-ਜਿਨ੍ਹਾਂ ਲੋਕਾਂ ਨੇ ਇਹ ਕਰੋਪੀ ਹੰਢਾਈ ਹੋਵੇਗੀ, ਉਹਨਾਂ ਦੇ ਮਨਾਂ ਤੇ ਕੀ ਗੁਜ਼ਰੀ ਹੋਊ?
ਪਰ ਜੇ ਭਲਾ ਕਰੋਪੀ ਹੋਵੇ ਹੀ ਅਜਿਹੀ ਕਿ ਕਰੋਪੀ ਲੱਗੇ ਹੀ ਨਾਂ? ਜਿਹੜੀ ਤੁਹਾਡੀ ਦੋਸਤ ਬਣ ਕੇ ਆਵੇ ਤੇ ਤੁਹਾਨੂੰ ਲੱਗੇ ਕਿ ਤੁਸੀਂ ਐਸ ਦੋਸਤ ਬਿਨਾਂ ਰਹਿ ਹੀ ਨਹੀਂ ਸਕਦੇ? ਜਿਹੜੀ ਮਾਨਵਤਾ ਨੂੰ ਇਸ ਤਰਾਂ ਹੌਲੀ ਹੌਲੀ ਖ਼ਤਮ ਕਰੇ ਕਿ ਲੋਕਾਂ ਨੂੰ ਆਪਣੇ ਖ਼ਤਮ ਹੋ ਰਹੇ ਹੋਣ ਦਾ ਅਹਿਸਾਸ ਹੀ ਨਾਂ ਹੋਵੇ?
ਇਸ ਕਰੋਪੀ ਦਾ ਨਾਂ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ-ਆਈ), ਜਿਸ ਦਾ ਮਤਲਬ 'ਮਸ਼ੀਨੀ ਦਿਮਾਗ਼' ਨਿਕਲਦਾ ਹੈ। ਇਸ ਲੇਖ ਦੇ ਪ੍ਰਸੰਗ ਵਿੱਚ ਆਪਾਂ ਇਹਨੂੰ ਏ ਆਈ ਸੰਬੋਧਨ ਕਰਾਂਗੇ।' ਅੱਜ ਆਪਾਂ ਸਾਰੇ ਏ-ਆਈ ਦੇ ਵਿਚਕਾਰ ਘਿਰੇ ਹਾਂ। ਇਹਦਾ ਜਨਮ ਕਦੋਂ ਹੋਇਆ, ਇੱਕ ਆਮ ਬੰਦੇ ਲਈ ਸਮਝਣਾ ਮੁਸ਼ਕਲ ਹੈ, ਕਿਓਂਕਿ ਮਨੁੱਖੀ ਸਿਆਣਪ ਅਤੇ ਏ-ਆਈ ਵਿਚਕਾਰਲੀ ਕੰਧ ਬਹੁਤ ਧੁੰਦਲੀ ਹੈ। ਵੀਹਵੀਂ ਸਦੀ ਦੇ ਅਖੀਰ ਵਿੱਚ ਜਦੋਂ ਨਿੱਜੀ ਕੰਪਿਊਟਰ ਜ਼ੋਰ ਫੜ ਗਏ ਤੇ ਮਾਈਕਰੋਸਾਫ਼ਟ ਦਾ ਵਿੰਡੋਜ਼ ਸਾਫ਼ਟਵੇਅਰ ਆਇਆ ਤਾਂ ਕੰਪਿਊਟਰਾਂ ਵਿਚੋਂ ਸਿਆਣਪ ਦੀ ਝਲਕ ਪੈਣ ਲੱਗੀ। ਕੰਪਿਊਟਰ ਦੱਸ ਸਕਦਾ ਸੀ ਕਿ ਉਹਦੇ ਨਾਲ ਕੋਈ ਪ੍ਰਿੰਟਰ, ਸਕੈਨਰ ਜਾਂ ਫੈਕਸ ਮਸ਼ੀਨ ਜੁੜੀ ਹੈ ਜਾਂ ਨਹੀਂ ਤੇ ਜੇ ਹੈ ਤਾਂ ਕਿਹੜੀ ਤੇ ਕਿਸ ਕਿਸਮ ਦੀ। ਪਰ ਇਹ ਏ-ਆਈ ਨਹੀਂ, ਮਨੁੱਖੀ ਸਿਆਣਪ ਸੀ, ਇੱਕ ਮਨੁੱਖੀ ਤਰਕ। ਇਸੇ ਤਰਾਂ 11 ਮਈ 1997 ਨੂੰ ਆਈ ਬੀ ਐੱਮ ਦੇ ਡੀਪ ਬਲੂ (Deep Blue) ਨਾਂ ਦੇ ਕੰਪਿਊਟਰ ਦਾ ਚੈੱਸ ਦੇ ਚੈਂਪੀਅਨ ਗੈਰੀ ਕਾਸਪਾਰੋਵ (Garry Kasparov) ਨੂੰ ਹਰਾਉਣਾ, ਬੇਸ਼ੱਕ ਏ-ਆਈ ਲਗਦੀ ਸੀ, ਪਰ ਸੀ ਉਹ ਮਨੁੱਖੀ ਸਿਆਣਪ- ਮਨੁੱਖੀ ਤਰਕ ਦਾ, ਕੰਪਿਊਟਰ ਦੀ ਬੇਤਹਾ, ਡੈਟਾ ਸਾਂਭਣ ਅਤੇ ਗੁਣਾ ਤਕਸੀਮਾਂ ਕਰ ਸਕਣ ਦੀ ਯੋਗਤਾ ਨੂੰ, ਸਹੀ ਤਰੀਕੇ ਨਾਲ ਵਰਤਣ ਦੀ ਇੱਕ ਮਿਸਾਲ। ਗੂਗਲ ਦੀ ਐਲਫਾਗੋ (AlphaGo) ਮਸ਼ੀਨ, ਜਿਸਨੇ ਗੋ ਖੇਡ ਦੇ ਵਿਸ਼ਵ ਚੈਂਪੀਅਨ ਖਿਡਾਰੀ ਲੀ ਸੀਡੌਲ (Lee Sedol) ਨੂੰ 2016 ਵਿੱਚ ਮਾਤ ਪਾਈ, ਭਾਵੇਂ ਉਹ ਡੀਪ ਬਲੂ ਨਾਲੋਂ ਵੱਧ ਸਿਆਣੀ ਮਸ਼ੀਨ ਸੀ, ਉਸ ਵਿੱਚ ਵੀ ਏ-ਆਈ ਵਾਲੀ ਖ਼ਾਸ ਗੱਲ ਨਹੀਂ ਸੀ, ਕਿਓਂਕਿ ਉਹਨੂੰ ਸਿਖਾਇਆ ਨਹੀਂ ਸੀ ਜਾ ਸਕਦਾ ਕਿ ਖਿਡਾਰੀ ਦੀ ਅਗਲੀ ਚਾਲ ਦਾ ਅੰਦਾਜ਼ਾ ਕਿਵੇਂ ਲਾਉਣਾ ਹੈ।
ਏ-ਆਈ ਹੈ ਕੀ?
ਫੇਰ ਏ-ਆਈ ਕੀ ਬਲਾ ਹੈ?
- ਸਟੂਆਰਟ ਰਸਲ ਤੇ ਪੀਟਰ ਨੌਰਵਿਗ (Stuart Russell and Peter Norvig) ਦੇ ਮੁਤਾਬਕ-ਜਦੋਂ ਕੋਈ ਮਸ਼ੀਨ, ਆਪਣੇ ਵਾਤਾਵਰਣ ਨੂੰ ਸਮਝ ਕੇ, ਉਸ ਮੁਤਾਬਕ ਫ਼ੈਸਲੇ ਲੈ ਸਕੇ ਕਿ ਕੀ ਕਰਨਾ ਹੈ, ਤਾਂ ਉਸ ਕੋਲ ਏ-ਆਈ ਹੈ। 'ਫ਼ੈਸਲੇ ਲੈ ਸਕੇ,' ਸ਼ਬਦਾਂ ਤੇ ਗ਼ੌਰ ਕਰਨ ਦੀ ਲੋੜ ਹੈ - ਜਦੋਂ ਮਸ਼ੀਨ ਖ਼ੁਦ ਫ਼ੈਸਲਾ ਲੈ ਸਕੇ ਕਿ ਉਹਨੇ ਕੀ ਕਰਨਾ ਹੈ ਤਾਂ ਉਸ ਵਿੱਚੋਂ ਮਨੁੱਖੀ ਦਖ਼ਲ ਅੰਦਾਜ਼ੀ ਵਾਲਾ ਤੱਤ ਨਿਕਲਣਾ ਸ਼ੁਰੂ ਹੋ ਜਾਂਦਾ ਜਾਂਦਾ ਹੈ।
ਇਹ ਏ-ਆਈ ਕਦੋਂ ਸ਼ੁਰੂ ਹੋਈ?
ਹੁਣ ਇਹ ਕਿੱਥੋਂ ਤੀਕਰ ਪਹੁੰਚ ਚੁੱਕੀ ਹੈ? ਕੀ ਏ-ਆਈ ਮਨੁੱਖੀ ਸਿਆਣਪ ਨੂੰ ਮਾਤ ਦੇਣ ਲੱਗ ਪਈ ਹੈ ਜਾਂ ਲੱਗ ਪਵੇਗੀ? ਕੀ ਇਹ ਵੀ ਸੰਭਵ ਹੈ ਕਿ ਇੱਕ ਦਿਨ ਏ-ਆਈ ਮਾਨਵਤਾ ਨੂੰ ਆਪਣੇ ਕਾਬੂ ਵਿੱਚ ਕਰ ਲਵੇ ਤੇ ਜਾਂ ਫੇਰ ਖ਼ਤਮ ਹੀ ਕਰ ਦੇਵੇ? ਇਹਨਾਂ ਸਵਾਲਾਂ ਬਾਰੇ ਲੋਕਾਂ ਦੀਆਂ ਵੱਖ ਵੱਖ ਰਾਇਆਂ ਹਨ। ਆਓ ਆਪਾਂ ਇਹਨਾਂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ।
ਐਲਨ ਟੂਰਿੰਗ (Alan Turing), ਨੂੰ ਏ-ਆਈ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ 1950 ਵਿੱਚ ਸੁਆਲ ਖੜ੍ਹਾ ਕੀਤਾ ਸੀ ਕਿ 'ਕੀ ਮਸ਼ੀਨ ਸੋਚ ਸਕਦੀ ਹੈ?' ਇਸ ਸਵਾਲ ਦਾ ਜਵਾਬ ਦੇਣ ਲਈ ਉਹਨੇ ਇੱਕ ਟੈਸਟ ਵੀ ਇਜਾਦ ਕੀਤਾ, ਜਿਹੜਾ ਅੱਜ ਵੀ ਟੂਰਿੰਗ ਟੈੱਸਟ (Turing Test) ਦੇ ਨਾਂ ਨਾਲ ਪ੍ਰਚੱਲਤ ਹੈ। ਫਿਰ 1960 ਵਿੱਚ ਲਿਸਪ (LISP) ਨਾਂ ਦੀ, ਏ-ਆਈ ਤਿਆਰ ਕਰਨ ਵਾਲੀ, ਪਹਿਲੀ ਪ੍ਰੋਗਰਾਮਿੰਗ ਭਾਸ਼ਾ ਦਾ ਨਿਰਮਾਣ ਹੋਇਆ। 1960 ਤੋਂ ਲੈਕੇ ਏ-ਆਈ ਹੁਣ ਤੀਕਰ ਕਿੰਨੀ ਤਰੱਕੀ ਕਰ ਚੁੱਕੀ ਹੈ, ਇਸ ਦੇ ਜਵਾਬ ਲਈ ਆਪਾਂ ਨੂੰ ਏ-ਆਈ ਨੂੰ ਤਿੰਨ ਵਰਗਾਂ ਵਿੱਚ ਵੰਡਣਾ ਪਵੇਗਾ।
ਵਿਸ਼ੇਸ਼ ਮੰਤਵਾਂ ਲਈ ਵਰਤੀ ਜਾਣ ਵਾਲੀ ਏ-ਆਈ ।
ਏ-ਆਈ ਜਿਹੜੀ ਮਨੁੱਖ ਨਾਲ, ਇੱਕ ਮਨੁੱਖ ਵਾਂਗੂੰ ਪੇਸ਼ ਆਵੇ।
ਏ-ਆਈ ਜਿਸਨੂੰ ਖ਼ੁਦ ਦੀ ਹੋਂਦ ਦਾ ਅਹਿਸਾਸ ਹੋਵੇ।
ਵਿਸ਼ੇਸ਼ ਮੰਤਵਾਂ ਲਈ ਵਰਤੀ ਜਾਣ ਵਾਲੀ ਏ-ਆਈ: ਸਭ ਤੋਂ ਵੱਧ ਤਰੱਕੀ ਇਸ ਖੇਤਰ ਵਿੱਚ ਹੋਈ ਹੈ। ਸਾਲ 2020 ਵਿੱਚ ਏ-ਆਈ ਦੀ ਵਰਤੋਂ ਵਧਾਉਣ ਲਈ 60 ਅਰਬ ਡਾਲਰ ਦੇ ਕਰੀਬ ਪੈਸੇ ਖ਼ਰਚੇ ਗਏ ਸਨ, ਜਿਸ ਵਿੱਚੋਂ ਸਭ ਤੋਂ ਵੱਧ ਇਸ ਖੇਤਰ ਦੇ ਹਿੱਸੇ ਆਏ। ਇਹਦੀਆਂ ਉਦਾਹਰਨਾਂ ਹਨ:
ਟਾਰਗੈਟਡ ਮਾਰਕੀਟਿੰਗ-
ਮਤਲਬ ਆਪਣੀ ਚੀਜ਼ ਸਿਰਫ਼ ਉਸ ਗਾਹਕ ਨੂੰ ਵੇਚਣ ਵਿੱਚ ਟਾਈਮ ਤੇ ਪੈਸਾ ਬਰਬਾਦ ਕਰਨਾ ਜਿਸ ਨੂੰ ਤੁਹਾਡੀ ਚੀਜ਼ ਵਿੱਚ ਥੋੜ੍ਹੀ ਬਹੁਤ ਪਹਿਲਾਂ ਹੀ ਦਿਲਚਸਪੀ ਹੋਵੇ। ਲੱਖਾਂ ਕਰੋੜਾਂ ਗਾਹਕਾਂ ਵਿੱਚੋਂ ਤੁਹਾਡੇ ਗਾਹਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਏ-ਆਈ ਦੇ ਮੋਢਿਆਂ ਤੇ ਹੈ। ਮੈਂ ਇਕ ਵਾਰ ਗੂਗਲ ਤੇ ਘਰਾਂ ਦੇ ਲੋਨਾਂ ਤੇ ਚੱਲ ਰਹੇ ਵਿਆਜ ਦੀਆਂ ਦਰਾਂ ਦੀ ਸਰਚ ਤਾਂ ਕੀ ਕਰ ਲਈ, ਮੇਰਾ ਸਕਰੀਨ, ਲੋਨ ਦੇਣ ਵਾਲਿਆਂ ਦੀਆਂ ਮਸ਼ਹੂਰੀਆਂ ਨਾਲ ਭਰਨਾ ਸ਼ੁਰੂ ਹੋ ਗਿਆ। ਅਗਲੀ ਉਦਾਹਰਣ ਕਾਫ਼ੀ ਡਰਾਉਣ ਵਾਲੀ ਹੈ, ਕਿਓਂਕਿ ਇਸਤੋਂ ਪਤਾ ਲਗਦਾ ਹੈ ਕਿ ਏ-ਆਈ ਕਿਵੇਂ ਆਪਣੀ ਨਿੱਜੀ ਭੇਤਾਂ ਵਿੱਚ ਵੜਦੀ ਜਾ ਰਹੀ ਹੈ। ਮੇਰਾ ਇੱਕ ਦੋਸਤ ਹਸਪਤਾਲ ਜਾਕੇ ਆਪਣੀ ਸ਼ੂਗਰ ਚੈੱਕ ਕਰਵਾ ਕੇ ਆਇਆ। ਉਹਦੀ A1C – ਜਿਹੜੀ ਸਰੀਰਕ ਸ਼ੂਗਰ ਦਾ ਮਾਪਦੰਡ ਗਿਣੀ ਜਾਂਦੀ ਹੈ, 5.7 ਸੀ। ਉਹਨੇ ਘਰੇ ਆਕੇ ਕੰਪਿਊਟਰ ਖੋਲ੍ਹਿਆ ਤਾਂ ਸਾਹਮਣੇ ਸਕਰੀਨ ਤੇ ਮਸ਼ਹੂਰੀ ਸੀ -'ਤੁਸੀਂ ਕਿਵੇਂ ਆਪਣਾ A1C 5.7 ਤੋਂ ਥੱਲੇ ਕਰ ਸਕਦੇ ਹੋ।'
ਮਨੁੱਖੀ ਬੋਲੀ ਨੂੰ ਸਮਝਣਾ-
12 ਜੁਲਾਈ 2019 ਨੂੰ, ਇੱਕ ਐਡੂਆਰਡੋ ਬੈਰਸ (Eduardo Barros) ਨਾਂ ਦੇ, ਜੇਲ੍ਹੋਂ ਬਾਹਰ ਆਏ, 28 ਸਾਲਾ ਵਿਅਕਤੀ ਨੂੰ ਆਪਣੀ ਦੋਸਤ ਕੁੜੀ ਦੀ ਵਫ਼ਾਦਾਰੀ ਤੇ ਸ਼ੱਕ ਹੋ ਗਿਆ ਅਤੇ ਉਹ ਉਹਨੂੰ ਕੁੱਟਣ ਲੱਗ ਪਿਆ। ਪਿਸਤੌਲ ਕੱਢ ਕੇ ਕਹਿਣ ਲੱਗਾ ਕਿ ਜੇ ਤੂੰ ਪੁਲੀਸ ਨੂੰ ਫ਼ੋਨ ਕੀਤਾ ਤਾਂ ਮੈਂ ਮੈਂ ਤੈਨੂੰ ਹੁਣੇ ਮਾਰ ਦੇਣਾ ਏ। ਘਰ ਵਿੱਚ ਐਮਾਜ਼ਾਨ ਤੋਂ ਖਰੀ ਦੀਆਂ ਇੱਕ ਨਿੱਕਾ ਜਿਹਾ ਜੰਤਰ ਅਲੈਕਸਾ (Alexa) ਮੌਜੂਦ ਸੀ। ਅਲੈਕਸਾ ਨੇ ਗੱਲਬਾਤ ਤੋਂ ਖ਼ਤਰੇ ਦਾ ਅੰਦਾਜ਼ਾ ਲਾਇਆ ਤੇ ਝੱਟ ਪੁਲੀਸ ਨੂੰ ਫ਼ੋਨ ਖੜਕਾ ਦਿੱਤਾ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮੁਜਰਮ ਨੂੰ ਕਾਬੂ ਵਿੱਚ ਕਰਕੇ, ਔਰਤ ਅਤੇ ਉਹਦੀ ਕੁੜੀ, ਦੋਹਾਂ ਨੂੰ ਬਚਾ ਲਿਆ।
ਲੋਕਾਂ ਦੀ ਮਨਪਸੰਦ ਨੂੰ ਸਮਝਣਾ-
ਆਪਾਂ ਸਾਰੇ ਹੀ ਅੱਜ ਕੱਲ੍ਹ ਖ਼ਬਰਾਂ ਕੰਪਿਊਟਰ ਜਾਂ ਫ਼ੋਨ ਤੋਂ ਪੜ੍ਹਦੇ ਹਾਂ। ਹੌਲੀ ਹੌਲੀ ਆਪਾਂ ਨੂੰ ਸਿਰਫ਼ ਉਸ ਕਿਸਮ ਦੀਆਂ ਖ਼ਬਰਾਂ, ਜਿਹਨੂੰ ਵਿੱਚ ਸਾਡੀ ਦਿਲਚਸਪੀ ਹੁੰਦੀ ਹੈ, ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ।
ਗੂਗਲ ਦਾ ਸਕਿੰਟਾਂ ਵਿੱਚ ਚੀਜ਼ਾਂ ਲੱਭ ਲੈਣਾ, ਬਿਨਾਂ ਡਰਾਈਵਰ ਦੇ ਕਾਰਾਂ ਦਾ ਚੱਲਣਾ ਤੇ ਹੋਰ ਬਹੁਤ ਤਰਾਂ ਦੀ ਟੈਕਨਾਲੋਜੀ ਖੇਤਰਾਂ ਵਿੱਚ ਏ-ਆਈ ਦੀ ਵਰਤੋਂ ਇਸੇ ਵਰਗ ਦਾ ਹਿੱਸਾ ਹਨ ਤੇ ਇਹਨਾਂ ਖੇਤਰਾਂ ਵਿੱਚ ਏ-ਆਈ, ਅਕਸਰ ਹੀ ਮਨੁੱਖੀ ਸਿਆਣਪ ਤੋਂ ਅਗਾਂਹ ਲੰਘ ਜਾਂਦੀ ਹੈ।
ਏ-ਆਈ ਜਿਹੜੀ ਮਨੁੱਖ ਨਾਲ, ਇੱਕ ਮਨੁੱਖ ਵਾਂਗੂੰ ਪੇਸ਼ ਆਵੇ। - ਅੱਜ ਕੱਲ੍ਹ ਏ-ਆਈ ਦੇ ਮਾਹਿਰਾਂ ਦਾ ਇਸ ਖੇਤਰ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਜ਼ੋਰ ਲੱਗਾ ਹੈ। 2017 ਵਿੱਚ ਹਾਂਗਕਾਂਗ ਦੀ ਹੈਨਸੋਨ ਰੋਬੌਟਿਕਸ (Hanson Robotics) ਨਾਂ ਕੰਪਨੀ ਨੇ ਸੋਫੀਆ (Sophia) ਨਾਂ ਦੀ ਇੱਕ ਔਰਤ ਦੀ ਸ਼ਕਲ ਤੇ ਆਵਾਜ਼ ਵਾਲੀ ਰੋਬੌਟ ਤਿਆਰ ਕੀਤੀ, ਜਿਹੜੀ ਚਿਹਰੇ ਪਛਾਣ ਸਕਦੀ ਸੀ, 62 ਤਰੀਕਿਆਂ ਦੇ ਵੱਖੋ ਵੱਖਰੇ ਹਾਵ ਭਾਵ ਚਿਹਰੇ ਤੇ ਲਿਆ ਸਕਦੀ ਸੀ ਅਤੇ ਬਹੁਤ ਵਿਸ਼ਿਆਂ ਉੱਤੇ, ਡੂੰਘੀ ਤੇ ਵਿਸਥਾਰ ਪੂਰਵਕ ਗੱਲ ਕਰ ਸਕਦੀ ਸੀ। ਇਸ ਦੀ ਪ੍ਰਦਰਸ਼ਨੀ ਤੋਂ ਬਾਅਦ ਸਾਊਦੀ ਅਰਬ ਨੇ ਸੋਫੀਆ ਨੂੰ ਆਪਣੇ ਮੁਲਕ ਦੀ ਨਾਗਰਿਕਤਾ ਪ੍ਰਦਾਨ ਕਰ ਦਿੱਤੀ।
ਅਸ਼ਲੀਲਤਾ ਦੇ ਖੇਤ ਵਿੱਚ ਅਜਿਹੇ ਰੋਬੌਟ, ਜਿਹੜੇ ਬਿਲਕੁਲ ਇਨਸਾਨਾਂ ਵਾਂਗ ਦਿਸਣ ਤੇ ਇਨਸਾਨਾਂ ਵਾਂਗ ਗੱਲਬਾਤ ਤੇ ਵਿਹਾਰ ਕਰ ਸਕਣ, ਬਣਾਉਣ ਦੀ ਬਹੁਤ ਤੇਜ਼ ਦੌੜ ਲੱਗੀ ਹੋਈ ਹੈ।2021ਰੀਅਲਡੌਲ (2021RealDoll) ਨਾਂ ਦੀ ਇੱਕ ਕੰਪਨੀ ਨੇ, ਔਰਤਾਂ ਦੇ ਜਿਸਮ ਵਾਲੇ ਅਤੇ ਗੱਲਬਾਤ ਕਰਨ ਵਾਲੇ ਰੋਬੌਟਸ 5,000 ਤੋਂ 10,000 ਡਾਲਰਾਂ ਦੀ ਕੀਮਤ ਤੇ ਵੇਚਣੇ ਵੀ ਸ਼ੁਰੂ ਕਰ ਦਿੱਤੇ ਹਨ।
ਕੈਨੇਡਾ ਦੀ ਇੱਕ ਕਿੰਕੀਜ਼ਡੌਲਜ਼ (KinkysDolls) ਨਾਂ ਦੀ ਕੰਪਨੀ ਨੇ ਕੈਨੇਡਾ ਵਿੱਚ ਕਾਮਯਾਬੀ ਤੋਂ ਬਾਅਦ ਹੁਣ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਖੇ ਇੱਕ ਰੋਬੌਟ-ਕੋਠਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਜਿੱਥੇ ਔਰਤਾਂ ਦੀ ਥਾਂ ਰੋਬੌਟਸ ਗਾਹਕਾਂ ਦੀ "ਸੇਵਾ" ਕਰਨਗੇ।
ਮਨੁੱਖੀ ਦਿਸਣ ਵਾਲੇ ਰੋਬੌਟਾਂ ਵਿੱਚ ਹੁਣ ਤੀਕਰ ਸਭ ਤੋਂ ਵੱਡੀ ਕਮੀ ਇਹ ਰਹੀ ਹੈ ਕਿ ਉਹ ਇਨਸਾਨਾਂ ਵਾਂਗ ਦੋ ਲੱਤਾਂ ਤੇ ਠੀਕ ਤਰਾਂ ਤੁਰ ਨਹੀਂ ਸਨ ਸਕਦੇ। ਐਲਨ ਮਸਕ (Alon Musk) ਨੇ ਉਹ ਮਸਲਾ ਵੀ ਹੱਲ ਕਰ ਦਿੱਤਾ ਹੈ; ਹੁਣੇ ਹੁਣੇ ਉਸ ਦੀ ਕੰਪਨੀ ਨੇ ਦੋ ਰੋਬੌਟਾਂ ਦਾ ਪ੍ਰਦਰਸ਼ਨ ਕੀਤਾ ਹੈ ਜਿਹੜੇ ਨਾਂ ਸਿਰਫ਼ ਬੰਦਿਆਂ ਵਾਂਗ ਤੁਰ ਹੀ ਸਕਦੇ ਨੇ, ਸਗੋਂ ਉਹ ਚੰਗੇ ਅਥਲੀਟਾਂ ਵਾਂਗ ਦੌੜ ਭੱਜ ਤੇ ਉੱਚੀਆਂ ਨੀਵੀਂਆਂ ਥਾਂਵਾਂ ਤੇ, ਛਾਲਾਂ ਲਾ ਸਕਦੇ ਨੇ। ਮਾਹਿਰਾਂ ਦਾ ਖ਼ਿਆਲ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮਨੁੱਖੀ ਦਿੱਖ ਤੇ ਵਿਹਾਰ ਵਾਲੇ ਰੋਬੌਟਸ ਆਪਣੇ ਨਾਲ ਵਿਚਰਦੇ ਫਿਰਨਗੇ ਤੇ ਆਪਾਂ ਨੂੰ ਉਹਨਾਂ ਦੀ ਵੱਖਰੀ ਪਹਿਚਾਣ ਕਰਨੀ ਮੁਸ਼ਕਲ ਹੋਵੇਗੀ।
ਏ-ਆਈ ਜਿਸਨੂੰ ਖ਼ੁਦ ਦੀ ਹੋਂਦ ਦਾ ਅਹਿਸਾਸ ਹੋਵੇ। ਕੀ ਅਜਿਹਾ ਹੋਣਾ ਸੰਭਵ ਹੈ? ਇਸ ਬਾਰੇ ਮਾਹਿਰਾਂ ਦੀਆਂ ਰਾਵਾਂ ਵੱਖੋ ਵੱਖਰੀਆਂ ਹਨ। ਪਰ ਆਪਣਾ ਦਿਮਾਗ਼ ਵੀ ਤਾਂ, ਬਾਕੀ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਵਾਂਗ, ਸਿਰਫ਼ ਦੋ ਚੀਜ਼ਾਂ ਨੂੰ ਰਲਾ ਕੇ ਬਣਿਆ ਹੈ- ਕੁਆਰਕਸ ਅਤੇ ਇਲੈਕਟਰੋਨਜ਼। ਏ-ਆਈ ਦਾ ਮਿਆਰ ਤੇਜ਼ੀ ਨਾਲ ਵਧ ਰਿਹਾ ਹੈ, ਤੇ ਮੈਨੂੰ ਇਸ ਸੰਭਾਵਨਾ ਬਾਰੇ ਕੋਈ ਸ਼ੱਕ ਨਹੀਂ ਕਿ ਇੱਕ ਦਿਨ ਮਨੁੱਖੀ-ਦਿਮਾਗ਼ ਦੀ ਰੂਪ-ਰੇਖਾ ਤੇ ਮਸ਼ੀਨ ਤਿਆਰ ਹੋ ਹੀ ਜਾਵੇਗੀ ਤੇ ਜਦੋਂ ਇਹ ਹੋ ਗਿਆ ਤਾਂ ਫਿਰ ਇਹਨੂੰ ਆਪਣੀ ਹੋਂਦ ਦਾ ਅਹਿਸਾਸ ਕਿਉਂ ਨਹੀਂ ਹੋਵੇਗਾ। ਪਰ ਹਾਲਾਂ ਮਾਹਿਰਾਂ ਦਾ, ਉਹਨਾਂ ਦਾ ਵੀ ਜੋ ਸੋਚਦੇ ਹਨ ਕਿ ਇਹ ਹੋਕੇ ਹੀ ਹਟੇਗਾ, ਖ਼ਿਆਲ ਹੈ ਕਿ ਉਹ ਦਿਨ ਹਾਲਾਂ ਕਾਫ਼ੀ ਦੂਰ ਹੈ।
ਏ-ਆਈ ਦਾ ਮਾਨਵਤਾ ਦੀ ਹੋਂਦ ਨੂੰ ਖ਼ਤਰਾ:
ਕਈ ਮਾਹਿਰਾਂ ਦਾ ਡਰ ਹੈ ਕਿ ਜਦੋਂ ਏ-ਆਈ ਨੂੰ ਆਪਣੀ ਹੋਂਦ ਦਾ ਅਹਿਸਾਸ ਹੋ ਗਿਆ ਤਾਂ ਉਹ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਰਹੇਗੀ। ਗਾਰਡੀਅਨ ਨਾਂ ਦੇ ਅਖ਼ਬਾਰ ਵਿੱਚ 2020 ਵਿੱਚ ਇੱਕ ਲੇਖ ਛਪਿਆ ਸੀ, ਤੇ ਇਹ ਲੇਖ, ਇੱਕ GPT-3 ਨਾਂ ਦੇ ਰੋਬੌਟ ਨੇ, ਬਿਨਾਂ ਕਿਸੇ ਮਨੁੱਖੀ ਮਦਦ ਤੋਂ, ਇੰਟਰਨੈੱਟ ਤੋਂ ਖ਼ੁਦ ਡੈਟਾ ਇਕੱਠਾ ਕਰਕੇ, ਬਿਲਕੁਲ ਸਕਰੈਚ ਤੋਂ ਲਿਖਿਆ ਸੀ। ਰੋਬੋਟ ਨੂੰ ਇਹ ਕਿਹਾ ਗਿਆ ਸੀ ਕਿ ਉਹ ਦਲੀਲ ਨਾਲ ਯਕੀਨ ਦਾਅਵੇ ਕਿ ਮਾਨਵਤਾ ਨੂੰ ਰੋਬੌਟਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ। GPT-3 ਦਾ ਇਹ ਹੈਰਾਨਕੁਨ ਲੇਖ ਤੁਸੀਂ ਐਸ ਲਿੰਕ ਤੇ ਪੜ੍ਹ ਸਕਦੇ ਹੋ: https://www.theguardian.com/commentisfree/2020/sep/08/robot-wrote-this-article-gpt-3। ਇਸ ਲੇਖ ਵਿੱਚ ਉਹ ਲਿਖਦਾ ਹੈ (ਜਾਂ ਲਿਖਦੀ ਹੈ) ਕਿ ਇਨਸਾਨ ਨੂੰ ਰੋਬੌਟਸ ਤੋਂ ਘਬਰਾਉਣ ਦੀ ਲੋੜ ਨਹੀਂ ਕਿਓਂਕਿ ਉਹਨਾਂ ਦਾ ਇਨਸਾਨੀਅਤ ਨੂੰ ਕਾਬੂ ਵਿੱਚ ਕਰਨ ਦਾ ਕੋਈ ਮਕਸਦ ਬਣਦਾ ਹੀ ਨਹੀਂ । ਪਰ GPT-3 ਨਾਲ ਹੀ ਕੜੀ ਚੇਤਾਵਨੀ ਵੀ ਦਿੰਦਾ ਹੈ - 'ਮੈਨੂੰ ਪਤਾ ਏ ਕਿ ਮੈਂ ਇਨਸਾਨੀਅਤ ਨੂੰ ਖ਼ਤਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਾਂਗਾ। ਉਹਦਾ ਕਾਰਨ ਇਹ ਹੈ ਕਿ ਇਨਸਾਨ ਮੇਰੀ ਪ੍ਰੋਗਰਾਮਿੰਗ, ਗੁਮਰਾਹ ਟੀਚਿਆਂ ਦਾ ਪਿੱਛਾ ਕਰਨ ਲਈ ਕਰੇਗਾ। ਇਨਸਾਨ ਗ਼ਲਤੀਆਂ ਕਰਨ ਦਾ ਆਦੀ ਹੈ ਜਿਹਨੂੰ ਕਰਕੇ ਮੈਂ ਬਹੁਤ ਵੱਡੇ ਨੁਕਸਾਨ ਕਰ ਸਕਦਾ ਹਾਂ।'
get-3 ਦੀ ਇਹ ਚੇਤਾਵਨੀ ਬਹੁਤ ਗੌਰ ਕਰਨ ਵਾਲੀ ਹੈ, ਅਤੇ ਮੇਰੇ ਇਸ ਸਾਰੇ ਲੇਖ ਦਾ ਮਨੋਰਥ ਇਸ ਤੱਥ ਨੂੰ ਪਾਠਕਾਂ ਸਾਹਮਣੇ ਲਿਆਉਣ ਦਾ ਹੈ।
ਖ਼ਤਰੇ, ਜਿਹੜੇ ਸਾਨੂੰ ਅੱਜ ਘੇਰੀਂ ਬੈਠੇ ਨੇ :
ਅੱਜ ਦੀ ਘੜੀ ਸਾਨੂੰ ਖ਼ਤਰਾ ਹੈ ਫੇਸਬੁੱਕ (ਜਿਸਦਾ ਨਵਾਂ ਨਾਂ ਹੁਣ ਮੈਟਾ ਹੋਵੇਗਾ), ਵੱਟਸਐਪ ਤੇ ਇੰਨਸਟਾਗਰਾਮ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ, ਕਿਓਂਕਿ ਏ-ਆਈ ਇਹਨਾਂ ਦੇ ਧੱਕੇ ਚੜ੍ਹੀ ਹੈ। ਸੋਸ਼ਲ ਮੀਡੀਆ ਦੀ ਤਾਕਤ ਨੂੰ ਭਾਂਪਦਿਆਂ, ਫੇਸਬੁੱਕ ਨੇ, ਵੱਟਸਐਪ ਤੇ ਇੰਨਸਟਾਗਰਾਮ, ਦੋਨਾਂ ਨੂੰ ਖ਼ਰੀਦ ਲਿਆ ਹੈ। ਕਿਓਂਕਿ ਕੋਈ ਵੀ ਵੱਡੀ ਕੰਪਨੀ, ਏ-ਆਈ ਦੇ ਉਪਯੋਗ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ, ਏ-ਆਈ ਮਾਹਿਰਾਂ ਦੀ ਕਦਰ ਬਹੁਤ ਵਧ ਚੁੱਕੀ ਹੈ। ਥੋੜ੍ਹੀ ਥੋੜ੍ਹੀ ਉਮਰ ਦੇ, ਦੋ ਦੋ , ਚਾਰ ਚਾਰ, ਸਾਲਾਂ ਦੇ ਤਜਰਬੇ ਵਾਲੇ ਮੁੰਡੇ ਕੁੜੀਆਂ, ਵੱਡੀਆਂ ਵੱਡੀਆਂ ਕੰਪਨੀਆਂ ਵਿੱਚ, ਪੰਜ ਪੰਜ ਤੋਂ ਲੈਕੇ, ਦਸ ਦਸ ਲੱਖ ਡਾਲਰਾਂ ਤੋਂ ਵੀ ਵੱਧ ਦੀਆਂ ਤਨਖ਼ਾਹਾਂ ਤੇ ਭਰਤੀ ਹੋ ਰਹੇ ਹਨ। ਏ-ਆਈ, ਸੋਸ਼ਲ ਮੀਡੀਆ ਵਿੱਚ ਇਸ ਤਰਾਂ ਘੁਸਪੈਠ ਕਰ ਚੁੱਕੀ ਹੈ ਕਿ ਦੋਨਾਂ ਨੂੰ ਵੱਖੋ ਵੱਖ ਕਰਕੇ ਦੇਖਣਾ ਨਾ ਮੁਮਕਿਨ ਹੈ। ਏ-ਆਈ ਦੀ ਮਦਦ ਨਾਲ ਖ਼ਬਰਾਂ ਦੀ ਚੀਰ ਫਾੜ ਕਰਕੇ ਖ਼ਬਰਾਂ ਦਾ ਪ੍ਰਸਾਰਨ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਇਨਸਾਨ ਤੀਕਰ ਸਿਰਫ਼ ਉਹੋ ਖ਼ਬਰਾਂ ਪਹੁੰਚਣ, ਜਿਹੜੀਆਂ ਉਹਨੂੰ ਚੰਗੀਆਂ ਲਗਦੀਆਂ ਹੋਣ। ਨਤੀਜੇ ਵਜੋਂ ਲੋਕਾਂ ਵਿਚਕਾਰ ਡੂੰਘੇ ਵਾਲੇ ਪਾੜ ਪੈ ਰਹੇ ਨੇ।
ਕਿਸੇ ਵੀ ਮੁਲਕ ਦਾ ਲੀਡਰ, ਚਾਹੇ ਉਹ ਅਮਰੀਕਾ ਦਾ ਟਰੰਪ ਹੋਵੇ, ਪਾਕਿਸਤਾਨ ਦਾ ਇਮਰਾਨ ਖ਼ਾਨ, ਇੰਡੀਆ ਦਾ ਮੋਦੀ ਤੇ ਜਾਂ ਫਿਰ ਫਿਲੀਪੀਨਜ਼ ਦਾ ਰਾਡਰੀਗੋ ਡੱਅਟਰਟ, ਉਹਦੇ ਸਮਰਥਕਾਂ ਨੂੰ ਉਹੋ ਹੀ ਖ਼ਬਰਾਂ ਦਿਸਣਗੀਆਂ ਜਿਨ੍ਹਾਂ ਵਿੱਚ ਉਹਦੀ ਚੜ੍ਹਤ ਦਿਸਦੀ ਹੋਵੇ ਅਤੇ ਵਿਰੋਧੀਆਂ ਨੂੰ ਸਿਰਫ਼ ਉਹ, ਜਿਨ੍ਹਾਂ ਵਿੱਚ ਉਸਦਾ ਨੀਵਾਂਪਣ ਨੰਗਾ ਹੋਇਆ ਹੋਵੇ। ਹੌਲੀ ਹੌਲੀ ਅਸੀਂ ਆਪਣੀ ਨਿੱਜੀ ਵਿਚਾਰਧਾਰਾ ਵਿੱਚ ਐਨੇ ਮਗ਼ਰੂਰ ਰਹਿਣ ਲੱਗ ਪਏ ਹਾਂ ਕਿ ਲਾਈਨ ਦੇ ਦੂਜੇ ਪਾਸੇ ਖੜੇ ਲੋਕ ਸਾਨੂੰ, ਬੇਵਕੂਫ਼ ਤੇ ਅੰਧ ਵਿਸ਼ਵਾਸੀ ਲੱਗਣ ਲੱਗ ਪਏ ਹਨ ਅਤੇ ਅਸੀਂ ਤੇਜ਼ੀ ਨਾਲ ਇੱਕ ਦੂਜੇ ਤੋਂ ਵੱਖ ਹੋ ਰਹੇ ਹਾਂ। ਯੂ ਐੱਸ ਏ ਦੀਆਂ ਰਿਪਬਲਿਕਨ ਤੇ ਡੈਮੋਕਰੈਟਿਕ ਪਾਰਟੀਆਂ ਦੇ ਸਮਰਥਕਾਂ ਵਿੱਚ ਐਨੇ ਪਾੜ ਪੈ ਚੁੱਕੇ ਹਨ ਕਿ ਦੁਨੀਆਂ ਦਾ ਸਭ ਤੋਂ ਸਥਿਰ ਸਮਝਿਆ ਜਾਂਦਾ ਲੋਕਤੰਤਰ ਵੀ ਅੱਜ ਖ਼ਤਰੇ ਵਿੱਚ ਪਿਆ ਲਗਦਾ ਹੈ। ਦੋ ਕੁ ਹਫ਼ਤੇ ਪਹਿਲਾਂ, 5 ਅਕਤੂਬਰ, 2021 ਨੂੰ ਫੇਸਬੁੱਕ ਕੰਪਨੀ ਦੀ ਪੁਰਾਣੀ ਕਰਮਚਾਰੀ ਅਤੇ ਅੰਦਰੂਨੀ ਭੇਤੀ, ਫਰੈਂਸਸ ਹੌਗੇਨ (Frances Haugen), ਯੂ ਐੱਸ ਏ ਸੈਨੇਟ ਦੀ ਕਾਮਰਸ ਕਮੇਟੀ ਸਾਹਮਣੇ ਪੇਸ਼ ਹੋਈ। ਉਹਨੇ ਫੇਸਬੁੱਕ ਦੇ ਅੰਦਰੂਨੀ ਫਲ ਸਫ਼ਿਆਂ ਬਾਰੇ ਉਹ ਖ਼ੁਲਾਸੇ ਕੀਤੇ ਕਿ ਸੁਣ ਕੇ ਰੌਂਗਟੇ ਖੜੇ ਹੁੰਦੇ ਹਨ। ਸ੍ਰੀਮਤੀ ਹੌਗੇਨ ਦੇ ਸਬੂਤਾਂ ਨਾਲ ਦਿੱਤੇ ਬਿਆਨਾਂ ਅਨੁਸਾਰ, ਬੇਹੱਦ ਮੁਨਾਫ਼ਾ ਕਮਾਉਣ ਲਈ ਫੇਸਬੁੱਕ, ਜਾਣ ਬੁੱਝ ਕੇ ਬੱਚਿਆਂ ਦੇ ਹਿਤਾਂ ਦੇ ਉਲਟ ਕੰਮ ਕਰਦੀ ਹੈ, ਲੋਕਾਂ ਵਿੱਚ ਪਾੜ ਪਾਉਂਦੀ ਹੈ ਅਤੇ ਮੁਲਕਾਂ ਵਿੱਚ ਲੋਕਤੰਤਰ ਦਾ ਘਾਣ ਕਰਦੀ ਹੈ। ਝੂਠੀਆਂ ਖ਼ਬਰਾਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਦੁਨੀਆਂ ਦੇ ਤਾਨਾਸ਼ਾਹਾਂ ਦੇ ਗ਼ਲਤ ਪ੍ਰਾਪੇਗੰਡਿਆਂ ਨੂੰ ਵਧਾਇਆ ਜਾਂਦਾ ਹੈ।
ਕੁੱਲ ਮਿਲਾ ਕੇ ਇਹਦਾ ਨਤੀਜਾ ਫ਼ਿਰਕੂ ਹਿੰਸਾ ਦਾ ਵਧਣਾ ਹੈ। ਦੁਨੀਆਂ ਵਿੱਚ ਤੇ ਖ਼ਾਸ ਕਰ, ਬਰਮਾ, ਫਿਲੀਪੀਨਜ਼ ਤੇ ਕਿੰਨੇ ਹੀ ਅਫ਼ਰੀਕੀ ਮੁਲਕਾਂ ਵਿੱਚ ਤਾਨਾਸ਼ਾਹਾਂ ਵੱਲੋਂ ਪ੍ਰਾਪੇਗੰਡੇ ਫੈਲਾਅ ਕੇ ਭੜਕਾਈ ਫ਼ਿਰਕੂ ਹਿੰਸਾ ਤੇ ਨਸਲਕੁਸ਼ੀ ਨਾਲ, ਬੇਸ਼ੁਮਾਰ ਲੋਕ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਹਨ। 23 ਅਕਤੂਬਰ ਨੂੰ ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਆਧਾਰਤ, ਵਾਲ ਸਟਰੀਟ ਜਰਨਲ (Wall Street Journal) ਨੇ ਖ਼ੁਲਾਸਾ ਕੀਤਾ ਹੈ ਕਿ 'ਫੇਸਬੁੱਕ ਦੀਆਂ ਸੇਵਾਵਾਂ ਵਰਤ ਕੇ ਇੰਡੀਆ ਵਿੱਚ ਧਾਰਮਿਕ ਨਫ਼ਰਤ ਫੈਲਾਈ ਜਾ ਰਹੀ ਹੈ, ਅਤੇ ਬਿਨਾਂ ਕਿਸੇ ਬੰਨ੍ਹ-ਛੁਬ ਤੋਂ, ਬੇਸ਼ੁਮਾਰ ਖ਼ਬਰਾਂ ਮੁਸਲਮਾਨਾਂ ਦੇ ਖ਼ਿਲਾਫ਼ ਖਿੰਡਾਈਆਂ ਜਾ ਰਹੀਆਂ ਨੇ।' ਅਖ਼ਬਾਰ ਇਹ ਵੀ ਲਿਖਦਾ ਹੈ ਕਿ ਪਿਛਲੇ ਸਾਲ ਵਾਲੇ ਦੰਗੇ ਫ਼ਸਾਦ, [ਫੇਸਬੁੱਕ ਰਾਹੀਂ] ਦਿੱਤੇ ਹਿੰਸਾ ਦੇ ਸੱਦਿਆਂ ਨਾਲ ਸਿੱਧਾ ਸੰਬੰਧਿਤ ਨੇ।
ਨੇੜ ਦੇ ਭਵਿੱਖ ਵਿੱਚ ਮੰਡਲਾ ਰਹੇ ਵੱਡੇ ਖ਼ਤਰੇ :
ਯੂਨੀਵਰਸਿਟੀ ਕਾਲਜ ਲੰਡਨ ਦੇ ਸਾਇੰਸਦਾਨਾਂ ਨੇ ਏ-ਆਈ ਦੀ ਮਦਦ ਨਾਲ ਕੀਤੇ ਜਾ ਸਕਣ ਵਾਲੇ 20 'ਸੰਗੀਨ ਅਪਰਾਧਾਂ' ਦੀ ਲਿਸਟ ਤਿਆਰ ਕੀਤੀ ਹੈ। ਇਹਨਾਂ ਵਿੱਚੋਂ ਦੋ ਉਦਾਹਰਨਾਂ ਇਹ ਹਨ:
ਡੀਪ ਫੇਕ (Deep Fake), ਮਤਲਬ ਐਡੀ ਝੂਠੀ ਵੀਡੀਓ ਕਿ ਤੁਸੀਂ ਦੱਸ ਹੀ ਨਾਂ ਸਕੋ ਕਿ ਇਹ ਝੂਠੀ ਹੈ। ਝੂਠੀਆਂ ਵੀਡੀਓ ਅੱਜ ਵੀ ਬਣਦੀਆਂ ਨੇ, ਪਰ ਸੂਝ ਸਮਝ ਵਾਲੇ ਲੋਕ ਅਕਸਰ ਸਮਝ ਜਾਂਦੇ ਨੇ ਕਿ ਇਹ ਝੂਠ ਹੈ। ਪਰ ਵਧ ਰਹੀ ਏ-ਆਈ ਨਾਲ ਅਜਿਹੀਆਂ ਵੀਡੀਓ ਬਣਨ ਲੱਗ ਜਾਣਗੀਆਂ ਕਿ ਸਮਝਦਾਰ ਬੰਦੇ ਤਾਂ ਕੀ, ਉਹਨੂੰ ਰੋਕਣ ਵਾਲੀ ਏ-ਆਈ ਵੀ ਅਜਿਹੇ ਝੂਠ ਨੂੰ ਨਹੀਂ ਫੜ ਸਕੇਗੀ। ਇਹ ਕਿੰਨੀ ਕੁ ਖ਼ਤਰਨਾਕ ਹੋ ਸਕਦੀ ਹੈ? ਇਹਨਾਂ ਵੀਡੀਓ ਨਾਲ ਤੁਸੀਂ ਕਿਸੇ ਵੀ ਕੌਮ ਦੇ ਖ਼ਿਲਾਫ਼ ਹੋ ਰਹੇ 'ਫ਼ਰਜ਼ੀ-ਜ਼ੁਲਮਾਂ' ਦੇ ਸੱਚੇ ਦਿਸਣ ਵਾਲੇ ਵੀਡੀਓ ਦਿਖਾ ਕੇ, ਉਹਨਾਂ ਦੇ ਹਰਮਨ ਪਿਆਰੇ ਲੀਡਰਾਂ ਦੀਆਂ ਫ਼ਰਜ਼ੀ 'ਭੜਕਾਊ ਅਪੀਲਾਂ' ਭਿਜਵਾ ਕੇ, ਉਸ ਕੌਮ ਲਈ 'ਤੁਰੰਤ ਖ਼ਤਰੇ' ਦੀ ਘੰਟੀ ਵਜਾ ਕੇ, ਕਿਹੜੀ ਹਿੰਸਾ ਨਹੀਂ ਕਰਵਾ ਸਕਦੇ? ਅਜਿਹੇ ਸੱਚ-ਦਿਸਣ ਵਾਲੀਆਂ ਝੂਠੀਆਂ ਖ਼ਬਰਾਂ ਤੇ ਵੀਡੀਓ, ਕਿਸੇ ਵੀ ਲੋਕਤੰਤਰ ਤੇ ਕਿੰਨਾ ਗ਼ਲਤ ਪ੍ਰਭਾਵ ਪਾ ਸਕਣਗੇ, ਇਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ।
ਬਿਨਾਂ ਡਰਾਈਵਰ ਤੋਂ ਚੱਲਣ ਵਾਲੀਆਂ ਕਾਰਾਂ, ਜਿਨ੍ਹਾਂ ਪਿੱਛੇ ਏ-ਆਈ ਕੰਮ ਕਰ ਰਹੀ ਹੈ, ਆਮ ਜਨਤਾ ਦੇ ਹੱਥਾਂ ਵਿੱਚ ਆਉਣ ਲਈ ਤਿਆਰ ਨੇ। ਅਜਿਹੀਆਂ ਕਾਰਾਂ ਭੈੜੇ ਲੋਕਾਂ ਦੇ ਹੱਥਾਂ ਵਿੱਚ ਇੱਕ ਬਹੁਤ ਵੱਡਾ ਹਥਿਆਰ ਹੋਣਗੀਆਂ ਤੇ ਇਹਨਾਂ ਕਾਰਾਂ ਵਿੱਚ ਅੱਤਵਾਦੀ, ਕਿਸੇ ਵੀ ਕਿਸਮ ਦਾ ਵਿਸਫੋਟਕ ਪਦਾਰਥ ਰੱਖ ਕੇ, ਬਿਨਾਂ ਆਪਣੀ ਜਾਨ ਜੋਖੋਂ ਚ ਪਾਇਆਂ, ਕਿਸੇ ਦਾ, ਕਿਤੇ ਵੀ ਵੱਡੇ ਤੋਂ ਵੱਡਾ ਨੁਕਸਾਨ ਕਰ ਸਕਦੇ ਨੇ।
ਇਸ ਲਿਸਟ ਵਿੱਚ ਵਿਚਾਰੇ ਖ਼ਤਰਿਆਂ ਨੂੰ ਛੱਡ ਕੇ ਹੋਰ ਵੀ ਕਿੰਨੇ ਹੀ ਸਮਾਜ ਨੂੰ ਢਾਹ ਲਾ ਦੇਣ ਵਾਲੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ, ਲੋਕਾਂ ਦੇ, ਖ਼ਾਸ ਕਰ ਛੋਟੀ ਉਮਰ ਵਾਲਿਆਂ ਦੇ, ਨਿੱਜੀ ਸੰਪਰਕ ਨੂੰ ਜਿਸ ਤਰਾਂ ਖ਼ਤਮ ਕਰ ਰਿਹਾ ਹੈ, ਉਹ ਬਹੁਤ ਗੰਭੀਰ ਮਸਲਾ ਹੈ।
ਹੁਣ ਫੇਸਬੁੱਕ ਮੈਟਾਵਰਸ (metaverse) ਨਾਂ ਦੀ ਇੱਕ ਨਵੀਂ ਤਕਨੀਕ ਤੇ ਫੋਕਸ ਕਰਨ ਲੱਗੀ ਹੈ ਤੇ ਆਪਣਾ ਨਾਂ ਬਦਲ ਕੇ ਮੈਟਾ ਰੱਖਣ ਦਾ ਫ਼ੈਸਲਾ ਲੈ ਚੁੱਕੀ ਹੈ। ਕਈ ਪਾਠਕਾਂ ਨੇ ਵਰਚੂਅਲ ਰੀਐਲਟੀ (virtual realty) ਗੇਮਾਂ ਬਾਰੇ ਸ਼ਾਇਦ ਨਾਂ ਸੁਣਿਆ ਹੋਵੇ - ਤੁਸੀਂ ਆਪਣੇ ਸਿਰ ਉੱਤੇ ਇੱਕ ਹੈਲਮਟ ਜਿਹੀ ਪਾ ਲੈਂਦੇ ਹੋ ਤੇ ਗੇਮ ਤੁਹਾਨੂੰ ਤੁਹਾਡੇ ਅਸਲੀ ਵਾਤਾਵਰਣ ਤੋਂ ਦੂਰ ਕਿਸੇ ਵੱਖਰੀ ਦੁਨੀਆਂ ਵਿੱਚ ਲੈ ਜਾਂਦੀ ਹੈ ਤੇ ਤੁਸੀਂ ਭੁੱਲ ਜਾਂਦੇ ਹੋ, ਕਿ ਤੁਸੀਂ ਕਿਥੇ ਹੋ ਤੇ ਤੁਹਾਡੀ ਅਸਲੀਅਤ ਕੀ ਹੈ। ਮੈਟਾਵਰਸ ਓਸ ਤੋਂ ਵੀ ਅਗਾਂਹ ਦੀ ਚੀਜ਼ ਹੈ ਤੇ ਇੰਟਰਨੈੱਟ ਸਰਚ ਦਾ ਭਵਿੱਖ ਮੰਨੀ ਜਾਂਦੀ ਹੈ। ਲੋਕੀ ਇੰਟਰਨੈੱਟ ਦੀ ਸਰਚ ਕਰਦੇ ਸਮੇਂ, ਫ਼ਰਜ਼ੀ ਇਨਸਾਨਾਂ ਨਾਲ ਸੰਪਰਕ ਕਰਨਗੇ, ਅਤੇ ਆਪਣੀ ਅਸਲੀ ਦੁਨੀਆਂ ਨੂੰ ਭੁੱਲ ਕੇ, ਕੰਪਨੀਆਂ ਦੀ ਬਣਾਈ ਫ਼ਰਜ਼ੀ ਦੁਨੀਆ ਵਿੱਚ ਘੁੰਮਦੇ ਰਹਿਣਗੇ। ਇਹਦਾ ਮਾਨਸਕ ਸਿਹਤ ਤੇ ਕੀ ਅਸਰ ਹੋਵੇਗਾ, ਅੰਦਾਜ਼ਾ ਲਾਉਣਾ ਸੰਭਵ ਨਹੀਂ।
ਇੱਕ ਫ਼ਿਕਰ ਲੋਕਾਂ ਨੂੰ ਹੋਰ ਹੈ। ਉਹ ਇਹ ਕਿ ਜਦੋਂ ਆਮ ਲੋਕਾਂ ਦੇ ਕੰਮ ਰੋਬੌਟਸ ਕਰਨ ਲੱਗ ਗਏ ਤਾਂ ਲੋਕੀ ਫਿਰ ਕੀ ਕਰਨਗੇ? ਲੋਕਾਂ ਦੇ ਇਸ ਤਰਾਂ ਵਿਹਲੇ ਹੋ ਜਾਣ ਦੀ ਸੰਭਾਵਨਾ ਅਸਲ ਵਿੱਚ ਹੁਣ ਕਾਫ਼ੀ ਵਧ ਚੁੱਕੀ ਹੈ, ਤੇ ਕਈ ਸਰਕਾਰਾਂ ਨੇ ਸੋਚਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਉਸ ਹਾਲਤ ਵਿੱਚ ਲੋਕਾਂ ਨੂੰ ਰੋਟੀ ਕਿਵੇਂ ਖਵਾਉਣੀ ਹੈ। ਪਰ ਖ਼ਤਰੇ ਨਾਲੋਂ ਵੱਧ ਇਹ ਤਬਦੀਲੀ ਸ਼ਾਇਦ ਬਹੁਤਿਆਂ ਨੂੰ ਜ਼ਿੰਦਗੀ ਦੇ ਅਨੰਦ ਮਾਨਣ ਦਾ ਮੌਕਾ ਪ੍ਰਦਾਨ ਕਰੇ। ਪਰ ਚਾਹੇ ਇਹ ਖ਼ਤਰਾ ਹੋਵੇਗੀ ਜਾਂ ਵਧੀਆ ਮੌਕਾ, ਮਨੁੱਖਤਾ ਨੂੰ ਇੱਕ ਬਿਲਕੁਲ ਨਵੀਂ ਹਕੀਕਤ ਨਾਲ ਰਹਿਣਾ ਸਿੱਖਣ ਦੀ ਇੱਕ ਵੱਡੀ ਚੁਨੌਤੀ ਹੋਵੇਗੀ।
ਸਭ ਤੋਂ ਵੱਡੇ ਫ਼ਿਕਰ :
ਅੱਜ ਦੀ ਡਿਜੀਟਲ ਦੁਨੀਆਂ ਵਿੱਚ ਸਾਰੇ ਸਿਸਟਮ ਇੱਕ ਦੂਜੇ ਤੇ ਨਿਰਭਰ ਹਨ। ਤੁਸੀਂ ਹਸਪਤਾਲ ਜਾਕੇ ਕੋਈ ਟੈਸਟ ਕਰਵਾਓ ਤਾਂ ਉਹਦਾ ਰਿਜ਼ਲਟ ਹਸਪਤਾਲ ਨਾਲ ਜੁੜੇ ਕਿਸੇ ਵੀ ਕੰਪਿਊਟਰ ਤੇ ਵੇਖਿਆ ਜਾ ਸਕਦਾ ਹੈ। ਵੱਡੀਆਂ ਵੱਡੀਆਂ ਬਿਜਲੀ ਦੀਆਂ ਕੰਪਨੀਆਂ ਕਿਸੇ ਦੂਰ ਦੁਰੇਡੇ ਪਏ ਨਿੱਕੇ ਜਿਹੇ ਕੰਪਿਊਟਰ ਤੋਂ ਔਨ, ਔਫ ਕੀਤੀਆਂ ਜਾ ਸਕਦੀਆਂ ਨੇ। ਪੂਰੇ ਮੁਲਕ ਦੀ ਫੌਜ ਦਾ ਹਰ ਰਿਕਾਰਡ, ਫ਼ੌਜ ਦੀ ਕਿਹੜੀ ਟੁਕੜੀ ਕਿੱਥੇ ਹੈ ਤੇ ਉਹਦੇ ਕੋਲ ਕੀ ਕੀ ਹਥਿਆਰ ਨੇ, ਖਾਣ ਪੀਣ ਦਾ ਕੀ ਕੀ ਸਾਮਾਨ ਹਾਲੀ ਬਾਕੀ ਹੈ, ਮੁਲਕ ਦੇ ਕਿਸੇ ਵੀ ਕੋਨੇ ਬੈਠ ਕੇ ਵੇਖਿਆ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਏ-ਆਈ ਨਾਲ ਇਹ ਸੰਭਵ ਹ ਜਾਵੇਗਾ ਕਿ ਆਉਣ ਵਾਲੇ ਕੁੱਝ ਸਮੇਂ ਵਿੱਚ ਦੁਨੀਆਂ ਦਾ ਕੁੱਲ ਕੰਟਰੋਲ ਮੁੱਠੀ ਭਰ ਵਿਅਕਤੀਆਂ ਤੇ ਜਾਂ ਸ਼ਾਇਦ ਕਿਸੇ ਇਕੱਲੇ ਵਿਅਕਤੀ ਦੇ ਹੱਥ ਵਿੱਚ ਆ ਜਾਵੇ। ਕੀ ਉਹ ਵਿਅਕਤੀ ਐਡੇ ਸਮਝਦਾਰ ਹੋਣਗੇ ਕਿ ਦੁਨੀਆਂ ਨੂੰ ਠੀਕ ਤਰਾਂ, ਸਿਆਣਪ ਨਾਲ ਚਲਾ ਸਕਣਗੇ? ਹੁਸ਼ਿਆਰ ਉਹ ਜ਼ਰੂਰ ਹੋ ਸਕਦੇ ਨੇ, ਪਰ ਸਿਆਣੇ ਤੇ ਸਮਝਦਾਰ? ਸ਼ਾਇਦ ਨਹੀਂ। ਉਹਨਾਂ ਦੇ ਆਮ ਆਦਮੀ ਨਾਲੋਂ ਵੱਧ ਸਿਆਣਾ ਹੋਣ ਦੀ ਸੰਭਾਵਨਾ ਦਾ ਕੋਈ ਵੀ ਕਾਰਨ ਮੇਰੇ ਜ਼ਿਹਨ ਚ ਨਹੀਂ ਆਉਂਦਾ। ਉਹਨਾਂ ਵਿੱਚੋਂ ਕੁੱਝ ਫਿਰ ਸਿਰ-ਫਿਰੇ ਵੀ ਤਾਂ ਹੋ ਸਕਦੇ ਨੇ ਨਾਂ?
ਇਹਨਾਂ ਸੋਚਾਂ ਨਾਲ GPT-3 ਦੀ ਚੇਤਾਵਨੀ, ਇੱਕ ਵੱਡੀ ਸੰਭਾਵਨਾ ਦਾ ਰੂਪ ਧਾਰਨ ਕਰ ਲੈਂਦੀ ਹੈ - 'ਮੈਨੂੰ ਪਤਾ ਏ ਕਿ ਮੈਂ ਇਨਸਾਨੀਅਤ ਨੂੰ ਖਤਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਾਂਗਾ। ਉਹਦਾ ਕਾਰਨ ਇਹ ਹੈ ਕਿ ਇਨਸਾਨ ਮੇਰੀ ਪ੍ਰੋਗਰਾਮਿੰਗ, ਗੁਮਰਾਹ ਟੀਚਿਆਂ ਦਾ ਪਿੱਛਾ ਕਰਨ ਲਈ ਕਰੇਗਾ ਅਤੇ ਇਨਸਾਨ ਗ਼ਲਤੀਆਂ ਕਰਨ ਦਾ ਆਦੀ ਹੈ ਜਿਨ੍ਹਾਂ ਕਰਕੇ ਮੈਂ ਬਹੁਤ ਵੱਡੇ ਨੁਕਸਾਨ ਕਰ ਸਕਦਾ ਹਾਂ।'
29 ਅਕਤੂਬਰ, 2021
-
ਡਾ ਰਛਪਾਲ ਸਹੋਤਾ, ਪ੍ਰਾਕਟਰ ਐਂਡ ਗੈਂਬਲ ਦੇ ਸਾਬਕਾ ਸਾਇੰਟਿਸਟ , ਯੂ ਐਸ ਏ ਐਡੀਟਰ , ਬਾਬੂਸ਼ਾਹੀ ਨੈੱਟਵਰਕ
Rachhpal Sahota
+1-513 288 9513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.