ਨਵੀਂ ਪੀੜ੍ਹੀ'ਤੇ ਆਧੁਨਿਕ ਤਕਨੀਕਾਂ ਦੇ ਮਾਰੂ ਪ੍ਰਭਾਵ
ਅੱਜ ਦੇ ਤਕਨੀਕੀ ਦੌਰ ਵਿੱਚ ਸੰਚਾਰ ਅਤੇ ਸੂਚਨਾ ਦਾ ਸਭ ਤੋਂ ਤੇਜ਼ ਅਤੇ ਪ੍ਰਮੁੱਖ ਸਾਧਨ ਬਣ ਚੁੱਕਿਆ ਹੈ।ਪੂਰੇ ਵਿਸ਼ਵ ਵਿੱਚ ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ।ਖਾਸ ਤੌਰ ਤੇ ਨੌਜਵਾਨ ਵਰਗ ਦੇ ਜੀਵਨ ਦੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, , ਵਟਸਐਪ ,ਯੂ ਟਿਊਬ ਅਤੇ ਅਨੇਕਾਂ ਹੋਰ ਸੋਸ਼ਲ ਸਾਈਟਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਮਾਜਿਕ ਇਕੱਠ ਵਿੱਚ ਜਾਉ ਤਾ ਹਰ ਇਨਸਾਨ ਦੇ ਹੱਥ ਵਿੱਚ ਸਮਾਰਟਫੋਨ, ਲੈਪਟਾਪ, ਟੈਬ, ਆਈਪੈਡ ਜਾਂ ਮਿੰਨੀ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਗੈਜੇਟ ਹੋਣਾ ਅਤੇ ਉਨ੍ਹਾਂ ਉੱਪਰ ਹੀ ਰੁਝੇ ਹੋਣਾ, ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਇਸ ਤੋਂ ਬੇਖਬਰ ਹੋ ਕੇ, ਤਕਨੀਕੀ ਯੁੱਗ ਵਿਚ ਸੋਸ਼ਲ ਮੀਡੀਆ ਤੇ ਲੰਮਾ ਸਮਾਂ ਜੁੜੇ ਰਹਿਣਾ ਆਮ ਗੱਲ ਹੋ ਚੁੱਕੀ ਹੈ । ਇਹ ਤਕਨੀਕੀ ਯੁੱਗ ਵਿਚ ਨਵੀਂ ਪੀੜ੍ਹੀ ਤੇ ਸੋਸ਼ਲ ਮੀਡੀਆ ਜਿੱਥੇ ਇਨਸਾਨੀ ਜ਼ਿੰਦਗੀ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ, ਉੱਥੇ ਸਿੱਕੇ ਦਾ ਦੂਸਰਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ , ਇਹ ਇਨਸਾਨ ਤੇ ਮਾੜੇ ਪ੍ਰਭਾਵਾਂ ਪਾ ਰਿਹਾ ਹੈ ਇਸ ਦੀ ਬੇਲੋੜੀ ਵਰਤੋਂ ਅਤੇ ਇਸ ਉਪਰ ਵਧੇਰੇ ਸਰਗਰਮੀ ਬੇਹੱਦ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ।ਇਸ ਨੂੰ ਲੋਕਾਂ ਦੇ ਮਾਨਸਿਕ ,ਸਰੀਰਕ ਅਤੇ ਸਮਾਜਿਕ ਵਿਕਾਸ ਤੇ ਪੈ ਰਹੇ ਮਾੜੇ ਪ੍ਰਭਾਵਾਂ ਲਈ ਮੁੱਖ ਰੂਪ ਵਿੱਚ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ।
ਇਹ ਤਕਨੀਕੀ ਸੋਸ਼ਲ ਮੀਡੀਆ ਦੀ ਬਦੌਲਤ ਸੰਚਾਰ ਸਾਧਨਾਂ, ਸਿੱਖਿਆ, ਵਣਜ ,ਪੱਤਰਕਾਰਤਾ ਅਤੇ ਸਮਾਜਿਕ ਰਿਸ਼ਤਿਆਂ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਸਾਹਮਣੇ ਆਈ ।ਇਸ ਦੇ ਨਾਲ ਸੰਚਾਰ ਦੀ ਗਤੀ ਬੇਹੱਦ ਤੇਜ਼ ਹੋਈ ।
ਇਸ ਤਕਨੀਕੀ ਯੁੱਗ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਬੇਹੱਦ ਤੇਜ਼ੀ ਨਾਲ ਵਧ ਰਹੀ ਹੈ ।ਇਸ ਦੀ ਬਦੌਲਤ ਨਿਤ ਨਵੇਂ ਨਵੇਂ ਦੋਸਤ ਮਿਲ ਰਹੇ ਹਨ ।ਕੁਝ ਲੋਕ ਪਰਿਵਾਰਕ ਰਿਸ਼ਤਿਆਂ ਦੀ ਹੋਈ ਦੂਰੀ ਦੇ ਇਕੱਲੇਪਨ ਨੂੰ ਦੂਰ ਕਰਨ ਲਈ ਇਨ੍ਹਾਂ ਸਾਈਟਾਂ ਦਾ ਸਹਾਰਾ ਲੈ ਰਹੇ ਹਨ। ਮਨੋਰੰਜਨ ਦੇ ਖੇਤਰ ਵਿੱਚ ਨਿੱਤ ਨਵੀਂ ਪ੍ਰਤਿਭਾ ਨਿਕਲ ਕੇ ਸਾਹਮਣੇ ਆ ਰਹੀ ਹੈ, ਪ੍ਰਤਿਭਾਸ਼ਾਲੀ ਲੋਕਾਂ ਦੀ ਇੱਕ ਵਾਇਰਲ ਵੀਡੀਓ, ਲੇਖ ਜਾਂ ਬਲਾਗ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੰਦਾ ਹੈ ।ਸੂਚਨਾ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇਖਣ ਨੂੰ ਸਾਹਮਣੇ ਆਈ ।ਦੇਸ਼ ਵਿਦੇਸ਼ ਦੀ ਸੂਚਨਾ ਚੰਦ ਸਕਿੰਟਾਂ ਵਿੱਚ ਤੁਹਾਡੇ ਸਾਹਮਣੇ ਆ ਜਾਂਦੀ ਹੈ ।ਉਂਗਲ ਨਾਲ ਇੱਕ ਬਟਨ ਦਬਾਉਣ ਤੇ ਤੁਸੀਂ ਪੂਰੀ ਦੁਨੀਆਂ ਜਾਂ ਆਪਣੇ ਮਿੱਤਰਾਂ ,ਰਿਸ਼ਤੇਦਾਰਾਂ ਜਾਂ ਹੋਰ ਚਾਹੁਣ ਵਾਲਿਆਂ ਨਾਲ ਜੁੜ ਜਾਂਦੇ ਹੋ ।
ਇਸ ਤਕਨੀਕੀ ਸੋਸ਼ਲ ਮੀਡੀਆ ਦੀ ਬਦੌਲਤ ਭੂਗੋਲਿਕ ਹੱਦਾਂ ਬੰਨ੍ਹੇ ਅਤੇ ਸਰਹੱਦਾਂ ਖ਼ਤਮ ਹੋ ਚੁੱਕੀਆਂ ਹਨ ।ਪੂਰਾ ਵਿਸ਼ਵ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਜਾਪਦਾ ਹੈ। ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਵਾਪਰੀ ਕਿਸੇ ਵੀ ਚੰਗੀ ਜਾਂ ਮਾੜੀ ਘਟਨਾ ਦਾ ਪ੍ਰਭਾਵ ਅਤੇ ਪ੍ਰਤੀਕਰਮ ਪੂਰੇ ਵਿਸ਼ਵ ਵਿੱਚ ਦੇਖਣ ਨੂੰ ਮਿਲਦਾ ਹੈ ।
ਇਸ ਤਕਨੀਕੀ ਯੁੱਗ ਵਿਚ ਸੋਸ਼ਲ ਮੀਡੀਆ ਦੇ ਲਾਭਕਾਰੀ ਹੋਣ ਦੇ ਨਾਲ ਨਾਲ ਅਨੇਕਾਂ ਨਕਾਰਾਤਮਕ ਪ੍ਰਭਾਵ ਵੀ ਸਾਡੇ ਸਮਾਜ ਸਾਹਮਣੇ ਛੱਡ ਰਿਹਾ ਹੈ। ਜੋ ਸਮਾਜ ਲਈ ਬੇਹੱਦ ਨੁਕਸਾਨਦੇਹ ਸਾਬਿਤ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਅਨੇਕਾਂ ਵਾਰ ਅਜਿਹੇ ਲੇਖ ਅਤੇ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ,ਜਿਸ ਵਿੱਚ ਕਿਸੇ ਮਨੁੱਖ ਜਾਂ ਵਰਗ ਦੀ ਨਿੱਜਤਾ, ਧਰਮ ਜਾਂ ਵਰਗ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਮਨੁੱਖ ਦੀ ਮਾਨਸਿਕਤਾ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ ।ਅਨੇਕਾਂ ਵਾਰ ਮਨੁੱਖ ਮਾਨਸਿਕ ਤਣਾਅ ਵਿਚ ਚਲਾ ਜਾਂਦਾ ਹੈ ।ਨੌਜਵਾਨ ਵਰਗ ਦਾ ਸਰੀਰਕ ਖੇਡਾਂ ਜਾਂ ਗਤੀਵਿਧੀਆਂ ਛੱਡ ਕੇ ਘੰਟਿਆਂ ਬੱਧੀ ਮੋਬਾਈਲ ਗੇਮ ਖੇਡਣਾ ਜਾਂ ਸੋਸ਼ਲ ਮੀਡੀਆ ਤੇ ਸਰਗਰਮ ਰਹਿਣਾ ਉਨ੍ਹਾਂ ਦੇ ਸਰੀਰਕ ਅਤੇ ਸਮਾਜਿਕ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਿਹਾ ਹੈ ।ਨੌਜਵਾਨ ਪੀੜ੍ਹੀ ਦੀ ਸੋਸ਼ਲ ਮੀਡੀਆ ਤੇ ਵੱਧਦੀ ਸਰਗਰਮੀ ਕਾਰਨ ਨੌਜਵਾਨ ਵਰਗ ਇਕੱਲੇ ਰਹਿਣ ਦਾ ਆਦੀ ਹੋ ਰਿਹਾ ਹੈ ਡਿਪ੍ਰੈਸ਼ਨ, ਮੋਟਾਪਾ ਅਤੇ ਅਨੇਕਾਂ ਹੋਰ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਮਨੋਵਿਗਿਆਨੀਆਂ ਅਤੇ ਡਾਕਟਰਾਂ ਨੇ ਇਸ ਸਬੰਧੀ ਵਿਸ਼ੇਸ਼ ਕੌਂਸਲਿੰਗ ਕੇਂਦਰ ਖੋਲ੍ਹ ਦਿੱਤੇ ਹਨ ,ਜਿੱਥੇ ਨਸ਼ਿਆਂ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਆਦੀ ਹੋਏ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ।ਸੋਸ਼ਲ ਮੀਡੀਆ ਦੀ ਬਦੌਲਤ ਘਰ ਦੀ ਗ੍ਰਹਿਣੀ ਤੋਂ ਲੈ ਕੇ ਵੱਖ ਵੱਖ ਅਦਾਰਿਆਂ ਦੇ ਕਰਮਚਾਰੀਆਂ , ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀ ਕਾਰਜਕੁਸ਼ਲਤਾ ਤੇ ਮਾੜਾ ਪ੍ਰਭਾਵ ਪਿਆ ਹੈ।
ਇਸ ਤਕਨੀਕੀ ਦੌਰ ਵਿੱਚ ਸਮਾਜ ਨੂੰ ਆਪਣੇ ਦਿਨ ਦੇ ਰੁਟੀਨ ਦੀ ਠੋਸ ਯੋਜਨਾਬੰਦੀ ਬਣਾਉਣੀ ਪਏਗੀ। ਸਰੀਰਕ ਗਤੀਵਿਧੀਆਂ ,ਸੋਸ਼ਲ ਮੀਡੀਆ ਅਤੇ ਜੋ ਵੀ ਅਸੀਂ ਕੰਮ ਕਰਦੇ ਹਾ, ਤਿੰਨਾਂ ਵਿੱਚ ਸੰਤੁਲਨ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ ਖਾਨ ਪੀਣ ਸਮੇਂ ਮੋਬਾਈਲ ਫੋਨ ਨੂੰ ਦੂਰ ਰੱਖਣਾ ਦੀ ਵੀ ਪਹਿਲ ਕਰਨੀ ਪਵੇਗੀ ।ਕਸਰਤ ਕਰਨਾ, ਸਰੀਰਕ ਖੇਡਾਂ ਖੇਡਣਾ, ਨੀਂਦ ਦਾ ਸਮਾਂ ਅਤੇ ਦੋਸਤ ਮਿੱਤਰਾਂ ਨੂੰ ਮਿਲਣ ਦਾ ਸਮਾਂ ਨਿਸ਼ਚਿਤ ਕਰਨਾ ਪਵੇਗਾ। ਕਿੰਨਾ ਸਮਾਂ ਬਿਨਾਂ ਕਿਸੇ ਠੋਸ ਕੰਮ ਤੋਂ ਆਨਲਾਈਨ ਬਿਤਾਇਆ ਜਾਂਦਾ ਹੈ, ਇਸ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ। ਸਵੇਰੇ ਉੱਠਣ ਤੋਂ 01 ਘੰਟਾ ਬਾਅਦ ਅਤੇ ਰਾਤ ਨੂੰ ਸੌਣ ਤੋਂ 01 ਘੰਟਾ ਪਹਿਲਾਂ ਤੱਕ ਹੀ ਜੇ ਮੋਬਾਈਲ ਦੀ ਵਰਤੋਂ ਕੀਤੀ ਜਾਵੇ ।ਹਫ਼ਤੇ ਵਿੱਚ ਇੱਕ ਦਿਨ ਅਜਿਹਾ ਨਿਸ਼ਚਿਤ ਕੀਤਾ ਜਾਵੇ ਜਿਸ ਦਿਨ ਸਮਾਰਟਫੋਨ ਅਤੇ ਅਜਿਹੇ ਹੋਰ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ।ਇਸ ਨੂੰ ਈ- ਫਾਸਟਿੰਗ ਦਾ ਨਾਮ ਦਿੱਤਾ ਜਾਂਦਾ ਹੈ ।ਇਸ ਦਿਨ ਤਕਨੀਕ ਦੀ ਵਰਤੋਂ ਸਿਰਫ ਈ- ਰੀਡਿੰਗ ਜਾਂ ਸੰਗੀਤ ਸੁਣਨ ਲਈ ਹੀ ਕੀਤੀ ਜਾਵੇ। ਅਜਿਹੀ ਆਦਤ ਸਾਡੇ ਮਾਨਸਿਕ ਤਣਾਅ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਹਾਈ ਹੋ ਸਕਦੀ ਹੈ ।
ਨੌਜਵਾਨ ਵਰਗ ਇਸ ਗੱਲ ਦਾ ਅਹਿਸਾਸ ਕਰੇ ਕਿ ਇਸ ਤਕਨੀਕੀ ਯੁੱਗ ਵਿੱਚ ਸੋਸ਼ਲ ਮੀਡੀਆ ਤੋਂ ਗਿਆਨ ਅਤੇ ਸੂਚਨਾ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਵੱਡੀਆਂ ਮੰਜ਼ਿਲਾਂ ਸਰ ਕਰਨੀਆਂ ਹਨ, ਨਾ ਕਿ ਇਸ ਦੇ ਗੁਲਾਮ ਬਣ ਕੇ ਜੀਵਨ ਬਤੀਤ ਕਰਨਾ ਹੈ ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.