ਲਾਇਬ੍ਰੇਰੀਆਂ ਦੀ ਹੋਂਦ ਨੂੰ ਬਚਾਉਣ
ਵਿਜੈ ਗਰਗ
ਲਾਇਬ੍ਰੇਰੀਆਂ ਸਾਡੇ ਜੀਵਨ ਨਿਰਮਾਣ ਅਤੇ ਸ਼ਖਸੀਅਤ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਹਾਲ ਹੀ ’ਚ ਨੈਸ਼ਨਲ ਬੁੱਕ ਟਰੱਸਟ ਨੇ ਕੁਝ ਸਥਾਨਾਂ ’ਤੇ ਕੋਵਿਡ ਹਸਪਤਾਲਾਂ ’ਚ ਲਾਇਬ੍ਰੇਰੀਆਂ ਬਣਾਈਆਂ, ਜਿਨ੍ਹਾਂ ਦਾ ਹਾਂਪੱਖੀ ਨਤੀਜਾ ਦੇਖਣ ਨੂੰ ਮਿਲਿਆ। ਅਸਲ ’ਚ ਕਿਤਾਬਾਂ ਸਾਡੀ ਨਿਰਾਸ਼ਾ ਨੂੰ ਦੂਰ ਕਰਦੀਆਂ ਹਨ। ਇਸ ਲਿਹਾਜ਼ ਨਾਲ ਲਾਇਬ੍ਰੇਰੀ ਸਾਡੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਕੰਮ ਵੀ ਕਰਦੀ ਹੈ। ਨੈਸ਼ਨਲ ਬੁੱਕ ਟਰੱਸਟ ਵਲੋਂ ਕੁਝ ਸਥਾਨਾਂ ’ਤੇ ਕੋਵਿਡ ਹਸਪਤਾਲਾਂ ’ਚ ਬਣਾਈਆਂ ਗਈਆਂ ਲਾਇਬ੍ਰੇਰੀਆਂ ਨਾਲ ਮਰੀਜ਼ਾਂ ਅੰਦਰ ਫੈਲੀ ਨਿਰਾਸ਼ਾ ਦੀ ਭਾਵਨਾ ਘੱਟ ਹੋਈ। ਅਜਿਹੇ ਪ੍ਰਯੋਗ ਦੂਜੇ ਸਥਾਨਾਂ ’ਤੇ ਵੀ ਕੀਤੇ ਜਾਣੇ ਚਾਹੀਦੇ ਹਨ। ਮੰਦਭਾਗੀ ਗੱਲ ਇਹ ਹੈ ਕਿ ਇਸ ਦੌਰ ’ਚ ਦੇਸ਼ ਦੀਆਂ ਜਨਤਕ ਲਾਇਬ੍ਰੇਰੀਆਂ ਦੀ ਹਾਲਤ ਬਦਤਰ ਹੈ।
ਸੂਬਿਆਂ ਭਾਸ਼ੀ ਸਮਾਜ ’ਚ ਪੜ੍ਹਨ ਦੀ ਆਦਤ ਬਣਾਉਣ ’ਚ ਵੀ ਲਾਇਬ੍ਰੇਰੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੀ ਹੈ। ਲਾਇਬ੍ਰੇਰੀਆਂ ਦੀ ਅਗਵਾਈ ’ਚ ਕਵਿਤਾ-ਕਹਾਣੀ ਮੁਕਾਬਲੇ ਜਾਂ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਲਾਇਬ੍ਰੇਰੀਆਂ ’ਚ ਨਵੀਆਂ ਛਪੀਆਂ ਕਿਤਾਬਾਂ ’ਤੇ ਚਰਚਾ ਦਾ ਵੀ ਆਯੋਜਨ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਚਰਚਾ ’ਚ ਲਿਖਣ-ਪੜ੍ਹਨ ਵਾਲੇ ਜਾਗਰੂਕ ਲੋਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੱਦਿਆ ਜਾਣਾ ਚਾਹੀਦਾ ਹੈ। ਇਸ ਪ੍ਰਕਿਰਿਆ ਰਾਹੀਂ ਜਿਥੇ ਇਕ ਪਾਸੇ ਜਨਤਾ ਨੂੰ ਲਾਇਬ੍ਰੇਰੀਆਂ ਵਲੋਂ ਚਲਾਈਆਂ ਜਾ ਰਹੀਅਾਂ ਸਿਰਜਣਾਤਮਕ ਸਰਗਰਮੀਆਂ ਦੀ ਜਾਣਕਾਰੀ ਮਿਲੇਗੀ, ਉਥੇ ਆਮ ਜਨਤਾ ਨੂੰ ਨਵੀਆਂ ਛਪੀਆਂ ਕਿਤਾਬਾਂ ਦੀ ਜਾਣਕਾਰੀ ਵੀ ਮਿਲ ਸਕੇਗੀ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨਾਲ ਆਮ ਜਨਤਾ ’ਚ ਵੀ ਹੌਲੀ-ਹੌਲੀ ਪੜ੍ਹਨ ਦੀ ਆਦਤ ਵਧੇਗੀ। ਅੱਜ ਹਾਲਾਤ ਇਹ ਹਨ ਕਿ ਲਗਭਗ ਸਾਰੇ ਜ਼ਿਲਿਆਂ ’ਚ ਸਰਕਾਰੀ ਜ਼ਿਲਾ ਲਾਇਬ੍ਰੇਰੀ ਸਥਾਪਿਤ ਹੈ ਪਰ ਕੁਝ ਲੋਕਾਂ ਨੂੰ ਛੱਡ ਕੇ ਆਮ ਜਨਤਾ ਨੂੰ ਇਨ੍ਹਾਂ ਲਾਇਬ੍ਰੇਰੀਆਂ ਦੀ ਜਾਣਕਾਰੀ ਹੀ ਨਹੀਂ ਹੈ। ਕੁਝ ਜਾਗਰੂਕ ਲੋਕ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ’ਚ ਜਾਂਦੇ ਵੀ ਹਨ ਪਰ ਲਾਇਬ੍ਰੇਰੀਆਂ ਦੇ ਇੰਚਾਰਜਾਂ ਦੇ ਉਦਾਸੀਨ ਰਵੱਈਏ ਕਾਰਨ ਉਹ ਇਨ੍ਹਾਂ ਨਾਲ ਸਰਗਰਮ ਢੰਗ ਨਾਲ ਜੁੜ ਨਹੀਂ ਪਾਉਂਦੇ ਹਨ। ਅੱਜ ਖੁਦ ਲਾਇਬ੍ਰੇਰੀਆਂ ਦੇ ਮੁਖੀਆਂ ਨੂੰ ਇਸ ਗੱਲ ’ਤੇ ਵਿਚਾਰ ਕਰਨਾ ਪਵੇਗਾ ਕਿ ਉਹ ਕਿਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਕਿਤਾਬਾਂ ਨਾਲ ਜੋੜ ਸਕਦੇ ਹਨ। ਅਕਸਰ ਇਹ ਦੇਖਿਆ ਗਿਆ ਹੈ ਕਿ ਸਰਕਾਰੀ ਜ਼ਿਲਾ ਲਾਇਬ੍ਰੇਰੀਆਂ ’ਚ ਕਿਹੜੀ-ਕਿਹੜੀ ਕਿਤਾਬ ਆਉਣੀ ਹੈ, ਇਹ ਸਭ ਪ੍ਰਸ਼ਾਸਨਿਕ ਪੱਧਰ ’ਤੇ ਤੈਅ ਹੁੰਦਾ ਹੈ। ਇਸ ਪ੍ਰਕਿਰਿਆ ਨਾਲ ਕਈ ਗੈਰ-ਜ਼ਰੂਰੀ ਕਿਤਾਬਾਂ ਲਾਇਬ੍ਰੇਰੀਆਂ ’ਤੇ ਥੋਪ ਦਿੱਤੀਆਂ ਜਾਂਦੀਆਂ ਅਤੇ ਸਥਾਨਕ ਪਾਠਕਾਂ ਦੀ ਪਸੰਦ ਦੀਆਂ ਕਈ ਕਿਤਾਬਾਂ ਲਾਇਬ੍ਰੇਰੀਆਂ ’ਚ ਨਹੀਂ ਆ ਪਾਉਂਦੀਆਂ ਹਨ। ਇਸ ਲਈ ਲਾਇਬ੍ਰੇਰੀਆਂ ’ਚ ਨਵੀਆਂ ਕਿਤਾਬਾਂ ਮੰਗਵਾਉਣ ਦੀ ਪ੍ਰਕਿਰਿਆ ’ਚ ਸਥਾਨਕ ਪਾਠਕਾਂ ਦੀ ਹਿੱਸੇਦਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲਾਇਬ੍ਰੇਰੀਆਂ ਦੇ ਇੰਚਾਰਜ ਬਹੁਤੇ ਸਰਗਰਮ ਅਤੇ ਜਾਗਰੂਕ ਨਹੀਂ ਹੁੰਦੇ ਹਨ। ਇਸ ਦਾ ਖਮਿਆਜ਼ਾ ਪਾਠਕਾਂ ਨੂੰ ਭਰਨਾ ਪੈਂਦਾ ਹੈ। ਲਾਇਬ੍ਰੇਰੀ ਮੁਖੀ ਦੇ ਅਹੁਦੇ ’ਤੇ ਬਹੁਤ ਹੀ ਜਾਗਰੂਕ ਅਤੇ ਸੂਝਵਾਨ ਲੋਕਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ ਲਾਇਬ੍ਰੇਰੀ ਦੇ ਮੁਖੀ ਨੂੰ ਸਿਰਫ ਇਕ ਕਲਰਕ ਦੇ ਰੂਪ ’ਚ ਹੀ ਮਾਨਤਾ ਹਾਸਲ ਸੀ ਪਰ ਅੱਜ ਇਹ ਅਹੁਦਾ ਇਕ ਸਨਮਾਨਿਤ ਅਹੁਦਾ ਮੰਨਿਆ ਜਾਂਦਾ ਹੈ। ਅੱਜ ਲਾਇਬ੍ਰੇਰੀਅਨ ਦੀ ਤਨਖਾਹ ਵੀ ਕਿਸੇ ਦੂਜੇ ਸਨਮਾਨਿਤ ਅਹੁਦੇ ਦੀ ਤਨਖਾਹ ਤੋਂ ਘੱਟ ਨਹੀਂ ਹੈ। ਕਈ ਆਧੁਨਿਕ ਲਾਇਬ੍ਰੇਰੀਆਂ ’ਚ ਤਾਂ ਲਾਇਬ੍ਰੇਰੀਅਨ ਨੂੰ ਸੂਚਨਾ ਅਧਿਕਾਰੀ ਅਤੇ ਸੂਚਨਾ ਵਿਗਿਆਨੀ ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਬਦਲੇ ਹੋਏ ਹਾਲਾਤ ’ਚ ਲਾਇਬ੍ਰੇਰੀਅਨ ਦਾ ਅਹੁਦਾ ਇਕ ਬਹੁਤ ਹੀ ਜ਼ਿੰਮੇਵਾਰ ਅਹੁਦਾ ਹੈ ਅਤੇ ਉਹ ਵਧੇਰੀ ਸੂਝ ਦੀ ਮੰਗ ਕਰਦਾ ਹੈ। ਇਸ ਲਈ ਸਰਕਾਰ ਨੂੰ ਇਹ ਅਹੁਦੇ ਅਜਿਹੇ ਲੋਕਾਂ ਨੂੰ ਸੌਂਪਣੇ ਚਾਹੀਦੇ ਹਨ ਜੋ ਕਿ ਕਿਤਾਬਾਂ ਅਤੇ ਪਾਠਕਾਂ (ਸਮਾਜ) ਵਿਚਾਲੇ ਇਕ ਨਵਾਂ ਰਿਸ਼ਤਾ ਬਣਾ ਸਕਣ ਅਤੇ ਇਸ ਰਿਸ਼ਤੇ ਨੂੰ ਇਕ ਨਵੀਂ ਦਿਸ਼ਾ ਦੇ ਸਕਣ। ਸੂਚਨਾ ਧਮਾਕੇ ਦੇ ਇਸ ਯੁੱਗ ’ਚ ਲਾਇਬ੍ਰੇਰੀ ਮੁਖੀਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਰਾਣੇ ਰਾਹ ’ਤੇ ਚੱਲ ਰਹੀ ਕਾਰਜਪ੍ਰਣਾਲੀ ਨੂੰ ਬਦਲਣ। ਲਾਇਬ੍ਰੇਰੀਅਨ ਦਾ ਅਹੁਦਾ ਸਿਰਫ ਇਕ ਅਹੁਦਾ ਹੀ ਨਹੀਂ ਹੈ ਸਗੋਂ ਇਹ ਸਮਾਜ ਸੇਵਾ ਦਾ ਇਕ ਅਜਿਹਾ ਮੰਚ ਵੀ ਹੈ ਜਿਥੇ ਬੈਠ ਕੇ ਤੁਸੀਂ ਸਮਾਜ ’ਚ ਗਿਆਨ ਦੀ ਰੌਸ਼ਨੀ ਫੈਲਾਉਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹੋ।
ਬੱਚੇ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ। ਇਸ ਲਈ ਸਾਨੂੰ ਕੁਝ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਜਿਸ ਨਾਲ ਕਿ ਬੱਚਿਆਂ ’ਚ ਬਚਪਨ ਤੋਂ ਹੀ ਪੜ੍ਹਨ ਦੀ ਆਦਤ ਪੈਦਾ ਹੋ ਸਕੇ। ਜੇ ਅਸੀਂ ਅੱਜ ਬੱਚਿਆਂ ’ਚ ਪੜ੍ਹਨ ਦੀ ਆਦਤ ਪਾ ਸਕੀਏ ਤਾਂ ਕੱਲ ਕਿਤਾਬਾਂ ’ਤੇ ਆਇਆ ਸੰਕਟ ਆਪਣੇ ਆਪ ਹੀ ਦੂਰ ਹੋ ਜਾਵੇਗਾ। ਮੰਤਭਾਗੀ ਗੱਲ ਇਹ ਹੈ ਕਿ ਅੱਜ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਹੈ। ਅਸਲ ’ਚ ਪੜ੍ਹਾਈ ਦੇ ਦਬਾਅ ਕਾਰਨ ਬੱਚੇ ਕੋਰਸ ਦੀਆਂ ਕਿਤਾਬਾਂ ਤਾਂ ਪੜ੍ਹਦੇ ਹੀ ਹਨ, ਨਾਲ ਹੀ ਪੁੱਠੀਆਂ-ਸਿੱਧੀਆਂ ਕਾਮਿਕਸ ਪੜ੍ਹਨ ’ਚ ਰੁਚੀ ਲੈਂਦੇ ਹਨ ਪਰ ਚੰਗਾ ਬਾਲ ਸਾਹਿਤ ਪੜ੍ਹਨ ’ਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੁੰਦੀ। (ਮਾਤਾ-ਪਿਤਾ ਵੀ ਬੱਚਿਆਂ ਨੂੰ ਚੰਗਾ ਬਾਲ ਸਾਹਿਤ ਪੜ੍ਹਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਹਨ।) ਸਕੂਲ ਦੀ ਪੜ੍ਹਾਈ ਤੋਂ ਸਮਾਂ ਮਿਲਣ ’ਤੇ ਬੱਚੇ ਟੀ. ਵੀ. ਨਾਲ ਚਿਪਕ ਜਾਂਦੇ ਹਨ। ਟੀ. ਵੀ. ਦੇ ਵੱਖ-ਵੱਖ ਚੈਨਲ ਅੱਜਕਲ ਬੱਚਿਆਂ ਨੂੰ ਜੋ ਕੁਝ ਸਿਖਾ ਰਹੇ ਹਨ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਨਤੀਜੇ ਵਜੋਂ ਬੱਚੇ ’ਚ ਪੜ੍ਹਨ ਦੀ ਆਦਤ ਤਾਂ ਵਿਕਸਿਤ ਹੋ ਹੀ ਨਹੀਂ ਪਾਉਂਦੀ, ਨਾਲ ਹੀ ਉਨ੍ਹਾਂ ’ਚ ਨਵੇਂ ਸੰਸਕਾਰ ਪੈਦਾ ਹੁੰਦੇ ਹਨ ਜੋ ਉਨ੍ਹਾਂ ਨੂੰ ਆਪਣੀ ਜ਼ਮੀਨ ਨਾਲ ਜੁੜਨ ਨਹੀਂ ਦਿੰਦੇ ਹਨ।
ਪਹਿਲਾਂ ਜਦੋਂ ਟੀ. ਵੀ. ਵਰਗੇ ਸਾਧਨ ਮੁਹੱਈਆ ਨਹੀਂ ਸਨ, ਸਿੱਖਿਆ ਹਾਸਲ ਕਰਨ ਵਾਲੇ ਅੱਲ੍ਹੜਾਂ ਦਾ ਇਕ ਵੱਡਾ ਵਰਗ ਖੁਦ ਹੀ ਕਿਤਾਬਾਂ ਨਾਲ ਜੁੜ ਜਾਂਦਾ ਸੀ। ਨਤੀਜੇ ਵਜੋਂ ਉਨ੍ਹਾਂ ’ਚ ਪੜ੍ਹਨ ਦੀ ਆਦਤ ਤਾਂ ਵਿਕਸਿਤ ਹੁੰਦੀ ਹੀ ਸੀ, ਨਾਲ ਹੀ ਉਨ੍ਹਾਂ ’ਚ ਜ਼ਮੀਨ ਨਾਲ ਜੁੜੇ ਸੰਸਕਾਰ ਵੀ ਪੈਦਾ ਹੁੰਦੇ ਸਨ। ਬਦਕਿਸਮਤੀ ਇਹ ਹੈ ਕਿ ਅੱਜ ਵੱਡੇ ਸਕੂਲਾਂ ’ਚ ਤਾਂ ਲਾਇਬ੍ਰੇਰੀ ਹੈ (ਭਾਵੇਂ ਹੀ ਉਨ੍ਹਾਂ ਦੀ ਹਾਲਤ ਤਰਸਯੋਗ ਹੈ) ਪਰ ਪ੍ਰਾਇਮਰੀ ਸਕੂਲਾਂ ’ਚ ਲਾਇਬ੍ਰੇਰੀਆਂ ਦੀ ਕੋਈ ਵਿਵਸਥਾ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਪ੍ਰਾਇਮਰੀ ਸਕੂਲਾਂ ’ਚ ਵੀ ਲਾਇਬ੍ਰੇਰੀਆਂ ਦੀ ਸਥਾਪਨਾ ਕਰੇ। ਨਾਲ ਹੀ ਬੱਚਿਆਂ ਨੂੰ ਇਨ੍ਹਾਂ ਲਾਇਬ੍ਰੇਰੀਆਂ ਨਾਲ ਸਰਗਰਮ ਢੰਗ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ’ਚ ਸ਼ੁਰੂ ਤੋਂ ਹੀ ਪੜ੍ਹਨ ਦੀ ਆਦਤ ਵਿਕਸਿਤ ਹੋ ਸਕੇ।
ਦੇਸ਼ ਦੀਆਂ ਲਾਇਬ੍ਰੇਰੀਆਂ ਦੀ ਹਾਲਤ ਨੂੰ ਸੁਧਾਰਨ ’ਚ ‘ਲਾਇਬ੍ਰੇਰੀ ਕਾਨੂੰਨ’ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਅ ਸਕਦਾ ਹੈ। ਅਜੇ ਤੱਕ ‘ਲਾਇਬ੍ਰੇਰੀ ਕਾਨੂੰਨ’ ਦੇਸ਼ ਦੇ ਕੁਝ ਸੂਬਿਆਂ ’ਚ ਹੀ ਪਾਸ ਹੋਇਆ ਹੈ। ਅੱਜ ਲਾਇਬ੍ਰੇਰੀਆਂ ’ਚ ਜਾਨ ਪਾਉਣ ਲਈ ਨਵੇਂ ਲਾਇਬ੍ਰੇਰੀ ਅੰਦੋਲਨ ਦੀ ਲੋੜ ਹੈ ਭਾਵੇਂ ਹੀ ਹਿੰਦੀ ਪ੍ਰੇਮੀ ਅਤੇ ਵੱਖ-ਵੱਖ ਬੁੱਧੀਜੀਵੀ ਹਿੰਦੀ ਕਿਤਾਬਾਂ ਦੇ ਸੰਕਟ ’ਤੇ ਕਿੰਨੀ ਹੀ ਚਰਚਾ ਕਿਉਂ ਨਾ ਕਰ ਲੈਣ ਪਰ ਹਿੰਦੀ ਕਿਤਾਬਾਂ ’ਤੇ ਛਾਇਆ ਸੰਕਟ ਉਦੋਂ ਤੱਕ ਦੂਰ ਹੋਣ ਵਾਲਾ ਨਹੀਂ ਹੈ ਜਦੋਂ ਤੱਕ ਕਿ ਹਿੰਦੀ ਭਾਸ਼ੀ ਸਮਾਜ ’ਚ ਪੜ੍ਹਨ ਦੀ ਆਦਤ ਵਿਕਸਿਤ ਨਹੀਂ ਹੋਵੇਗੀ। ਬਿਨਾਂ ਸ਼ੱਕ ਲਾਇਬ੍ਰੇਰੀਆਂ ਇਸ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦੀਆਂ ਹਨ ਬਸ਼ਰਤੇ ਇਨ੍ਹਾਂ ਦੀ ਹਾਲਤ ’ਚ ਕੋਈ ਗੁਣਾਤਮਕ ਤਬਦੀਲੀ ਹੋਵੇ। ਬਦਕਿਸਮਤੀ ਇਹ ਹੈ ਕਿ ਸਰਕਾਰ ਕਦੇ-ਕਦੇ ਲਾਇਬ੍ਰੇਰੀਆਂ ਦੇ ਵਿਕਾਸ ਦੀ ਗੱਲ ਕਹਿੰਦੀ ਤਾਂ ਜ਼ਰੂਰ ਹੈ ਪਰ ਉਸ ਦੀਅਆਂ ਨੀਤੀਆਂ ’ਚ ‘ਲਾਇਬ੍ਰੇਰੀਆਂ ਦਾ ਵਿਕਾਸ’ ਹੈ ਹੀ ਨਹੀਂ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਬੁੱਧੀਜੀਵੀ ਵਰਗ ਲਾਇਬ੍ਰੇਰੀਆਂ ਦੀ ਤਰਸਯੋਗ ਸਥਿਤੀ ਨੂੰ ਸੁਧਾਰਨ ਦੇ ਲਈ ਸਰਕਾਰ ’ਤੇ ਦਬਾਅ ਪਾਵੇ। ਇਹ ਤ੍ਰਾਸਦੀਪੂਰਨ ਹੀ ਹੈ ਕਿ ਅੱਜ ਮੰਦਿਰ-ਮਸਜਿਦ ਵਰਗੇ ਮੁੱਦੇ ’ਤੇ ਤਾਂ ਸਾਨੂੰ ਆਪਣੇ ਅਧਿਕਾਰ ਯਾਦ ਆਉਣ ਲੱਗੇ ਹਨ ਪਰ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਅਸੀਂ ਆਪਣੇ ਅਧਿਕਾਰ ਭੁੱਲ ਜਾਂਦੇ ਹਾਂ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤਾਬਾਂ ਨਾਲੋਂ ਮੂੰਹ ਮੋੜਨਾ ਹਿੰਦੀ ਭਾਸ਼ੀ ਸਮਾਜ ਲਈ ਖਤਰਨਾਕ ਸਿੱਧ ਹੋਵੇਗਾ। ਇਸ ਲਈ ਬੁੱਧੀਜੀਵੀਅਆਂ ਵਲੋਂ ਹਿੰਦੀ ਕਿਤਾਬਾਂ ’ਤੇ ਸੰਕਟ ਦੀ ਚਰਚਾ ’ਚ ਲਾਇਬ੍ਰੇਰੀਆਂ ’ਤੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਲਾਇਬ੍ਰੇਰੀਆਂ ਬਿਨਾਂ ਨਾ ਤਾਂ ਪਾਠਕ ਸੰਸਾਰ ਵੱਸੇਗਾ ਅਤੇ ਨਾ ਹੀ ਬਚੇਗਾ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.