ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਉਚੇਰੀ ਸਿੱਖਿਆ ਦੀ ਸਥਿਤੀ
ਜੋ ਮਨੁੱਖੀ ਮਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਕੇ ਉਸ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾ ਸਕਦਾ ਹੋਵੇ।। ਸਾਡੇ ਗੁਰੂਆਂ ਪੀਰਾਂ ਨੇ ਇਸ ਨੂੰ ਮਨੁੱਖ ਦਾ ਤੀਸਰਾ ਨੇਤਰ, ਵਿਅਕਤੀ ਦਾ ਸਭ ਤੋਂ ਬਹੁਮੁੱਲਾ ਗਹਿਣਾ, ਸ਼ਖ਼ਸੀਅਤ ਵਿਕਾਸ ਦਾ ਅਧਾਰ ਅਤੇ ਚਾਨਣ ਦਾ ਸੋਮਾ ਕਿਹਾ ਹੈ। ਇਸੇ ਤਰ੍ਹਾਂ ਇਸ ਨੂੰ ਸਮਾਜਿਕ ਵਿਕਾਸ ਦਾ ਧੁਰਾ, ਦੁਨਿਆਵੀ ਉਨਤੀ ਦਾ ਰਾਜ਼, ਰੂਹਾਨੀ ਸਕੂਨ ਦਾ ਰਹੱਸ, ਸਫ਼ਲਤਾ ਦੀ ਕੁੰਜੀ ਅਤੇ ਖੁਸ਼ੀ ਦਾ ਮਾਰਗ ਮੰਨ ਕੇ ਇਸ ਦੁਆਰਾ ਮਨੁੱਖੀ ਜੀਵਨ ਵਿੱਚ ਪਾਏ ਅਹਿਮ ਯੋਗਦਾਨ ਨੂੰ ਵੀ ਉਚਿਆਇਆ ਅਤੇ ਵਡਿਆਇਆ ਹੈ। ਇਤਿਹਾਸ ਦੇ ਪੰਨੇ ਪਰਤਣ ਤੋਂ ਪਤਾ ਲਗਦਾ ਹੈ ਭਾਰਤ ਵਿੱਚ ਉਚੇਰੀ ਸਿੱਖਿਆ ਅਤੇ ਗਿਆਨ ਦੀ ਧਾਰਨਾ ਵੈਦਿਕ ਕਾਲ ਵਿੱਚ ਰਿਸ਼ੀਆ ਅਤੇ ਪੰਡਤਾਂ ਦੁਆਰਾ ਸ਼ੁਰੂ ਕੀਤੀ ਗਈ ਮੰਨੀ ਜਾਂਦੀ ਹੈ। ਸਿੱਖਿਆ ਦੀ ਮੁਢਲੀ ਗੁਰੂਕੁਲ ਪ੍ਰਣਾਲੀ ਵੈਦਿਕ ਅਤੇ ਉਪਨਿਸ਼ਦ ਕਾਲ ਵਿੱਚ ਕਾਫੀ ਪ੍ਰਫੁੱਲਤ ਹੋਈ ਅਤੇ ਪਹਿਲੀ ਵੱਡੀ ਯੂਨੀਵਰਸਿਟੀ ਛੇਵੀਂ ਸਦੀ ਈਸਾ ਪੂਰਵ ਵਿੱਚ ਟੈਕਸਲਾ ਵਿਖੇ ਸਥਾਪਤ ਹੋਈ। ਨਲੰਦਾ ਅਤੇ ਵਿਕਰਮਸਿਲਾ ਯੂਨੀਵਰਸਿਟੀਆਂ ਚੌਥੀ ਅਤੇ ਪੰਜਵੀ ਸਦੀ ਵਿੱਚ ਸਥਾਪਤ ਕੀਤੀਆਂ ਗਈਆਂ। ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਹਾਨ ਵਿਰਾਸਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹਿਸਾਬ, ਖੁਗੋਲ ਵਿਗਿਆਨ, ਰਸਾਇਣ ਵਿਗਿਆਨ ਅਤੇ ਭੋਤਿਕ ਵਿਗਿਆਨ ਦੇ ਖੇਤਰ ਵਿੱਚ ਭਾਰਤ ਯੁਰਪ ਨਾਲੋਂ ਬਹੁਤ ਪਹਿਲਾਂ ਅਜਿਹੀਆਂ ਬੁਲੰਦੀਆਂ ਤੇ ਪਹੁੰਚ ਗਿਆ ਸੀ ਜਿਨ੍ਹਾਂ ਦੀ ਉਹਨਾਂ ਨੇ ਅਜੇ ਕਲਪਨਾ ਵੀ ਨਹੀਂ ਕੀਤੀ ਸੀ। ਪ੍ਰਾਚੀਨ ਭਾਰਤ ਵਿੱਚ ਸਰਜਰੀ ਅਤੇ ਦਵਾਈਆਂ ਦੇ ਖੇਤਰ ਵਿੱਚ ਵੀ ਦੇਸ਼ ਦਾ ਬਹੁਤ ਉਚਾ ਰੁਤਬਾ ਸੀ। ਫਿਲਾਸਫੀ, ਸਾਹਿਤ ਅਤੇ ਯੋਗਿਕ ਗਿਆਨ ਦੇ ਖੇਤਰ ਵਿੱਚ ਵੀ ਭਾਰਤ ਦੀਆਂ ਪ੍ਰਾਚੀਨ ਅਤੇ ਮੱਧ ਕਾਲੀਨ ਸਮੇਂ ਵਿਚ ਬਹੁਤ ਪ੍ਰਾਪਤੀਆਂ ਰਹੀਆਂ ਹਨ। ਵਰਤਮਾਨ ਉਚੇਰੀ ਸਿੱਖਿਆ ਪ੍ਰਣਾਲੀ ਤਕਰੀਬਨ ਡੇਢ ਕੇ ਸਦੀ ਪੁਰਾਣੀ ਹੈ। ਸੰਨ 1857 ਵਿੱਚ ਬ੍ਰਿਟਿਸ਼ ਸ਼ਾਸਨ ਅਧੀਨ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਅਤੇ ਲਾਰਡ ਮੈਕਾਲੇ ਦੁਆਰਾ ਇਹਨਾਂ ਦੇ ਰੋਲ ਅਤੇ ਕਾਰਗੁਜ਼ਾਰੀ ਸੰਬੰਧੀ ਨੀਤੀਆਂ ਘੜੀਆਂ ਗਈਆਂ। ਇਸ ਤੋਂ ਪਹਿਲਾਂ ਕਾਲਜਾਂ ਦੀ ਮਾਨਤਾ ਬ੍ਰਿਟਿਸ਼ ਯੂਨੀਵਰਸਿਟੀਆਂ ਨਾਲ ਸੀ ਜੋ ਕਿ ਬਾਅਦ ਵਿੱਚ ਇਹਨਾਂ ਯੂਨੀਵਰਸਿਟੀਆਂ ਨਾਲ ਕਰ ਦਿੱਤੀ ਗਈ। 1857 ਤੋਂ ਲੈਕੇ 1947 ਤੱਕ ਸਿੱਖਿਆ ਦੇ ਪਸਾਰ ਦੀ ਰਫਤਾਰ ਬਹੁਤ ਮੱਠੀ ਰਹੀ ਅਤੇ 90 ਸਾਲਾਂ ਦੇ ਸਮੇਂ ਵਿੱਚ ਸਿਰਫ 19 ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ। ਇਹਨਾਂ ਸਭ ਦੀਆਂ ਨੀਤੀਆਂ ਬ੍ਰਿਟਿਸ਼ ਨੀਤੀਆਂ ਤੇ ਅਧਾਰਤ ਸਨ ਅਤੇ ਬਹੁਤਾ ਜ਼ੋਰ ਆਰਟਸ ਸਿੱਖਿਆ ਵੱਲ ਸੀ। ਜਦ ਭਾਰਤ ਆਜ਼ਾਦ ਹੋਇਆ ਤਾਂ ਇੱਥੇ 20 ਯੂਨੀਵਰਸਿਟੀਆਂ ਅਤੇ 500 ਕਾਲਜ ਸਨ।
ਦੁਨੀਆ ਦੀ ਕੁੱਲ ਆਬਾਦੀ ਦਾ 16 ਪ੍ਰਤੀਸ਼ਤ ਬੋਝ ਇੱਕਲਾ ਭਾਰਤ ਦੇਸ਼ ਝੱਲ ਰਿਹਾ ਹੈ ਜਦਕਿ ਇਸ ਪਾਸ ਦੁਨੀਆ ਦੇ ਕੁੱਲ ਰਿਹਾਇਸ਼ੀ ਰਕਬੇ ਦਾ ਸਿਰਫ 2.42 ਪ੍ਰਤੀਸ਼ਤ ਰਿਹਾਇਸ਼ੀ ਰਕਬਾ ਹੈ। ਭਾਰਤ ਵਿੱਚ ਕੁੱਲ ਘਰੇਲੂ ਉਤਪਾਦ (74ਫ) ਦਾ ਸਿਰਫ 3.71 ਪ੍ਰਤੀਸ਼ਤ ਹਿੱਸਾ ਸਿੱਖਿਆ ਉਪਰ ਖਰਚ ਕੀਤਾ ਜਾ ਰਿਹਾ ਹੈ। ਭਾਰਤ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ ਦਾ 46 ਪ੍ਰਤੀਸ਼ਤ ਹਿੱਸਾ ਅਨਪੜ੍ਹ ਹੈ। ਕੋਠਾਰੀ ਕਮਿਸ਼ਨ ਨੇ ਸਿੱਖਿਆ ਉਪਰ 6 % ਖਰਚੇ ਦੀ ਸਿਫਾਰਸ਼ ਕੀਤੀ ਹੋਈ ਹੈ।ਹੈਰਾਨੀ ਇਹ ਹੈ ਕਿ ਭਾਰਤ ਨੇ ਬਰਿਕਸ ਨੇਸ਼ਨਜ਼ ਦੇ ਵਿੱਚ ਸਭ ਤੋਂ ਘੱਟ ਖਰਚਾ ਸਿੱਖਿਆ ਉਪਰ ਕੀਤਾ ਹੈ। ਅੰਕੜੇ ਤਾਂ ਇਹ ਦੱਸ ਰਹੇ ਹਨ ਕਿ 15 ਸਾਲ ਜਾਂ ਵੱਧ ਉਮਰ ਦੇ ਦੁਨੀਆ ਦੇ ਅਨਪੜ੍ਹਾਂ ਦਾ ਲੱਗ ਭੱਗ ਤੀਸਰਾ ਹਿੱਸਾ ਭਾਰਤ ਵਿੱਚ ਹੀ ਹਨ। ਸਾਡੇ ਮੌਜੂਦਾ ਕਾਲਜ ਅਤੇ ਯੂਨੀਵਰਸਿਟੀਆਂ ਕੁੱਲ ਵਿਦਿਆਰਥੀ ਆਬਾਦੀ ਦੇ ਸਿਰਫ 7 ਪ੍ਰਤੀਸ਼ਤ ਹਿੱਸੇ ਦੀਆਂ ਉਚੇਰੀ ਸਿੱਖਿਆਂ ਦੀਆਂ ਜਰੂਰਤਾਂ ਪੂਰੀਆਂ ਕਰ ਰਹੇ ਹਨ। ਇਸ ਸਮੇਂ 34.6 ਮਿਲੀਅਨ ਦੇ ਕਰੀਬ ਵਿਦਿਆਰਥੀ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਜਿਨ੍ਹਾਂ ਵਿੱਚ ਲੜਕੀਆਂ ਦਾ ਹਿੱਸਾ ਲਗਭਗ 46% ਹੈ। ਦੇਸ਼ ਵਿੱਚ ਇਸ ਵੇਲੇ ਕੁੱਲ 842 ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿੱਚ 381 ਸਟੇਟ ਯੂਨੀਵਰਸਿਟੀਆਂ, 47 ਕੇਂਦਰੀ ਯੂਨੀਵਰਸਿਟੀਆਂ,291 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ 123 ਡੀਮਡ ਟੂ ਵੀ ਯੂਨੀਵਰਸਿਟੀਆਂ ਹਨ। ਇੰਸਟੀਚਿਊਟਸ ਆਫ ਨੈਸ਼ਨਲ ਐਮੀਨੈਂਸ ਦੀ ਗਿਣਤੀ 91 ਹੈ। ਦੂਸਰੇ ਪਾਸੇ ਯੂ.ਜੀ.ਸੀ ਨਾਲ ਸੈਕਸ਼ਨ 2(ਡ) ਅਤੇ 12 (2) ਨਾਲ ਜੁੜੇ ਕਾਲਜਾਂ ਦੀ ਗਿਣਤੀ 9315 ਅਤੇ ਸੈਕਸ਼ਨ 12 (2) ਨਾਲ ਜੁੜੇ ਕਾਲਜਾਂ ਦੀ ਗਿਣਤੀ 2115 ਪਾ ਕੇ ਕੁੱਲ ਗਿਣਤੀ 11430 ਬਣਦੀ ਹੈ ਜਿਨ੍ਹਾਂ ਵਿਚੋਂ 272 ਕਾਲਜ ਪੰਜਾਬ ਵਿੱਚ ਸਥਾਪਤ ਹਨ। ਇਹਨਾਂ ਵਿੱਚ ਆਟੋਨੌਮਸ ਕਾਲਜਾਂ ਦੀ ਗਿਣਤੀ 621 ਹੈ। ਇਸ ਤੋਂ ਇਲਾਵਾ ਦੇਸ਼ ਵਿੱਚ 29000 ਦੇ ਕਰੀਬ ਅਜਿਹੇ ਕਾਲਜ ਹਨ ਜਿਹੜੇ ਯੂ.ਜੀ.ਸੀ ਦੇ ਉਪਰੋਕਤ ਸੈਕਸ਼ਨਾਂ ਨਾਲ ਜੁੜੇ ਹੋਏ ਨਹੀਂ ਹਨ। ਪਰ ਇਹ ਗਿਣਤੀ ਅਜੇ ਵੀ ਸਾਡੀਆਂ ਲੋੜਾਂ ਮੁਤਾਬਕ ਨਾਕਾਫੀ ਹੈ। ਦੂਜੇ ਪਾਸੇ ਵਿਚਾਰਨਯੋਗ ਤੱਥ ਇਹ ਵੀ ਹੈ ਕਿ ਉਪਰੋਕਤ ਸੰਸਥਾਵਾਂ ਦੇ ਬਾਵਜੂਦ ਵੀ ਪਿਛਲੇ ਲੰਮੇ ਸਮੇਂ ਵਿੱਚ ਭਾਰਤ ਅੰਤਰਰਾਸ਼ਟਰੀ ਪੱਧਰ ਦੇ ਉਚ ਕੋਟੀ ਦੇ ਕੋਈ ਜਿਕਰਯੋਗ ਸਿੱਖਿਆ ਸ਼ਾਸਤਰੀ, ਵਿਗਿਆਨੀ, ਡਾਕਟਰ ਜਾਂ ਸਾਹਿਤਕਾਰ ਨਹੀਂ ਪੈਦਾ ਕਰ ਸਕਿਆ ਅਤੇ ਨਾ ਹੀ ਕੋਈ ਵੱਡੀਆ ਜਿਕਰਯੋਗ ਖੋਜਾਂ ਜਾਂ ਕਾਢਾਂ ਆਪਣੇ ਨਾਮ ਕਰ ਸਕਿਆ ਹੈ। ਸਾਡੀ ਇੱਕ ਵੀ ਉਚੇਰੀ ਸਿੱਖਿਆ ਦੀ ਸੰਸਥਾ ਅਜਿਹੀ ਨਹੀਂ ਹੈ ਜਿਹੜੀ ਵਿਸ਼ਵ ਦੀਆਂ ਚੋਟੀ ਦੀਆਂ ਸਿੱਖਿਆ ਸੰਸਥਾਵਾਂ ਵਿਚ ਸ਼ੁਮਾਰ ਹੋਵੇ।ਇਹ ਸਾਡੇ ਲਈ ਬਹੁਤ ਚਿੰਤਾ ਅਤੇ ਚਿੰਤਨ ਵਾਲੀ ਗੱਲ ਹੈ।
ਯੁਗਾਂ ਯੁਗਾਂਤਰਾਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਵਿੱਦਿਆ ਚਾਨਣ ਦਾ ਸਰੋਤ ਹੈ। ਜਿਉਂ ਜਿਉਂ ਵਿੱਦਿਆ ਦਾ ਪਸਾਰ ਹੁੰਦਾ ਹੈ, ਚਾਨਣ ਫੈਲਦਾ ਜਾਂਦਾ ਹੈ ਤੇ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ ਅਤੇ ਜਦ ਇਹ ਤੀਜਾ ਨੇਤਰ ਖੁੱਲ੍ਹ ਜਾਂਦਾ ਹੈ ਤਾਂ ਮਨੁੱਖ ਨੂੰ ਆਪੇ ਦੀ ਪਹਿਚਾਣ ਹੋ ਜਾਂਦੀ ਹੈ। ਗਿਆਨ ਹੀ ਮਨੁੱਖ ਨੂੰ ਦਿੱਬ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਜਿਸ ਨਾਲ ਉਸਨੂੰ ਜੀਵਨ ਦਾ ਅਸਲੀ ਤੇ ਸੱਚਾ ਰਾਹ ਦਿਖਾਈ ਦੇਣ ਲੱਗ ਪੈਂਦਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਜਿਹੇ ਆਤਮਿਕ ਅਤੇ ਸੰਸਾਰਕ ਗਿਆਨ ਦਾ ਅਮੁੱਕ ਖਜ਼ਾਨਾ ਹਨ ਜਿਸ ਰਾਹੀਂ ਅਸੀਂ ਜੀਵਨ ਦੇ ਹਰ ਪਹਿਲੂ ਬਾਰੇ ਸਿੱਖਿਆ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਦਿਸ਼ਾ ਅਤੇ ਦਸ਼ਾ ਨਿਰਧਾਰਤ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਸਿੱਖਿਆ ਨੂੰ ਕੂੜ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਸ਼ਕਤੀ ਕਿਹਾ ਹੈ ਜੋ ਅਗਿਆਨਤਾ ਨੂੰ ਦੂਰ ਕਰਕੇ ਚਾਨਣ ਦੀਆਂ ਰਿਸ਼ਮਾਂ ਵੰਡਦੀ ਹੈ। ਪੁਰਾਤਨ ਭਾਰਤੀ ਵਿਦਵਾਨਾਂ ਅਨੁਸਾਰ, ‘‘ਸਾ ਵਿਦਿਆ ਯਾ ਵਿਮੁਕਤ ਤਯੇ’’ ਅਰਥਾਤ ਵਿਦਿਆ ਉਹ ਹੁੰਦੀ ਹੈ ਜੋ ਮਨੁੱਖ ਨੂੰ ਮੁਕਤ ਕਰਦੀ ਹੈ। ਸਵੈ ਅਨੁਭਵ ਅਤੇ ਸਵੈ ਵਿਸ਼ਵਾਸ਼ ਵਿੱਚ ਸਹਾਇਤਾ ਕਰਦੀ ਹੈ।ਗੁਰੂ ਸਾਹਿਬ ਦਾ ਇਹ ਸੰਕਲਪ ਸੀ ਕਿ ਮਨੁੱਖ ਦਾ ਮਨ ਖੋਜੀ ਪ੍ਰਵਿਰਤੀ ਵਾਲ ਹੋਣਾ ਚਾਹੀਦਾ ਹੈ ਅਤੇ ਉਹ ਲਾਈਲੱਗ ਕਿਸਮ ਦਾ ਵਿਅਕਤੀ ਨਹੀਂ ਹੋਣਾ ਚਾਹੀਦਾ। ਸਾਹਿਬ ਸ੍ਰੀ ਗੁਰੁ ਅਮਰਦਾਸ ਜੀ ਸੱਚੀ-ਸੁੱਚੀ ਵਿਦਿਆ ਪ੍ਰਾਪਤੀ ਵੱਲ ਇਸ਼ਾਰਾ ਕਰਦੇ ਹੋਏ ਆਖਦੇ ਹਨ ਕਿ ਜੇਕਰ ਅਸੀਂ ਮਹਿਜ ਕਿਤਾਬੀ ਗਿਆਨ ਤਾਂ ਹਾਸਲ ਕਰ ਲੈਂਦੇ ਹਨ ਪਰ ਮਨ ਵਿੱਚ ਹੰਕਾਰ ਤੇ ਗੁਮਾਨ ਰਹਿੰਦੇ ਹਨ ਤਾਂ ਅਜਿਹੀ ਵਿਦਿਆ ਦਾ ਕੋਈ ਫਾਇਦਾ ਨਹੀਂ ਹੈ।ਸਿਰਫ ਉਹ ਹੀ ਪੜ੍ਹਿਆ ਹੋਇਆ ਪੰਡਿਤ ਹੈ ਜਿਹੜਾ ਗੁਰੂ ਤੇ ਟੇਕ ਰੱਖਦਾ ਹੈ ਅਤੇ ਸਹੀ ਅਰਥਾਂ ਨਾਲ ਗੁਰੂ ਦੇ ਆਸ਼ੇ ਨਾਲ ਜੁੜਦਾ ਹੈ। ਉਹ ਸਦਾ ਆਪਣੇ ਅੰਦਰ ਨੂੰ ਖੋਜਦਾ ਹੋਇਆ ਮੁਕਤੀ ਦੇ ਦੁਆਰ ਪ੍ਰਾਪਤ ਕਰਦਾ ਹੈ। ਪਰ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਕੀ ਸਾਡੀਆਂ ਵਿਦਿਅਕ ਸੰਸਥਾਵਾਂ ਅਜਿਹੀ ਕਦਰਾਂ ਕੀਮਤਾਂ ਵਾਲੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ ਜਾਂ ਮਹਿਜ ਵਪਾਰ ਦੇ ਕੇਂਦਰ ਬਣ ਕੇ ਹੀ ਰਹਿ ਗਈਆਂ ਹਨ?
ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਕਾਲਜ ਜਾਂ ਯੂਨੀਵਰਸਿਟੀ ਦਾ ਅਰਥ ਮਨੁੱਖਤਾ, ਸਹਿਣਸ਼ੀਲਤਾ, ਤਰਕ, ਵਿਚਾਰਾਂ ਦੇ ਅਦਾਨ ਪ੍ਰਦਾਨ ਅਤੇ ਸਚਾਈ ਦੀ ਤਲਾਸ਼ ਵਰਗੇ ਗੁਣਾਂ ਵੱਲ ਵਿਅਕਤੀਆਂ ਨੂੰ ਲਗਾਉਣਾ ਹੁੰਦਾ ਹੈ। ਇਹ ਉਚੇਰੇ ਉਦੇਸ਼ਾ ਦੀ ਪ੍ਰਾਪਤੀ ਲਈ ਮਨੁੱਖੀ ਵਰਗ ਦਾ ਨਿਰੰਤਰ ਪ੍ਰਵਾਹ ਹੁੰਦਾ ਹੈ। ਕਾਲਜ ਅਤੇ ਯੂਨੀਵਰਸਿਟੀਆਂ ਆਦਰਸ਼ਾਂ ਅਤੇ ਆਦਰਸ਼ਵਾਦ ਦਾ ਮੰਦਰ ਹੁੰਦੇ ਹਨ। ਜੇਕਰ ਇਹ ਆਪਣੇ ਕਰਤੱਵਾਂ ਦਾ ਪਾਲਣ ਉਚਿਤ ਤਰੀਕੇ ਨਾਲ ਕਰਨ ਤਾਂ ਸਿੱਖਿਆ ਦਾ ਭਾਵ ਮਨ ਨੂੰ ਉਹ ਅੰਤਿਮ ਸਚਾਈ ਲੱਭਣ ਦੇ ਯੋਗ ਬਣਾਉਣਾ ਹੈ ਜਿਹੜੀ ਸਾਨੂੰ ਧੂੜ ਦੇ ਬੰਧਨ ਤੋਂ ਮੁਕਤ ਕਰਦੀ ਹੈ ਅਤੇ ਸਾਨੂੰ ਅੰਦਰੂਨੀ ਚਾਨਣ ਅਤੇ ਪਿਆਰ ਦੀ ਦੌਲਤ ਦਿੰਦੀ ਹੈ। ਇਹਨਾਂ ਨੂੰ ਸਿੱਖਿਆ ਦੀ ਉਚੇਰੀ ਸੀਟ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕੁਝ ਕਰਮਾਂ ਵਾਲਿਆਂ ਨੂੰ ਇਹ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਪਰ ਦੁਖਦਾਈ ਪਹਿਲੂ ਇਹ ਹੈ ਕਿ ਸਾਡੇ ਬਹੁਤੇ ਪਾੜ੍ਹੇ ਇਸ ਅੰਤਿਮ ਸਚਾਈ ਲੱਭਿਆਂ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਸਿਰਫ ਘਰਾਂ ਵਿੱਚ ਬੈਠਣ ਜੋਗੇ ਰਹਿ ਜਾਂਦੇ ਹਨ। ਸਾਨੂੰ ਇਹ ਸੋਚਣਾ ਪਵੇਗਾ ਕਿ ਅੱਜ ਕਿਉਂ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਉਦਾਸੀਨਤਾ ਪਾਈ ਜਾ ਰਹੀ ਹੈ ।ਉਹ ਇਹ ਅਹਿਸਾਸਦੇ ਹਨ ਕਿ ਉਹਨਾਂ ਨੂੰ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਇਸ ਧੁੰਦਲੇ ਭਵਿੱਖ ਦੀ ਵਜ੍ਹਾ ਕਾਰਨ ਉਹ ਕਈ ਕਿਸਮ ਦੀਆਂ ਬੁਰਾਈਆਂ ਦਾ ਸ਼ਿਕਾਰ ਹੋ ਰਹੇ ਹਨ। ਉਹ ਆਪਣੀ ਜਵਾਨੀ ਨੂੰ ਨਸ਼ਿਆਂ ਵਿੱਚ ਰੋੜ੍ਹ ਰਹੇ ਹਨ। ਪੜ੍ਹਾਈ ਵਿੱਚੋਂ ਉਹਨਾ ਦਾ ਮਨ ਉਚਾਟ ਹੋ ਰਿਹਾ ਹੈ ਹੈ। ਅਨੁਸ਼ਾਸਨਹੀਣਤਾ ਵਧ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਬਹੁਤ ਜਿਆਦਾ ਮਹਿੰਗੀ ਹੋ ਰਹੀ ਹੈ ਜਿਸ ਕਾਰਨ ਕਈ ਯੋਗ ਵਿਅਕਤੀ ਇਸ ਤੋਂ ਵਾਂਝੇ ਹੋ ਰਹੇ ਹਨ।
ਸਿੱਖਿਆ ਪ੍ਰਣਾਲੀ ਦੇ ਤਿੰਨ ਅਹਿਮ ਪੱਖ ਹੁੰਦੇ ਹਨ: (1) ਵਿਦਿਆਰਥੀਆਂ ਦਾ ਸਿਲੇਬਸ (2) ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਵਿਧੀ (3) ਵਿਦਿਆਰਥੀਆਂ ਦੀ ਸਮਰੱਥਾ ਦਾ ਮੁੱਲਾਂਕਣ। ਵਿਦਿਆਰਥੀਆਂ ਦਾ ਪਾਠਕ੍ਰਮ ਅਜਿਹਾ ਹੋਵੇ ਜੋ ਵਿਦਿਆਰਥੀਆਂ ਨੂੰ ਸਮਾਜਕ ਯਥਾਰਥ ਸੰਗ ਜੋੜੇ, ਸਮਾਜਿਕ ਤਰਕ ਅਤੇ ਅੰਤਰ ਸੰਬੰਧਾਂ ਤੋਂ ਜਾਣੂ ਕਰਵਾਏ। ਖੂਬਸੂਰਤ ਸਮਾਜ ਸਿਰਜਣ ਦੀ ਸ਼ਕਤੀ, ਉਤਸ਼ਾਹ ਅਤੇ ਸਮਰੱਥਾ ਪੈਦਾ ਕਰੇ। ਬੋਝਲ ਸਿਲੇਬਸ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਤਣਾਓ ਪੈਦਾ ਕਰਦਾ ਹੈ। ਕਲਾਸ ਵਿੱਚ ਆ ਕੇ ਸਿਰਫ ਲੈਕਚਰ ਦੇਣ ਦੀ ਪ੍ਰਵਿਰਤੀ ਇਕ ਪਾਸੜ ਹੁੰਦੀ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਨੀਰਸਤਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਦੀ ਸਿਰਜਣਾਤਮਕ ਸ਼ਕਤੀ ਅੰਗੜਾਈਆਂ ਨਹੀਂ ਲੈਂਦੀ। ਅਧਿਆਪਕ ਵਿਦਿਆਰਥੀ ਦਾ ਸੰਵਾਦ ਹੋਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਦੇ ਮਨਾਂ ਵਿਚ ਸਵਾਲ ਉਪਜਦੇ ਹਨ ਜੋ ਨਵੀਂ ਚੇਤਨਾ ਦਾ ਅਧਾਰ ਬਣਦੇ ਹਨ। ਇਸੇ ਤਰ੍ਹਾਂ ਸਿਰਫ ਘੜੇ ਘੜਾਏ ਨੋਟਿਸ ਲਿਖਵਾਉਣੇ ਅਤੇ ਰੱਟਾ ਲਾਉਣ ਵਾਲੀ ਪ੍ਰਵਿਰਤੀ ਵੀ ਵਿਦਿਆਰਥੀ ਦੀ ਸਿਰਜਣਾਤਮਕ ਰੁਚੀ ਦਾ ਦਮ ਘੁੱਟਦੀ ਹੈ। ਮੁਲਾਂਕਣ ਦੀ ਵਿਧੀ ਵਿਚ ਤਰੁਟੀਆਂ ਸਿੱਖਿਆ ਪ੍ਰਣਾਲੀ ਤੇ ਦੂਰ ਰਸ ਪ੍ਰਭਾਵ ਪਾਉਂਦੀਆਂ ਹਨ। ਵਿਦਿਆਰਥੀ ਦੇ ਮੁਲਾਂਕਣ ਸਮੇਂ ਅਧਿਆਪਕ ਨੂੰ ਪੂਰੀ ਸੁਹਿਰਦਤਾ ਨਾਲ ਆਪਣੀ ਜੁੰਮੇਵਾਰੀ ਨਿਭਾਉਣੀ ਬਣਦੀ ਹੈ।ਉਚ-ਵਿੱਦਿਆ ਵਿਚ ਸਾਡਾ ਸਿਲੇਬਸ ਅੰਤਰ-ਅਨੁਸਾਸ਼ਨੀ ਪਹੁੰਚ ਵਾਲਾ ਹੋਵੇ। ਅਧਿਆਪਕ ਸਿਰਫ਼ ਆਪਣੇ ਵਿਸ਼ੇ ਤੱਕ ਹੀ ਸੀਮਤ ਨਾ ਹੋਵੇ। ਉਸਨੂੰ ਦੂਸਰੇ ਵਿਸ਼ਿਆਂ ਦੀ ਵੀ ਆਮ ਜਾਣਕਾਰੀ ਹੋਵੇ। ਜਦੋਂ ਪੰਜਾਬੀ ਪੜ੍ਹਨ ਵਾਲਾ ਵਿਦਿਆਰਥੀ ਫਿਲਾਸਫੀ, ਸਮਾਜ ਵਿਗਿਆਨ, ਮਨੋਵਿਗਿਆਨ, ਰਾਜਨੀਤੀ ਵਿਗਿਆਨ, ਅਰਥ-ਸਾਸ਼ਤਰ, ਇਤਿਹਾਸ, ਅਤੇ ਸਭਿਆਚਾਰ ਆਦਿ ਵਿਸ਼ਿਆਂ ਨਾਲ ਜੁੜਕੇ ਪੜ੍ਹੇਗਾ ਤਾਂ ਇਸ ਨਾਲ ਸਾਨੂੰ ਤੰਗ ਨਜ਼ਰ ਪਹੁੰਚ ਤੋਂ ਮੁਕਤੀ ਮਿਲੇਗੀ ਅਤੇ ਵੱਖ-ਵੱਖ ਵਿਸ਼ਿਆਂ ਦੀ ਕੁਦਰਤੀ ਅੰਦਰੂਨੀ ਸਾਂਝ ਦੀ ਧੁਨੀ ਉਤਪੰਨ ਹੋਵੇਗੀ। ਇਸੇ ਤਰ੍ਹਾਂ ਵਿਸ਼ਿਆਂ ਦੀ ਅਦਲਾ-ਬਦਲੀ ਵੀ ਪੱਕੇ ਚੌਖਟਿਆ ਵਿਚੋਂ ਬਾਹਰ ਕੱਢਣ ਦੀ ਲੋੜ ਹੈ।
ਸਮੁੱਚੇ ਵਿਸ਼ਲੇਸ਼ਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਸਿੱਖਿਆ ਨੂੰ ਤਰਜੀਹੀ ਖੇਤਰ ਮੰਨਦੀ ਹੋਈ ਇਸ ਪ੍ਰਤੀ ਅਹਿਮ ਨੀਤੀਗਤ ਤਬਦੀਲੀਆਂ ਕਰੇ। ਸਿੱਖਿਆ ਲਈ ਸਮੇਂ ਦੇ ਹਾਣ ਦੀਆਂ ਨੀਤੀਆਂ ਨਿਰਧਾਰਤ ਕੀਤੀਆ ਜਾਣ। ਮਨੁੱਖੀ ਸਾਧਨਾ ਦੀ ਪੂਰਨ ਯੋਜਨਾਬੰਦੀ ਕੀਤੀ ਜਾਵੇ ਅਤੇ ਹਰ ਖੇਤਰ ਦੀਆਂ ਲੋੜਾਂ ਨਿਰਧਾਰਤ ਕੀਤੀਆਂ ਜਾਣ। ਸਿੱਖਿਆ ਨੂੰ ਕਿੱਤਾ ਮੁਖੀ ਬਣਾਇਆ ਜਾਵੇ। ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ। ਸਿੱਖਿਆ ਵਿੱਚ ਵਿਭਿੰਨਤਾ ਲਿਆਂਦੀ ਜਾਵੇ।ਵਿਦਿਅਕ ਖੇਤਰ ਦੀਆਂ ਉਚ ਉਪਾਧੀਆਂ ਉਪਰ ਅਕਾਦਮੀਸ਼ਨਾਂ ਨੂੰ ਹੀ ਨਿਯੁਕਤ ਕੀਤਾ ਜਾਵੇ।ਅਧਿਆਪਕ ਨੂੰ ਅਕਾਦਿਮਕ ਖੇਤਰ ਵੱਲ ਹੀ ਸਾਰਾ ਧਿਆਨ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ। ਸਿੱਖਿਆ ਵਿਚੋਂ ਵਣਜੀ ਪਹੁੰਚ ਖਤਮ ਕੀਤੀ ਜਾਵੇ ਅਤੇ ਸਿੱਖਿਆ ਇੱਕ ਸੇਵਾ ਵਾਲਾ ਸਿਧਾਂਤ ਹੀ ਲਾਗੂ ਕੀਤਾ ਜਾਵੇ। ਵਿਦਿਆਰਥੀਆਂ ਨੂੰ ਸਹੀ ਕੀਮਤ ਤੇ ਸਿੱਖਿਆ ਉਪਲਬਧ ਕਰਵਾਈ ਜਾਵੇ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਨੂੰ ਚੋਣਵੀਂ ਬਣਾਇਆ ਜਾਵੇ ਅਤੇ ਯੋਗ ਵਿਦਿਆਰਥੀਆਂ ਨੂੰ ਹੀ ਉਚੇਰੀ ਸਿੱਖਿਆ ਦਿੱਤੀ ਜਾਵੇ। ਅਧਿਆਪਕਾਂ ਦਾ ਸਮਾਜ ਵਿੱਚ ਪੂਰਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ। ਅਧਿਆਪਕਾਂ ਦਾ ਵੀ ਇਹ ਫਰਜ਼ ਹੈ ਕਿ ਉਹ ਵੀ ਪੂਰੀ ਪ੍ਰਤੀਬੱਧਤਾ, ਇਮਾਨਦਾਰੀ ਅਤੇ ਲਗਨ ਨਾਲ ਵਿਦਿਆਰਥੀਆਂ ਦੀ ਅਗਵਾਈ ਕਰਨ।ਸਿੱਖਿਆ ਵਿੱਚੋਂ ਵਸਤੂ ਧਾਰਨਾ ਖਤਮ ਕੀਤੀ ਜਾਵੇ। ਖੋਜ਼ ਅਤੇ ਵਿਕਾਸ ਕਾਰਜਾਂ ਨੂੰ ਉਤਸ਼ਾਹਤ ਕੀਤਾ ਜਾਵੇ। ਇਹ ਗੱਲ ਅਤੀ ਜਰੂਰੀ ਹੈ ਕਿ ਜੇਕਰ ਅਸੀਂ ਦੁਨੀਆਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਣਾ ਹੈ ਤਾਂ ਉਚੇਰੀ ਸਿੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਬਹੁਤ ਸੁਹਿਰਦ ਅਤੇ ਨਿੱਗਰ ਯਤਨ ਕਰਨੇ ਪੈਣਗੇ ਨਹੀਂ ਤਾਂ ਅਸੀਂ ਜੋ ਪਹਿਲਾਂ ਹੀ ਬਹੁਤ ਪਿੱਛੇ ਹਾਂ, ਹੋਰ ਪਿਛਾਂਹ ਚਲੇ ਜਾਵਾਂਗੇ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.