ਭਾਰਤ ਜਿਹੇ ਰਿਸ਼ਤਿਆਂ-ਮੂਲਕ ਮੁਲਕ ਅੰਦਰ ਲੋਕਤੰਤਰ ਮਹਿਜ ਵੋਟਾਂ ਪਾਉਣ ਤੀਕ ਹੀ ਸੀਮਿਤ ਨਹੀਂ, ਅਧਿਕਾਰਾਂ ਅਤੇ ਫ਼ਰਜ਼ਾਂ ਤੀਕ ਹੀ ਮਹਿਦੂਦ ਨਹੀਂ। ਭਾਰਤੀ ਲੋਕਾਈ ਰਿਸ਼ਤਿਆਂ ਵਿੱਚ ਵੀ ਜਿਉਂਦੀ ਹੈ। ਰਾਜੇ ਅਤੇ ਪਰਜਾ ਦੇ ਰਿਸ਼ਤੇ ਕੇਵਲ ਸੰਵਿਧਾਨਕ ਹੀ ਨਹੀਂ, ਪਰਿਵਾਰਕ ਵੀ ਹੁੰਦੇ ਹਨ। ਭਾਰਤ ਦੇ ਸਦਾਚਾਰਕ ਅਤੇ ਸਭਿਆਚਾਰਕ ਇਤਿਹਾਸ ’ਚ ਕ੍ਰਿਸ਼ਨ (ਜਿਸ ਨੂੰ ਦਮੋਦਰ ਵੀ ਆਖਦੇ ਹਨ), ਜਨਕ ਅਤੇ ਰਾਮ ਚੰਦਰ ਅਜਿਹੇ ਸ਼ਾਸਕ ਹੋਏ ਹਨ ਜੋ ਸਟੇਟ/ਸਰਕਾਰ ਅਤੇ ਪਰਜਾ ਦੇ ਆਪਸੀ ਤੰਦਰੁਸਤ ਰਿਸ਼ਤਿਆਂ ਦੀ ਜਿਉਂਦੀ -ਜਾਗਦੀ ਮਿਸਾਲ ਹਨ। ਇਸ ਬਾਤ ਨੂੰ ਵੀ ਵਿਚਾਰਨ ਦੀ ਜ਼ਰੂਰਤ ਹੈ ਕਿ ਕ੍ਰਿਸ਼ਨ ਦਾ ਸੰਬੰਧ ਕਿਸਾਨ ਨਾਲ ਹੈ, ਜਨਕ ਦਾ ਜਨਤਾ ਨਾਲ ਹੈ, ਅਤੇ ਰਾਮ ਦਾ ਅਰਾਮ/ਸੁੱਖ-ਸ਼ਾਤੀਂ ਨਾਲ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਭਾਰਤ ਦੇ ਅਜੋਕੇ ਸ਼ਾਸਕ ਵਰਗ ਨੇ ਇਸ ਅਮੀਰ ਵਿਰਸੇ ਅਤੇ ਇਸ ਦੇ ਅਰਥਾਂ ਨੂੰ ਦਰ-ਕਿਨਾਰ ਕੀਤਾ ਹੋਇਆ ਹੈ।
ਪਿਛਲੇ ਦੋ-ਤਿੰਨ ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਦੀ ਅਗਵਾਈ ਹੇਠ ‘ਚਲਾਈ’ ਜਾ ਰਹੀ ਹਕੂਮਤ ਨੇ ਜੋ ਗ਼ੈਰ -ਲੋਕਾਈ ਨੀਤੀਆਂ ਅਤੇ ਫ਼ੈਸਲੇ ਲਏ ਹਨ, ਲਾਗੂ ਕੀਤੇ ਹਨ ਉਨ੍ਹਾਂ ਖ਼ਿਲਾਫ਼ ਭਾਰਤ ਦੀ ਲੋਕਾਈ ਦਾ ਰੋਹ ਅਤੇ ਰੋਸ ਹੈ। ਲੋਕਾਈ ਦੇ ਰੋਹ-ਰੋਸ ਅਤੇ ਅਰਾਜਕਤਾ ’ਚ ਫ਼ਰਕ ਹੁੰਦਾ ਹੈ। ਇਸ ਫ਼ਰਕ ਨੂੰ ਕੇਵਲ ਮੌਜੂਦਾ ਸਟੇਟ/ਸਰਕਾਰ ਹੀ ਅੱਖੋਂ ਪਰੋਖੇ ਨਹੀਂ ਕਰ ਰਹੀ, ਬਲਕਿ ਸਟੇਟ ਦਾ ਪੁਚਕਾਰਿਆ-ਪਲੋਸਿਆ ਮੀਡੀਆ ਵੀ ਲੋਕਾਈ ਦੀ ਅਰਾਜਕਤਾਵਾਦੀ ਕੋਝੀ ਤਸਵੀਰਕਸ਼ੀ ਕਰ ਰਿਹਾ ਹੈ, ਇਸ ਦਾ ਬਿਰਤਾਂਤ ਅਤੇ ਪ੍ਰਵਚਨ ਸਿਰਜ ਰਿਹਾ ਹੈ। ਲੋਕਾਈ ਦੇ ਰੋਹ-ਰੋਸ ਨੂੰ ਜਦ ਸਟੇਟ-ਵਿਰੋਧੀ, ਦੇਸ਼ ਵਿਰੋਧੀ ਗਰਦਾਨਿਆਂ ਜਾਂਦਾ ਹੈ, ਤਦ ਇਸ ਤੱਥ ਨੂੰ ਸਮਝਣ ਦੀ ਲੋੜ ਹੈ ਕਿ ਲੋਕ ‘ਸਰਕਾਰ’ ਵਿਰੋਧੀ ਹਨ, ਕਿ ‘ਸਟੇਟ’ ਵਿਰੋਧੀ? ਲੋਕਤੰਤਰ ’ਚ ਮਤਭੇਦ ਦਾ ਅਰਥ ਵਿਦਰੋਹ ਨਹੀਂ ਹੁੰਦਾ , ਬਲਕਿ ਲੋਕਤੰਤਰ ਦਾ ਬੁਨਿਆਦੀ ਖਾਸਾ ਹੁੰਦਾ ਹੈ।
ਸੌੜੀ ਸਰਕਾਰ ਦਾ ਵਿਰੋਧ ਵੀ ਦੇਸ਼-ਮੋਹ, ਦੇਸ਼-ਭਗਤੀ ਅਤੇ ਵਤਨ-ਪ੍ਰਸਤੀ ਦਾ ਇਕ ਅਹਿਮ ਪਹਿਲੂ ਹੁੰਦਾ ਹੈ। ਦੇਸ਼ ਅਤੇ ਲੋਕਾਈ ਦੇ ਰਿਸ਼ਤੇ ਬੜੇ ਹੀ ਪਾਕ ਹੁੰਦੇ ਹਨ। ਲੋਕਾਈ ਦੇਸ਼ ਵਿਰੋਧੀ ਨਹੀਂ, ਦੇਸ਼ ਹਿਤੈਸ਼ੀ ਹੁੰਦੀ ਹੈ। ਇਸ ਦੀ ਤਾਜ਼ਾ ਮਿਸਾਲ ਲਖੀਮਪੁਰ ਖੇੜੀ ਵਿਖੇ ਵਾਪਰੀ ਘਟਨਾ ਹੈ। ਸੱਤਾ ਦੇ ਲਾਲਚ ’ਚ ਗਲਤਾਨ ਹੋਇਆ ਇੱਕ ਵਹਿਸ਼ੀ ਸਿਆਸਤਦਾਨ ਆਪਣੇ ਦਰਿੰਦੇ ਗਿਰੋਹ ਨਾਲ ਦੇਸ਼-ਹਿਤੈਸ਼ੀ ਕਿਸਾਨਾਂ ਨੂੰ, ਜੋ ਆਪਣੇ ਹੱਕਾਂ ਲਈ ਲੋਕਤੰਤਰੀ ਮੁਜਾਹਰਾ ਕਰ ਰਹੇ ਸਨ, ਕੁਚਲ ਦਿੰਦਾ ਹੈ। ਇਸ ਹਕੀਕਤ ਦਾ ਸਬੂਤ ਉਹ ਵੀਡੀਓਜ਼ ਹਨ ਜਿਨ੍ਹਾਂ ਰਾਹੀਂ ਅਸੀਂ ਦਮਨਕਾਰੀ ਸੱਤਾ ਦੇ ਦਨਦਨਾਉਂਦੇ ਲੋਕਾਈ ਨੂੰ ਕੁਚਲ ਦੇ ਵਾਹਨਾਂ ਨੂੰ ਵੇਖਦੇ ਹਾਂ। ਮੱਧਕਾਲ ’ਚ ਵੀ ਹਮਲਾਵਰਾਂ ਦੇ ਹਾਥੀ/ਘੋੜੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਰੌਂਦ ਦੇ ਹੁੰਦੇ ਸਨ। ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਲਖੀਮਪੁਰ ਖੇੜੀ ਇੱਕ ਅਜਿਹਾ ਸਥਲ ਬਣ ਗਿਆ ਹੈ ਜਿਥੇ ਹਿੰਦੋਸਤਾਨ ਦਾ ਹਰ ਕਿਸਮ ਦਾ ਸਿਆਸਤਦਾਨ ਆਪਣੇ ਵੋਟ-ਬੈਂਕ ਨੂੰ ਅਮੀਰ ਕਰਨ ਲਈ ਲਗਾਤਾਰ ‘ਜ਼ਿਆਰਤ’ ਕਰ ਰਿਹਾ ਹੈ। ਲਖੀਮਪੁਰ ਖੇੜੀ ’ਚ ਸਿਆਸਤ ਦਾ ਟ੍ਰੈਫਿਕ ਵਧ ਗਿਆ ਹੈ।
ਜਲਦੀ ਹੀ ਸ਼ਹਾਦਤ ਦਾ ਕੋਈ ਸਮਾਰਕ ਵੀ ਵੇਖਣ ਨੂੰ ਮਿਲੇਗਾ। ਅਹਿਮ ਸਵਾਲ ਇਹ ਹੈ ਕਿ ਸਮਾਰਕ ਬਣਾਉਣ ਅਤੇ ਲੋਕਾਈ ਨੂੰ ਜਜ਼ਬਾਤੀ ਕਰਨ ’ਚ ਕਿਹੜੀ ਸਿਆਸੀ ਪਾਰਟੀ ਪਹਿਲ ਕਰਦੀ ਹੈ!!! ਲਖੀਮਪੁਰ ਖੇੜੀ ਦਾ ਅਸਲ ਮੁੱਦਾ ਇਤਿਹਾਸ ’ਚ ਦਫ਼ਨ ਹੋਗਿਆ ਹੈ। ਮੁੱਦਾ ਤਾਂ ਹੁਣ ਸਿਆਸਤਦਾਨਾਂ ਦੀ ਆਪਸੀ ਮੁਕਾਬਲੇਬਾਜ਼ੀ, ਵੋਟਾਂ ਦੀ ਰਾਜਨੀਤੀ/ਰਣਨੀਤੀ ’ਤੇ ਆਣ ਖਲੋਤਾ ਹੈ। ਹਿੰਦੂ-ਸਿੱਖ ਰਿਸ਼ਤਿਆਂ ਦੀ ਸਾਂਝ ਨੂੰ ਫ਼ਿਰਕੇਦਾਰਾਨਾ ਰੰਗ ’ਚ ਰੰਗਿਆ ਜਾ ਰਿਹਾ ਹੈ। ਵੀਹਵੀਂ ਸਦੀ ’ਚ ਪੰਜਾਬ ਦੀ ਲੋਕਾਈ ਅਜਿਹੇ ਹਿੰਸਕ ਫ਼ਿਰਕੇਦਾਰਾਨਾ ਮਾਹੌਲ ਨੂੰ ਕਈ ਵਾਰ ਹੰਢਾ ਚੁੱਕੀ ਹੈ। ਹੁਣ ਪੰਜਾਬ ਦੇ ਲੋਕ ਸੁਚੇਤ ਹਨ। ਮੌਜੂਦਾ ਕਿਸਾਨੀ ਸੰਘਰਸ਼ ਦਾ ਕਿਰਦਾਰ ਇਸ ਦਾ ਸਬੂਤ ਹੈ। ਲੋਕ ਇੱਕ-ਜੁੱਟ ਹਨ। ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਸਿਆਣੀ ਹੈ। ਸੌੜੀ ਸਿਆਸਤ ਦੇ ਪੈਂਤੜਿਆਂ ਨੂੰ ਸਮਝਦੀ ਹੈ। ਇਸ ਦੇ ਪਾਜ ਖੋਲ੍ਹ ਰਹੀ ਹੈ। ਲਖੀਮਪੁਰ ਖੇੜੀ ਵੀ ਭਾਰਤ ’ਚ ਜਮਹੂਰੀਅਤ ਦੀ ਰਾਹ ’ਤੇ ਚਲ ਰਹੀ ਲੋਕਾਈ ਅਤੇ ਇਸ ਦੇ ਸੰਘਰਸ਼ ਦੇ ਇਤਿਹਾਸ ’ਚ ਇੱਕ ਸੱਜਰਾ ਮੀਲ-ਪੱਥਰ ਹੈ।
ਲੋਕ-ਵਿਰੋਧੀ ਸਿਆਸਤ ਅਤੇ ਲੋਕਾਈ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਮੌਜੂਦਾ ਸਰਕਾਰ ਇੱਕ ਹੋਰ ਕੋਝੀ ਸ਼ਰਾਰਤ ਕਰਦੀ ਹੈ/ ਕਰਵਾਉਂਦੀ ਹੈ। ਜੋ ਲਖੀਮਪੁਰ ਖੇੜੀ ਤੋਂ ਵੱਖਰੀ ਨਹੀਂ। ਇੱਕ ‘ਅਖੌਤੀ/ਨਕਲੀ’ ਨਿਹੰਗ-ਸਿੰਘ ਸਿੰਘੂ ਬਾਰਡਰ ’ਤੇ ਮੁਕੱਦਸ ਪੋਥੀ ਦੀ ਬੇਅਦਬੀ ਕਰਦਾ ਹੋਇਆ/ਕਰਵਾਉਂਦਾ ਹੋਇਆ ‘ਅਸਲੀ’ ਨਿਹੰਗ-ਸਿੰਘਾਂ ਨੇ ਫੜ ਲਿਆ ਹੈ। ਉਸ ਦੀ ਮੋਕੇ ’ਤੇ ਟੰਗ-ਬਾਂਹ ਵੱਡ ਦਿੱਤੀ ਜਾਂਦੀ ਹੈ। ਸਿੰਘ ਸਹਿਬਾਨ ਉਸ ਨੂੰ ਸਜ਼ਾ ਦੇ ਦਿੰਦੇਹਨ। ਉਸ ਦੀ ਕੱਟੀ-ਵੱਡੀ ਦੇਹ ਨੂੰ ਬਾਰਡਰ ’ਤੇ ਟੰਗ ਦਿੰਦੇ ਹਨ। ਸਜ਼ਾ ਦੀ ਲੋਕਤੰਤਰ ’ਚ ਇਸ ਤਰ੍ਹਾਂ ਦੀ ਨੁਮਾਇਸ਼ ਵੀ ਵਿਚਾਰਨ ਵਾਲਾ ਸਵਾਲ ਹੈ। ਸਜ਼ਾ ਅਤੇ ਇਨਸਾਫ਼ ਦੀ ‘ਸਿਆਸਤ’ ਗਰਮ ਹੋ ਜਾਂਦੀ ਹੈ। ਇਸ ਦੇ ਭੇਦ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਇਸ ਘਟਨਾ ਨੂੰ ਵੀ ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਪੜ੍ਹਣ ਦੀ ਲੋੜ ਹੈ। ਮੁਕੱਦਸ ਪੋਥੀ ਦੀ ਬੇਅਦਬੀ ਲੋਕਾਈ ਦੇ ਆਰਥਕ ਹਿੱਤਾਂ ਲਈ ਚਲ ਰਹੇ ਸੰਘਰਸ਼ ’ਚ ਕਿਉਂ ਅਤੇ ਕਿਵੇਂ ਪ੍ਰਵੇਸ਼ ਕਰਦੀ ਹੈ!!!
ਅਨੁਸ਼ਾਸਨ-ਸਜ਼ਾ-ਮੁਜਾਹਰਾ-ਮਜ਼੍ਹਬ ਇੱਕ ਗੁੰਝਲਦਾਰ ਵਰਤਾਰਾ ਹੈ ਜਿਸ ਨੂੰ ਸਮਝਣ-ਸਮਝਾਉਣ ਦੀ ਜ਼ਰੂਰਤ ਹੈ। ਕਿਉਂ ਇਸ ਵਰਤਾਰੇ ’ਚ ਸ਼ਰਾਰਤ, ਜਜ਼ਬਾਤ ਅਤੇ ਮਾਸੂਮੀਅਤ ਇੱਕੋ ਵੇਲੇ ਹਾਜ਼ਰ ਹੁੰਦੇ ਹਨ। ਬੀ.ਜੇ.ਪੀ ਇਸ ਨੂੰ ‘ਤਾਲੀਬਾਨ ਨੁਮਾ’ ਸਜ਼ਾ ਆਖਦੀ ਹੈ। ਇਹ ‘ਤਾਲੀਬਾਨ ਨੁਮਾ’ ਸਜ਼ਾ ਕਿਉਂ ਹੈ? ਤਾਲੀਬਾਨ ਕੌਣ ਹਨ? ਕਿਸ ਮਜ਼੍ਹਬ ਦੇ ਹਨ? ਸੰਜੀਦਾ ਸਵਾਲ ਹਨ। ਅਨੁਸ਼ਾਸਨ-ਸਜ਼ਾ-ਮੁਜਾਹਰਾ-ਮਜ਼੍ਹਬ ਦੇ ਸਮੀਕਰਣ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਅਤੇ ਕਾਂਗਰਸ, ਆਮ ਆਦਮੀ ਪਾਰਟੀ ਆਦਿ ਆਪਣੇ-ਆਪਣੇ ਢੰਗ ਅਨੁਸਾਰ ਵਿਚਾਰ ਰਹੀਆਂ ਹਨ। ਇਸ ਘੜਮੱਸ ਦੌਰਾਨ ‘ਅਖੌਤੀ/ਨਕਲੀ’ ਨਿਹੰਗ- ਸਿੰਘ ਨੂੰ ਸਜ਼ਾ ਦੇਣ ਵਾਲੇ ‘ਅਸਲੀ’ ਨਿਹੰਗ-ਸਿੰਘਾਂ ਦੇ ਲੀਡਰ ਦੀ ਇੱਕ ਫੋਟੋਨਸ਼ਰ ਹੁੰਦੀ ਹੈ ਜਿਸ ’ਚ ਉਹ ਕੇਂਦਰੀ ਮੰਤਰੀ ਨਾਲ ਦੁਪਹਿਰ ਦੇ ਭੋਜਨ ’ਚ ਸ਼ਰੀਕ ਹਨ। ਪੰਜਾਬ ਦੀਆਂ ਹੱਦਾਂ-ਸਰਹੱਦਾਂ ਦੀ ਰਾਖੀ ਲਈ ਬੀ.ਐਸ.ਐਫ ਦੀ ਗਸ਼ਤ ਕਰਨ ਦੀ ਸੀਮਾ ’ਚ 15 ਤੋਂ 50 ਕਿਲੋਮੀਟਰ ਦਾ ਵਾਧਾ ਵੀ ਪੰਜਾਬ ਨੂੰ ਅਨੁਸ਼ਾਸਨ ’ਚ ਰੱਖਣ ਦਾ ਇੱਕ ਲੋਕਤੰਤਰੀ ‘ਉਪਰਾਲਾ’ ਹੈ। ਚੋਣਾਂ ਨਜ਼ਦੀਕ ਹਨ। ਤਮਾਮ ਮੁੱਦਿਆਂ ਨੂੰ ਵਿਚਾਰਨ ਦੀ ਲੋੜ ਹੈ।
ਬੁਨਿਆਦੀ ਸਵਾਲ ਅਜੇ ਵੀ ਕੋਹਾਂ ਦੂਰ ਹੈ: ਲੋਕਾਈ ਦਾ ਕੋਝਾ ਸਿਆਸੀਕਰਨ ਕਰਨਾ ਹੈ, ਜਾਂ ਲੋਕ-ਪੱਖੀ ਸਿਆਸਤ ਨੂੰ ਪੈਦਾ ਕਰਨਾ ਹੈ? ਲੋਕ-ਪੱਖੀ ਪੰਜਾਬ ਦੇ ਨੁਮਾਇੰਦੇ ਕੌਣ ਹਨ? ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਆਪਣੇ-ਆਪਣੇ ਸਮੇਂ ਦੇ ਕਲਯੁੱਗ ਦੇ ਵਿਰੋਧ ’ਚ ਕਦੇ ਕੁਰੂਕਸ਼ੇਤਰ ਦੇ ਮੈਦਾਨ ’ਚ ਕ੍ਰਿਸ਼ਨ ਖਲੋਦਾਂ ਹੈ, ਕਦੇ ਬਾਬਾ ਨਾਨਕ ਸੈਦਪੁਰ ਦੇ ਅਹਿਲਕਾਰ, ਮਲਿਕ ਭਾਗੋ ਦਾ ਗ਼ਰੂਰ ਤੋੜਦਾ ਹੈ, ਅਤੇ ਕਦੇ ਆਪਣੀ ਵਤਨਪ੍ਰਸਤੀ ਦਾ ਇਜ਼ਹਾਰ ਕਰਦਾ ਹੋਇਆ ਮੁਗ਼ਲ ਹਮਲਾਵਰ, ਬਾਬਰ, ਅਤੇ ਆਪਣੇ ਰੱਬ ਦੋਵਾਂ ਨੂੰ ਸੰਬੋਧਨ ਹੁੰਦਾ ਹੈ:
ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨ ਆਇਆ॥
ਬਾਬਾ ਨਾਨਕ ਨੇ ਇੱਕ ਅਜਿਹੇ ਅਮਲ ਦੀ ਨੀਂਹ ਰੱਖੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਸੈਕੁਲਰ ਅਤੇ ਲੋਕ-ਹਿਤੈਸ਼ੀ ‘ਸਰਕਾਰ ਖ਼ਾਲਸਾ’ ਦੇ ਰੂਪ ’ਚ ਆਪਣੇ ਸਿਖਰ ’ਤੇ ਪਹੁੰਚ ਦਾ ਹੈ। ਕੀ ਅਸੀਂ ਮੌਜੂਦਾ ਸਿਆਸਤ ਨੂੰ ਬਾਬਾ ਨਾਨਕ ਦੀ ਨਸੀਹਤ –
ਜਬ ਲਗੁ ਦੁਨਿਦੁ ਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ – ਨਾਲ ਸੰਵਾਰ ਸਕਦੇ ਹਾਂ? ਬਾਬਾ ਨਾਨਕ ਦਾ ਮੰਤਵ ਆਪਣੇ ਸਮੇਂ ਦੇ ਇੱਕ ਖ਼ਾਸ ਫਿਰਕੇ (ਪਾਰਟੀ) ਨੂੰ ਸੁਧਾਰਣਾ ਨਹੀਂ ਸੀ। ਉਸ ਦਾ ਰਿਸ਼ਤਾ ਤਮਾਮ ਲੋਕਾਈ ਨਾਲ ਸੀ, ਜਿਵੇਂ ਕਿ ਭਾਈ ਗੁਰਦਾਸ ਦਸਦੇ ਹਨ: ‘ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ, ਚੜ੍ਹਿਆ ਸੋਧਣ ਧਰਤਿ ਲੁਕਾਈ’। ਕਹਿਣ ਦਾ ਭਾਵ ਇਹ ਹੈ ਕਿ ਲੋਕਤੰਤਰ ਦੇ ਅਮਲ ਲਈ ਸਾਡੇ ਕੋਲ ਕਿਸ ਕਿਸਮ ਦਾ ਫ਼ਲਸਫ਼ਾ ਹੈ, ਕਿਸ ਕਿਸਮ ਦਾ ਪੈਮਾਨਾ ਹੈ? ਲੋਕਾਈ ਪ੍ਰਤੀ ਅਸੀਂ ਕਿੰਨੇ ਕੁ ਭਾਵੁਕ ਹਾਂ? ਕਿੰਨੇ ਕੁ ਹਿਸਾਬੀ-ਕਿਤਾਬੀ ਹਾਂ?
-
ਪੁਸ਼ਪਿੰਦਰ ਗਿੱਲ, ਪ੍ਰੋਫ਼ੈਸਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ
Pushpindergill63@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.