31 ਅਕਤੂਬਰ 1984 ਸਵੇਰੇ 10-11 ਦਾ ਟਾਈਮ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, "ਅਬ ਆਪ ਹਮਾਰਾ ਵਿਸ਼ੇਸ਼ ਬੁਲਿਟਿਨ ਸੁਣੀਏ।"ਇਸ ਖ਼ਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਅੱਜ ਸਵੇਰ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਹਮਲਾ ਉਦੋਂ ਕੀਤਾ ਜਦੋਂ ਉਹ ਆਪਣੇ ਘਰ ਤੋਂ ਦਫ਼ਤਰ ਜਾ ਰਹੀ ਸੀ। ਸਿਰਫ਼ ਇੰਨੀ ਗੱਲ ਨਸ਼ਰ ਕੇ ਖ਼ਬਰਨਾਮਾ ਖ਼ਤਮ ਹੋ ਗਿਆ।
ਉਸ ਦਿਨ ਮੈਂ ਪਟਿਆਲੇ ਆਪਣੇ ਕਿਸੇ ਦੋਸਤ ਦੇ ਘਰ ਬੈਠਾ ਸੀ। ਉੱਥੇ ਰੇਡੀਓ ਤੇ ਕਿਸੇ ਕ੍ਰਿਕਟ ਮੈਚ ਦੇ ਸਿੱਧੇ ਪ੍ਰਸਾਰਨ ਦੀ ਕੁਮੈਂਟਰੀ ਚੱਲ ਰਹੀ ਸੀ। ਉਨ੍ਹੀਂ ਦਿਨੀਂ ਟੈਲੀਵਿਜ਼ਨ ਤੇ ਕ੍ਰਿਕਟ ਮੈਚ ਦਾ ਪ੍ਰਸਾਰਨ ਦਾ ਰਿਵਾਜ ਨਹੀਂ ਸੀ ਚੱਲਿਆ। ਕ੍ਰਿਕਟ ਦਾ ਲਗਭਗ ਹਰੇਕ ਨੌਜਵਾਨ ਸ਼ੁਕੀਨ ਸੀ ਤੇ ਘਰਾਂ ਤੋਂ ਬਾਹਰ ਵੀ ਨਿੱਕੇ ਨਿੱਕੇ ਰੇਡੀਓ ਕੰਨਾਂ ਨੂੰ ਲਾ ਕੇ ਕੁਮੈਂਟਰੀ ਗਲੀਆਂ, ਬਜ਼ਾਰਾਂ ਤੇ ਕਾਲਜਾਂ ਵਿੱਚ ਸੁਣੀ ਜਾਂਦੀ ਸੀ। ਮੇਰੇ ਦੋਸਤ ਦੇ ਘਰ ਜਿਹੜਾ ਰੇਡੀਓ ਸੀ ਉਹ ਵੀ ਟੂ ਇਨ ਵਨ ਸੀ ਭਾਵ ਕਿ ਉਸ ਟੇਪ ਰਿਕਾਰਡ ਅਤੇ ਰੇਡੀਓ ਦੋਨੋਂ ਚੱਲਦੇ ਸਨ। ਰੇਡੀਓ ਵਾਲਾ ਪ੍ਰੋਗਰਾਮ ਨਾਲੋ ਨਾਲ ਰਿਕਾਰਡ ਵੀ ਕੀਤਾ ਜਾ ਸਕਦਾ ਸੀ। ਜਦੋਂ ਕੁਮੈਂਟਰੀ ਰੋਕ ਕੇ ਵਿਸ਼ੇਸ਼ ਸਮਾਚਾਰ ਬੁਲੇਟਿਨ ਦੀ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਕੋਈ ਖ਼ਾਸ ਘਟਨਾ ਵਾਪਰੀ ਹੋਵੇਗੀ ਜਿਸ ਕਰਕੇ ਵਿਸ਼ੇਸ਼ ਖ਼ਬਰਨਾਮਾ ਦਿੱਤਾ ਜਾ ਰਿਹਾ ਹੈ ਨਹੀਂ ਤਾਂ ਖ਼ਬਰਾਂ ਕਿਤੇ ਦੁਪਹਿਰੇ ਇੱਕ ਵੱਜ ਕੇ ਚਾਲੀ ਮਿੰਟ ਤੇ ਆਉਣੀਆਂ ਸਨ। ਮੈਂ ਇਕਦਮ ਟੇਪ ਰਿਕਾਰਡਿੰਗ ਵਾਲਾ ਬਟਨ ਦੱਬ ਦਿੱਤਾ ਤੇ ਖ਼ਬਰਾਂ ਦਾ ਵਿਸ਼ੇਸ਼ ਸਮਾਚਾਰ ਬੁਲੇਟਿਨ ਇਸ ਵਿੱਚ ਰਿਕਾਰਡ ਹੋ ਗਿਆ। ਪਰ ਇਹ ਇਤਿਹਾਸਿਕ ਖਬਰਨਾਮੇ ਵਾਲੀ ਟੇਪ ਮੇਰਾ ਦੋਸਤ ਸੰਭਾਲ ਨਾ ਸਕਿਆ। ਉਹਨੂੰ ਉਲਟਾ ਰੀਲ ਖ਼ਰਾਬ ਹੋਣ ਦਾ ਕੁੱਝ ਦੁੱਖ ਵੀ ਸੀ।
ਏਹਤੋਂ ਬਾਅਦ ਅਸੀਂ ਸ਼ਹਿਰ ਚ ਨਿਕਲ ਤੁਰੇ ਪਰ ਬਜ਼ਾਰ ਵਿੱਚ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਵੇਂ ਅੱਜਕੱਲ੍ਹ ਹਰੇਕ ਹੱਟੀ ਤੇ ਦੁਕਾਨ ਨਾਲੋ ਨਾਲੋ ਟੀ.ਵੀ. ਵੀ ਦੇਖ ਰਹੇ ਹੁੰਦੇ ਹਨ ਉਹਨੀਂ ਦਿਨੀਂ ਕੋਈ ਦੁਕਾਨਦਾਰ ਹੱਟੀ ਤੇ ਰੇਡੀਓ ਨਹੀਂ ਸੀ ਰੱਖਦਾ ਹੁੰਦਾ ਤੇ ਨਾ ਅੱਜ ਵਾਂਗ ਮੋਬਾਇਲ ਫ਼ੋਨ ਹੁੰਦੇ ਸਨ ਕਿ ਨਾਲੋ ਨਾਲ ਖ਼ਬਰ ਅਗਾਂਹ ਪਤਾ ਲੱਗਦੀ ਜਾਵੇ। ਮੋਬਾਇਲ ਫ਼ੋਨ ਦੀ ਤਾਂ ਗੱਲ ਛੱਡੋ ਤਾਰਾਂ ਵਾਲਾ ਫ਼ੋਨ ਵੀ ਬਹੁਤ ਟਾਂਵੇਂ ਟੱਲੇ ਘਰਾਂ ਅਤੇ ਹੱਟੀਆਂ ਤੇ ਹੁੰਦੇ ਸੀ। ਅੱਜ ਦੇ ਹਾਲਾਤ ਮੁਤਾਬਿਕ ਇਹ ਯਾਦ ਕਰਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਗੋਲੀ ਵੱਜਣ ਨੂੰ ਕਈ ਘੰਟੇ ਹੋ ਗਏ ਸਨ ਤੇ ਰੇਡੀਓ ਤੇ ਆਈ ਖ਼ਬਰ ਨੂੰ ਇੱਕ ਘੰਟੇ ਤੋਂ ਵੱਧ ਟਾਈਮ ਹੋ ਗਿਆ ਸੀ ਪਰ ਬਜ਼ਾਰ 'ਚ ਕਿਸੇ ਨੂੰ ਪਤਾ ਵੀ ਨਹੀਂ। ਇੱਥੇ ਇਹ ਵੀ ਦੱਸਣਯੋਗ ਹੈ ਉਨ੍ਹੀਂ ਦਿਨੀਂ ਟੈਲੀਵਿਜ਼ਨ ਦਾ ਵੀ ਇੱਕੋ ਚੈਨਲ ਹੁੰਦਾ ਸੀ ਤੇ ਉਹ ਵੀ ਸਰਕਾਰੀ ਤੇ ਇਹ ਦਾ ਪ੍ਰੋਗਰਾਮ ਵੀ ਇੱਕ ਘੰਟਾ ਸਵੇਰੇ ਤੇ 2-3 ਘੰਟੇ ਸ਼ਾਮ ਨੂੰ ਚਲਦਾ ਸੀ। ਸ਼ਾਇਦ ਸਵੇਰ ਦਾ ਪ੍ਰੋਗਰਾਮ ਵੀ ਅਜੇ ਚੱਲਣਾ ਸ਼ੁਰੂ ਨਹੀਂ ਸੀ ਹੋਇਆ ਦੁਪਹਿਰ ਦੀ ਤਾਂ ਗੱਲ ਹੀ ਛੱਡੋ।
ਸੂਚਨਾ ਦਾ ਸਾਧਨ ਅਕਾਸ਼ਬਾਣੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਸ ਤੋਂ ਇਲਾਵਾ ਬੀ.ਬੀ.ਸੀ. ਲੰਡਨ ਰੇਡੀਓ ਤੋਂ ਸਵੇਰੇ ਸੱਤ ਵਜੇ ਸ਼ਾਮ 8 ਵਜੇ ਹਿੰਦੀ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਸੀਗੀਆਂ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਪੁੱਤ ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ਤੇ ਹੋਏ ਜਾਨਲੇਵਾ ਹਮਲੇ ਦੀ ਖ਼ਬਰ ਵੀ ਬੀ.ਬੀ.ਸੀ. ਰੇਡੀਓ ਦੀ ਅੰਗਰੇਜ਼ੀ ਵਾਲੀ ਵਰਲਡ ਨਿਊਜ਼ ਸਰਵਿਸ ਰਾਹੀਂ ਦੁਪਹਿਰ ਦੇ ਸਾਢੇ ਬਾਰਾਂ ਵਜੇ ਵਾਲੇ ਬੁਲਿਟਿਨ ਤੋਂ ਸੁਣੀ। ਬਤੌਰ ਕਾਂਗਰਸ ਦੇ ਜਰਨਲ ਸਕੱਤਰ ਇੰਦਰਾ ਦਾ ਪੁੱਤਰ ਰਾਜੀਵ ਗਾਂਧੀ ਉਸ ਦਿਨ ਬੰਗਾਲ ਦੀ ਰਾਜਧਾਨੀ ਕਲਕੱਤਾ ਤੋਂ ਦੱਖਣ ਵੱਲ ਹੁਗਲੀ ਡੈਲਟਾ ਇਲਾਕੇ ਦੇ ਸਿਆਸੀ ਦੌਰੇ ਤੇ ਸੀ। ਪ੍ਰਧਾਨ ਮੰਤਰੀ ਦੀ ਮੌਤ ਦੀ ਖ਼ਬਰ ਨੂੰ ਸਰਕਾਰੀ ਤੰਤਰ ਜਾਣ ਬੁੱਝ ਕੇ ਲੁਕੋ ਰਿਹਾ ਸੀ ਤੇ ਰੇਡੀਓ ਤੋਂ ਸ਼ਾਮ 6 ਵਜੇ ਤੱਕ ਇਹ ਨਿਊਜ਼ ਲੁਕੋ ਕੇ ਰੱਖੀ ਗਈ।
ਰਾਜੀਵ ਗਾਂਧੀ ਦੇ ਕਾਫ਼ਲੇ ਨੂੰ ਇੱਕ ਪੁਲਿਸ ਦੀ ਗੱਡੀ ਨੇ ਰੋਕਿਆ ਤੇ ਉਸ ਨੂੰ ਇਹ ਸਿਰਫ਼ ਦੋ ਫ਼ਿਕਰਿਆਂ ਦਾ ਅੰਗਰੇਜ਼ੀ ਵਿੱਚ ਦਿੱਲੀਓਂ ਆਇਆ ਇਹ ਸੁਨੇਹਾ ਸੁਣਾਇਆ ਗਿਆ। "ਯੂ ਮਸਟ ਰਿਟਰਨ ਟੂ ਡੇਲੀ ਇਮੀਜੇਟਲੀ , ਬਿਕਾਜ਼ ਸਮਥਿੰਗ ਵੈਰੀ ਸੀਰੀਅਸ ਹੈਡ ਹੈਪਨਡ।" (ਤੁਹਾਨੂੰ ਫ਼ੌਰਨ ਦਿੱਲੀ ਮੁੜ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਕੋਈ ਵੱਡਾ ਭਾਣਾ ਵਰਤ ਗਿਆ ਹੈ) ।ਰਾਜੀਵ ਗਾਂਧੀ ਫ਼ੌਰਨ ਹੈਲੀਪੈਡ ਤੇ ਗਿਆ ਜਿੱਥੋਂ ਹੈਲੀਕਾਪਟਰ ਰਾਹੀਂ ਉਹ ਕਲਕੱਤਾ ਹਵਾਈ ਅੱਡੇ ਪੁੱਜਿਆ। ਉੱਥੇ ਜਾ ਕੇ ਉਸ ਨੇ ਰੇਡੀਓ ਦੀ ਬੀ.ਬੀ.ਸੀ. ਵਰਲਡ ਸਰਵਿਸ ਸੁਣੀ ਜਿਸ ਤੋਂ ਦਿੱਲੀ 12:30 ਵਾਲੀਆਂ ਖ਼ਬਰਾਂ 'ਚ ਦਿੱਲੀ ਤੋਂ ਉਨ੍ਹਾਂ ਨੇ ਆਪਣੇ ਪੱਤਰਕਾਰ ਸਤੀਸ਼ ਜੈਕਬ ਦੀ ਘੱਲੀ ਹੋਈ ਖ਼ਬਰ ਪ੍ਰਸਾਰਿਤ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਇੰਦਰਾ ਗਾਂਧੀ ਦੇ ਗੋਲੀਆਂ ਵੱਜੀਆਂ ਨੇ ਉਹਦੀ ਹਾਲਤ ਨਾਜ਼ੁਕ ਹੈ। ਇਸ ਤੋਂ ਕੁੱਝ ਮਿੰਟਾਂ ਬਾਅਦ ਹੀ ਬੀ.ਬੀ.ਸੀ. ਨੇ ਇੰਦਰਾ ਗਾਂਧੀ ਦੀ ਮੌਤ ਹੋਣ ਦੀ ਵੀ ਤਸਦੀਕ ਕਰ ਦਿੱਤੀ। ਇੱਥੋਂ ਇਹ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਪ੍ਰਧਾਨ ਮੰਤਰੀ ਦਾ ਪੁੱਤਰ ਵੀ ਕਿਸੇ ਸਿਖਰਲੀ ਗੰਭੀਰ ਘਟਨਾ ਦੀ ਸਚਾਈ ਜਾਨਣ ਲਈ ਬੀ.ਬੀ.ਸੀ. ਰੇਡੀਓ ਤੇ ਨਿਰਭਰ ਹੋਇਆ ਹੋਵੇ ਤਾਂ ਉਨ੍ਹੀਂ ਦਿਨੀਂ ਕਿੰਨੀ ਕੁ ਸਚਾਈ ਲੋਕ ਰੇਡੀਓ ਤੋਂ ਸੁਣ ਸਕਦੇ ਹੋਣਗੇ।
ਖ਼ਬਰਾਂ ਦਾ ਦੂਜਾ ਸਾਧਨ ਖ਼ਬਰ ਏਜੰਸੀਆਂ ਦੇ ਟੈਲੀਪ੍ਰਿੰਟਰ ਹੁੰਦੇ ਸੀ। ਉਦੋਂ ਦੋ ਮੁੱਖ ਏਜੰਸੀਆਂ ਹੁੰਦੀਆਂ ਸੀ ਪੀ.ਟੀ ਆਈ ਤੇ ਯੂ.ਐਨ.ਆਈ ਤੇ ਉਹ ਵੀ ਦੋਨੋਂ ਸਰਕਾਰੀ। ਅੱਜ ਕੱਲ੍ਹ ਦੀ ਪੀੜ੍ਹੀ ਤੋਂ ਸ਼ਾਇਦ ਹੀ ਕਿਸੇ ਨੇ ਟੈਲੀਪ੍ਰਿੰਟਰ ਦੇਖਿਆ ਹੋਵੇ ਜਿਵੇਂ ਕਚਹਿਰੀਆਂ 'ਚ ਟਾਈਪਿਸਟ ਪੁਰਾਣੀਆਂ ਟਾਈਪ ਦੀਆਂ ਮਸ਼ੀਨਾਂ ਲਈ ਬੈਠੇ ਹੁੰਦੇ ਸੀ ਓਵੇਂ ਦੀ ਹੀ ਇੱਕ ਵੱਡੀ ਮਸ਼ੀਨ ਹੁੰਦੀ ਸੀ ਤੇ ਇਹ ਬਿਜਲੀ ਨਾਲ ਚੱਲਦੀ ਸੀ। ਅਖ਼ਬਾਰਾਂ ਦੇ ਹੈੱਡ ਕੁਆਟਰਾਂ 'ਚ ਅਜਿਹੇ ਟੈਲੀਪ੍ਰਿੰਟਰ ਲੱਗੇ ਹੁੰਦੇ ਸੀ। ਖ਼ਬਰ ਏਜੰਸੀ ਜਦੋਂ ਆਪਣੇ ਦਫ਼ਤਰ ਤੋਂ ਕੋਈ ਖ਼ਬਰ ਭੇਜਦੀ ਸੀ ਤਾਂ ਇਹਨਾਂ ਟੈਲੀਪ੍ਰਿੰਟਰਾਂ ਦੇ ਵਿੱਚ ਪਾਏ ਜਾਂਦੇ ਕਾਗ਼ਜ਼ ਦੇ ਰੋਲ ਤੇ ਇਹ ਟਾਈਪ ਹੋ ਜਾਂਦੀ ਸੀ। ਖ਼ਬਰ ਏਜੰਸੀ ਯੂ.ਐਨ.ਆਈ ਦਾ ਅਜਿਹਾ ਇੱਕ ਟੈਲੀਪ੍ਰਿੰਟਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਿੱਚ ਲੱਗਿਆ ਹੁੰਦਾ ਸੀ। ਪਟਿਆਲੇ ਇਹ ਦਫ਼ਤਰ ਵਿੱਚ ਬਾਰਾਂਦਰੀ ਬਾਗ਼ ਵਿੱਚ ਇੱਕ ਪੁਰਾਣੀ ਸ਼ਾਹੀ ਇਮਾਰਤ ਚ ਚੱਲਦਾ ਸੀ।
ਸ਼ਹਿਰ ਦੇ ਪੱਤਰਕਾਰਾਂ ਦਾ ਇਹ ਪੱਕਾ ਠਿਕਾਣਾ ਹੁੰਦਾ ਸੀ। ਇੱਥੇ ਬੈਠਦੇ ਉੱਠਦੇ ਮੇਰੇ ਕਈ ਪੱਤਰਕਾਰਾਂ ਨਾਲ ਚੰਗੇ ਤਾਲੁਕਆਤ ਸਨ ਜਿਨ੍ਹਾਂ ਚੋ ਪ੍ਰਮੁੱਖ ਟ੍ਰਿਬਿਊਨ ਦੇ ਸ਼੍ਰੀ ਵੀ.ਪੀ ਪ੍ਰਭਾਕਰ ਅਤੇ ਇੰਡੀਅਨ ਐਕਸਪ੍ਰੈੱਸ ਦੇ ਸ਼੍ਰੀ ਯੋਗਿੰਦਰ ਮੋਹਨ ਸਨ । ਉੱਥੇ ਤਾਇਨਾਤ ਇੱਕ ਸਹਾਇਕ ਲੋਕ ਸੰਪਰਕ ਅਫ਼ਸਰ ਅਤੇ ਬਹੁਤ ਨੇਕ ਇਨਸਾਨ ਸਰਦਾਰ ਉਜਾਗਰ ਸਿੰਘ ਨਾਲ ਦਿਲੀ ਨੇੜਤਾ ਹੋਣ ਕਾਰਨ ਇਹ ਦਫ਼ਤਰ ਆਪਣਾ ਹੀ ਲੱਗਦਾ ਸੀ । ਇੰਦਰਾ ਗਾਂਧੀ ਵਾਲੀ ਖ਼ਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਬਾਰਾਂਦਰੀ ਲੋਕ ਸੰਪਰਕ ਦਫ਼ਤਰ ਚਲੇ ਗਏ । ਉੱਥੇ ਇਹੀ ਗੱਲਾਂ ਚਲਦੀਆਂ ਸੀ । ਉੱਥੇ ਲੱਗਿਆ ਯੂ.ਐਨ.ਆਈ ਦਾ ਟੈਲੀਪ੍ਰਿੰਟਰ ਵੀ ਰੇਡੀਓ ਕੁ ਜਿੰਨੀ ਖ਼ਬਰ ਹੀ ਦੇ ਰਿਹਾ ਸੀ । ਹਾਲਾਂਕਿ ਬੀ.ਬੀ.ਸੀ ਦੀ ਵਰਲਡ ਸਰਵਿਸ ਤੋਂ ਪ੍ਰਧਾਨ ਮੰਤਰੀ ਦੀ ਮੌਤ ਵਾਲੀ ਖ਼ਬਰ ਇੱਕ ਵਜੇ ਪ੍ਰਸਾਰਿਤ ਹੋ ਚੁੱਕੀ ਸੀ ਪਰ ਇੱਥੇ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਬੀ.ਬੀ.ਸੀ ਤੋਂ ਦਿਨੇ ਵੀ ਖ਼ਬਰਾਂ ਆਉਂਦੀਆਂ ਨੇ । ਪਟਿਆਲੇ ਇੱਕ ਵੀਕਲੀ ਅਖ਼ਬਾਰ ਦੇ ਐਡੀਟਰ ਸਨ ਉਹਨਾਂ ਦਾ ਪੱਕਾ ਨਾਮ ਤਾਂ ਮੈਨੂੰ ਯਾਦ ਨਹੀਂ ਪਰ ਸਾਰੇ ਉਹਨਾਂ ਨੂੰ ਕਾਮਰੇਡ ਕਹਿ ਕੇ ਬੁਲਾਉਂਦੇ ਸਨ । ਲੋਕ ਸੰਪਰਕ ਦੇ ਦਫ਼ਤਰ ਵਿਚ ਕਾਮਰੇਡ ਸਾਹਿਬ ਨੇ ਆ ਕੇ ਖ਼ਬਰ ਦਿੱਤੀ ਕਿ ਰੇਡੀਓ ਪਾਕਿਸਤਾਨ ਨੇ 'ਤਾਸ' ਦੇ ਹਵਾਲੇ ਨਾਲ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖ਼ਬਰ ਸੁਣਾਈ ਹੈ । 'ਤਾਸ' ਰੂਸ ਦੀ ਦੀ ਸਰਕਾਰੀ ਖ਼ਬਰ ਏਜੰਸੀ ਸੀ । ਰੂਸ ਭਾਰਤ ਦਾ ਗੂੜ੍ਹਾ ਮਿੱਤਰ ਸੀ । ਇਸ ਕਰਕੇ ਤਾਸ ਦੀ ਖ਼ਬਰ ਨੂੰ ਪੱਕਾ ਸੱਚ ਮੰਨ ਕੇ ਸਭ ਨੂੰ ਇਹ ਯਕੀਨ ਹੋ ਗਿਆ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਦੀ ਮੌਤ ਹੋ ਚੁੱਕੀ ਹੈ ।ਇਹ ਗੱਲ ਤਾਂ ਉਸ ਦਫ਼ਤਰ ਦੀ ਜਿੱਥੇ ਖ਼ਬਰ ਸਭ ਤੋਂ ਪਹਿਲਾਂ ਪਹੁੰਚਦੀ ਸੀ।
ਸੁਖਵੰਤ ਵੱਲੋਂ ਬਣਾਏ ਸਕੇੱਚ
ਉਦੋਂ ਵਿਦੇਸ਼ੀ ਰੇਡੀਓਜ਼ ਚੋਂ ਸਿਰਫ਼ ਬੀ ਬੀ ਸੀ ਦੀ ਹਿੰਦੀ ਸਰਵਿਸ ਹੀ ਸੁਣੀ ਜਾਂਦੀ ਸੀ ਜੋ ਕਿ ਰਾਤ 8 ਵਜੇ ਸ਼ੁਰੂ ਹੁੰਦੀ ਸੀ ਸੋ ਬੀ ਬੀ ਸੀ ਦੀ ਆਲਮੀ ਅੰਗਰੇਜ਼ੀ ਸਰਵਿਸ ਦੀ ਖ਼ਬਰ ਆਮ ਲੋਕਾਂ ਤੱਕ ਨਾ ਪੁੱਜੀ।ਉਸ ਤੋਂ ਬਾਅਦ ਜਦੋਂ ਅਸੀਂ ਫੇਰ ਸ਼ਹਿਰ ਵਿਚ ਨਿਕਲੇ ਤਾਂ ਸਭ ਨੂੰ ਪ੍ਰਧਾਨ ਮੰਤਰੀ 'ਤੇ ਹੋਏ ਹਮਲੇ ਬਾਰੇ ਤਾਂ ਪਤਾ ਲੱਗ ਚੁੱਕਿਆ ਸੀ , ਮੌਤ ਦੀ ਖ਼ਬਰ ਤੋਂ ਸਾਰੇ ਬੇਖ਼ਬਰ ਸਨ ਤੇ ਉਦੋਂ ਤੱਕ ਬੇਖ਼ਬਰ ਰਹੇ ਜਦੋਂ ਤੱਕ ਸ਼ਾਮ 6 ਵਜੇ ਸਰਕਾਰ ਨੇ ਖ਼ੁਦ ਦਿਸ ਖ਼ਬਰ ਦਾ ਐਲਾਨ ਨਾ ਕੀਤਾ ।ਮੈਡਮ ਗਾਂਧੀ ਨੂੰ ਸਵੇਰੇ 9:18 ਵਜੇ ਤੇ ਗੋਲ਼ੀਆਂ ਲੱਗਣ ਮਗਰੋਂ 9:30 ਵਜੇ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ । ਮੈਡਮ ਦੀ ਹਾਲਤ ਦੇਖਣ ਮਗਰੋਂ ਡਾਕਟਰਾਂ ਨੇ ਇੰਦਰਾ ਗਾਂਧੀ ਦੇ ਉੱਥੇ ਹਾਜ਼ਰ ਖ਼ਾਸਮਖ਼ਾਸ ਬੰਦਿਆਂ ਆਰ.ਕੇ ਧਵਨ ਅਤੇ ਐਮ.ਐਲ. ਫੋਤੇਦਾਰ ਨੂੰ ਸਪਸ਼ਟ ਆਖ ਦਿੱਤਾ ਕੰਮ ਤਮਾਮ ਜਾਪਦਾ ਹੈ ਤੇ ਤੁਸੀਂ ਮੈਡਮ ਨੂੰ ਮਰ ਚੁੱਕੀ ਸਮਝ ਕੇ ਜੋ ਕੋਈ ਤਿਆਰੀ-ਬਿਆਰੀ ਕਰਨੀ ਹੈ ਉਹ ਸ਼ੁਰੂ ਕਰ ਸਕਦੇ ਹੋ। ਡਾਕਟਰਾਂ ਸ਼੍ਰੀਮਤੀ ਗਾਂਧੀ ਦੇ ਡੈਥ ਸਰਟੀਫਿਕੇਟ ਲਿਖਿਆ ਹੈ ਕਿ ਮੈਡਮ ਨੂੰ ਮੋਈ ਹਾਲਤ ਚ ਹੀ ਹਸਪਤਾਲ ਲਿਆਂਦਾ ਗਿਆ ਮਤਲਬ ਮੌਤ 9:30 ਤੋਂ ਵੀ ਪਹਿਲਾਂ ਹੋ ਚੁੱਕੀ ਸੀ ਤੇ ਸਿਖਰਲੇ ਅਫ਼ਸਰਾਂ ਨੂੰ ਪੂਰਾ ਇਲਮ ਵੀ ਹੋ ਚੁੱਕਿਆ ਸੀ ਤੇ ਸਰਕਾਰੀ ਤੰਤਰ ਨੇ ਪ੍ਰਧਾਨ ਮੰਤਰੀ ਦੀ ਮੌਤ ਦੀ ਖ਼ਬਰ ਨੂੰ ਲਗਭਗ 9 ਘੰਟੇ ਤੱਕ ਲਕੋਇਆ ਗਿਆ।ਪਰ 37 ਸਾਲ ਬੀਤਣ ਮਗਰੋਂ ਵੀ ਇਹ ਮੁੱਦਾ ਅਖ਼ਬਾਰੀ ਪੜਚੋਲ ਦਾ ਵਿਸ਼ਾ ਨਹੀਂ ਬਣਿਆ।
ਭਾਰਤ ਸਰਕਾਰ ਦੇ ਅਕਾਸ਼ਬਾਣੀ ਤੇ ਦੂਰ-ਦਰਸ਼ਨ ਰੇਡੀਓ ,ਟੈਲੀਵਿਜ਼ਨ ਵੱਲੋਂ ਸ਼ਾਮ 6 ਵਜੇ ਜਾ ਕੇ ਸ਼੍ਰੀਮਤੀ ਗਾਂਧੀ ਇੰਤਕਾਲ ਦੀ ਤਸਦੀਕ ਕਰਨ ਤੱਕ ਜ਼ਖ਼ਮੀ ਪ੍ਰਧਾਨ ਮੰਤਰੀ ਦੀ ਸੂਰਤੇਹਾਲ ਬਾਰੇ ਸਸਪੈਂਸ ਬਰਕਰਾਰ ਰਿਹਾ।ਭਾਵੇਂ ਵਿਦੇਸ਼ੀ ਰੇਡੀੳਜ਼ ਨੇ ਇਹ ਖ਼ਬਰ ਕਈ ਘੰਟੇ ਪਹਿਲਾਂ ਹੀ ਨਸ਼ਰ ਕਰ ਦਿੱਤੀ ਸੀ ਪਰ ਆਮ ਨਾਗਰਿਕ ਬਾਹਰਲੇ ਰੇਡੀਓ ਸਟੇਸ਼ਨ ਸੁਨਣ ਦਾ ਆਦੀ ਨਾ ਹੋਣ ਕਰਕੇ ਨਾ ਮਾਤਰ ਲੋਕਾਂ ਨੇ ਵਿਦੇਸ਼ੀ ਰੇਡੀਓਜ਼ ਦੀਆਂ ਇਹ ਖ਼ਬਰਾਂ ਸੁਣੀਆਂ।
ਸੋ ਪ੍ਰਧਾਨ ਮੰਤਰੀ ਦੀ ਮੌਤ ਵਾਲੀ ਖ਼ਬਰ ਸਭ ਤੋਂ ਪਹਿਲਾਂ ਕੀਹਨੇ ਮੂੰਹ ਚੋਂ ਕੱਢੀ ਇਹ ਜਾਨਣ ਲਈ ਦੇਖਦੇ ਹਾਂ ਘਟਨਾਵਾਂ ਦੀ ਕੀ ਤਰਤੀਬ ਸੀ।ਜਿਉਂ ਹੀ ਇੰਦਰਾ ਗਾਂਧੀ ਨੂੰ ਏਮਜ਼ ਹਸਪਤਾਲ ਚ ਪਹੁੰਚਾਇਆਂ ਗਿਆ ਤਿਉਂ ਹੀ ਇਹ ਹਸਪਤਾਲ ਪੱਤਰਕਾਰਾਂ ਵਾਸਤੇ ਮੇਨ ਨਿਊਜ਼ ਥੀਏਟਰ ਬਣ ਗਿਆ।ਪਰ ਇੱਥੋਂ 9 ਕਿੱਲੋਮੀਟਰ ਦੂਰ ਇੱਕ ਹੋਰ ਨਿਊਜ਼ ਥੀਏਟਰ ਸੀ ਜੀਹਦੇ ਵੱਲ ਕਿਸੇ ਪੱਤਰਕਾਰ ਦਾ ਧਿਆਨ ਨਹੀਂ ਗਿਆ ,ਇਹ ਥੀਏਟਰ ਰਾਮ ਮਨੋਹਰ ਲੋਹੀਆ ਹਸਪਤਾਲ ਸੀ।ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਵੇਰੇ 9 ਵੱਜ ਕੇ 18 ਮਿੰਟ 'ਤੇ ਗੋਲੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ 9 ਵੱਜ ਕੇ 30 ਮਿੰਟ 'ਤੇ ਹਸਪਤਾਲ ਪਹੁੰਚਾ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜਣ ਦੀ ਖ਼ਬਰ ਤਾਂ 10-11 ਵਜੇ ਤੱਕ ਅਕਾਸ਼ਬਾਣੀ ਵਾਲੇ ਸਰਕਾਰੀ ਰੇਡੀਓ ਦੇ ਜਰੀਏ ਨਸ਼ਰ ਹੋ ਗਈ ਸੀ।
ਪਰ ਮੌਤ ਦੀ ਖ਼ਬਰ ਦੇਣ ਵਾਲਾ ਸਭ ਤੋਂ ਪਹਿਲਾ ਰੇਡੀਓ ਬੀ.ਬੀ.ਸੀ.ਦੀ ਇੰਗਲਿਸ਼ ਸਰਵਿਸ ਸੀ ਜੀਹਨੇ ਦੁਪਹਿਰ 1 ਵਜੇ ਇਹ ਖ਼ਬਰ ਸੁਣਾਈ। ਹਸਪਤਾਲ ਵੱਲੋਂ ਇੰਦਰਾ ਗਾਂਧੀ ਦੀ ਮੌਤ ਦਾ ਬਕਾਇਦਾ ਐਲਾਨ ਏਮਜ਼ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਏ.ਐਨ. ਸਫੱਈਆ ਵੱਲੋਂ ਸ਼ਾਮ 4 ਵਜੇ ਓਪਰੇਸ਼ਨ ਥੇਟਰ ਦੇ ਬਾਹਰ ਕੀਤਾ। 12 ਵਜੇ ਸ਼੍ਰੀਮਤੀ ਗਾਂਧੀ ਦੇ ਨਿੱਜੀ ਸਕੱਤਰ ਆਰ.ਕੇ. ਧਵਨ ਨੇ ਹਸਪਤਾਲ ਦੇ ਬਾਹਰ ਆਉਂਦਿਆਂ ਇਹ ਕਿਹਾ ਕਿ ਅਜੇ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਮੈਡਮ ਹਾਲੇ ਓਪਰੇਸ਼ਨ ਥੇਟਰ ਵਿੱਚ ਹੀ ਨੇ । ਸਰਕਾਰੀ ਰੇਡੀਓ ਅਕਾਸ਼ਬਾਣੀ ਨੇ ਆਥਣੇ 6 ਵਜੇ ਮੌਤ ਦੀ ਖ਼ਬਰ ਦਿੱਤੀ। ਉਦੋਂ ਤੱਕ ਇਹੀ ਕਿਹਾ ਗਿਆ ਕਿ ਡਾਕਟਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਪਰ ਓਧਰ ਗੋਲੀਆਂ ਮਾਰਨ ਵਾਲਾ ਸਰਦਾਰ ਸਤਵੰਤ ਸਿੰਘ ਸਵੇਰੇ ਲਗਭਗ ਪੌਣੇ 10 ਵਜੇ ਹੀ ਪ੍ਰਧਾਨ ਮੰਤਰੀ ਦੀ ਮੌਤ ਦਾ ਐਲਾਨ ਕਰ ਚੁੱਕਿਆ ਸੀ। ਸਰਕਾਰੀ ਤੰਤਰ ਨੇ ਸਤਵੰਤ ਸਿੰਘ ਦੇ ਐਲਾਨ ਨੂੰ ਪੂਰੇ ਜ਼ੋਰ ਨਾਲ ਲੁਕੋ ਕੇ ਰੱਖਿਆ। ਸਤਵੰਤ ਸਿੰਘ ਦੇ ਇਸ ਐਲਾਨ ਦੇ ਸੱਚੇ ਹੋਣ ਦੀ ਤਸਦੀਕ ਹਸਪਤਾਲ ਦੇ ਰਿਕਾਰਡ ਤੋਂ ਵੀ ਹੁੰਦੀ ਹੈ। ਹਸਪਤਾਲ ਦੇ ਡਾਕਟਰਾਂ ਨੇ ਬਕਾਇਦਾ ਲਿਖਿਆ ਹੈ ਕਿ ਇੰਦਰਾ ਗਾਂਧੀ ਨੂੰ ਮੋਈ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ।
WATCH: Senior journalist Jagtar Singh throws light on how and why Indira Gandhi was assassinated
ਬੀ.ਬੀ.ਸੀ. ਦਾ ਨਾਮਾਨਿਗਾਰ ਸਤੀਸ਼ ਜੈਕਬ 'ਦਾ ਟੈਲੀਗ੍ਰਾਫ਼' ਅਖ਼ਬਾਰ ਚ 26 ਅਕਤੂਬਰ 2014 ਨੂੰ ਛਪੀ ਇੱਕ ਇੰਟਰਵਿਊ ਵਿੱਚ ਦੱਸਦਾ ਹੈ ਕਿ 31 ਅਕਤੂਬਰ ਸਵੇਰੇ ਸਾਢੇ 9 ਵਜੇ ਜਦੋਂ ਮੈਂ ਆਪਦੇ ਘਰ ਨੂੰ ਜਿੰਦਾ ਮਾਰਕੇ ਹਟਿਆ ਹੀ ਸੀ ਤਾਂ ਮੈਨੂੰ ਅੰਦਰ ਟੈਲੀਫ਼ੋਨ ਦੀ ਘੰਟੀ ਖੜਕਦੀ ਸੁਣੀ। ਜਕਾਂ-ਤੱਕਾਂ ਵਿੱਚ ਮੈਂ ਜਿੰਦਾ ਖੋਲ੍ਹ ਕੇ ਮੁੜ ਅੰਦਰ ਵੜਿਆ ਤੇ ਟੈਲੀਫ਼ੋਨ ਸੁਣਿਆ। ਜਿਸ ਵਿੱਚ ਮੇਰੇ ਇੱਕ ਪੱਤਰਕਾਰ ਮਿੱਤਰ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਘਰ ਚ ਮੈਨੂੰ ਖ਼ੈਰ ਨਹੀਂ ਜਾਪਦੀ। ਹਫ਼ੜਾ-ਦਫ਼ੜੀ ਦੇ ਮਾਹੌਲ ਵਿੱਚ ਮੈਂ ਇੱਕ ਐਂਬੂਲੈਂਸ ਪ੍ਰਧਾਨ ਮੰਤਰੀ ਦੇ ਘਰੋਂ ਘੁੱਗੂ ਮਾਰਦੀ ਨਿਕਲਦੀ ਦੇਖੀ ਗਈ ਹੈ। ਜੈਕਬ ਦੱਸਦਾ ਹੈ ਕਿ ਮੈਂ ਫ਼ੌਰਨ ਰਾਜੀਵ ਗਾਂਧੀ ਦੇ ਸੈਕਟਰੀ ਵਿਨਸੈਂਟ ਜੌਰਜ ਨੂੰ ਫ਼ੋਨ 'ਤੇ ਸਿੱਧਾ ਹੀ ਪੁੱਛ ਲਿਆ ਕਿ ਇਹ ਭਾਣਾ ਕਿਵੇਂ ਵਾਪਰਿਆ। ਮੇਰੇ ਵੱਲੋਂ ਸਿੱਧਾ ਭਾਣਾ ਕਿਵੇਂ ਵਾਪਰਿਆ ਪੁੱਛਣ 'ਤੇ ਜਾਰਜ ਨੇ ਸਮਝਿਆ ਕਿ ਮੈਨੂੰ ਗੱਲ ਪਤਾ ਲੱਗ ਚੁੱਕੀ ਹੈ ਜਿਸ ਕਰਕੇ ਜਾਰਜ ਨੇ ਮੈਨੂੰ ਦੱਸ ਦਿੱਤਾ ਕਿ ਮੈਡਮ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਉਨ੍ਹਾਂ ਨੂੰ ਏਮਜ਼ ਹਸਪਤਾਲ ਲਿਜਾਇਆ ਗਿਆ ਹੈ। ਜੈਕਬ 10 ਵਜੇ ਸਿੱਧਾ ਏਮਜ਼ ਪੁੱਜ ਗਿਆ।
ਇੰਦਰਾ ਗਾਂਧੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਬਾਕੀ ਸਿਕਿਉਰਿਟੀ ਮੁਲਾਜ਼ਮਾਂ ਨੂੰ ਮੁਖ਼ਾਤਬ ਹੋ ਕੇ ਕਿਹਾ 'ਲਓ! ਅਸੀਂ ਜੋ ਕਰਨਾ ਸੀ ਕਰਤਾ ਹੁਣ ਜੋ ਥੋਡੀ ਮਰਜ਼ੀ ਆ ਤੁਸੀਂ ਕਰੋ'। ਸਿਕਿਉਰਿਟੀ ਮੁਲਾਜ਼ਮ ਉਨ੍ਹਾਂ ਨੂੰ ਫੜ੍ਹ ਕੇ ਕੁਆਟਰ ਗਾਰਡ ਵਿੱਚ ਲੈ ਗਏ ਕਿ ਦੋਵਾਂ ਨੂੰ ਗੋਲੀਆਂ ਮਾਰੀਆਂ ਤੇ ਉਨ੍ਹਾਂ ਨੂੰ ਮਰ ਚੁੱਕੇ ਸਮਝ ਲਿਆ। ਸਰਦਾਰ ਬੇਅੰਤ ਸਿੰਘ ਦੀ ਮੌਤ ਤਾਂ ਮੌਕੇ 'ਤੇ ਹੀ ਹੋ ਗਈ ਜਦ ਕਿ ਸਤਵੰਤ ਸਿੰਘ ਦੇ ਸਾਹ ਚਲਦੇ ਰਹੇ। ਦੋਵਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹਸਪਤਾਲ ਦੇ ਅਮਲੇ ਨੂੰ ਇਹ ਇਤਲਾਹ ਮਿਲੀ ਸੀ ਕਿ ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜੀਆਂ ਨੇ ਤੇ ਉਨ੍ਹਾਂ ਨੂੰ ਇੱਥੇ ਲਿਆਇਆ ਜਾ ਰਿਹਾ ਹੈ।
ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਯੂਰੋਲੌਜੀ ਡਿਪਾਰਟਮੈਂਟ ਦੇ ਹੈੱਡ ਡਾਕਟਰ ਰਾਜੀਵ ਸੂਦ ਨੇ ਉਪਰ ਦੱਸੇ ਦਿਨ ਦੀ 'ਦਾ ਟੈਲੀਗ੍ਰਾਫ਼' ਅਖ਼ਬਾਰ ਚ ਛਪੀ ਇੰਟਰਵਿਊ ਵਿੱਚ ਦੱਸਿਆ ਕਿ ਮੈਨੂੰ ਇੱਕ ਨਰਸ ਨੇ ਆ ਕੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜੀਆਂ ਨੇ ਤੇ ਉਨ੍ਹਾਂ ਨੂੰ ਇੱਥੇ ਲਿਆਇਆ ਜਾ ਰਿਹਾ ਹੈ। ਮੈਨੂੰ ਮੇਰੇ ਸੀਨੀਅਰ ਨੇ ਕਿਹਾ ਕਿ ਤੁਸੀਂ ਛੇਤੀ ਕੈਜ਼ੂਇਲਟੀ ਵਿੱਚ ਚਲੇ ਜਾਓ। ਡਾ. ਸੂਦ ਦੱਸਦੇ ਹਨ ਕਿ ਮੈਂ ਹੈਰਾਨ ਹੋਇਆ ਕਿ ਜਦੋਂ ਕੈਜ਼ੂਇਲਟੀ ਵਿੱਚ ਪੁਲਿਸ ਵਾਲੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਲੈ ਆਏ। ਸਤੀਸ਼ ਜੈਕਬ ਨੂੰ ਜਿਹੜੇ ਬੰਦੇ ਨੇ ਇਹ ਖ਼ਬਰ ਦਿੱਤੀ ਸੀ ਕਿ ਉਹਨੇ ਪ੍ਰਧਾਨ ਮੰਤਰੀ ਦੇ ਘਰੋਂ ਐਂਬੂਲੈਂਸ ਨਿਕਲਦੀ ਦੇਖੀ ਹੈ ਉਹ ਸਤਵੰਤ ਸਿੰਘ ਵਾਲੀ ਹੀ ਸੀ। ਕਿਉਂਕਿ ਇੰਦਰਾ ਗਾਂਧੀ ਨੂੰ ਚੁੱਕਣ ਵੇਲੇ ਤਾਂ ਐਂਬੂਲੈਂਸ ਦਾ ਡਰਾਈਵਰ ਹੀ ਮੌਕੇ ਤੇ ਨਹੀਂ ਸੀ ਲੱਭਿਆ ਤੇ ਉਨ੍ਹਾਂ ਨੂੰ ਅੰਬੈਸਡਰ ਕਾਰ ਰਾਹੀਂ ਹੀ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ। ਜੈਕਬ ਨੂੰ ਐਂਬੂਲੈਂਸ ਨਿਕਲਣ ਦੀ ਇਤਲਾਹ ਦੇਣ ਮੌਕੇ ਸਾਢੇ 9 ਦਾ ਟਾਈਮ ਸੀ ਜੀਹਦਾ ਮਤਲਬ ਇਹ ਨਿਕਲਦਾ ਹੈ ਕਿ ਸਤਵੰਤ ਸਿੰਘ ਨੂੰ ਵੱਧ ਤੋਂ ਵੱਧ ਪੌਣੇ 10 ਤੱਕ ਹਸਪਤਾਲ ਪੁਚਾ ਦਿੱਤਾ ਗਿਆ ਹੋਵੇਗਾ। ਇਹ ਓਹੀ ਟਾਈਮ ਹੈ ਜਦੋਂ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਮੌਤ ਹੋ ਜਾਣ ਦਾ ਐਲਾਨ ਕੀਤਾ।
ਡਾ. ਰਾਜੀਵ ਸੂਦ ਦੱਸਦੇ ਹਨ ਕਿ ਸਟਰੈਚਰ 'ਤੇ ਪਏ ਸਤਵੰਤ ਸਿੰਘ ਨੇ ਪੰਜਾਬੀ ਵਿੱਚ ਗਰਜ ਕੇ ਕਿਹਾ 'ਸ਼ੇਰਾਂ ਵਾਲਾ ਕੰਮ ਕਰ ਦਿੱਤਾ, ਮੈਂ ਉਹਨੂੰ ਮਾਰ ਦਿੱਤਾ ਹੈ।’ ਜ਼ਾਹਿਰ ਹੈ ਕਿ ਡਾ. ਸੂਦ ਤੋਂ ਇਲਾਵਾ ਸਹਾਇਕ ਡਾਕਟਰਾਂ ਤੇ ਹੋਰ ਅਮਲੇ ਫੈਲੇ ਨੇ ਵੀ ਸਤਵੰਤ ਸਿੰਘ ਦੇ ਇਸ ਐਲਾਨ ਨੂੰ ਸੁਣਿਆ ਹੋਵੇਗਾ। ਸਤਵੰਤ ਸਿੰਘ ਦੀ ਰਾਖੀ 'ਤੇ ਦੋ ਪੁਲਿਸ ਮੁਲਾਜ਼ਮ ਕੈਜ਼ੂਐਲਟੀ ਦੇ ਅੰਦਰ ਖੜ੍ਹੇ ਕੀਤੇ ਗਏ। ਬਾਹਰ ਹੋਰ ਗਾਰਡ ਇਹ ਹਦਾਇਤ ਦੇ ਕੇ ਬਿਠਾਏ ਗਏ ਕਿ ਅੰਦਰਲੇ ਪਹਿਰੇਦਾਰਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਇਹ ਖ਼ਤਰਾ ਸੀ ਕਿ ਅੰਦਰਲੇ ਮੁਲਾਜ਼ਮ ਬਾਹਰ ਆ ਕੇ ਸਤਵੰਤ ਸਿੰਘ ਵੱਲੋਂ ਆਖੀਆਂ ਤੇ ਹੋਰ ਕਹੀਆਂ ਜਾ ਸਕਣ ਵਾਲੀਆਂ ਗੱਲਾਂ ਬਾਹਰ ਲੀਕ ਨਾ ਕਰ ਦੇਣ। ਸੋ ਇਸ ਤਰੀਕੇ ਨਾਲ ਸਤਵੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਮੌਤ ਬਾਬਤ ਸਭ ਤੋਂ ਪਹਿਲਾਂ ਦੁਨੀਆ ਨੂੰ ਦਿੱਤੀ ਖ਼ਬਰ ਨੂੰ ਪੂਰਾ ਜ਼ੋਰ ਲਾ ਕੇ ਲਕੋਇਆ ਗਿਆ। ਭਾਵੇਂ ਇਹਨੂੰ ਲੁਕੋ ਲਿਆ ਗਿਆ ਪਰ ਸਭ ਤੋਂ ਪਹਿਲੀ ਖ਼ਬਰ ਸਤਵੰਤ ਸਿੰਘ ਨੇ ਹੀ ਜਾਰੀ ਕੀਤੀ ਸੀ।
#SikhMartyr #BhaiKeharSingh Indira Assassination ਇੰਦਰਾ ਗਾਂਧੀ ਦਾ Murder ਪਲਾਨ ਕਰਨ ਵਾਲੇ Bhai Kehar Singh ਦੇ ਪਰਿਵਾਰ ਨਾਲ ਕੀ ਬੀਤੀ - ਇੰਦਰਾ ਨੂੰ ਮਾਰਨ ਵਾਲੇ ਬੇਅੰਤ ਨੂੰ ਕਿਸ ਨੇ ਕੀਤਾ ਸੀ ਤਿਆਰ ? ਕਿੱਥੇ ਰੋਇਆ ਸੀ ਬੇਅੰਤ ਸਿੰਘ ? ਕੇਹਰ ਸਿੰਘ ਤੇ ਬੇਅੰਤ ਸਿੰਘ ਦਾ ਕੀ ਸੀ ਰਿਸ਼ਤਾ
ਆਓ! ਹੁਣ ਦੇਖਦੇ ਹਾਂ ਕਿ ਪੌਣੇ 10 ਵਜੇ ਸਤਵੰਤ ਸਿੰਘ ਵੱਲੋਂ ਇੰਦਰਾ ਦੀ ਮੌਤ ਤਸਦੀਕ ਕਿੰਨੀ ਕੁ ਸਹੀ ਹੈ। ਪਹਿਲੀ ਗੱਲ ਇਹ ਕਿ ਇਸ ਗੱਲ ਦਾ ਸਭ ਤੋਂ ਵੱਧ ਇਲਮ ਸਤਵੰਤ ਸਿੰਘ ਨੂੰ ਹੀ ਸੀ ਕਿ ਇੰਦਰਾ ਗਾਂਧੀ ਦੇ ਕਿੰਨੀਆਂ ਗੋਲੀਆਂ ਵੱਜੀਆਂ ਨੇ ਤੇ ਕਿੱਥੇ-ਕਿੱਥੇ ਵੱਜੀਆਂ ਨੇ। ਸਤਵੰਤ ਸਿੰਘ ਨੇ ਆਪਣੀ ਸਟੇਨਗੰਨ 'ਚੋਂ 25 ਗੋਲੀਆਂ ਇੰਦਰਾ ਗਾਂਧੀ 'ਤੇ ਦਾਗ਼ੀਆਂ ਤੇ ਸਾਰੀਆਂ ਦੀਆਂ ਸਾਰੀਆਂ ਗੋਲੀਆਂ ਇੰਦਰਾ ਦੇ ਸਰੀਰ ਵਿੱਚ ਖੁੱਭੀਆਂ।ਸਿਰਫ਼ ਖੁੱਭੀਆਂ ਹੀ ਨਹੀਂ ਬਲਕਿ ਸਰੀਰ ਨੂੰ ਚੀਰ ਕੇ ਸਾਰ-ਪਾਰ ਲੰਘ ਗਈਆਂ। ਹਸਪਤਾਲ ਨੇ 30 ਗੋਲੀਆਂ ਵੱਜਣ ਦੀ ਤਸਦੀਕ ਕੀਤੀ ਹੈ। 6 ਗੋਲੀਆਂ ਬੇਅੰਤ ਸਿੰਘ ਦੇ ਪਸਤੌਲ 'ਚੋਂ ਚੱਲੀਆਂ। ਜਿਨ੍ਹਾਂ 'ਚੋਂ 1 ਗੋਲੀ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਵੱਜੀ। ਇੰਦਰਾ ਗਾਂਧੀ ਦੇ ਢਿੱਡ ਵਿੱਚ ਐਨ ਨੇੜਿਓਂ ਵੱਜੀਆਂ 30 ਗੋਲੀਆਂ ਨਾਲ ਹੀ ਉਨ੍ਹਾਂ ਦੇ ਜਿਊਂਦੇ ਬਚਣ ਦਾ ਕੋਈ ਚਾਂਸ ਨਹੀਂ ਹੋ ਸਕਦਾ। ਢਿੱਡ (abdomen)ਵਿੱਚ ਵੱਜੀਆਂ ਗੋਲੀਆਂ ਨੇ ਪਿੱਠ ਵਿੱਚ ਕਮਰੋੜ (spinal chord ) ਵਾਲੇ 4 ਮਣਕੇ (vertebrae)ਵੀ ਉਡਾ ਦਿੱਤੇ ਸੀ।
ਇਨ੍ਹਾਂ ਹਾਲਤਾਂ ਵਿੱਚ ਸਤਵੰਤ ਸਿੰਘ ਨੂੰ ਇੰਦਰਾ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਬਿਲਕੁਲ ਯਕੀਨ ਸੀ।ਡਾਕਟਰੀ ਨਜ਼ਰੀਏ ਮੁਤਾਬਕ ਵੀ ਕਿਸੇ ਮਨੁੱਖ ਦੇ ਗੋਲ਼ੀਆਂ ਨਾਲ ਚਾਰ ਵਰਟੀਬਰੇ ਉੱਡ ਜਾਣ ਤਾਂ ਅਜਿਹੀ ਸੂਰਤ ਵਿੱਚ ਬੰਦੇ ਮੌਤ ਮੌਕੇ ਤੇ ਹੋ ਗਈ ਸਮਝੋ ।ਏਮਜ਼ ਹਸਪਤਾਲ ਦੀ ਕੈਜ਼ੂਐਲਟੀ ਵਿੱਚ ਜਦੋਂ ਡਾਕਟਰਾਂ ਨੇ ਸ਼੍ਰੀਮਤੀ ਗਾਂਧੀ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਦੀ ਨਬਜ਼ ਰੁਕੀ ਹੋਈ ਸੀ ਅੱਖਾਂ ਖੁੱਲ੍ਹੀਆਂ ਤੇ ਖੜ੍ਹੀਆਂ ਸਨ। ਅੱਖਾਂ ਵਿੱਚ ਰੌਸ਼ਨੀ ਪਾ ਕੇ ਚੈੱਕ ਕੀਤਾ ਗਿਆ ਤੇ ਦੇਖਿਆ ਗਿਆ ਕਿ ਅਲਾਮਤ ਉਹ ਹੈ ਜੋ ਦਿਮਾਗ਼ ਡੈਡ ਹੋਣ ਵੇਲੇ ਹੁੰਦੀ ਹੈ। ਭਾਵ ਦਿਮਾਗ਼ ਅਤੇ ਦਿਲ ਦੋਵੇਂ ਕੰਮ ਛੱਡ ਚੁੱਕੇ ਨੇ। ਡਾਕਟਰਾਂ ਨੇ ਇੰਦਰਾ ਗਾਂਧੀ ਦੇ ਉੱਥੇ ਹਾਜ਼ਰ ਖ਼ਾਸਮਖ਼ਾਸ ਬੰਦਿਆਂ ਆਰ.ਕੇ ਧਵਨ ਅਤੇ ਐਮ.ਐਲ. ਫੋਤੇਦਾਰ ਨੂੰ ਸਪਸ਼ਟ ਆਖ ਦਿੱਤਾ ਕੰਮ ਤਮਾਮ ਜਾਪਦਾ ਹੈ ਤੇ ਤੁਸੀਂ ਮੈਡਮ ਨੂੰ ਮਰ ਚੁੱਕੀ ਸਮਝ ਕੇ ਜੋ ਕੋਈ ਤਿਆਰੀ-ਬਿਆਰੀ ਕਰਨੀ ਹੈ ਉਹ ਸ਼ੁਰੂ ਕਰ ਸਕਦੇ ਹੋ। ਪਰ ਆਖ਼ਰ ਨੂੰ ਉਹ ਪ੍ਰਧਾਨ ਮੰਤਰੀ ਸੀ ,ਇੰਝ ਇੰਨੀ ਛੇਤੀ ਕਿਵੇਂ ਉਹਨੂੰ ਮੋਈ ਸਮਝ ਕੇ ਕੋਈ ਹੋਰ ਹੀਲਾ ਨਾ ਕੀਤਾ ਜਾਂਦਾ। ਨਾਲੇ ਸ਼੍ਰੀਮਤੀ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਦੇ ਰਾਜਧਾਨੀ ਪੁੱਜਣ ਦੀ ਉਡੀਕ ਵੀ ਕੀਤੀ ਜਾਣੀ ਸੀ ਜੋ ਕੇ ਉਸ ਦਿਨ ਪੱਛਮੀ ਬੰਗਾਲ ਦੇ ਦੌਰੇ ਤੇ ਸੀ ।
ਮੈਡਮ ਨੂੰ ਅੱਧੇ ਪੌਣੇ ਘੰਟੇ ਤੋਂ ਬਾਅਦ ਕੈਜ਼ੂਐਲਟੀ ਤੋਂ ਓਪਰੇਸ਼ਨ ਥੇਟਰ ਵਿੱਚ ਸ਼ਿਫ਼ਟ ਕੀਤਾ ਗਿਆ। ਉੱਥੇ ਉਨ੍ਹਾਂ 'ਤੇ ਉਹ ਜੰਤਰ ਲਾਏ ਗਏ ਜੋ ਫੇਫੜਿਆਂ ਤੇ ਦਿਲ ਦੇ ਕੰਮ ਛੱਡਣ ਦੇ ਬਾਵਜੂਦ ਵੀ ਖ਼ੂਨ ਦਾ ਸਰਕਲ ਚਲਾ ਸਕਦੇ ਹਨ। ਇਸ ਤਰੀਕੇ ਨਾਲ ਮੈਡਮ ਨੂੰ 88 ਬੋਤਲਾਂ ਖ਼ੂਨ ਚਾੜ੍ਹਿਆ ਗਿਆ ਜੋ ਕਿ ਸਰੀਰ ਦੇ ਕੁੱਲ ਖ਼ੂਨ ਦਾ 4-5 ਗੁਣਾ ਬਣਦਾ ਹੈ। ਇਹ ਤਾਂ ਕੀਤਾ ਗਿਆ ਕਿ ਜਿੰਨਾ ਖ਼ੂਨ ਸਰੀਰ 'ਚੋਂ ਨਿਕਲ ਰਿਹਾ ਹੈ ਉਹ ਪੂਰਾ ਹੁੰਦਾ ਰਹੇ। ਪਰ ਅਖੀਰ ਨੂੰ ਬਾਅਦ ਦੁਪਹਿਰ ਢਾਈ ਵਜੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ। ਪਰ ਇਸ ਗੱਲ 'ਤੇ ਡਾਕਟਰਾਂ ਵਿੱਚ ਬਹਿਸ ਹੋਈ ਕਿ ਮੌਤ ਦਾ ਸਮਾਂ ਕਿੰਨੇ ਵਜੇ ਦਾ ਮੰਨ ਕੇ ਲਿਖਿਆਂ ਜਾਵੇ। ਅਖੀਰ ਨੂੰ ਡਾਕਟਰ ਇਸ ਸਿੱਟੇ ਤੇ ਪੁੱਜੇ ਕਿ ਇਹ ਸ਼੍ਰੀਮਤੀ ਗਾਂਧੀ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਤੇ ਡੈੱਥ ਸਰਟੀਫਿਕੇਟ ਚ ਵੀ ਇਹੀ ਮੌਤ ਦਾ ਸਮਾ ਇਹੀ ਲਿਖਿਆ ਗਿਆ ।
ਹਸਪਤਾਲ ਦਾ ਇਹ ਸਰਟੀਫਿਕੇਟ ਵੀ ਸਤਵੰਤ ਸਿੰਘ ਦੀ ਦਿੱਤੀ ਜਾਣਕਾਰੀ ਦੀ ਤਸਦੀਕ ਕਰਦਾ ਹੈ।ਪੋਸਟ ਮਾਰਟਮ ਵਿੱਚ ਇੰਦਰਾ ਗਾਂਧੀ ਦੇ ਸਰੀਰ ਚ ਤੀਹ ਗੋਲੀਆਂ ਵੱਜਣ ਅਤੇ ਰੀੜ੍ਹ ਦੀ ਹੱਡੀ ਦੇ ਚਾਰ ਮਣਕੇ ਉੱਡ ਜਾਣ ਦੀ ਰਿਪੋਰਟ ਦੇਣੀ ਤੇ ਉਹਨੂੰ ਮੋਈ ਹਾਲਤ ਵਿੱਚ ਲਿਆਉਣ ਦੀ ਗੱਲ ਲਿਖੇ ਜਾਣਾ ਸਤਵੰਤ ਸਿੰਘ ਦਾਅਵੇ ਦੇ ਹੱਕ ਚ ਗਵਾਹੀ ਹੈ ਕਿ ਮੈਡਮ ਦੀ ਮੌਤ ਮੌਕੇ ਤੇ ਹੀ ਗਈ ਸੀ ।ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਸਤਵੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਮੌਤ ਦੀ ਤਸਦੀਕ ਵਾਲਾ ਐਲਾਨ ਬਿਲਕੁਲ ਦਰੁਸਤ ਸਾਬਤ ਹੁੰਦਾ ਹੈ । ਕਿਉਂਕਿ ਡਾਕਟਰਾਂ ਨੇ ਜੋ ਕੁਝ ਪੋਸਟ ਮਾਰਟਮ ਚ ਦੇਖਿਆ ਉਹਦਾ ਸਤਵੰਤ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਇਹ ਸਭ ਕੁਝ ਆਪਦੇ ਹੱਥੀਂ ਕੀਤਾ ਹੀ ਉਹਨੇ ਸੀ । ਭਾਵੇਂ ਸਤਵੰਤ ਸਿੰਘ ਦੇ ਇਸ ਐਲਾਨ ਨੂੰ ਸੁਣਨ ਵਾਲ਼ਿਆਂ ਨੇ ਮੌਕੇ ਤੇ ਉਹਦੀ ਗੱਲ ਨੂੰ ਇਤਬਾਰ ਲਾਇਕ ਨਾ ਵੀ ਮੰਨਿਆ ਹੋਵੇ ਪਰ ਇਹ ਸਹੀ ਸੀ । ਸਤਵੰਤ ਸਿੰਘ ਵੱਲੋਂ ਆਖੀ ਗਈ ਇਸ ਗੱਲ ਨੂੰ ਸਰਕਾਰ ਨੇ ਜ਼ੋਰ ਲਾ ਕੇ ਹੋਰ ਅਗਾਂਹ ਫੈਲਣ ਤੋਂ ਰੋਕ ਲਿਆ ਪਰ ਉਹ ਇੰਦਰਾ ਗਾਂਧੀ ਦੀ ਫੌਤਗੀ ਨੂੰ ਨਸ਼ਰ ਕਰਨ ਵਾਲਾ ਉਹ ਪਹਿਲਾ ਸ਼ਖ਼ਸ ਬਣ ਗਿਆ ।
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ ਤੇ ਲੇਖਕ
gurpreetmandiani@gmail.com
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.