ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦਾ ਯਤਨ ਕਰ ਰਿਹਾ ਕਿਸਾਨ- ਸੁਲੱਖਣ ਸਿੰਘ ਜੌਹਲ
ਸੁਲੱਖਣ ਸਿੰਘ ਜੌਹਲ ਉਦਮੀ ਕਿਸਾਨ ਹੈ। ਇੱਕ ਵਿਲੱਖਣ ਸਖ਼ਸ਼ੀਅਤ। ਦੋਸਤਾਂ ਦਾ ਦੋਸਤ । ਆਪਣਿਆਂ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਅਪਣੱਤ ਨਾਲ ਪੇਸ਼ ਹੋਣ ਵਾਲਾ ਨਿੱਘੀ ਬੋਲ ਚਾਲ ਵਾਲਾ ਸਖਸ਼। ਇਸ ਕਲਮ ਨੂੰ ਤਾਂ ਇਹ ਮਾਣ ਵੀ ਕਿ ਉਹ ਕਦੇ ਉਸਦਾ ਵਿਦਿਆਰਥੀ ਵੀ ਰਿਹਾ ਹੈ, ਫਗਵਾੜਾ ਸ਼ਹਿਰ ਦੇ ਇੱਕ ਵਧੀਆ ਸਕੂਲ ਵਿੱਚ,ਜਿਥੇ ਫਗਵਾੜਾ ਅਤੇ ਉਸਦੇ ਆਲੇ ਦੁਆਲੇ ਦੇ ਕਸਬਿਆਂ,ਪਿੰਡਾਂ ਦੇ ਸਰਦੇ ਪੁੱਜਦੇ ਘਰਾਂ ਦੇ ਬੱਚੇ ਪੜ੍ਹਦੇ ਸਨ। ਸੁੱਲਖਣ ਸਿੰਘ ਜੌਹਲ,ਫਗਵਾੜਾ ਦੇ ਨਜ਼ਦੀਕ ਪਿੰਡ ਪੰਡਵੇ ਦਾ ਰਹਿਣ ਵਾਲਾ ਹੈ।
“ਜੌਹਲ” ਕੈਨੇਡਾ ਵਸ ਸਕਦਾ ਸੀ, ਪਰ ਉਸ ਆਪਣੇ ਵਿਰਸੇ ਨੂੰ ਸੰਭਾਲਣ ਅਤੇ ਲੋਕਾਂ ਦਾ ਰਾਹ ਦਸੇਰਾ ਬਨਣ ਲਈ ਆਪਣੀ ਜਨਮ ਭੂਮੀ ਅਤੇ ਲਾਗਲੇ ਪਿੰਡਾਂ ‘ਚ ਜੈਵਿਕ ਖੇਤੀ ਕਰਨ ਨੂੰ ਤਰਜ਼ੀਹ ਦਿੱਤੀ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਿਹਾ। ਫਗਵਾੜਾ ਤੋਂ ਗੁਰਾਇਆ ਜਾਂਦਿਆਂ ਪਿੰਡ ਚਚਰਾੜੀ ਲੰਘਕੇ ਵੱਡੇ ਲੋਹੇ ਵਾਲੇ ਪੁਲ ਤੋਂ ਖੱਬੇ ਮੁੜਦਿਆਂ ਪੱਦੀ ਖ਼ਾਲਸਾ ਪਿੰਡ ਨੂੰ ਪਹੁੰਚਣ ਤੋ ਪਹਿਲਾਂ, ਬਾਹਰ-ਬਾਹਰ ਸੁਲੱਖਣ ਸਿੰਘ ਦਾ ਡੇਢ ਏਕੜ ‘ਚ ਫੈਲਿਆ ਫਾਰਮ ਹਾਊਸ ਹੈ, ਪੈਰਾਡਾਈਜ਼/ ਫਾਰਮ ਹਾਊਸ ਦੇ ਅੰਦਰ ਜਾਂਦਿਆਂ ,ਸਵਰਗ (ਜੇਕਰ ਕੋਈ ਹੈ) ਤਾਂ ਉਸ ਦਾ ਭੁਲੇਖਾ ਪੈਂਦਾ ਹੈ। ਸਾਫ-ਸੁਥਰਾ, ਹਰਿਆ-ਭਰਿਆ, ਪੰਛੀਆਂ, ਪੌਦਿਆਂ, ਬੂਟਿਆਂ, ਫੁੱਲਾਂ ਦੀ ਮਹਿਕ ਨਾਲ ਭਰਿਆ ਭੁਕੰਨਿਆਂ। ਸਚਮੁੱਚ ਕਿਸੇ ਯੂਰਪੀ ਪਿੰਡ ਦੀ ਝਲਕ ਵਾਲਾ, ਜਿਸਦਾ ਹਰ ਪੌਦਾ ਆਰਗੈਨਿਕ ਹੈ। ਉੱਥੇ ਰੱਖੀ ਹਰ ਚੀਜ਼ ਅਜ਼ਬ ਹੈ।
ਫਾਰਮ ਹਾਊਸ ਦੇ ਐਨ ਵਿਚਕਾਰ ਇਕ ਰਿਹਾਇਸ਼ੀ ਮਕਾਨ ਹੈ,ਜਿਸ ‘ਚ ਸੌਣ, ਬਹਿਣ, ਰਸੋਈ, ਬਾਥਰੂਮ ਦੀ ਸੁਵਿਧਾ ਹੈ।ਇੱਕ ਟਿਊਬਵੈਲ ਹੈ ਸਿੰਚਾਈ ਲਈ ਸ਼ਿੰਗਾਰੀਆਂ ਹੋਈਆਂ ਪੱਕੀਆ ਸੜਕਾਂ ਹਨ। ਆਲੇ ਦੁਆਲੇ ਫਲਾਂ, ਫੁੱਲਾਂ ਦੇ ਪੌਦੇ ਹਨ, ਵੇਲ-ਬੂਟੇ ਹਨ। ਅਲਫਾਸੋਂ ਅੰਬ, ਕੇਲਿਆਂ, ਪਪੀਤਿਆਂ, ਖਜ਼ੂਰ ਦੇ ਦਰਖ਼ਤ ਹਰਿਆਲੀ ਭਾਅ ਤਾਂ ਮਾਰਦੇ ਹੀ ਹਨ, ਜਦੋਂ ਇਹ ਪੱਕਣ ਦੇ ਨਜ਼ਦੀਕ ਹੁੰਦੇ ਹਨ, ਉਹ ਦੋਸਤਾਂ ਦੇ ਪਰਿਵਾਰਾਂ ਦੇ ਘਰੀਂ ਪਹੁੰਚਦੇ ਹਨ। ਫਾਰਮ ਹਾਊਸ ਦੀ ਵਿਲੱਖਣਤਾ ਪੰਛੀਆਂ ਦੇ ਆਲ੍ਹਣੇ, ਮੋਰਾਂ, ਤਿੱਤਰਾਂ ਦੇ ਵਾਸੇ (ਘਰ), ਵਿਜੜੇ ਦੇ ਆਲ੍ਹਣੇ ਮਨ ਨੂੰ ਆਕਰਸ਼ਿਤ ਕਰਦੇ ਹਨ। ਸੁਲੱਖਣ ਸਿੰਘ ਦੇ ਸ਼ੋਕ ਅਵੱਲੇ ਹਨ। ਦੋਸਤਾਂ, ਮਿੱਤਰਾਂ ਦੀ ਪ੍ਰਾਹੁਣਚਾਰੀ। ਜਿਹੜੇ ਸ਼ਾਮਾਂ ਨੂੰ ਪੈਰਾਡਈਜ਼ ਪਹੁੰਚਦੇ ਹਨ। ਕੁਦਰਤ ਦਾ ਆਨੰਦ ਮਾਣਦੇ ਹਨ। ਫਾਰਮ ਹਾਊਸ ਪੈਰਾਡਾਈਜ਼ ਵਿੱਚ ਬਾਹਰਲੇ ਦੇਸ਼ਾਂ ਦੇ ਅਤੇ ਭਾਰਤ ਦੇ ਪੁਰਾਣੇ ਟਰੈਕਟਰ(ਜੋ ਚੱਲਦੀ ਹਾਲਤ ‘ਚ ਰੱਖੇ ਹੋਏ ਹਨ) ਜੀਪਾਂ, ਕਾਰਾਂ, ਤੇਲ ਇੰਜਣ, ਟੈਲੀਫੋਨ, ਟਾਂਗੇ,ਸਾਈਕਲ ਰਿਕਸ਼ਾ, ਸਾਈਕਲ ਅਤੇ ਪੰਜਾਬ ਦੇ ਸਭਿਆਚਾਰ ਨਾਲ ਜੁੜਿਆ ਰਸ ਵੇਲਣਾ, ਪੁਰਾਣੇ ਦਰਵਾਜ਼ੇ ਖੂੰਡੇ, ਲਾਲਟੈਣਾਂ ਅਤੇ ਹੋਰ ਵਸਤਾਂ ਜਿਹੜੀਆਂ ਕਿਸੇ ਸੁਚੱਜੇ ਪੇਂਡੂ ਅਜਾਇਬ ਘਰ ਦਾ ਭੁਲੇਖਾ ਪਾਉਂਦੀਆਂ ਹਨ।
ਸੁਲੱਖਣ ਸਿੰਘ ਜੌਹਲ ਆਪ ਹੱਥੀਂ ਤਾਂ ਇਸ ਫਾਰਮ ਹਾਊਸ ਨੂੰ ਵੇਖਦਾ ਹੀ ਹੈ, ਨਾਲ ਖੇਤੀ ਕਾਮੇ, ਮਾਲੀ ਅਤੇ ਹਰ ਸਮੇਂ ਫਾਰਮ ਹਾਊਸ ਦੀ ਸਫ਼ਾਈ ਕਰਨ ਲਈ ਸੇਵਾਦਾਰ ਨਿਯੁਕਤ ਹਨ। ਕੰਧਾਂ ਉਤੇ ਚੜ੍ਹੀਆਂ ਵੇਲਾਂ, ਖਿੜੇ ਹੋਏ ਚਿੱਟੇ, ਪੀਲੇ, ਜਾਮਨੀ ਫੁੱਲ ਫਾਰਮ ਹਾਊਸ ਦੇ ਮਾਹੌਲ ਨੂੰ ਮਨਮੋਹਕ ਤਾਂ ਬਣਾਉਂਦੇ ਹੀ ਹਨ, ਪਰ ਸ਼ਾਨਦਾਰ ਲੈਂਡ ਸਕੈਪਿੰਗ ਅਤੇ ਹਰ ਖਾਲੀ ਥਾਂ ਉਤੇ ਉਗਾਇਆ ਦੇਸੀ, ਅੰਗਰੇਜ਼ੀ ਘਾਹ ਹਰਿਆਲੀ ਦਿੰਦਾ ਦਿਖਦਾ ਹੈ। ਸਚਮੁੱਚ ਪੈਰਾਡਾਈਜ਼ ਫਾਰਮ ਹਾਊਸ ਇੱਕ ਸੁਪਨਾ ਨਹੀਂ ਹਕੀਕਤ ਹੈ, ਜੋ “ਜੌਹਲ” ਨੇ ਪੰਜਾਬ ਦੀ ਇਸ ਧਰਤੀ ਉਤੇ ਸਿਰਜਿਆ ਹੈ, ਜਿਸਦੀ ਉਹ ਪੰਜਾਬੀਆਂ ਲਈ ਵੱਡੀ ਉਦਾਹਰਨ ਹੈ।
ਬਿਨ੍ਹਾਂ ਸ਼ੱਕ ਖੇਤੀ ਧੰਦੇ ਨੂੰ ਹੁਣ ਇੱਕ ਵਪਾਰਕ ਇਕਾਈ ਵਜੋਂ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਬਿਜਾਈ, ਉਤਪਾਦਨ ਤੋਂ ਲੈ ਕੇ ਮੰਡੀਕਰਨ ਤੱਕ ਦਾ ਸਫ਼ਰ ਸੰਗਠਿਤ ਹੋ ਰਿਹਾ ਹੈ। ਪਰ ਜਿਹੜੇ ਕਿਸਾਨ ਜੈਵਿਕ (ਆਰਗੈਨਿਕ) ਖੇਤੀ ਦੇ ਰਾਹ ਪਏ ਹਨ, ਉਹ ਸਚਮੁੱਚ ਸੂਬੇ ਪੰਜਾਬ ਲਈ, ਜਿਥੇ ਖੇਤੀ ਘਾਟੇ ਦੀ ਖੇਤੀ ਬਣ ਗਈ ਹੈ, ਲਈ ਰਾਹ ਦਸੇਰਾ ਬਣ ਗਏ ਹਨ।
ਖੁਸੀ ਹੋਈ ਵਿਰਾਸਤ ਵਿਚੋਂ ਅਤੀਤ ਵਿੱਚ ਹਲਟ, ਹਾਲੀ, ਪਾਲੀ, ਪੰਜਾਬੀ, ਖੂਹ, ਟੋਭੇ, ਚਰਾਂਦਾਂ, ਪਸ਼ੂ ਖੁਸ਼ੀ ਦੇ ਮੌਕਿਆਂ ਤੇ ਇੱਕ-ਦੂਜੇ ਦਾ ਸਾਥ ਅਤੇ ਭਾਈਚਾਰਕ ਏਕਤਾ ਦੀ ਸਮੂਹਿਕ ਵਿਰਾਸਤ ਆਪਣੇ ਅਤੀਤ ਨੂੰ ਲੱਭਦੀ ਹੈ। ਸੁਲੱਖਣ ਸਿੰਘ ਆਪਣੀ ਵਿਰਾਸਤ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ, ਖ਼ਾਸ ਤੌਰ ‘ਤੇ ਉਸ ਵੇਲੇ ਜਦੋਂ ਪ੍ਰਦੂਸ਼ਿਤ ਵਾਤਾਵਰਨ, ਪਾਣੀ ਅਤੇ ਧਰਤੀ ਦੇ ਵਿਗੜੇ ਸੰਤੁਲਨ ਨੇ ਲੋਕਾਂ ਦਾ ਇਸ ਧਰਤੀ ਉਤੇ ਜੀਊਣਾ ਦੁੱਭਰ ਕੀਤਾ ਹੋਇਆ ਹੈ।
ਸੁਲੱਖਣ ਸਿੰਘ ਜੌਹਲ ਦਾ ਹੁਸ਼ਿਆਰਪੁਰ ਵਿਖੇ 100 ਏਕੜ ਦਾ ਯੂ.ਏ.ਈ. ਗ੍ਰੀਨ ਵੈਲੀ ਫਾਰਮ ਹੈ, ਜਿਥੇ ਉਹ ਖੈਰ ਰੁੱਖਾਂ ਦੀ ਖੇਤੀ ਕਰਦਾ ਹੈ। ਜੱਦੀ ਜ਼ਮੀਨ ਪਿੰਡ ਪੰਡਵਾ ‘ਚ ਹੈ। ਉਹ ਜੀਟੀ ਰੋਡ ਸਥਿਤ ਮਿਲਾਪ ਟਾਵਰ ਫਗਵਾੜਾ ਦਾ ਮਾਲਕ ਹੈ ਅਤੇ ਫਗਵਾੜਾ ਦੇ ਨੀਊ ਮਾਡਲ ਟਾਊਨ ਦਾ ਵਸਨੀਕ ਹੈ। ਸੁਲੱਖਣ ਸਿੰਘ ਜੌਹਲ ਦੇ ਪਿਤਾ ਸਵਰਗੀ ਮਲਕੀਤ ਸਿੰਘ ਜੌਹਲ ਅਤੇ ਮਾਤਾ ਸਵਰਗੀ ਦਲੀਪ ਕੌਰ ਬਰਤਾਨੀਆ ‘ਚ ਰਹਿੰਦੇ ਸਨ । ਉਸਦੀ ਪਤਨੀ ਲਖਵਿੰਦਰ ਕੌਰ ਜੌਹਲ ਉਹਨਾ ਦੇ ਨਾਲ ਫਗਵਾੜਾ ‘ਚ ਨਿਵਾਸ ਰੱਖਦੇ ਹਨ ਜਦਕਿ ਉਹਨਾ ਦੇ ਸਪੁੱਤਰ ਮਨਵੀਰ ਸਿੰਘ ਜੌਹਲ ਅਤੇ ਪੁੱਤਰੀ ਨਵਪ੍ਰੀਤ ਕੌਰ ਜੌਹਲ ਟਰੰਟੋ(ਕੈਨੇਡਾ) ਰਹਿੰਦੇ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.