ਕੇਂਦਰੀ ਕਾਂਗਰਸ ਦੀ ਕੋਰਟ ਲੱਗੀ ਹੋਈ ਹੈ। ਅਰਦਲੀ ਆਵਾਜ ਦੇਂਦਾ ਹੈ, "ਕੈਪਟਨ ਬਨਾਮ ਸਿਧੂ ਹਾਜਰ ਹੋ।" ਦੋਵੇਂ ਜਣੇ ਪੇਸ਼ ਹੁੰਦੇ ਨੇ। ਕੈਪਟਨ ਕੂਕ ਰਿਹਾ ਹੈ, "ਏਸ ਬੰਦੇ ਨੇ ਪੰਜਾਬ ਵਿਚ ਕਾਂਗਰਸ ਦਾ ਭੱਠਾ ਬਿਠਾ ਦਿੱਤਾ ਹੈ।" ਸਿੱਧੂ ਭਬਕਿਆ, "ਤੂੰ ਕੀ ਸਵਾਰਿਆ ਕਾਂਗਰਸ ਦਾ, ਆਪ ਵੀ ਘਰ ਬੈਠਾ ਰਿਹਾ, ਕਾਂਗਰਸ ਵੀ ਘਰੇ ਬਿਠਾਲਤੀ।" ਖੱਪ ਖਾਨਾ ਪਾਉਣ ਲਗਦੇ ਹਨ। ਮੈਡਮ ਲੱਕੜ ਦਾ ਹਥੌੜਾ ਮੇਜ ਉਤੇ ਮਾਰਦੀ ਹੈ, "ਚੁੱਪ ਕਰੋ ਚੁੱਪ। ਤੁਹਾਡੀ ਬਕਵਾਸ ਸੁਣਨ ਨੂੰ ਨਹੀ ਬੁਲਾਇਆ ਤੁਹਾਨੂੰ।" ਮੈਡਮ ਦੇ ਹਥੌੜੇ ਡਰਦੇ ਇਹ ਦੋਵੇ ਖਾਮੋਸ਼ ਹੋ ਜਾਂਦੇ ਹਨ। ਤੇ ਸੁਪਨਾ ਟੁੱਟ ਜਾਂਦਾ ਹੈ।
ਪੰਜਾਬ ਵਿਚ ਅਜਕਲ ਸੁਪਨੇ ਦੇਖਣ ਦਿਖਾਉਣ ਦੇ ਦਿਨ ਆ ਰਹੇ ਹਨ। ਖਾਸ ਕਰਕੇ ਨੇਤਾ ਲੋਕ ਸੁਪਨੇ ਵਿਖਾਉਣਗੇ ਵੀ, ਤੇ ਖੁਦ ਵੀ ਵੰਨ ਸੁਵੰਨੇ ਸੁਪਨੇ ਵੇਖਣਗੇ। ਇਹ ਸੁਪਨਿਆਂ ਦੇ ਦਿਨ ਪੰਜੀਂ ਸਾਲੀਂ ਆਉਂਦੇ ਹਨ। ਅੱਜਕਲ ਕੈਪਟਨ ਤੇ ਸਿੱਧੂ ਮਿਹਣੋ ਮਿਹਣੀ ਹੋ ਰਹੇ ਹਨ। ਜੇ ਵੇਖਿਆ ਜਾਵੇ ਤਾਂ ਕੈਪਟਨ ਨੂੰ ਕਾਂਗਰਸ ਘੇਰੀ ਖਲੋਤੀ ਹੈ। ਉਸ ਤੋਂ ਜੁਆਬ ਮੰਗਦੀ ਹੈ। ਉਹ ਟਾਲ ਮਟੋਲ ਕਰ ਰਹੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਰੋਜ ਕੈਪਟਨ ਦੀ ਮੇਜ ਉਤੋਂ ਮਲਾਈ ਖਾਣ ਵਾਲੇ ਵੀ ਅੱਜ ਕੈਪਟਨ ਦੇ ਨਾਲ ਨਹੀਂ ਖੜੇ, ਭੱਜ ਤੁਰੇ ਹਨ। ਇਕ ਪੰਜਾਬੀ ਗੀਤ ਦੇ ਬੋਲ ਹਨ,
ਜੇਹੜੇ ਕਰਿੰਦੇ ਸੀ ਮਰਾਂਗੇ ਨਾਲ ਤੇਰੇ
ਛੱਡਕੇ ਮੈਦਾਨ ਭੱਜ ਗਏ--
ਨੇੜਲੇ ਦਸਦੇ ਹਨ ਕਿ ਕੈਪਟਨ ਨੂੰ ਨੀਂਦਾਂ ਨਹੀਂ ਪੈਂਦੀਆਂ। ਨੀਂਦ ਲਿਆਉਣੀ ਪੈਂਦੀ ਹੈ। ਚਾਰੋਂ ਪਾਸੇ ਤੋਂ ਘਿਰ ਗਿਆ ਹੈ ਅੱਜ ਕਪਤਾਨ ਤੇ ਘੇਰਿਆ ਵੀ ਆਪਣਿਆਂ ਨੇ। ਗੁਰਦਾਸ ਮਾਨ ਗਾਉਂਦਾ ਹੈ:
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾ ਦੇ ਰਾਤੀਂ ਯਾਰ ਵਿਛੜੇ
ਕੈਪਟਨ ਟੀਵੀ ਚੈਨਲ ਉਤੇ ਇੰਟਰਵਿਊ ਦੇ ਰਹੇ ਹਨ। ਉਨਾਂ ਦੀ ਚੁਟਕੀ ਵਿਚ ਵੀ ਚੁਸਤੀ ਹੈ ਤੇ ਆਵਾਜ ਵਿਚ ਗੜਕਾ ਵੀ ਹੈ। ਹੁਣ ਸਾਹ ਨਹੀਂ ਫੁਲਦਾ ਉਨਾਂ ਦਾ। ਉਹ ਕਹਿ ਰਹੇ ਹਨ ਕਿ ਮੈਂ ਘਰ ਬਹਿਣ ਵਾਲਾ ਨਹੀਂ ਹਾਂ ਹਾਲੇ। ਮੈਂ ਹੋਰ ਤੁਰਨਾ ਹੈ ਅਜੇ। ਸਿੱਧੂ ਦਾ ਨਾਂ ਸੁਣਦਿਆਂ ਕੈਪਟਨ ਨੂੰ ਤਰੇਲੀ ਆ ਜਾਂਦੀ ਹੈ। ਉਹ ਸਵਾਲ ਕਰਤਾ ਨੂੰ ਘੂਰੀ ਵੱਟਣੀ ਚਾਹੁੰਦੇ ਹਨ ਪਰ ਸੰਭਲ ਜਾਂਦੇ ਹਨ। ਸਿਆਸਤ ਵਿਚ ਘੂਰੀਆਂ, ਦੂਰੀਆਂ, ਦੋਸਤੀਆਂ ਤੇ ਦੁਸ਼ਮਣੀਆਂ ਨਾਲ ਨਾਲ ਚਲਦੀਆਂ ਰਹਿੰਦੀਆਂ ਹਨ, ਇਨਾਂ ਬਿਨਾਂ ਸਿਆਸਤ ਅਧੂਰੀ ਹੈ।
ਵਿਲੱਖਣ ਸਮਾਂ ਹੈ। ਇਕ ਪਾਸੇ ਬਾਦਲ ਤਾੜੀਆਂ ਵਜਾ ਰਹੇ ਹਨ ਕਿ ਇਹ ਚੰਗਾ ਹੈ ਕਿ ਕਾਂਗਰਸ ਆਪਣੇ ਕਾਟੋ ਕਲੇਸ਼ ਵਿਚ ਘਿਰੀ ਹੋਈ ਹੈ। ਕੋਈ ਚੰਨੀ ਦੀ ਸਾਦਗੀ ਦਾ ਫੈਨ ਹੋ ਰਿਹਾ ਹੈ। ਕੋਈ ਵੱਡੇ ਬਾਦਲ ਦੀ ਸਿਆਸਤ ਤੋਂ ਛੁੱਟੀ ਦੀਆਂ ਬਾਤਾਂ ਪਾ ਰਿਹਾ ਹੈ। ਆਮ ਆਦਮੀ ਪਾਰਟੀ ਵਿਚ ਅੰਦਰੋ ਅੰਦਰੀ ਭਗਵੰਤ ਮਾਨ ਦਾ ਵਿਰੋਧ
ਜਾਰੀ ਹੈ। ਕਰੋਨਾ ਨੂੰ ਠੱਲ ਪੈਣ ਨਾਲ ਸਿਆਸਤਦਾਨਾਂ ਦੇ ਨੇ ਦੂਹਰੀ ਤੀਹਰੀ ਖੁਸ਼ੀ ਮਨਾਈ ਹੈ, ਪਹਿਲਾਂ ਡਰ ਸੀ ਕਿ ਕਿਤੇ ਵੋਟਾਂ ਦੇ ਦਿਨਾਂ ਵਿਚ ਮਾਸਕ ਨਾ ਪਾਉਣੇ ਪੈ ਜਾਣ। ਹੱਥ ਵੀ ਮਿਲਾਉਣੇ ਹਨ ਤੇ ਜੱਫੀਆਂ ਵੀ ਪਾਉਣੀਆਂ ਹਨ, ਫਿਰ ਹੀ ਵੋਟਾਂ ਥਿਆਉਣੀਆਂ ਹਨ। ਦੇਸਾਂ ਪਰਦੇਸਾਂ ਵਿਚ ਬੈਠੇ ਪੰਜਾਬੀ ਪੁੱਤਰ ਵੋਟਾਂ ਦਾ ਨਜਾਰਾ ਅੱਖੀਂ ਦੇਖਣ ਤੇ ਪੰਜਾਬ ਫੇਰੀ ਪਾਉਣ ਲਈ ਤੇ ਆਪਣੇ ਖਾਸਮ ਖਾਸ ਨੂੰ ਜਿਤਾਉਣ ਲਈ ਉਤਸੁਕ ਹੇ ਰਹੇ ਹਨ। ਹਵਾਈ ਜਹਾਜਾਂ ਦੀਆਂ ਟਿਕਟਾਂ ਤੇਜੀ ਨਾਲ ਬੁਕ ਹੋਣ ਲੱਗੀਆਂ ਹਨ।
ਅਰਦਲੀ ਨੇ ਫਿਰ ਆਵਾਜ ਲਗਾਈ ਹੈ, "ਕੈਪਟਨ ਬਨਾਮ ਸਿੱਧੂ ਹਾਜਰ ਹੋ।" ਮੈਡਮ ਨੇ ਕੋਰਟ ਮੁੜ ਲਗਾ ਲਈ ਹੈ। ਮੇਜ ਉਪਰ ਲੱਕੜ ਦਾ ਹਥੌੜਾ ਪਿਆ ਹੈ, ਦੇਖੋ ਕਿਸਦੇ ਵਿਚ ਵੱਜਦਾ ਹੈ ਤੇ ਕਿੰਨੀ ਕੁ ਪੀੜ ਹੁੰਦੀ ਹੈ। ਸਿੱਧੂ ਕਹਿ ਰਿਹਾ ਹੈ ਕਿ ਮੈਡਮ, ਮੈਂ ਕਿੰਨੀ ਵਾਰੀ ਕਿਹਾ ਸੀ ਕਿ ਇਹ ਭਾਜਪਾ ਤੇ ਬਾਦਲਾਂ ਨਾਲ ਰਲਿਆ ਹੋਇਆ ਹੈ। ਕੈਪਟਨ ਨੇ ਆਪਣੀ ਆਖੀ ਹੈ, " ਮੈਡਮ, ਸਭ ਨੂੰ ਪਤਾ ਹੈ ਕਿ ਏਹ ਇਮਰਾਨ ਖਾਨ ਦਾ ਯਾਰ ਹੈ ਤੇ ਦੇਸ਼ ਲਈ ਖਤਰਾ ਹੈ।" ਲਾਗਿਓਂ ਰਾਵਤ ਜੀ ਬੋਲਦੇ ਹਨ, "ਮੁੱਦੇ ਪੇ ਬਾਤ ਕੀਜੀਏ, ਇਧਰ-ਉਧਰ ਕੀ ਬਾਤ ਮਤ ਕਰੋ।" ਮੈਡਮ ਅਰਦਲੀ ਨੂੰ ਆਦੇਸ਼ ਦਿੰਦੀ ਹੈ ਕਿ ਗਵਾਹੋਂ ਕੋ ਅੰਦਰ ਬੁਲਾਓ। ਅਰਦਲੀ ਬਾਹਰ ਜਾਕੇ ਗਵਾਹਾਂ ਨੂੰ ਆਵਾਜ ਲਗਾ ਰਿਹਾ ਹੈ, ਸਾਰੇ ਗਵਾਹ ਗਾਇਬ ਹਨ। ਮੈਡਮ ਨੇ ਪੇਸ਼ੀ ਲਈ ਅਗਲੀ ਤਾਰੀਖ ਮਿਥ ਦਿੱਤੀ ਹੈ।
ਰਬ ਖੈਰ ਕਰੇ!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.