ਪਿਆਰੇ ਬੱਚਿਓ, ਨਿੱਕੀ ਉਮਰ ਤੋਂ ਅਕਸਰ ਤੁਹਾਡੇ ਵੱਡੇ ਅਕਸਰ ਹਦਾਇਤ ਕਰਦੇ ਨੇ ਕਿ ਪੜ੍ਹ ਲਓ, ਤੁਹਾਡੇ ਨੰਬਰ ਚੰਗੇ ਆ ਜਾਣਗੇ, ਤੁਸੀਂ ਫ਼ਸਟ ਆ ਜਾਓਗੇ ਜਾਂ ਤੁਹਾਨੂੰ ਫਲਾਂ ਤੋਹਫ਼ਾ ਮਿਲੇਗਾ, ਜਦੋਂ ਹੀ ਤੁਸੀਂ ਥੋੜ੍ਹੇ ਵੱਡੇ ਹੁੰਦੇ ਹੋ ਤਾਂ ਉਹੀ ਮਾਪੇ ਪੜ੍ਹਨ ਦੀਆਂ ਹਦਾਇਤਾਂ ਤਾਂ ਉਵੇਂ ਹੀ ਰੱਖਦੇ ਨੇ ਪਰ ਪੜ੍ਹਨ ਦਾ ਮੰਤਵ ਬਦਲ ਕੇ ਤੁਹਾਨੂੰ ਨੌਕਰੀ ਲੈਣ, ਵਿਦੇਸ਼ ਜਾਣ ਜਾਂ ਵਧੀਆ ਮੁੰਡੇ ਕੁੜੀ ਨਾਲ ਵਿਆਹ ਕਰਾਉਣ ਆਦਿ ਦਾ ਲਾਲਚ ਵੀ ਦੇਣ ਲੱਗ ਜਾਂਦੇ ਹਨ , ਹੁਣ ਮਸਲਾ ਇਹ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਸਾਲ ਦਰ ਸਾਲ ਪੜ੍ਹਨਾ ਤੇ ਅਗਲੀ ਜਮਾਤ ਵਿਚ ਦਾਖ਼ਲ ਹੋਣਾ ਹੀ ਉਸ ਲਈ ਪੜ੍ਹਾਈ ਹੁੰਦੀ ਹੈ , ਜਦਕਿ ਪੜ੍ਹਾਈ ਅਸਲ ਵਿਚ ਕੋਈ ਸਲੇਬਸ ਦੀ ਬੰਦਿਸ਼ ਨਹੀਂ, ਨਾ ਹੀ ਕਿਸੇ ਖ਼ਾਸ ਉਮਰ ਵਿਚ ਕੀਤਾ ਜਾਣ ਵਾਲਾ ਕੰਮ , ਹਾਂ, ਹੁਣ ਤੁਹਾਡੇ ਦਿਮਾਗ 'ਚ ਸਵਾਲ ਆਵੇਗਾ ਕਿ ਫ਼ੇਰ ਪੜ੍ਹਨਾ ਕੀ ਹੈ ?
ਦਰਅਸਲ ਬੱਚਿਓ , ਸਵਾਲ ਵੀ ਹੁਣ ਦੋ ਬਣ ਗਏ ਕਿ ਪੜ੍ਹਨਾ ਕੀ ਹੈ ਅਤੇ ਪੜ੍ਹਾਈ ਵਿਚ ਵੀ ਕੀ ਪੜ੍ਹਨਾ ਹੈ ? ਚਲੋ ਹੁਣ ਲੱਭਦੇ ਹਾਂ ਤੁਹਾਡੇ ਸਵਾਲ ਦਾ ਜਵਾਬ , ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਪੜ੍ਹਾਈ ਲੋਕ ਕਰਦੇ ਕਿਓੰ ਨੇ , ਇਸ ਦੁਨੀਆਂ ਵਿਚ ਲੋਕ ਤਿੰਨ ਤਰ੍ਹਾਂ ਨਾਲ ਪੜ੍ਹਾਈ ਦਾ ਅਰਥ ਲੈਂਦੇ ਹਨ , 1. ਨੌਕਰੀ ਲੈਣ ਵਾਸਤੇ 2. ਦੋਸਤਾਂ ਨੂੰ ਈਰਖਾ ਮਹਿਸੂਸ ਕਰਾਉਣ ਲਈ 3. ਸਿਰਫ਼ ਪੜ੍ਹਨ ਵਾਸਤੇ , ਉਪਰੋਕਤ ਤਿੰਨਾਂ ਵਿੱਚੋਂ ਪਹਿਲੇ ਦੋ ਕਿਸਮ ਦੇ ਲੋਕਾਂ ਦੀ ਮਨਸ਼ਾ ਤਾਂ ਤੁਹਾਨੂੰ ਸਮਝ ਆ ਹੀ ਗਈ ਹੋਵੇਗੀ , ਹੁਣ ਬਚੀ ਤੀਸਰੀ ਕਿਸਮ ਅਤੇ ਇਹੀ ਤੀਸਰੀ ਕਿਸਮ ਹੈ ਤੁਹਾਡੇ ਸਵਾਲ ਦਾ ਸਹੀ ਜਵਾਬ , ਪੜ੍ਹਨਾ ਦਰਅਸਲ ਅਸੀਂ ਪੜ੍ਹਨ ਵਾਸਤੇ ਹੀ ਹੁੰਦਾ ਹੈ , ਇੱਥੇ ਪੜ੍ਹਾਈ ਕਰਨ ਪਿੱਛੇ ਸਾਡਾ ਕੋਈ ਲਾਲਚ ਨਹੀਂ ਸਗੋਂ ਸਾਡਾ ਸ਼ੌੰਕ ਹੁੰਦਾ ਹੈ , ਜੋ ਸਾਨੂੰ ਦੁਨੀਆਂ ਭਰ ਦੀ ਜਾਣਕਾਰੀ ਨਾਲ ਜੋੜੀ ਰੱਖਦਾ ਹੈ , ਕਿੰਨੀ ਚੰਗੀ ਗੱਲ ਹੈ ਨਾ ਕਿ ਜਿਸ ਥਾਂ ਤੱਕ ਜਾਣ ਲਈ ਸਾਡੇ ਕੋਲ ਪੈਸੇ ਨਾ ਹੋਣ ਉੱਥੋਂ ਦੇ ਸਾਹਿਤ ਰਾਹੀਂ ਉਸ ਥਾਂ ਬਾਰੇ ਪੜ੍ਹ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਾ਼ , ਸੋ ਹਰ ਉਮਰ ਵਿਚ ਪੜ੍ਹਨ ਦੀ ਆਦਤ ਵੱਖਰੀ ਹੁੰਦੀ ਹੈ ਜਿਵੇਂ ਬਚਪਨ ਵਿਚ ਅਸੀਂ ਕਾਮਿਕਸ , ਪੇਟਿੰਗਜ਼ ਜਾਂ ਬਾਲ ਕਵਿਤਾਵਾਂ ਤੇ ਬਾਲ ਕਹਾਣੀਆਂ ਦੇ ਸ਼ੌੰਕੀ ਹੁੰਦੇ ਹਾਂ ਪਰ ਵੱਡੇ ਹੋ ਕੇ ਸਿਰਫ਼ ਸਿਲੇਬਸ ਕੇੰਦਰਿਤ ਹੀ ਰਹਿ ਜਾਂਦੇ ਹਾਂ
ਅਸਲ ਵਿਚ ਮੁੱਦਾ ਹੀ ਇਹ ਹੈ ਕਿ ਜੇਕਰ ਸਾਨੂੰ ਪੜ੍ਹਨ ਦਾ ਮਹੱਤਵ, ਪੜ੍ਹਨ ਦੀ ਲੋੜ ਅਤੇ ਪੜ੍ਹਨ ਦਾ ਤਰੀਕਾ ਪਤਾ ਹੋਵੇ ਤਾਂ ਅਸੀਂ ਵੀ ਕਿਤਾਬਾਂ ਦੀ ਅਸਲ ਅਹਿਮੀਅਤ ਸਮਝ ਸਕੀਏ , ਨਹੀਂ ਤਾਂ ਹੁਣ ਏਥੇ ਕਿਤਾਬ ਚੁੱਕਣਾ ਬਸ ਪੇਪਰ ਦੇਣ ਦਾ ਹੀ ਮਸਲਾ ਬਣਿਆ ਪਿਆ ਹੈ , ਹੁਣ ਅਸੀਂ ਉੱਪਰਲੀ ਗੱਲ ਨੂੰ ਹੋਰ ਵੀ ਸਪੱਸ਼ਟ ਸਮਝਣ ਲਈ ਉਮਰ ਅਨੁਸਾਰ ਵਰਗ ਵੰਡ ਕਰ ਲੈਂਦੇ ਹਾਂ ਬਿਨਾਂ ਸ਼ੱਕ ਬਚਪਨ ਵਿਚ ਸਾਨੂੰ ਜਾਨਵਰਾਂ ਦੀਆਂ ਕਹਾਣੀਆਂ ਤੇ ਗੀਤ ਚੰਗੇ ਲੱਗਦੇ ਨੇ ਪਰ ਅਸੀਂ ਇਸ ਨਾਲ ਕਿਸੇ ਵੀ ਤਰੀਕੇ ਤਰਕਮਈ ਵਿਗਿਆਨ ਵਾਲੀਆਂ ਕਹਾਣੀਆਂ ਜਾਂ ਸੌਖੇ ਸ਼ਬਦਾਂ ਵਿੱਚ ਪੁਲਾੜ ਦੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਵਿਚ ਜੋੜ ਸਕਦੇ ਹਾਂ
ਸਭ ਤੋਂ ਪਹਿਲਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਝਣ ਕਿ ਬੱਚੇ ਵਾਸਤੇ ਇਹ ਸਮਾਂ ਭੋਲੇਪਣ ਦਾ ਸਮਾਂ ਹੈ ਤੇ ਉਸਨੂੰ ਚੰਗੇ ਮਾੜੇ ਦੀ ਸਮਝ ਨਹੀਂ , ਇਸ ਲਈ ਪਾਲਣ ਪੋਸ਼ਣ ਦੇ ਨਾਲ਼-ਨਾਲ਼ ਉਸ ਲਈ ਚੁਣੇ ਜਾਣ ਵਾਲੇ ਸਾਹਿਤ ਦੀ ਚੋਣ ਵੀ ਉਨ੍ਹਾਂ ਨੇ ਹੀ ਕਰਨੀ ਹੁੰਦੀ ਹੈ , ਦੁਨੀਆਂ ਦੀ ਹਰ ਖੋਜ, ਕੀ, ਕਿਓੰ ਅਤੇ ਕਿਵੇਂ ਦੇ ਸਵਾਲਾਂ ਤੋਂ ਹੀ ਸ਼ੁਰੂ ਅਤੇ ਖ਼ਤਮ ਹੋ ਜਾਂਦੀ ਹੈ , ਇੱਕ ਚੰਗੀ ਜ਼ਿੰਦਗੀ ਲਈ ਵਿਅਕਤੀ ਨੇ ਇਹਨਾਂ ਸਵਾਲਾਂ ਦੇ ਜਵਾਬ ਹੀ ਤਾਂ ਲੱਭਣੇ ਹੁੰਦੇ ਨੇ ਤਾਂ ਜੋ ਪਤਾ ਲੱਗੇ ਕਿ ਉਹ ਇਸ ਦੁਨੀਆਂ 'ਤੇ ਕੀ ਕਿਵੇਂ ਅਤੇ ਕਿਓੰ ਕਰ ਰਹੇ ਹਨ , ਸੋ, ਛੋਟੀ ਉਮਰੇ ਬੱਚੇ ਵਿਚ ਜੇ ਇਹ ਕੀ, ਕਿਵੇਂ ਅਤੇ ਕਿਉਂ ਦਾ ਤਰਕ ਫ਼ਿਟ ਕਰਨਾ ਹੈ ਤਾਂ ਉਸ ਨੂੰ ਪਰੀ ਕਹਾਣੀਆਂ, ਨੀਤੀ ਕਹਾਣੀਆਂ ਦੇ ਨਾਲ਼-ਨਾਲ਼ ਵਿਗਿਆਨ, ਪੁਲਾੜ ਦੀਆਂ ਖੋਜਾਂ ਦੀਆਂ ਕਿਤਾਬਾਂ ਜ਼ਰੂਰ ਲਗਵਾਈਆਂ ਜਾਣ
ਉਮਰ ਦੇ ਦੂਸਰੇ ਜਾਣੀ ਬਾਲਗ ਹੋਣ ਦੇ ਪੜਾਅ ਤੇ ਬੱਚੇ ਵਿਚ ਚੰਗੇ, ਮਾੜੇ ਦੀ ਸਮਝ ਤਾਂ ਆਉਂਦੀ ਹੀ ਹੈ ਨਾਲ਼ ਹੀ ਆਪਣੇ ਆਪ ਨੂੰ ਸਾਬਿਤ ਕਰਨ ਦੀ ਤਾਂਘ ਵੀ ਤੇਜ਼ ਹੋ ਜਾਂਦੀ ਹੈ , ਇਸ ਉਮਰੇ ਬੱਚੇ ਆਪਣੇ ਆਪ ਨੂੰ ਨਾਇਕ/ ਹੀਰੋਇਨ ਕਿਆਸਣ ਲੱਗ ਜਾਂਦੇ ਹਨ , ਇਸ ਉਮਰ ਵਿਚ ਉਨ੍ਹਾਂ ਨੂੰ ਕਵਿਤਾ, ਕਹਾਣੀ ਤੋਂ ਬਿਨ੍ਹਾਂ ਸਾਹਿਤ ਦੀ ਇੱਕ ਹੋਰ ਵਿਧਾ, ਨਾਵਲ ਨਾਲ ਜੋੜਨਾ ਬਣਦਾ ਹੈ , ਅਜਿਹਾ ਇਸ ਕਰਕੇ ਕਿ ਵਿਦਿਆਰਥੀ ਨੌਜਵਾਨੀ ਵਿਚ ਆਪਣੇ ਆਪ ਨੂੰ ਲਿਖਤ ਦੇ ਪਾਤਰਾਂ ਨਾਲ ਜੁੜਿਆ ਮਹਿਸੂਸਦੇ ਹਨ , ਅਜਿਹੇ ਵਿਚ ਉਨ੍ਹਾਂ ਦੇ ਭੌਰੇ ਵਾਂਗ ਨੱਚਦੇ ਮਨ ਨੂੰ ਟਿਕਾਉਣ ਲਈ ਉਨ੍ਹਾਂ ਨੂੰ ਨਾਲ਼ ਪਰਸਨੈਲਿਟੀ ਡਿਵਲਪਮੈਂਟ, ਮੋਟੀਵੇਸ਼ਨਲ, ਮਨੋਵਿਗਿਆਨਕ ਵਿਕਾਸ ਦੀ ਸਮਝ ਰੱਖਦੀਆਂ ਕਿਤਾਬਾਂ ਨਾਲ ਵੀ ਜੋੜਨਾ ਚਾਹੀਦਾ ਹੈ
ਇਸੇ ਤਰ੍ਹਾਂ ਜਦੋਂ ਵਧਦੀ ਉਮਰ ਦੇ ਨਾਲ਼-ਨਾਲ਼ ਇਨਸਾਨ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਤੇ ਬਦਲਦੀਆਂ ਦੋਵੇਂ ਹਨ ਤਾਂ ਉਹ ਬਹੁਤੀ ਦਫ਼ਾ ਕਿਤਾਬਾਂ ਤੋਂ ਦੂਰ ਹੋ ਜਾਂਦੇ ਹਨ , ਜਦੋਂ ਕਿ ਇਸੇ ਉਮਰ ਵਿਚ ਸਾਡੀ ਸਮਝ ਵਿਚ ਪਰਿਵਰਤਨ ਅਤੇ ਪਕਿਆਈ ਦੋਵੇਂ ਆਉਣੀ ਕੁਦਰਤੀ ਵਰਤਾਰਾ ਹੈ , ਸੋ, ਏਥੇ ਆ ਕੇ ਅਸੀਂ ਸਜਣ-ਫੱਬਣ, ਸ਼ਾਪਿੰਗ ਕਰਨ ਜਾਂ ਨਿੱਤ ਬਦਲਦੇ ਫ਼ੈਸ਼ਣ ਵੱਲ ਹੋ ਜਾਂਦੇ ਹਨ ਅਤੇ ਕਿਤਾਬਾਂ ਦੀ ਜਗ੍ਹਾ ਹੋਰ ਵਸਤੂਆਂ ਲੈ ਬਹਿੰਦੀਆਂ ਹਨ , ਅੱਜ ਕੱਲ੍ਹ ਤਾਂ ਕਿਤਾਬ ਚੁੱਕਣ ਦੀ ਬਜਾਇ ਬੱਚੇ ਤੋਂ ਵੱਡਿਆਂ ਤੱਕ ਮੋਬਾਇਲ ਚਲਾਉਣਾ ਜ਼ਿਆਦਾ ਵਧੀਆ ਸਮਝਦੇ ਹਨ , ਹੁਣ ਬਹੁਤੇ ਲੋਕ ਤੁਹਾਨੂੰ ਵੀ ਇਹੀ ਕਹਿੰਦੇ ਮਿਲਣਗੇ ਕਿ ਕਿਤਾਬਾਂ ਨੇ ਕਿਹੜੀ ਰੋਟੀ ਦੇਣੀ ਹੈ ਪਰ ਤੁਸੀਂ ਇਹ ਨਹੀਂ ਭੁੱਲਣਾ ਕਿ ਇਹ ਕਿਤਾਬਾਂ ਹੀ ਤੁਹਾਨੂੰ ਰੋਟੀ ਕਮਾਉਣ ਦੇ ਲਾਇਕ ਕਰਦੀਆਂ ਹਨ ਅਤੇ ਤੁਹਾਡੇ ਹਿੱਸੇ ਦੀ ਰੋਟੀ ਖੋਹਣ ਵਾਲਿਆਂ ਦੀ ਸ਼ਨਾਖ਼ਤ ਵੀ
ਸੋ, ਵੱਡੀ ਉਮਰ ਵਿਚ ਤੁਹਾਡੇ ਕੋਲ ਪੜ੍ਹਨ ਲਈ ਦੁਨੀਆਂ ਭਰ ਦਾ ਵੱਖ-ਵੱਖ ਭਾਸ਼ਾਵਾਂ ਦਾ ਸਾਹਿਤ ਹੈ , ਵਿਦਵਾਨਾਂ, ਚਿੰਤਕਾਂ ਦੀਆਂ ਸਵੈ ਜੀਵਨੀਆਂ ਨੇ ਜੋ ਕਿ ਉਨ੍ਹਾਂ ਦੀ ਕਾਮਯਾਬੀ ਤੱਕ ਪਹੁੰਚਣ ਲਈ ਉਨ੍ਹਾਂ ਵੱਲੋਂ ਹੰਢਾਏ ਹੋਏ ਹਜ਼ਾਰਾਂ ਤਜ਼ੁਰਬੇ ਹੁੰਦੇ ਹਨ , ਇਸੇ ਤਰ੍ਹਾਂ ਬਾਕੀ ਸਾਰੀ ਜ਼ਿੰਦਗੀ ਵਿਅਕਤੀ ਸਾਹਿਤ ਦੇ ਕਈ ਰੂਪਾਂ ਜਿਵੇਂ ਕਹਾਣੀਆਂ, ਨਾਟਕਾਂ, ਨਾਵਲਾਂ, ਸਫ਼ਰਨਾਮੇ, ਡਾਇਰੀਆਂ, ਲੇਖ, ਹੋਰ ਦੇਸ਼ਾਂ ਦੇ ਸਾਹਿਤ ਰੂਪ ਅਤੇ ਫ਼ਿਲਾਸਫ਼ੀਆਂ ਨੂੰ ਵੀ ਪੜ੍ਹ ਸਕਦਾ ਹੈ ਜੋ ਉਸ ਦੀ ਸਾਰੀ ਉਮਰ ਦੀ ਸਾਥੀ ਬਣ ਕੇ ਨਿਭਣਗੀਆਂ
ਦਿਲਚਸਪ ਗੱਲ ਪਤਾ ਕੀ ਹੈ ਬੱਚਿਓ ਕਿ ਜਿਹੜੇ ਲੋਕ ਸਿਰਫ਼ ਪੜ੍ਹਨ ਵਾਸਤੇ ਪੜ੍ਹਦੇ ਨੇ ਨਾ , ਉਹ ਨੌਕਰੀਆਂ ਵੀ ਲੈ ਜਾਂਦੇ ਨੇ, ਖੋਜਾਂ ਵੀ ਕਰ ਲੈਂਦੇ ਨੇ ਅਤੇ ਸਾਰੀ ਜ਼ਿੰਦਗੀ ਲੋਕਾਂ ਵੱਲੋਂ ਪਸੰਦ ਵੀ ਕੀਤੇ ਜਾਂਦੇ ਹਨ , ਸੋ, ਕਿਸੇ ਵਿਦਵਾਨ ਦਾ ਕਥਨ ਵੀ ਹੈ ਕਿ ਪੜ੍ਹਨ ਵਾਲਿਆਂ ਦੀ ਪ੍ਰਾਪਤੀ ਵਿਚ ਹਰ ਚੀਜ਼ ਹੁੰਦੀ ਹੈ , ਸੋ, ਪੜ੍ਹਨਾ ਕਦੇ ਨਾ ਛੱਡੋ , ਜੇ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਹਾਲੇ ਨਹੀਂ ਪਈ ਤਾਂ ਰੋਜ਼ਾਨਾ ਅਖ਼ਬਾਰ ਅਤੇ ਉਸ ਵਿਚ ਛਪੇ ਵੱਖ-ਵੱਖ ਲੇਖ ਪੜ੍ਹ ਕੇ ਵੀ ਤੁਸੀਂ ਇਹ ਆਦਤ ਪੱਕੀ ਕਰ ਸਕਦੇ ਹੋ , ਇਸ ਦੇ ਨਾਲ਼ ਜਿੱਥੇ ਤੁਹਾਡਾ ਗਿਆਨ ਵਧੇਗਾ ਉੱਥੇ ਤੁਸੀਂ ਆਪਣਾ ਸ਼ਬਦ ਭੰਡਾਰ ਵੀ ਏਨਾ ਮਜਬੂਤ ਕਰ ਲਵੋਗੇ ਕਿ ਤੁਸੀਂ ਬੋਲੋਗੇ ਤਾਂ ਵੀ, ਵਿਚਰੋਗੇ ਤਾਂ ਵੀ, ਤੁਹਾਡੇ ਵਿਵਹਾਰ ਵਿੱਚੋਂ ਤੁਹਾਡੀ ਪੜ੍ਹਾਈ ਤੁਹਾਡੀ ਸ਼ਖ਼ਸੀਅਤ ਵਿੱਚੋਂ ਜ਼ਰੂਰ ਝਲਕੇਗੀ , ਆਸ ਕਰਦੀ ਹਾਂ ਕਿ ਤੁਸੀਂ ਮੇਰੇ ਨਾਲ਼ ਏਨੀਆਂ ਗੱਲਾਂ ਬਾਅਦ ਪੜ੍ਹਨ ਦੀ ਆਦਤ ਜ਼ਰੂਰ ਪੱਕੀ ਕਰੋਗੇ
-
ਖ਼ੁਸ਼ਮਿੰਦਰ ਕੌਰ , ਹੈਡਮਿਸਟ੍ਰੈੱਸ, ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ,
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.