ਸਮਾਜ ’ਚ ਤੇਜ਼ੀ ਨਾਲ ਕਾਨੂੰਨੀ ਪ੍ਰਕਿਰਿਆ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਣ ਨਾਲ ਵਕਾਲਤ ਦੇ ਪੇਸ਼ੇ
ਅੱਜ ਫ਼ੈਸਲੇ ਦੀ ਕਾਰਜਸ਼ੀਲਤਾ ਕਾਰਨ ਲੋਕਾਂ ਦਾ ਅਦਾਲਤਾਂ ’ਤੇ ਭਰੋਸਾ ਵਧਿਆ ਹੈ। ਇਹ ਉਮੀਦ ਜਾਗੀ ਹੈ ਕਿ ਜੇ ਸਰਕਾਰ ਤੇ ਪ੍ਰਸ਼ਾਸਨ ਉਦਾਸੀਨਤਾ ਵਾਲਾ ਰਵੱਈਆ ਅਪਣਾਉਂਦੇ ਹਨ ਤਾਂ ਅਦਾਲਤ ਜ਼ਰੂਰ ਨਿਆਂ ਦਿਵਾਏਗੀ। ਹਾਲ ਹੀ ’ਚ ਦੇਖਿਆ ਗਿਆ ਹੈ ਕਿ ਜਦੋਂ ਲੋਕਾਂ ਦੀਆਂ ਉਮੀਦਾਂ ਸੰਸਥਾਵਾਂ, ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਪੂਰੀਆਂ ਨਹੀਂ ਕਰਦੀ ਤਾਂ ਉਨ੍ਹਾਂ ਸਾਹਮਣੇ ਆਸ ਦੀ ਕਿਰਨ ਸਿਰਫ਼ ਅਦਾਲਤ ਹੀ ਹੁੰਦੀ ਹੈ, ਜਿਥੋਂ ਲੋਕਾਂ ਨੂੰ ਰਾਹਤ ਵੀ ਮਿਲਦੀ ਹੈ ਤੇ ਦੋਸ਼ੀ ਪੱਖ ਨੂੰ ਸਜ਼ਾ ਵੀ। ਦੂਸਰੇ ਪਾਸੇ, ਸਮਾਜ ’ਚ ਤੇਜ਼ੀ ਨਾਲ ਕਾਨੂੰਨੀ ਪ੍ਰਕਿਰਿਆ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਣ ਨਾਲ ਵਕਾਲਤ ਦੇ ਪੇਸ਼ੇ ’ਚ ਜ਼ਬਰਦਸਤ ਤਬਦੀਲੀ ਆਈ ਹੈ। ਬੀਤੇ 10 ਸਾਲਾਂ ਤੋਂ ਵਕੀਲਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਤੇਜ਼ੀ ਨਾਲ ਉੱਭਰ ਰਹੀਆਂ ਲਾਅ ਫਰਮਜ਼ ਤੇ ਨਵੀਆਂ-ਨਵੀਆਂ ਕਾਰਪੋਰੇਟ ਕੰਪਨੀਆਂ ਆਉਣ ਨਾਲ ਕਾਨੂੰਨ ਦੇ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਇਸ ਖੇਤਰ ’ਚ ਚੁਣੌਤੀਆਂ ਤਾਂ ਹਨ ਪਰ ਇਸ ’ਚ ਲਾਅ ਗ੍ਰੈਜੂਏਟਸ ਨੂੰ ਮੋਟੇ ਪੈਕੇਜ ਵੀ ਆਫ਼ਰ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਮਾਹਿਰ ਤੇ ਅਪਡੇਟਿਡ ਨੌਜਵਾਨਾਂ ਲਈ ਕੋਰਟ ਤੇ ਕਾਰਪੋਰੇਟ ਦੋਵਾਂ ਖੇਤਰਾਂ ਵਿਚ ਨਾਂ ਤੇ ਪੈਸੇ ਕਮਾਉਣ ਦਾ ਬਿਹਤਰ ਮੌਕਾ ਮਿਲ ਰਿਹਾ ਹੈ।
ਵਕੀਲ
ਜੇ ਸੌਖੇ ਸ਼ਬਦਾਂ ’ਚ ਕਹੀਏ ਤਾਂ ਵਕੀਲ ਉਹ ਵਿਅਕਤੀ ਹੈ, ਜੋ ਕਾਨੂੰਨੀ ਦਾਅ-ਪੇਚ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ ਅਤੇ ਜੋ ਅਦਾਲਤ ਵਿਚ ਕਾਨੂੰਨ ਦੀ ਪ੍ਰੈਕਟਿਸ ਤੋਂ ਇਲਾਵਾ ਆਪਣੇ ਗਾਹਕਾਂ ਨੂੰ ਕਾਨੂੰਨੀ ਮੁੱਦਿਆਂ ਬਾਰੇ ਸਲਾਹ ਦੇਣ ਦਾ ਕੰਮ ਕਰਦੇ ਹਨ। ਅਦਲਾਤ ਵਿਚ ਆਪਣੇ ਗਾਹਕਾਂ ਵੱਲੋਂ ਮੁਕੱਦਮਾ ਦਾਇਰ ਕਰਦੇ ਹਨ ਤੇ ਦੂਸਰੇ ਪੱੱਖ ਨਾਲ ਆਪਣੇ ਗਾਹਕ ਦੇ ਹੱਕ ’ਚ ਬਹਿਸ ਕਰਦੇ ਹਨ।
ਜੱਜ
ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ, ਸੈਸ਼ਨ ਕੋਰਟ ’ਚ ਜੱਜ ਬਣਨ ਦਾ ਮੌਕਾ ਹੈ। ਅਜਿਹੇ ’ਚ ਜੇ ਤੁਸੀਂ ਲਾਅ ’ਚ ਗ੍ਰੈਜੂਏਟ ਹੋ ਤਾਂ ਇਕ ਜੱਜ ਦੇ ਰੂਪ ’ਚ ਆਕਰਸ਼ਕ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਲਈ ਵੱਖ-ਵੱਖ ਸੂਬਿਆਂ ’ਚ ਯੂਪੀਐੱਸਸੀ ਵੱਲੋਂ ਹਰ ਸਾਲ ਕਰਵਾਈ ਕੀਤੀ ਜਾਂਦੀ ਪੀਸੀਐੱਸਜੇ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਸੈਸ਼ਨ ਜਾਂ ਜ਼ਿਲ੍ਹਾ ਅਦਾਲਤ ’ਚ ਜੱਜ ਦੇ ਤੌਰ ’ਤੇ ਨਿਯੁਕਤੀ ਹੁੰਦੀ ਹੈ। ਬਿਹਤਰ ਕੰਮ ਤੇ ਅਨੁਭਵ ਦੇ ਆਧਾਰ ’ਤੇ ਕੁਝ ਸਾਲਾਂ ਬਾਅਦ ਹਾਈ ਕੋਰਟ ਦੇ ਜੱਜ ਦੇ ਰੂਪ ’ਚ ਚੋਣ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਵਿਚ ਸਿੱਧਾ ਜੱਜ ਬਣਨ ਲਈ ਹਾਇਰ ਜੁਡੀਸ਼ੀਅਲ ਪ੍ਰੀਖਿਆ ’ਚ ਸ਼ਾਮਿਲ ਹੋ ਸਕਦੇ ਹੋ ਪਰ ਇਸ ਲਈ ਕਰੀਬ 7 ਤੋਂ 10 ਸਾਲ ਵਕਾਲਤ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਸਰਕਾਰੀ ਵਕੀਲ
ਸਰਕਾਰੀ ਵਿਭਾਗਾਂ ਜਾਂ ਹੋਰ ਜਾਂਚ ਏਜੰਸੀਆਂ ਵੱਲੋਂ ਚਲਾਏ ਜਾਣ ਵਾਲੇ ਮੁਕੱਦਮਿਆਂ ਦੀ ਪੈਰਵੀ ਲਈ ਅੱਜ-ਕੱਲ੍ਹ ਹਰ ਸੂਬੇ ’ਚ ਸਰਕਾਰੀ ਵਕੀਲ ਹੁੰਦੇ ਹਨ। ਕੁਝ ਸਾਲਾਂ ਦੀ ਵਕਾਲਤ ਤੇ ਲਗਾਤਾਰ ਵਧੀਆ ਰਿਕਾਰਡ ਤੋਂ ਬਾਅਦ ਤੁਸੀਂ ਵੀ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ’ਚ ਇਸ ਤਰ੍ਹਾਂ ਦੇ ਵਕੀਲ ਬਣ ਸਕਦੇ ਹੋ।
ਲਾਅ ਫਰਮਜ਼
ਅੱਜ-ਕੱਲ੍ਹ ਵੱਡੀ ਗਿਣਤੀ ’ਚ ਲਾਅ ਫਰਮਜ਼ ਆਉਣ ਨਾਲ ਵੀ ਲਾਅ ਗ੍ਰੈਜੂਏਟਸ ਦੀ ਮੰਗ ਵਧੀ ਹੈ। ਇਨ੍ਹਾਂ ਲਾਅ ਫਰਮਜ਼ ’ਚ ਨੈਸ਼ਨਲ ਸਕੂਲਜ਼ ਦੇ ਗ੍ਰੈਜੂਏਟਸ ਦੀ ਸਭ ਤੋਂ ਜ਼ਿਆਦਾ ਪੁੱਛਗਿੱਛ ਹੈ, ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਆਕਰਸ਼ਕ ਸੈਲਰੀ ਪੈਕੇਜ ਵੀ ਮਿਲਦਾ ਹੈ।
ਸਾਈਬਰ ਲਾਇਰ
ਆਨਲਾਈਨ ਸਰਗਰਮੀਆਂ ਵਧਣ ਨਾਲ ਸਾਈਬਰ ਅਪਰਾਧ ’ਚ ਵੀ ਤੇਜ਼ੀ ਆਈ ਹੈ। ਇਸ ਲਈ ਪਿਛਲੇ ਕੁਝ ਸਾਲਾਂ ਤੋਂ ਕੰਪਿਊਟਰ ਅਤੇ ਨੈੱਟਵਰਕ ਸੁਰੱਖਿਆ ’ਤੇ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ ਹੈ, ਜਿਸ ਲਈ ਸਾਈਬਰ ਲਾਇਰ ਦੀ ਕਾਫ਼ੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।
ਅਧਿਆਪਨ
ਬਹੁਤ ਸਾਰੇ ਪ੍ਰਾਈਵੇਟ ਲਾਅ ਸਕਲੂ ਤੇ ਨਵੇਂ-ਨਵੇਂ ਨੈਸ਼ਨਲ ਲਾਅ ਸਕੂਲ ਖੱੁਲ੍ਹਣ ਨਾਲ ਇਨ੍ਹਾਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਮੰਗ ਵਧੀ ਹੈ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਇਸ ਖੇਤਰ ’ਚ ਅਧਿਆਪਨ ਦਾ ਪੇਸ਼ਾ ਵੀ ਅਪਣਾ ਸਕਦੇ ਹੋ।
ਹੋਰ ਸੰਭਾਵਨਾਵਾਂ
ਲਾਅ ਗ੍ਰੈਜੂਏਟਸ ਲਈ ਲੀਗਲ ਜਰਨਲਿਜ਼ਮ, ਐੱਨਜੀਓ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ, ਪੀਐੱਸਯੂਜ਼, ਇਨਕਮ ਟੈਕਸ ਲਾਅ ਜਿਹੇ ਖੇਤਰਾਂ ’ਚ ਅੱਜ-ਕੱਲ੍ਹ ਨੌਕਰੀ ਦੇ ਕਾਫ਼ੀ ਮੌਕੇ ਹਨ।
ਮੌਕੇ ਤੇ ਪੈਸਾ
ਉਦਾਰੀਕਰਨ ਤੋਂ ਬਾਅਦ ਜਦੋਂ ਹੁਣ ਵਿਦੇਸ਼ੀ ਕੰਪਨੀਆਂ ਵੀ ਭਾਰਤ ’ਚ ਆਉਣ ਲੱਗੀਆਂ ਹਨ ਤੇ ਦੇਸ਼ ’ਚ ਕੰਪਨੀਆਂ ਦੇ ਵਪਾਰ ਦਾ ਵਿਸਥਾਰ ਹੋਇਆ ਹੈ, ਉਦੋਂ ਤੋਂ ਲਿਟੀਗੇਸ਼ਨ ਵੀ ਵਧਿਆ ਹੈ। ਇਸ ਨਾਲ ਵਕੀਲਾਂ ਨੂੰ ਹੁਣ ਵਧੀਆ ਪੈਸੇ ਮਿਲਣ ਲੱਗੇ ਹਨ ਤੇ ਮੌਕੇ ਵੀ ਬਹੁਤ ਵਧੇ ਹਨ। ਜੇ ਅੱਜ ਕੋਈ ਵਕੀਲ ਆਰਬੀਟ੍ਰੇਸ਼ਨ ’ਚ ਸਪੈਸ਼ਲਾਈਜ਼ੇਸ਼ਨ ਕਰ ਲੈਂਦਾ ਹੈ ਤਾਂ ਪੂਰੇ ਭਾਰਤ ’ਚ ਤਾਂ ਕੀ, ਪੂਰੇ ਵਿਸ਼ਵ ’ਚ ਕਿਤੇ ਵੀ ਆਰਬੀਟ੍ਰੇਸ਼ਨ ਕਰ ਸਕਦਾ ਹੈ। ਜੋ ਕੋਰਟ ਦੀ ਬਜਾਏ ਕੋਰਟ ਤੋਂ ਬਾਹਰ ਰਹਿ ਕੇ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕਈ ਐੱਨਜੀਓ ’ਚ ਵੀ ਵਕੀਲਾਂ ਦੀ ਮੰਗ ਵਧੀ ਹੈ। ਲਾਅ ’ਚ ਇਹ ਸੰਭਾਵਨਾਵਾਂ ਹੁਣ ਵੀ ਤੇ ਅੱਗੋਂ ਵੀ ਰਹਿਣਗੀਆਂ ਕਿਉਂਕਿ ਲੋਕ ਲਾਅ ਤਾਂ ਕਰ ਰਹੇ ਹਨ ਪਰ ਅੱਜ ਵੀ ਐਕਟਿਵ ਪ੍ਰੈਕਟਿਸ ’ਚ ਕਾਫ਼ੀ ਲੋਕ ਨਹੀਂ ਆਉਂਦੇ। ਨੈਸ਼ਨਲ ਲਾਅ ਸਕੂਲਜ਼ ਦੇ ਪਾਸ-ਆਊਟ ਬੱਚਿਆਂ ਦਾ ਅਨੁਪਾਤ ਦੇਖਿਆ ਜਾਵੇ ਤਾਂ ਉੱਥੋਂ ਨਿਕਲਣ ਵਾਲੇ ਜ਼ਿਆਦਾਤਰ ਲਾਅ ਗ੍ਰੈਜੂਏਟਸ ਲਾਅ ਫਰਮਜ਼ ’ਚ ਚਲੇ ਜਾਂਦੇ ਹਨ, ਕੰਪਨੀਆਂ ’ਚ ਇਨ-ਹਾਊਸ ਕੌਂਸਲ ਬਣ ਜਾਂਦੇ ਹਨ ਜਾਂ ਫਿਰ ਨੌਕਰੀ ’ਚ ਆ ਕੇ ਆਈਏਐੱਸ, ਪੀਸੀਐੱਸ ਬਣ ਜਾਂਦੇ ਹਨ।
ਬਣ ਸਕਦੇ ਹੋ ਲੀਗਲ ਅਫ਼ਸਰ
ਅੱਜ ਲਾਅ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਹਾਡੇ ਕੋਲ ਕੋਰਟ ’ਚ ਸਿਰਫ਼ ਵਕੀਲ ਬਣਨ ਦਾ ਬਦਲ ਹੀ ਨਹੀਂ ਹੈ। ਤੁਸੀਂ ਆਪਣੀ ਮਰਜ਼ੀ ਮੁਤਾਬਿਕ ਦੇਸ਼-ਵਿਦੇਸ਼ ਦੀਆਂ ਮਲਟੀ ਨੈਸ਼ਨਲ ਕੰਪਨੀਆਂ ’ਚ ਲੀਗਲ ਅਫ਼ਸਰ ਵੀ ਬਣ ਸਕਦੇ ਹੋ। ਇਨ੍ਹਾਂ ਕਾਰਪੋਰੇਟ ਲਾਇਰਜ਼ ਦੀ ਅੱਜ-ਕੱਲ੍ਹ ਕਾਫ਼ੀ ਮੰਗ ਹੈ, ਜੋ ਵੱਡੀਆਂ-ਵੱਡੀਆਂ ਕੰਪਨੀਆਂ ਤੇ ਕਾਰਪੋਰੇਟਸ ਨੂੰ ਕਾਨੂੰਨੀ ਸਲਾਹ ਦਿੰਦੇ ਹਨ। ਆਪਣੇ ਗਾਹਕ ਨੂੰ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਕਰਨ ’ਚ ਮਦਦ ਕਰਦੇ ਹਨ।
ਵਿੱਦਿਅਕ ਯੋਗਤਾ
ਲਾਅ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਿੰਨ ਸਾਲਾ ਡਿਗਰੀ (ਐੱਲਐੱਲਬੀ) ਦਾ ਬਦਲ ਤਾਂ ਹੈ ਹੀ ਪਰ ਹੁਣ ਬਾਰ੍ਹਵੀਂ ਤੋਂ ਬਾਅਦ ਪੰਜ ਸਾਲਾ ਬੈਚਲਰ ਡਿਗਰੀ ਪ੍ਰੋਗਰਾਮ ਦੀ ਲੋਕਪਿ੍ਰਅਤਾ ਤੇਜ਼ੀ ਨਾਲ ਵੱਧ ਰਹੀ ਹੈ। ਖ਼ਾਸ ਗੱਲ ਇਹ ਕਿ ਬਾਰ੍ਹਵੀਂ ਤੋਂ ਬਾਅਦ ਲਾਅ ਕਰਨ ਨਾਲ ਇਕ ਸਾਲ ਦੀ ਬੱਚਤ ਹੋ ਜਾਂਦੀ ਹੈ ਕਿਉਂਕਿ ਤਿੰਨ ਸਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਲਾਅ ਕਰਨ ’ਚ ਫਿਰ ਤਿੰਨ ਸਾਲ (ਕੱੁਲ ਛੇ ਸਾਲ) ਲਾਉਣੇ ਪੈਂਦੇ ਹਨ। ਫਿਲਹਾਲ ਕਿਸੇ ਵੀ ਸਟ੍ਰੀਮ ਦੇ ਵਿਦਿਆਰਥੀ ਇਹ ਕੋਰਸ ਕਰ ਸਕਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.