ਸਿੱਖੀ ਦੇ ਬੂਟੇ ਦੀ ਜੜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਤਾ ਤੇ ਸਾਂਭ-ਸੰਭਾਲ ਅੱਗੋਂ ਉਨਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਦੌਰਾਨ ਕਰਦੇ ਰਹੇ। ਇਸ ਤਰਾਂ ਸਿੱਖੀ ਜੀਵਨ-ਜਾਚ ਸਿਖਾਉਣ ਲਈ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਕਾਰਜ ਵਾਸਤੇ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਅਮਰਦਾਸ ਜੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਗਟ ਹੋਏ। ਸ੍ਰੀ ਗੁਰੂ ਰਾਮਦਾਸ ਜੀ ਨੇ ਚੌਥੇ ਪਾਤਸ਼ਾਹ ਦੇ ਰੂਪ ਵਿਚ ਗੁਰੂ ਨਾਨਕ ਜੋਤਿ ਨੂੰ ਧਾਰਨ ਕੀਤਾ ਅਤੇ ਸਰਬ ਲੋਕਾਈ ਦਾ ਮਾਰਗ ਦਰਸ਼ਨ ਕਰਕੇ ਜੀਵਨ ਜੁਗਤਿ ਸਮਝਾਈ। ਗੁਰੂ ਸਾਹਿਬ ਦੀ ਧੰਨਤਾ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ (ਪੰਨਾ 968)
ਆਪ ਜੀ ਨਿਰਮਲਤਾ ਦੇ ਪੁੰਜ ਸਨ, ਇਸ ਲਈ ਗੁਰਿਆਈ ਦੀ ਜ਼ਿੰਮੇਵਾਰੀ ਚੁੱਕਣ ਲਈ ਅਕਾਲ ਪੁਰਖ ਵੱਲੋਂ ਪ੍ਰਵਾਨਿਤ ਹੋਏ। ਸ੍ਰੀ ਗੁਰੂ ਰਾਮਦਾਸ ਜੀ ਸੰਤੁਸ਼ਟ ਜੀਵਨ ਦੇ ਮਾਲਕ, ਸੰਤ ਸੁਭਾਅ ਤੇ ਸੇਵਾ ਦੀ ਮੂਰਤ ਬਾਬਾ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਪ੍ਰਗਟ ਹੋਏ। ਆਪ ਜੀ ਦਾ ਆਗਮਨ ਕੱਤਕ ਵਦੀ 2 (25 ਅੱਸੂ) ਸੰਮਤ 1591 (1534 ਈ:) ਨੂੰ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿਖੇ ਹੋਇਆ। ਛੋਟੀ ਉਮਰੇ ਆਪ ਜੀ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਇਨਾਂ ਦੇ ਬਜ਼ੁਰਗ ਨਾਨੀ ਜੀ ਬਾਸਰਕੇ ਗਿੱਲਾਂ ਸ੍ਰੀ ਅੰਮ੍ਰਿਤਸਰ ਵਿਖੇ ਲੈ ਆਏ। ਪਰਿਵਾਰਕ ਗੁਜ਼ਾਰੇ ਲਈ ਇਥੇ ਘੁੰਙਣੀਆਂ ਵੇਚੀਆਂ। ਪੰਥ ਪ੍ਰਕਾਸ਼ ਵਿਚ ਜ਼ਿਕਰ ਹੈ-
ਮਾਤ ਪਿਤਾ ਪਰਲੋਕ ਸਿਧਾਰੇ। ਰਹਿਓ ਨਾਨਕੇ ਸੁਖੀ ਅਪਾਰੇ।
ਬਾਸਰ ਕੇ ਪਿੰਡ ਸੋਊ ਰਹਾਵੈ। ਬੇਚ ਘੁੰਗਣੀ ਕ੍ਰਿਤ ਚਲਾਵੈ।
ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਕਾਸ਼ ਨਗਰੀ ਸੀ। ਇਥੋਂ ਦੇ ਬਹੁਤੇ ਲੋਕ ਗੁਰੂ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ ਸਾਹਿਬ ਜਾਇਆ ਕਰਦੇ ਸਨ। ਭਾਈ ਜੇਠਾ ਜੀ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਉਹ ਵੀ ਸੰਗਤ ਵਿਚ ਤਨੋ, ਮਨੋ ਸੇਵਾ ਕਰਦੇ ਤੇ ਆਪਣਾ ਗੁਜ਼ਾਰਾ ਘੁੰਙਣੀਆਂ ਵੇਚ ਕੇ ਕਰਦੇ। ਗੁਰਬਾਣੀ, ਸਤਿਸੰਗਤ ਅਤੇ ਗੁਰੂ ਸੇਵਾ ਦਾ ਰੰਗ ਭਾਈ ਜੇਠਾ ਜੀ ਉਪਰ ਚੜਨ ਲੱਗ ਪਿਆ। ਨਿਮਰਤਾ, ਮਿੱਠੀ ਬੋਲ-ਬਾਣੀ, ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਖਿੱਚਿਆ। ਸੇਵਾ, ਘਾਲ ਤੇ ਸਿਰੜ ਨੇ ਭਾਈ ਜੇਠਾ ਜੀ ਨੂੰ ਤੀਜੇ ਪਾਤਸ਼ਾਹ ਜੀ ਦੇ ਨਜ਼ਦੀਕ ਲੈ ਆਂਦਾ। ਸਾਂਝ ਦੀ ਗੰਢ ਪੈਣੀ ਸ਼ੁਰੂ ਹੋ ਗਈ। ਗੁਰੂ-ਪਰਿਵਾਰ ਦੇ ਨਜ਼ਦੀਕ ਰਹਿੰਦਿਆਂ ਭਾਈ ਜੇਠਾ ਜੀ ਨੇ ਸੇਵਾ ਘਾਲ ਕਮਾਈ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਸਤਿਗੁਰਾਂ ਦੇ ਪਾਵਨ ਬਚਨਾਂ ਸਦਕਾ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਗਿਆ।
ਭਾਈ ਜੇਠਾ ਜੀ ਸੇਵਕ ਤੋਂ ਜਵਾਈ ਬਣ ਗਏ ਪਰੰਤੂ ਜਵਾਈ ਭਾਈ ਵਾਲਾ ਰਿਸ਼ਤਾ ਗੁਰੂ-ਦਰਬਾਰੀ ਸੇਵਾ ਵਿਚ ਕਦੇ ਬੋਝ ਨਾ ਬਣਿਆ। ਨਿੱਤ ਦੀ ਤਰਾਂ ਬਾਉਲੀ ਦੀ ਗਾਰ ਕੱਢਣਾ, ਲੰਗਰਾਂ ਦੀ ਸੇਵਾ, ਸੰਗਤਾਂ ਦੀ ਸੇਵਾ ਨਿਰੰਤਰ ਜਾਰੀ ਰਹੀ। ਇੱਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਨੇ ਸਿਰ 'ਤੇ ਟੋਕਰਾ ਚੁੱਕੀ ਵੇਖ ਕੇ ਤਾਅਨੇ ਵੀ ਮਾਰੇ, ਪਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ ਮਿਹਣੇ ਦਾ ਪਤਾ ਲੱਗਾ ਤਾਂ ਆਪ ਜੀ ਨੇ ਫੁਰਮਾਇਆ ਇਹ ਮਿੱਟੀ ਗਾਰੇ ਦਾ ਟੋਕਰਾ ਨਹੀਂ ਇਹ ਤਾਂ ਦੀਨ ਦੁਨੀ ਦਾ ਸਿਰ ਛੱਤਰ ਹੈ। ਇਹ ਸੁਣ ਭਾਈ ਜੇਠਾ ਜੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਤੀਜੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੀ ਘਾਲ ਤੋਂ ਪ੍ਰਸੰਨ ਹੋ ਕੇ ਮਿੱਟੀ ਦਾ ਟੋਕਰਾ ਸਿਰੋਂ ਲੁਹਾ ਕੇ ਗੁਰਿਆਈ ਦੇ ਛਤਰ ਦੀ ਬਖਸ਼ਿਸ਼ ਕਰ ਦਿੱਤੀ। ਭੱਟ ਸਾਹਿਬਾਨ ਵਰਣਨ ਕਰਦੇ ਹਨ-
ਸਭ ਬਿਧਿ ਮਾਨ੍ਰਿਯਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ (ਪੰਨਾ 1399)
ਇਸ ਤਰਾਂ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਵਾਨ ਹੋਏ। ਭਾਈ ਗੁਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਿੱਖੀ ਦਾ ਥੰਮ ਦੱਸਦੇ ਹਨ ਅਤੇ ਉਨਾਂ ਨੂੰ ਅਜਿਹਾ ਵਣਜ ਵਪਾਰੀ ਕਿਹਾ ਹੈ ਜੋ ਔਗੁਣਾਂ ਬਦਲੇ ਗੁਣ ਬਖਸ਼ਿਸ਼ ਕਰਦਾ ਹੈ:
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ।
ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ। (24-15)
ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਿੱਖ ਧਰਮ ਦੀ ਚੜਦੀ ਕਲਾ ਲਈ ਉਦਮ ਉਪਰਾਲੇ ਸ਼ੁਰੂ ਕੀਤੇ। ਗੁਰੂ ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਜਿੱਥੇ ਮਸੰਦ ਸੰਸਥਾ ਦੀ ਨੀਂਹ ਰੱਖੀ ਉਥੇ ਸਿੱਖੀ ਦੇ ਨਵੇਂ ਕੇਂਦਰ ਜਿਸ ਨੇ ਆਉਣ ਵਾਲੇ ਸਮੇਂ ਵਿਚ ਕੇਂਦਰੀ ਸਥਾਨ ਦਾ ਗੌਰਵ ਪ੍ਰਾਪਤ ਕਰਨਾ ਸੀ, ਬਾਰੇ ਵਿਉਂਤ ਸੋਚੀ। ਸ੍ਰੀ ਗੁਰੂ ਅਮਰਦਾਸ ਜੀ ਦੀ ਸੋਚ ਅਨੁਸਾਰ ਚੱਕ ਗੁਰੂ ਦੀ ਨੀਂਹ ਰੱਖੀ ਜੋ ਪਿੱਛੋਂ ਚੱਕ ਰਾਮਦਾਸ ਪੁਰ ਅਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਦੁਨੀਆਂ ਦੇ ਗੌਰਵਮਈ ਇਤਿਹਾਸ ਦਾ ਇਕ ਅਧਿਆਤਮਕ ਕੇਂਦਰ ਹੈ। ਜੋ ਕਿ ਸਿੱਖ ਜਗਤ ਨੂੰ ਚੌਥੇ ਪਾਤਸ਼ਾਹ ਜੀ ਦੀ ਵੱਡੀ ਦੇਣ ਹੈ। ਭੱਟ ਬਾਣੀ ਵਿਚ ਜ਼ਿਕਰ ਹੈ-
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ (ਪੰਨਾ 1397)
ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਵਿਚ ਪਾਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਮਾਤਰ ਲਈ ਧਰਮ ਨੂੰ ਧਾਰਨ ਕਰਾਉਣ ਦਾ ਵਸੀਲਾ, ਪ੍ਰੇਮ ਵਿਚ ਲੀਨ ਕਰਨ ਦਾ ਸਾਧਨ, ਸੁੱਖਾਂ ਦੀ ਦਾਤੀ, ਬਿਰਹੋਂ ਪੈਦਾ ਕਰਦੀ, ਗਿਆਨ ਪੈਦਾ ਕਰਕੇ ਆਤਮਕ ਅਨੰਦ ਪ੍ਰਦਾਨ ਕਰਦੀ ਹੈ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿਚ ਗੁਰੂ ਪਾਤਸ਼ਾਹ ਦੀ ਬਾਣੀ ਸਬੰਧੀ ਲਿਖਦੇ ਹਨ-
ਗੁਰੁ ਉਚਰੈਂ ਬਾਨੀ ਅੰਮ੍ਰਤ ਸਾਂਨੀ ਬੇਦ ਅਧਿਕਾਨੀ ਸੁਖਦਾਨੀ।
ਜੋ ਸੁਨ ਨਰ ਨਾਰੀ ਕਟੈਂ ਬਿਕਾਰੀ ਲਹਿ ਫਲ ਚਾਰੀ ਮੁਦ ਖਾਨੀ।
ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ਿਸ਼ਾਂ ਹਨ। ਉਨਾਂ ਦੇ ਉਪਦੇਸ਼ ਜੀਵਨ ਨੂੰ ਅੰਮ੍ਰਿਤਮਈ ਬਣਾਉਣ ਵਾਲੇ ਹਨ। ਉਨਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਅਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮਹੱਤਵ ਹੋਰ ਵੀ ਵਧੇਰੇ ਅਤੇ ਅਸਰਦਾਇਕ ਹੈ। ਮੇਰੀ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਹੈ ਕਿ ਚੌਥੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ। ਗੁਰੂ ਸਾਹਿਬ ਵਰਗੀ ਨਿਮਰਤਾ ਦੇ ਧਾਰਨੀ ਬਣੀਏ।
-
ਬੀਬੀ ਜਗੀਰ ਕੌਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
sgpcmedia2@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.