ਮੇਰਾ ਗੁਰੂ ਘਰ-(1), ਡਾਇਰੀ ਨਿੰਦਰ ਘੁਗਿਆਣਵੀ
ਬਚਪਨ ਵਿਚ ਹੀ ਸਾਂ ਹਾਲੇ ਮੈਂ ਕਿ ਗੁਰੂ ਘਰ ਨਾਲ ਲਿਵ ਜੁੜ ਗਈ। ਇਧਰ ਓਧਰ ਕਿਤੇ ਵੀ, ਗੁਰੂ ਗਰੰਥ ਸਾਹਬ ਦੀ ਅਸਵਾਰੀ ਜਾ ਰਹੀ ਮਨ ਮੋਹ ਲੈਂਦੀ ਸੀ ਮੇਰਾ। ਕਿੰਨਾ ਕਿੰਨਾ ਚਿਰ ਮੈਂ, ਹੱਥ ਜੋੜੀ ਖੜਾ ਜਾਂਦੇ ਗੁਰਾਂ ਨੂੰ ਨਿਹਾਰਦਾ ਰਹਿੰਦਾ। ਕਿਸੇ ਪਾਸਿਓਂ ਸੰਖ ਜਾਂ ਘੜਿਆਲ ਦੀ ਆਵਾਜ ਸੁਣਨੀ, ਤਾਂ ਇਹ ਅਲੋਕਿਕ ਧੁਨੀਆਂ ਸੁਣਦਿਆਂ ਹੀ ਮਨ ਮਸਤਕ ਸ਼ੀਤਲ ਸ਼ੀਤਲ ਹੋ ਜਾਣਾ । ਗੁਰੂ ਕੀ ਬਾਣੀ ਆਪਣੇ ਵੱਲ ਹਾਕਾਂ ਮਾਰਦੀ ਜਾਪਦੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।
ਇਕ ਸੁਰ ਹੋਕੇ ਪਾਠ ਪੜਦੇ ਪਾਠੀ, ਮੈਨੂੰ ਚੰਗੇ ਚੰਗੇ ਲੱਗਣ ਲੱਗੇ ਸਨ, ਖਾਸ ਕਰਕੇ ਉਦੋਂ, ਜਦੋਂ ਭੋਗ ਪੈੰਦਾ ਹੁੰਦਾ। ਪਾਠੀਆਂ ਦੀਆਂ ਇਕ ਸੁਰ ਆਵਾਜਾਂ ਮੇਰੇ ਮਨ ਨੂੰ ਵਿਲੱਖਣ ਲਿਸ਼ਕ ਭਰਿਆ ਹੁਲਾਰਾ ਜਿਹਾ ਦੇਂਦੀਆਂ, ਤਾਂ ਸਹਿਜ ਸਹਿਜ ਹੋ ਜਾਂਦਾ ਮੇਰਾ ਆਪਣਾ ਆਪਾ- ਬਾਣੀ ਦੇ ਬੋਲ ਧੂਹ ਪਾਉਂਦੇ, ਕਹੁ ਨਾਨਕ ਥਿਰੁ ਕਿਛੁ ਨਾਹੀ ਸੁਪਨੇ ਜਿਓਂ ਸੰਸਾਰ।
ਜਦ ਵੀ, ਜਿਧਰੋਂ ਕਿਧਰੋਂ ਪਾਠੀਆਂ ਦੀ ਮਧਮ ਜਿਹੀ ਆਵਾਜ ਸਪੀਕਰ ਵਿਚਦੀ ਸੁਣਾਈ ਦਿੰਦੀ, ਤਾਂ ਮੈਂ ਓਧਰ ਨੂੰ ਈ ਭੱਜ ਪੈਂਦਾ, ਕਦੇ ਨੰਗੇ ਪੈਰੀਂ, ਕਦੇ ਪੈਰ ਚੱਪਲਾਂ, ਕਦੇ ਤੇੜ ਕਛਣੀ ਤੇ ਕਦੀ ਪਜਾਮਾ ਹੁੰਦਾ। ਮੈਨੂੰ ਨਹੀਂ ਪਤਾ ਉਸ ਉਮਰ ਦਾ, ਓਸ ਅਵਸਥਾ ਦਾ, ਓਸ ਵੇਲੇ ਦਾ, ਮੈਨੂੰ ਪਤਾ ਏ ਸਿਰਫ ਓਸਦੀ ਇਕ ਓਟ ਦਾ ਤੇ ਉਹਦੇ ਸਿਮਰਨ ਦੀ ਤੋਟ ਦਾ ਤੇ ਓਹਦੀ ਜਗਦੀ ਜੋਤ ਦਾ।
ਜਦ ਗੁਰੂ ਘਰੋਂ ਕਿਸੇ ਦੇ ਘਰ ਅਸਵਾਰੀ ਜਾਣੀ ਹੁੰਦੀ ਤਾਂ ਮੈਂ ਬੇਹਬਲ ਹੋ ਉਠਦਾ, ਘੜਿਆਲ ਖੜਕਾਉਣ ਦੀ ਸੇਵਾ ਨੂੰ ਤਰਜੀਹ ਦਿੰਦਾ। ਜਾਂ ਜਲ ਦੇ ਛਿੱਟੇ ਤਰੌਂਕਣ ਨੂੰ, ਜੇ ਹੋਰ ਕੋਈ ਸੇਵਾ ਨਾ ਮਿਲਦੀ, ਤਾਂ ਰੁਮਾਲਿਆਂ ਵਾਲੀ ਗੱਠੜੀ ਚੁਕ ਲੈਣੀਂ। ਹੌਲੀ ਹੌਲੀ ਸੰਖ ਪੂਰਨਾ ਵੀ ਆ ਗਿਆ ਸੀ। ਜਦ ਬਾਬਾ ਅਰਦਾਸ ਕਰਦਾ ਤਾਂ ਬਹੁਤੀ ਵਾਰ ਚੌਰ ਸਾਹਿਬ ਦੀ ਸੇਵਾ ਤੇ ਲੰਗਰ ਜਾਂ ਕੜਾਹ ਪ੍ਰਸ਼ਾਦ ਨੂੰ ਅਰਦਾਸ ਵਿਚ ਭੋਗ ਲੁਵਾਉਣ ਦੀ ਸੇਵਾ ਵੀ ਪ੍ਰਾਪਤ ਕਰਕੇ ਧੰਨ ਧੰਨ ਹੋ ਜਾਂਦਾ ਸਾਂ। ਇੰਨਾਂ ਖਾਸ ਮੌਕਿਆ ਨੂੰ ਬੇਸਬਰੀ ਨਾਲ ਉਡੀਕਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬੇ ਨਾਨਕ ਦੇ ਜਨਮ ਦਿਹਾੜੇ। ਨਗਰ ਕੀਰਤਨ। ਤੇ ਹਾਂ ਸਚ, ਜਿੱਦਣ ਗੁਰੂ ਘਰ ਦੀ ਸੇਵਾ ਹੋਣੀ ਫਰਸ਼ਾਂ ਧੋਣ ਦੀ, ਸਵੇਰੇ ਸਵੇਰੇ ਹਾਣੀਆਂ ਨੂੰ ਘਰ ਘਰ ਜਾਕੇ ਬੁਲਾਉਂਦਾ ਤੇ ਨਾਲ ਤੋਰਦਾ।
ਜਦ ਮੈਂ ਪਿੰਡ ਦੇ ਗੁਰੂ ਘਰ ਨਾਲ ਜੁੜਿਆ ਸਾਂ, ਤਾਂ ਦੂਜੀ ਜਾਂ ਤੀਜੀ ਵਿਚ ਪੜਦਾ ਹੋਵਾਂਗਾ। ਪਿੰਡ ਦੇ ਗੁਰਦੁਆਰੇ ਬਾਬਾ ਮਾਹਲਾ ਸਿੰਘ ਗਰੰਥੀ ਸਨ ਤੇ ਨਾਲ ਉਨਾ ਦਾ ਭਣਜਾ ਬਾਬਾ ਤੇਜਾ ਵੀ ਉਨਾਂ ਦੇ ਨਾਲ ਸੀ। ਸੰਗਰਾਂਦ ਵਾਲੇ ਦਿਨ ਮੈਂ ਸਾਰਾ ਸਾਰਾ ਦਿਨ ਗੁਰੂ ਘਰ ਹੀ ਬਿਤਾਉਣਾ। ਸਕੂਲੋਂ ਆਕੇ ਆਥਣੇ ਵੀ ਗੁਰੂ ਘਰ ਨੂੰ ਭੱਜ ਜਾਣਾ ਤੇ ਰਹਿਰਾਸ ਸਾਹਿਬ ਮੁਕਾ ਕੇ ਆਉਣਾ ਘਰ ਨੂੰ। ਪਾਠੀਆਂ ਰਾਗੀਆਂ ਜਾਂ ਗੁਰੂ ਦੀ ਸੇਵਾ ਵਿਚ ਲੱਗੇ ਸੇਵਾਦਾਰਾਂ ਨੂੰ ਆਪਣੇ ਹੱਥੀ ਗੁਰੂ ਕਾ ਪਰਸ਼ਾਦਾ ਛਕਾਉਣਾ, ਮੈਨੂੰ ਹਮੇਸ਼ਾ ਪ੍ਰਸੰਨਤਾ ਦਿੰਦਾ ਰਿਹਾ। ਜਦ ਕਿਤੇ ਮੈਨੂੰ ਪਤਾ ਲੱਗ ਜਾਣਾ ਕਿ ਸਾਡੇ ਪਿੰਡ ਵਿਚ ਜਾਂ ਗਲੀ ਮੁਹੱਲੇ ਕਦੋਂ ਕਿਸੇ ਦੇ ਪਾਠ ਖੁੱਲਣਾ ਹੈ ਤਾਂ ਮੈਂ ਸਕੂਲੋਂ ਢਿਡ ਦੁਖਦੇ ਦਾ ਬਹਾਨਾ ਮਾਰ ਭੱਜ ਆਉਣਾ, ਤੇ ਜਿੰਨ੍ਹਾਂ ਦੇ ਪਾਠ ਖੁੱਲਣਾ ਉਨਾਂ ਦੇ ਘਰ ਮੂਹਰੇ ਸਾਝਰੇ ਹੀ ਜਾ ਖਲੋਣਾ। ਸਾਰੇ ਪਿੰਡ ਵਾਲੇ ਆਖਿਆ ਕਰਨ ਕਿ ਇਹ ਐ ਨਿੱਕਾ ਜਿਹਾ ਮਿੰਨੀ ਬਾਬਾ। ਪਿੰਡ ਦੀਆਂ ਮਾਈਆਂ ਦਾਈਆਂ ਤੇ ਸਿਆਣੇ ਬਿਆਣੇ ਆਖਿਆ ਕਰਨ ਕਿ ਤੈਨੂੰ ਨਿੱਕਿਆ ਗੁਰੂ ਘਰ ਦੀ ਸੇਵਾ ਤਾਰੂਗੀ। ਵਡੇਰਿਆਂ ਦੇ ਮੂੰਹੋ ਨਿਕਲੇ ਇਹ ਬੋਲ ਸੁਣ ਮੈਂ ਸ਼ਰਮਾਉਣਾ ਤੇ ਹਰੇਕ ਦੇ ਗੋਡੀਂ ਹੱਥ ਲਾਉਣਾ। ਜਿਸ ਘਰ ਪਾਠ ਹੋਣਾ, ਉਨਾ ਕਹਿਣਾ ਕਿ ਲੈ ਮਿੰਨੀ ਬਾਬਾ ਪਰਸ਼ਾਦਾ ਛਕ ਹੁਣ ਤੂੰ। ਪਰਛਾਦੇ ਦੇ ਨਾਂ ਉਤੇ ਬਾਹਰ ਭੱਜ ਜਾਣਾ ਅਗਲੇ ਦੇ ਘਰੋਂ। ਭੁੱਖ ਹੀ ਨਹੀ ਸੀ ਲਗਦੀ, ਭੁੱਖ ਸਿਰਫ ਉਹਦੇ ਨਾਮ ਦੀ ਸੀ, ਉਹਦੇ ਸੇਵਾ ਦੀ ਸੀ, ਉਹਦੇ ਦਰਸ਼ਨਾਂ ਦੀ ਸੀ ਭੁੱਖ ਤਾਂ ਮੈਨੂੰ। ਕਿਸੇ ਕਹਿਣਾ ਕਿ ਨਿਕੜੇ ਬਾਬੇ ਨੂੰ ਦੁੱਧ ਪਿਲਾਓ ਤਾਂ ਨਾਂਹ ਵਿਚ ਸਿਰ ਮਾਰ ਦੇਣਾ। ਇਹ ਮੈਂ ਜਾਣ ਬੁਝ ਕੇ ਨਹੀ ਸੀ ਕਰਦਾ ਆਪਣੇ ਆਪ ਈ ਹੋਈ ਜਾਂਦਾ ਸੀ। ਮੇਰੀ ਗੁਰੂ ਘਰ ਨਾਲ ਨੇੜਤਾ ਵਧਦੀ ਹੀ ਗਈ ਦਿਨੋਂ ਦਿਨ।
(ਬਾਕੀ ਜਲਦੀ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.