ਸਿਆਸਤ ਦੇ ਸ਼ਤਰੰਜੀ ਰੰਗ
ਲੋਕਾਈ ਦੇ ਦਿਲ ਵਿੱਚ ਡੂੰਘੇ ਉਤਰਨ ਲਈ, ਲੋਕਾਈ ਦਾ ਮਨ ਸਰ ਕਰਨ ਲਈ, ਉਸ ਨਾਲ ਵਕਤੀ ਸਾਂਝ ਪਾਉਣ ਲਈ, ਅਜੋਕੀ ਸਿਆਸਤ ਰੰਗ-ਬਰੰਗੇ ਪੈਂਤੜੇ ਅਪਣਾਉਂਦੀ ਹੈ।ਇਨ੍ਹਾਂ ਵਿੱਚੋਂ ਇੱਕ ਪੈਂਤੜਾ ਹੈ ਕਿ ਪੰਜਾਬ ਦਾ ਸਿਆਸਤਦਾਨ ਲੋਕਾਈ ਦੀ ‘ਭਲਾਈ’ ਦਾ ਨਾਆਰਾ ਲਾਉਂਦਾ ਹੈ।ਲੋਕਾਈ ‘ਪੱਖੀ’ ਵਿਕਾਸ ਦੀ ਵਿਓਂਤ ਆਪਣੇ ਮੈਨੀਫੇਸਟੋ ’ਚ ਉਲੀਕਦਾ ਹੈ।ਉਸ ਨੂੰ ਰੁਸ਼ਨਾਦਾ ਹੈ।ਅਪਣੇ ਆਪ ਨੂੰ ਲੋਕਾਈ ਦੇ ਪਰੋਪਕਾਰੀ, ਲੋਕਾਈ ਦੇ ਸੇਵਕ ਵਜੋਂ ਪੇਸ਼ ਕਰਦਾ ਹੈ।ਉਹ ਲੋਕ-ਸੇਵਾ ਦਾ – ‘ਰਾਜ ਨਹੀਂ, ਸੇਵਾ’ – ਦਾ ਇੱਕ ਅਜਿਹਾ ਜਾਦੂਮਈ ਪ੍ਰਵਚਨ ਸਿਰਜਦਾ ਹੈ ਜੋ ਪੰਜਾਬ ਦੀ ਲੋਕਾਈ ਦੇ ਧਾਰਮਕ ਅਵੇਚਤਨ ਨੂੰ ਟੂੰਬਦਾ ਹੈ: “ਸੇਵਕ ਕਉ ਸੇਵਾ ਬਨਿ ਆਈ”।ਅਤੇ ਉਹ ਜਿੱਤ ਜਾਂਦਾ ਹੈ।ਜਿੱਤਦਾ ਵੀ ਆ ਰਿਹਾ ਹੈ।ਸਿਆਸਤ ਦਾ ਅਤੇ ਲੋਕਾਈ ਦੀ ਹਾਲਤ ਦਾ ਇਤਿਹਾਸ ਦਸਦਾ ਹੈ ਕਿ ਲੋਕਾਈ ਦਾ ‘ਪਰੋਪਕਾਰੀ’ ਸਿਆਸਤਦਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਨਿਜੀ ਵਿਕਾਸ ਲਈ ਕਿੰਨਾ ਕੁ ਫ਼ਿਕਰਮੰਦ ਹੈ, ਅਤੇ ਕਿੰਨਾ ਕੁ ਲੋਕਾਈ ਦੇ ਵਿਕਾਸ ਲਈ।ਅਸਲ ’ਚ ਲੋਕਾਈ ਦੇ ਵਿਕਾਸ ਤੋਂ ਅਗਾਂਹ ਨਿਜ-ਮੂਲਕ ਸਿਆਸਤ ਦਾ ਵਿਕਾਸ ਹੀ ਸਿਆਸਤ ਹੁੰਦਾ ਹੈ।ਇਸ ਨਿਜ-ਮੂਲਕ ਸਿਆਸਤ ਦਾ ਮੁਹਾਂਦਰਾ, ਪਹਿਰਾਵਾ, ਬੋਲੀ ਅਤੇ ਮੁਹਾਵਰਾ ਦੇਸ਼-ਭਗਤੀ ਅਤੇ ਪੰਜਾਬੀ ਮਿਟੀ ਦੇ ਮੋਹ ਅਤੇ ਅਖੌਤੀ ਭਾਈਚਾਰਕ ਸਾਂਝ ’ਚ ਲਿਪਟਿਆ ਹੁੰਦਾ ਹੈ, ਅਤੇ ਅਜਕਲ ਜਦੋਂ ਪੰਜਾਬ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਉਸ ਵੇਲੇ ਤੋਂ ਸਿਆਸਤ ਦੇ ਸ਼ਤਰੰਜੀ ਰੰਗ ਆਪਣੇ ਜੋਬਨ ’ਤੇ ਹਨ।ਪੰਜ ਸਾਲਾਂ ਬਾਅਦ ਸਿਆਸਤ ਦੀ ਬੰਸਤੀ ਰੁੱਤ ਪਰਤ ਆਈ ਹੈ।ਐਪਰ ਇਸ ਨੇ ਜਲਦ ਹੀ ਪਰਤ ਜਾਣਾ ਹੈ।
ਸਿਆਸਤ ਦੀ ਸ਼ਤਰੰਜੀ ਖੇਡ ਬੜੀ ਚੌਕਸ ਤੇ ਸਾਵਧਾਨ ਹੁੰਦੀ ਹੈ, ਵੇਖਣ ਨੂੰ ਮਾਸੂਮ ਲਗਦੀ ਹੈ।ਜਿਥੇ ਦਰਿਆ ਨਹੀਂ ਉਥੇ ਪੁਲ ਉਸਾਰਨ ਦਾ ਵਾਅਦਾ ਕਰਦੀ ਹੈ।ਜਿਥੇ ਪੁਲ ਉਸਰੇ ਹੋਏ ਹਨ ਉਥੇ ਵਗਦੇ ਦਰਿਆਵਾਂ ਨੂੰ ਬੰਨ੍ਹ ਮਾਰਣ ਦਾ ਭਰੋਸਾ ਦਿੰਦੀ ਹੈ।ਅਜਿਹਾ ਘੜਮਸ ਪੈਦਾ ਕਰ ਕੇ ਪੰਜਾਬ ਦਾ ਸਿਆਸੀ ਵਰਗ ਨਿਜ-ਮੂਲਕ ਵਿਕਾਸ ਵੱਲ ਵਧ ਰਿਹਾ ਹੈ।ਜਦ ਇਹ ਨਿਜ-ਮੂਲਕ ਵਿਕਾਸ ਸਮੂਹ-ਮੂਲਕ ਵਿਕਾਸ ਵਜੋਂ ਪੇਸ਼ ਕੀਤਾ ਜਾਂਦਾ ਹੈ, ਪ੍ਰਚਾਰਿਆ ਜਾਂਦਾ ਹੈ, ਤਦ ਕਈ ਕਿਸਮ ਦੇ ਅਹਿਮ ਸਵਾਲ ਪੈਦਾ ਹੁੰਦੇ ਹਨ: ਜਿਵੇਂ ਕਿ (1) ਕਿਉਂ ਹਰ ਸਾਲ 5 ਲੱਖ ਜਾਂ ਅੱਧਾ ਮਿਿਲਅਨ ਪੰਜਾਬ ਦਾ ਨੌਜਵਾਨ ਆਪਣੀ ਜਨਮ ਭੋਂਇ ਨੂੰ ਅਲਵਿਦਾ ਆਖ ਚੰਗੇ ਭਵਿੱਖ ਦੀ ਤਲਾਸ਼ ’ਚ ਵਿਦੇਸ਼ਾਂ ’ਚ ਹਿਜਰਤ ਕਰ ਰਿਹਾ ਹੇ? (2) ਕਿਉਂ ਪੰਜਾਬ ਸਟੇਟ ਦੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ‘ਡੱਰਗ/ਚਿੱਟੇ’ ਦਾ ਦੈਂਤ ਦਿਨ-ਬ-ਦਿਨ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ? (3) ਕਿਉਂ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਮਹੰਗਾਈ ਪੰਜਾਬ ਦੀ ਲੋਕਾਈ ਦਾ ਲੱਕ ਤੋੜ ਰਹੀ ਹੈ? ਇਸ ਤਰ੍ਹਾਂ ਦੇ ਸਵਾਲ ਲਾਚਾਰ ਲੋਕਾਈ ਦੇ ਸੰਘ ’ਚੋਂ ਇੱਕ ਚੀਖ ਵਾਂਗ ਨਿਕਲ ਰਹੇ ਹਨ, ਅਤੇ ਸਟੇਟ ਤੇ ਸਿਆਸਤ ਤੋਂ ਤਵੱਜੋ ਦੀ ਮੰਗ ਕਰ ਰਹੇ ਹਨ:
ਕਹਾਂ ਤੋ ਤੈਅ ਥਾ ਚਿਰਾਗ਼ ਹਰ ਘਰ ਕੇ ਲੀਏ
ਕਹਾਂ ਚਿਰਾਗ਼ ਮਯੱਸਰ ਨਹੀਂ ਸ਼ਹਿਰ ਕੇ ਲੀਏ
ਯਹਾਂ ਦਰਖਤੋਂ ਕੇ ਸਾਯੇ ਮੇਂ ਧੂਪ ਲਗਤੀ ਹੈ
ਚਲੋ ਯਹਾਂ ਸੇ ਚਲੇ ਅੋਰ ਉਮਰ ਭਰ ਕੇ ਲੀਏ।
ਮੁੱਢ ਤੋਂ ਹੀ ਸਿਆਸਤ ਗ਼ੈਰ-ਲੋਕਾਈ ਦੇ ਮੁੱਦਿਆਂ ਨੂੰ ਲੋਕਾਈ ਦੇ ਮੁੱਦੇ ਬਣਾ ਕੇ ਅਪਣੀ ਸ਼ਤਰੰਜ ਦੀ ਖੇਡ ਨੂੰ ਬਾਖ਼ੂਬੀ ਖੇਡਦੀ ਆਈ ਹੈ।ਇਨ੍ਹਾਂ ਮੁੱਦਿਆਂ ਨੂੰ ਉਭਾਰ ਕੇ ਲੋਕਾਈ ਵਿੱਚ ਰੋਹ, ਰੋਸ ਅਤੇ ਆਤੰਕ ਪੈਦਾ ਕਰਨਾ ਸਿਆਸੀ ਸ਼ਤਰੰਜ ਦੀ ਖੇਡ ਦਾ ਅਹਿਮ ਪੈਂਤੜਾ ਹੁੰਦਾ ਹੈ।ਅਜ ਤੋਂ 60 ਕੁ ਵਰ੍ਹੇ ਪਹਿਲਾਂ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੀ ਸਥਾਪਣਾ ਲਈ ਲਾਇਆ ਗਿਆ ਧਰਮ ਯੱੁਧ ਮੋਰਚਾ ਅਜਿਹੇ ਪੈਂਤੜੇ ਦੀ ਇਤਿਹਾਸਕ ਮਿਸਾਲ ਹੈ।ਜਦ ਕਿ ਉਸ ਵੇਲੇ ਤਮਾਮ ਸਿਆਸੀ ਪਾਰਟੀਆਂ ਦਾ ਅਸਲ ਤੇ ‘ਅੰਦਰਲਾ’ ਮੁੱਦਾ ਆਉਣ ਵਾਲੀਆਂ ਚੋਣਾਂ ’ਚ ਜਿੱਤ ਹਾਸਲ ਕਰਨ ਲਈ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦਾ ਜਜ਼ਬਾਤੀ ਮਾਹੌਲ ਪੈਦਾ ਕਰਨਾ ਸੀ, ਅਤੇ ਪੰਜਾਬ ਸਟੇਟ ਦੀ ਸਿਆਸਤ ’ਤੇ ਅਪਣੀ ਪਕੜ ਨੂੰ ਮਜ਼ਬੂਤ ਕਰਨਾ ਸੀ।ਇਸ ਅਸਲ ਤੇ ‘ਅੰਦਰਲਾ’ ਮੁੱਦੇ ’ਚੋਂ ਲੋਕਾਈ ਦੇ ਹਿੱਤ ਮਨਫ਼ੀ ਸਨ।ਹਕੀਕਤ ਇਹ ਹੈ ਕਿ 60 ਕੁ ਵਰ੍ਹੇ ਪਹਿਲਾਂ ਵਾਲਾ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦਾ ਏਜੰਡਾ ਅਜੇ ਤੀਕ ਏਜੰਡਾ ਹੀ ਹੈ।ਅਤੇ ਇਹ ਏਜੰਡਾ ਹੀ ਰਹੇਗਾ।
ਇਸ ਸੰਬੰਧ ’ਚ ਇੱਕ ਹੋਰ ਅਹਿਮ ਸਵਾਲ ਇਹ ਹੈ ਕਿ, ਜਿਵੇਂ ਮੈਂ ਉਪਰ ਦਸਿਆ, ਜੇ ਹਰ ਸਾਲ 5 ਲੱਖ ਜਾਂ ਅੱਧਾ ਮਿਿਲਅਨ ਪੰਜਾਬ ਦਾ ਨੌਜਵਾਨ ਆਪਣੀ ਜਨਮ ਭੋਂਇ ਨੂੰ ਅਲਵਿਦਾ ਆਖ ਚੰਗੇ ਭਵਿੱਖ ਦੀ ਤਲਾਸ਼ ’ਚ ਵਿਦੇਸ਼ਾਂ ’ਚ ਹਿਜਰਤ ਕਰ ਰਿਹਾ ਹੈ, ਅਤੇ ਵਿਸ਼ਵੀਕਰਨ ਦੀ ਲਪੇਟ ’ਚ ਆਈ ਪੰਜਾਬ ਦੀ ਲੋਕਾਈ ਦਾ ਰੁਝਾਣ ਅੰਗਰੇਜ਼ੀ ਭਾਸ਼ਾ ਸਿਖਣ ਅਤੇ ਬੋਲਣ ਵੱਲ ਹੈ, ਤਦ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦਾ ਨਾਅਰਾ ਪੰਜਾਬ ਦੀ ਕਿਸ ਵਸੋਂ ਲਈ ਲਾਇਆਂ ਜਾ ਰਿਹਾ ਹੈ? ਅਤੇ ਇਹ ਨਾਅਰਾ ਕੋਣ ਲਾ ਰਿਹਾ ਹੈ? ਸਾਨੂੰ ਮਾਂ-ਬੋਲੀ ਦੇ ਵਿਕਾਸ ਲਈ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਇਮਾਨਦਾਰ ਹੋਣ ਦੀ ਲੋੜ ਹੈ।ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਸਾਂਭਣ ਲਈ ਅਤੇ ਇਸ ਦੇ ਵਿਕਾਸ ਲਈ ਅਸੀਂ ਕੀ ਕਰ ਰਹੇ ਹਾਂ? ਵਿਰਸਾ ਅਤੇ ਇਤਿਹਾਸ ਅਜਾਇਬ-ਘਰਾਂ ਅਤੇ ਮਿਸਲਖ਼ਾਨਿਆਂ ’ਚ ਕੈਦ ਨਹੀਂ ਹੁੰਦਾ।ਇਹ ਕੇਵਲ ਵਿਚਾਰਧਾਰਾ ਨਹੀਂ ਹੁੰਦਾ।ਅਮਲ ਵੀ ਹੁੰਦਾ ਹੈ।ਅਤੇ ਅਮਲ ’ਚ ਲੋਕਾਈ ਅਤੇ ਲੋਕਾਈ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ।
ਕਿਸੇ ਵੀ ਖਿੱਤੇ ਦੀ ਭਾਸ਼ਾ/ਬੋਲੀ ਦਾ ਵਿਕਾਸ ਉਸ ਖਿੱਤੇ ਦੇ ਵਿਕਾਸ ਨਾਲ ਜੁੜਿਆ ਹੁੰਦਾ ਹੈ।ਅਤੇ ਵਿਕਾਸ ਲੋਕਾਈ ਦੀਆਂ ਲੋੜਾਂ, ਸੁਪਨਿਆਂ, ਸੱਧਰਾਂ ਨੂੰ ਮੱਦੇ ਨਜ਼ਰ ਰੱਖ ਕੇ ਹੁੰਦਾ ਹੈ।ਕੀ ਅਸੀਂ ਪੰਜਾਬ ਨੂੰ ‘ਕੈਲੀਫੋਰਨੀਆ’ ਬਣਾਉਣਾ ਹੈ? ਜਾਂ ਉਸ ਕਿਸਮ ਦਾ ਪੰਜਾਬ ਮੁੜ ਸਿਰਜਣਾ ਹੈ ਜਿਸ ਪੰਜਾਬ ਨੂੰ ਸਾਡੇ ਗੁਰੂਆਂ, ਭਗਤਾਂ, ਸੂਫ਼ੀਆਂ, ਦਾਨਸ਼ਵਰਾਂ, ਯੋਧਿਆਂ, ਅਤੇ ਰਣਜੀਤ ਸਿੰਘ ਜਿਹੇ ਮਹਾਰਾਜਿਆਂ ਨੇ ਸਿਰਜਿਆ ਸੀ? ਜਿਸ ਪੰਜਾਬ ’ਚ ਆਰਥਕ, ਸਮਾਜਕ, ਧਾਰਮਕ, ਸਭਿਆਚਾਰਕ ਅਤੇ ਭਾਸ਼ਾਵਾਂ ਤੇ ਬੋਲੀਆਂ ਦੀ ਵੰਨ-ਸੁਵੰਨੀ ਖ਼ੁਸ਼ਹਾਲੀ ਸੀ।ਜਿਸ ਪੰਜਾਬ ’ਚ ਵੇਦਾਂ ਦੀ ਰਚਨਾ ਹੋਈ; ਸ੍ਰੀ ਭਗਵਦ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੇ ਵਿਸ਼ਵ ਪ੍ਰਸਿੱਧ ਰੂਹਾਨੀ ਪ੍ਰਵਚਨ ਸਿਰਜੇ ਗਏ।ਜਦੋਂ ਅਸੀਂ ਇਸ ਵਿਸ਼ਾਲ ਸੰਦਰਭ ’ਚ ਵਿਚਾਰਾਂਗੇ ਤਦ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦਾ ਨਾਅਰਾ ਇੱਕ ਤੰਦਰੁਸਤ ਅਮਲ ਅਤੇ ਫ਼ਲਸਫ਼ੇ ’ਚ ਬਦਲ ਜਾਵੇਗਾ।ਸਿਆਸੀ, ਮਜ਼੍ਹਬੀ, ਸਭਿਆਚਾਰਕ, ਸਮਾਜਕ, ਅਤੇ ਭਾਸ਼ਾਈ ਸੰਕੀਰਨਤਾ ਅਤੇ ਸੰਪਰਦਾਇਕਤਾ ਖ਼ਤਮ ਹੋਣ ਲਗ ਪਵੇਗੀ।ਬਾਬਾ ਫਰੀਦ, ਬਾਬਾ ਨਾਨਕ, ਵਾਰਿਸਸ਼ਾਹ, ਮਹਾਰਾਜਾ ਰਣਜੀਤ ਸਿੰਘ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਵਾਲੇ ਪੰਜਾਬ ਦੇ ਨੈਣ-ਨਕਸ਼ ਉਭਰਣ ਲਗ ਪੈਣਗੇ।
ਪੰਜਾਬ ਦਾ ਦੂਜਾ ਇਤਿਹਾਸਕ ਦੁਖਾਂਤ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ‘ਕਪੂਰੀ ਮੋਰਚਾ’ ਹੈ।ਇਹ ਇਤਿਹਾਸਕ ਦੁਖਾਂਤ ਇਸ ਲਈ ਹੈ ਕਿਉਂਕਿ ਇਹ ਵੀ ਸਿਆਸਤ ਦੀ ਸ਼ਤਰੰਜੀ ਖੇਡ ਦੀ ਦੇਣ ਹੈ।ਲੋਕਾਈ ਦੇ ਹੱਕਾਂ ਦੀ ‘ਰਾਖੀ’ ਸਿਆਸਤ ਦੀ ਬਿਸਾਤ ’ਤੇ ਕੇਵਲ ਲਿਖੀ ਹੀ ਹੁੰਦੀ ਹੈ, ਸਿਆਸੀ ਭਾਸ਼ਨਾਂ ’ਚ ਗੂੰਜਦੀ ਹੁੰਦੀ ਹੈ।ਇਹ ਰਾਖੀ ਹੱਦ-ਸਰਹੱਦ ਦੀ ਨਹੀਂ, ਲੋਕਾਈ ਦੀ ਨਹੀਂ, ਬਲਕਿ ਆਪਣੇ ਸਵੈ ਦੀ, ਸਵੈ ਹਿਤਾਂ ਦੀ, ਆਪਣੇ ਵਰਗ ਦੀ, ਪਰਿਵਾਰ ਦੀ ਹੀ ਹੁੰਦੀ ਹੈ। ‘ਪੰਜਾਬੀ ਸੂਬੇ’ ਦੇ ਮੁੱਦੇ ’ਤੇ ਮਹਾ ਪੰਜਾਬ ਦੇ ਟੁਕੜੇ ਕਰਨ ਤੋਂ ਬਾਅਦ, ਦੂਜੀਆਂ ਸਟੇਟਾਂ ਨੂੰ ਪਾਣੀਆਂ ਦੀੇ ਵੰਡ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਵਲੰੂਧਰਨ ਦਾ, ਉਨ੍ਹਾਂ ਨੂੰ ਜਜ਼ਬਾਤੀ ਕਰਨ ਦਾ ਇਹ ਮਹਾਨ ਕਾਰਜ ਸਿਆਸੀ ਸ਼ਤਰੰਜ ਦੇ ਖਿਡਾਰਆਂਿ ਦਾ ਹੀ ਹੈ।ਇਸੇ ਮੁੱਦੇ ਦੇ ਆਧਾਰ ’ਤੇ ਇਹ ਖਡਾਰੀ ਪੰਜਾਬ ਦੇ (ਖਲ)ਨਾਇਕ ਵਜੋਂ ਸਥਾਪਤ ਹੋਏ, ਕਈ ਮਰਤਬਾ ਚੋਣਾਂ ਜਿੱਤ ਕੇ ਪੰਜਾਬ ਦੀ ਜਮਹੂਰੀਅਤ ਦੀ ‘ਰਾਖੀ’ ਕੀਤੀ।ਇਸ ਰਾਖੀ ’ਚ ਲੋਕਾਈ ਅਨੇਕਾਂ ਮਰਤਬਾ ਸ਼ਹੀਦ ਹੋਈ, ਘਰ ਉਜੜੇ।ਸਿਆਸਤ ਦੀ ਸ਼ਤਰੰਜ ਨੇ ‘ਸ਼ਹੀਦ’ ਅਤੇ ‘ਸ਼ਹਾਦਤ’ ਨੂੰ ਆਪਣੇ ਹੱਕ ’ਚ ਅਗਵਾ ਕਰ ਲਿਆ।
ਇਨ੍ਹਾਂ ਤਮਾਮ ਤੱਥਾਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਸਿਆਸਤ ਅਤੇ ਇਸ ਦੇ ਸ਼ਤਰੰਜੀ ਖਿਡਾਰੀ, ਭਾਵ ਪੰਜਾਬ ਦੀ ਰਾਖੀ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਨਿਗ੍ਹਾਬਾਨ ਪੰਜਾਬ ਦੇ ਪਾਣੀਆਂ ਦੇ ਬਚਾਵ, ਇਸ ਦੇ ਵਿਕਾਸ, ਪੰਜਾਬ ਦੀ ਖੇਤੀ-ਬਾੜੀ, ਫਸਲਾਂ ਦੀ ਵੰਨ-ਸੁਵੰਨਤਾ, ਪੰਜਾਬ ਦੀ ਦਿਨ-ਬ-ਦਿਨ ਸੁੰਗੜਦੀ ਜ਼ਰਾਇਤੀ ਜ਼ਮੀਨ, ਇਸ ਦੇ ਸੰਚਾਈ ਦੇ ਇੰਤਜ਼ਾਮ, ਕਰਜ਼ੇ ਦੀ ਮਾਰ ਹੇਠ ਆਏ ਵਾਹੀਕਾਰ, ਪੰਜਾਬ ਦੀ ਦਿਨ-ਬ-ਦਿਨ ਸੁੰਗੜਦੀ ਸਰੀਰਕ, ਆਰਥਕ, ਮਾਨਸਿਕ ਅਤੇ ਰੂਹਾਨੀ ਤੰਦਰੁਸਤੀ ਬਾਰੇ ਕਿੰਨੇ ਕੁ ਫ਼ਿਕਰਮੰਦ ਹਨ?
ਪਿਛਲੀ ਸਦੀ ਦੇ 80ਵੀਆਂ ਦੇ ਕਾਲੇ ਪਰਛਾਵੇਂ ਅਜੇ ਵੀ ਪੰਜਾਬ ਦੀ ਲੋਕਾਈ ਦੀ ਆਤਮਾ ਅਤੇ ਉਸ ਦੇ ਮਨ ’ਤੇ ਡੂੰਘੇ ਉਕਰੇ ਹੋਏ ਹਨ।ਸਵਾਲ ਇਹ ਹੈ ਕਿ ਆਖ਼ਿਰਕਾਰ ਇਹ ਸਭ ਕੁਝ ਜੋ ਪੰਜਾਬ ’ਚ ਕੋਝਾ ਵਾਪਰਿਆ, ਉਹ ਕਿਉਂ ਵਾਪਰਿਆ? ਮਸਲਾ ਤਾਂ ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਕਾਬਜ਼ ਹੋਣ ਦੀ ਮੁਕਾਬਲੇਬਾਜ਼ੀ ਸੀ, ਸਿਆਸਤਬਾਜ਼ੀ ਸੀ ਜਿਸ ’ਚੋਂ ਸਿਰਜਣਾ, ਸਲੀਕਾ, ਸੰਵੇਦਨਾ, ਸੁਘੜਤਾ ਅਤੇ ਸੋਹਜ – ਜੋ ਪੰਜਾਬੀ ਬੰਦੇ ਦੇ ਮੂਲ ਗੁਣ ਹਨ – ਮੁਕੰਮਲ ਤੌਰ ’ਤੇ ਮਨਫ਼ੀ ਸਨ।ਸਿਆਸਤ ਦੀ ਇਸ ਹਿੰਸਕ ਬਿਸਾਤ ’ਤੇ ਵਿਰਾਜ ਕੇ ਪੰਜਾਬ ਦੀ ਲੋਕਾਈ ਨੇ ਆਪਣੇ ਇਨ੍ਹਾਂ ਗੁਣਾਂ ਦੀ, ਕਦਰਾਂ-ਕੀਮਤਾਂ ਦੀ ਕੁਰਬਾਨੀ ਦਿੱਤੀ।ਪੰਜਾਬ ਦੀ ਲੋਕਾਈ ਦਿਨ-ਰਾਤ ਸ਼ਹੀਦ ਹੁੰਦੀ ਗਈ।ਮੰਦਭਾਗੀ ਬਾਤ ਇਹ ਹੈ ਕਿ ਲੋਕਾਈ ਦੀ ਸ਼ਹਾਦਤ ਨੂੰ ਵੀ ਸਿਆਸੀ ਖਿਡਾਰੀਆਂ ਨੇ ਆਪਣੇ-ਆਪਣੇ ਨਿਜੀ ਮਨੋਰਥਾਂ ਲਈ ਵਰਤਿਆ, ਸ਼ਹਾਦਤ ਦਾ ਇੱਕ ਕੋਝਾ ਪ੍ਰਵਚਨ ਸਿਰਜਿਆ, ਸ਼ਹਾਦਤ ਦੇ ਅਰਥ ਬਦਲ ਦਿੱਤੇ। ਇਸ ਦੇ ਆਧਾਰ ’ਤੇ ਸਿਆਸੀ ਅਖਾੜੇ ਜਿੱਤੇ।ਹੁਣ ਵੀ ਉਪਰਾਲੇ ਜ਼ਾਰੀ ਹਨ।ਕਿਉਂਕਿ 2022 ਦੀਆਂ ਚੋਣਾਂ ਪੰਜਾਬ ਦੇ ਘਰਾਂ ਦੀਆਂ ਬਰੂਹਾਂ ’ਤੇ ਖਲੋਤੀਆਂ ਦਸਤਕ ਦੇ ਰਹੀਆਂ ਹਨ।ਸਿਆਸਤੀ ਸ਼ਤਰੰਜਬਾਜ਼ ਸਥਿਤੀ ਨੂੰ ਗਹੁ ਨਾਲ ਵਿਚਾਰ ਰਹੇ ਹਨ।
ਮੰਤਰੀਆਂ, ਮੁੱਖ-ਮੰਤਰੀਆਂ, ਪਾਰਟੀ ਲੀਡਰਾਂ ਆਦਿ ਨੂੰ ਬਦਲਣ ਨਾਲ ਲੋਕਾਈ ਦੀ ਹਕੀਕੀ ਸੰਤੋਸ਼ਜਨਕ ਹਾਲਤ ਨੂੰ ਨਹੀਂ ਬਦਲਿਆ ਜਾ ਸਕਦਾ।ਮੁੱਦਾ ਤਾਂ ਲੋਕਾਈ ਦੇ ਅਸਲ ਰਹਿਨੁਮਾ ਦੀ ਤਲਾਸ਼ ਦਾ ਹੈ।ਜਦ ਤੀਕ ਮੰਤਰੀ, ਮੁੱਖ-ਮੰਤਰੀ, ਪਾਰਟੀ ਲੀਡਰ ਲੋਕਾਈ ਦੇ ਅਸਲ ਰਹਿਨੁਮਾ ਵਜੋਂ ਅਪਣਾ ਕਿਰਦਾਰ ਨਹੀਂ ਬਦਲਦੇ ਉਦੋਂ ਤੀਕ ਪੰਜਾਬ ਦੀ ਲੋਕਾਈ ਦੀ ਹਾਲਤ ’ਚ ਕਿਸੇ ਵੀ ਕਿਸਮ ਦੀ ਸਿਫ਼ਤੀ ਤਬਦੀਲੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਜੇ ਪੰਜਾਬ ਦੀ ਮੌਜੂਦਾ ਮੰਦੀ ਸਥਿਤੀ ਨੂੰ ਇਮਾਨਦਾਰ ਅਤੇ ਯੋਗ ਤਰੀਕੇ ਨਾਲ ਨਾ ਸੰਭਾਲਿਆ ਗਿਆ, ਤਦ ਉਤਰ-ਪ੍ਰਦੇਸ਼ ਜਿਹੀ ਘਟਨਾ ਵੀ ਇਥੇ ਵਾਪਰ ਸਕਦੀ ਹੈ।ਪਰ ਇਸ ਤੋਂ ਵੀ ਵਧ ਅਫ਼ਸੋਸਨਾਕ ਤੱਥ ਇਹ ਹੈ ਕਿ ਸਿਆਸਤ ਦਾ ਹਰ ਸ਼ਤਰੰਜੀ ਖਿਡਾਰੀ ਲਖੀਮਪੁਰ ਖੇੜੀ ਦੀ ‘ਜ਼ਿਆਰਤ’ ਕਰ ਕੇ ਲੋਕ-ਪੱਖੀ, ਕਿਸਾਨ ਪੱਖੀ, ਇਨਸਾਨੀਅਤ ਦੇ ਪਹਿਰੇਦਾਰ ਵਜੋਂ ਅਪਣੇ ਆਪ ਨੂੰ ਸਥਾਪਤ ਕਰਨ ਦੀ ਦੌੜ ਵਿਚ ਹੈ।ਇਸ ਕਿਸਮ ਦੀ ਸਿਆਸੀ ਮੁਕਾਬਲੇਬਾਜ਼ੀ ਲੋਕਾਈ-ਪੱਖੀ ਨਹੀਂ ਹੁੰਦੀ, ਖ਼ਾਸ ਕਰ ਉਸ ਵੇਲੇ ਜਦ ਪੰਜਾਬ ’ਚ ਜੀਰੀ ਦੀ ਫ਼ਸਲ ਦੀ ਵਸੂਲੀ ਅਤੇ ਚੋਣਾਂ ਦੇ ਮੁੱਦੇ ਗੰਭੀਰ ਤਵੱਜੋ ਦੀ ਮੰਗ ਕਰਦੇ ਹੋਣ, ਅਤੇ ਪਿਛਲੇ ਲਗਭਗ ਇੱਕ ਸਾਲ ਤੋਂ ਕਿਸਾਨ ਅੰਦੋਲਨ ਇੱਕ ਵਿਸ਼ਾਲ ਤਹਰੀਕ ’ਚ ਬਦਲ ਗਿਆ ਹੋਵੇ, ਅਤੇ ਜਿਸ ਦੇ ਆਰਥਕ ਪੱਖ ਤੋਂ ਇਲਾਵਾ, ਸਮਾਜਕ, ਸਿਆਸੀ ਅਤੇ ਸਭਿਆਚਾਰਕ ਪਹਿਲੂ ਵਿਚਾਰਨ ਯੋਗ ਹੋਣ।ਦਿੱਲੀ ਦੀ ਸਰਹੱਦ ’ਤੇ ਤੈਨਾਤ ਪੰਜਾਬੀਆਂ ਦਾ ਸਮੂਹ ਕੇਵਲ ਸਮੂਹ ਹੀ ਨਹੀਂ।ਉਸ ਸਮੂਹ ਦਾ ਵੀ ਆਪਣਾ ਇੱਕ ਸਰਹੱਦੀ ਸੁਭਾ ਹੈ, ਜੁੱਸਾ ਹੈ।ਪੰਜਾਬ ਦੀ ਲੋਕਾਈ ਨੇ ਆਪਣੀਆਂ ਸਰਹੱਦਾਂ ’ਤੇ ਵੀ ਬਹੁਤ ਕੁਝ ਵੇਖਿਆ ਹੈ, ਹੰਡਾਇਆ ਹੈ।
ਅਜੋਕੀ ਸਥਿਤੀ ਦੇ ਮੱਦੇ ਨਜ਼ਰ ਮੁੱਖ ਮੁੱਦਾ ਲੋਕਾਈ ਦੇ ਵਿਕਾਸ ਦਾ ਹੈ।ਜਾਤ-ਪਾਤ ਅਤੇ ਮਜ਼੍ਹਬ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਲੋਕਾਈ ਦੇ ਜਿਉਣ ਦੇ ਮਿਆਰ ਨੂੰ ਸੰਵਾਰਣ ਦਾ ਹੈ।
-
ਡਾ.ਪੁਸ਼ਪਿੰਦਰ ਸਿੰਘ ਗਿੱਲ, ਲੇਖਕ
pushpindergill63@gmail.com
9814145045
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.