ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਰੁਜ਼ਗਾਰ ਦੀਆਂ ਸੰਭਾਵਨਾਵਾਂ
ਅੱਜ ਦੁਨੀਆ ਭਰ ’ਚ ਛੇ ਹਜ਼ਾਰ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ’ਚੋਂ ਅੰਗਰੇਜ਼ੀ, ਪੰਜਾਬੀ, ਚੀਨੀ, ਹਿੰਦੀ, ਸਪੈਨਿਸ਼, ਫਰੈਂਚ, ਅਰਬੀ, ਬੰਗਲਾ, ਰਸ਼ੀਅਨ, ਇੰਡੋਨੇਸ਼ੀਅਨ, ਉਰਦੂ ਤੇ ਜਰਮਨ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ। ਉਥੇ ਹੀ ਬੇਸ਼ੱਕ ਭਾਰਤੀ ਸੰਵਿਧਾਨ ’ਚ ਸਿਰਫ਼ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਪਰ ਭਾਰਤ ’ਚ ਪੰਜਾਬੀ, ਹਿੰਦੀ ਸਮੇਤ 121 ਭਾਸ਼ਾਵਾਂ ਬੋਲੀਆਂ ਤੇ ਸਮਝੀਆਂ ਜਾਂਦੀਆਂ ਹਨ। ਆਪਣੀ ਰੋਜ਼ਾਨਾ ਜ਼ਿੰਦਗੀ ’ਚ ਅਨੁਵਾਦ ਦਾ ਮਹੱਤਵ ਜਿੰਨਾ ਅਸੀਂ ਸਮਝਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਬਹੁਪੱਖੀ ਹੈ। ਮਨੋਰੰਜਨ, ਗਿਆਨ, ਰਾਜਨੀਤੀ ਸਭ ਕੁਝ ਸਾਂਝਾ ਕਰਨ ਲਈ ਅਨੁਵਾਦ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਟਰਾਂਸਲੇਟਰ ਯਾਨੀ ਅਨੁਵਾਦਕਾਂ ਲਈ ਬਿਹਤਰੀਨ ਸੰਭਾਵਨਾਵਾਂ ਵਿਕਸਤ ਹੋਈਆਂ ਹਨ।
ਦੋ ਭਾਸ਼ਾਵਾਂ ’ਤੇ ਹੋਵੇ ਮਜ਼ਬੂਤ ਪਕੜ
ਇਕ ਸਫਲ ਅਨੁਵਾਦਕ ਬਣਨ ਲਈ ਬਹੁਤ ਜ਼ਿਆਦਾ ਵਚਨਬੱਧਤਾ ਦੀ ਜ਼ਰੂਰਤ ਹੁੰਦੀ ਹੈ। ਆਪਣੀ ਮਾਂ ਬੋਲੀ ਦੇ ਨਾਲ-ਨਾਲ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ’ਚ ਮੁਹਾਰਤ ਟ੍ਰਾਂਸਲੇਸ਼ਨ ਨੂੰ ਕਰੀਅਰ ਵਜੋਂ ਅਪਣਾਉਣ ਲਈ ਸਭ ਤੋਂ ਜ਼ਰੂਰੀ ਹੈ। ਦਰਅਸਲ ਅਨੁਵਾਦ ਦੇ ਖੇਤਰ ’ਚ ਕੰਮ ਕਰਨ ਲਈ ਘੱਟੋ-ਘੱਟ ਦੋ ਭਾਸ਼ਾਵਾਂ ’ਚ ਮੁਹਾਰਤ ਹੋਣੀ ਜ਼ਰੂਰੀ ਹੈ, ਨਾਲ ਹੀ ਤੁਹਾਡੇ ਕੋਲ ਕੰਪਿਊਟਰ ਦਾ ਹੁਨਰ ਹੋਣਾ ਵੀ ਜ਼ਰੂਰੀ ਹੈ। ਖ਼ਾਸ ਤੌਰ ’ਤੇ ਐੱਮਐੱਸ ਆਫਿਸ ਪ੍ਰੋਗਰਾਮ, ਫੋਟੋਸ਼ਾਪ ਆਦਿ ਨਾਲ ਟਾਈਪਿੰਗ ਸਪੀਡ ਹੋਣੀ ਵੀ ਜ਼ਰੂਰੀ ਹੈ।
ਮੁਕਾਬਲਾ ਪ੍ਰੀਖਿਆਵਾਂ ’ਚੋਂ ਸਫਲਤਾ ਹਾਸਿਲ ਕਰ ਕੇ ਤੁਸੀਂ ਅਨੁਵਾਦਕ ਵਜੋਂ ਸਰਕਾਰੀ ਨੌਕਰੀ ਹਾਸਿਲ ਕਰ ਸਕਦੇ ਹੋ। ਕਈ ਸਰਕਾਰੀ ਵਿਭਾਗਾਂ ਜਾਂ ਸੰਸਥਾਵਾਂ ’ਚ ਅਨੁਵਾਦਕ ਦੇ ਅਹੁਦੇ ਹੁੰਦੇ ਹਨ। ਇਸ ਅਹੁਦੇ ’ਤੇ ਚੋਣ ਤੋਂ ਬਾਅਦ ਹੌਲੀ-ਹੌਲੀ ਤਜਰਬੇ ਅਤੇ ਉਮਰ ਅਨੁਸਾਰ ਉੱਨਤੀ ਦੇ ਮੌਕੇ ਵੀ ਮਿਲਦੇ ਹਨ। ਅਨੁਵਾਦਕ ਵਜੋਂ ਚੋਣ ਹੋਣ ਮਗਰੋਂ ਸਹਾਇਕ ਨਿਰਦੇਸ਼ਕ, ਉਪ-ਨਿਰਦੇਸ਼ਕ ਤੇ ਨਿਰਦੇਸ਼ਕ ਵਜੋਂ ਤਰੱਕੀ ਮਿਲ ਸਕਦੀ ਹੈ।
ਪ੍ਰਕਾਸ਼ਨ ਹਾਊਸ
ਅਨੁਵਾਦਕ ਲਈ ਦੇਸ਼ ਦੇ ਕਈ ਪਬਲੀਕੇਸ਼ਨ ਜਾਂ ਪ੍ਰਕਾਸ਼ਨ ਹਾਊਸਾਂ ’ਚ ਨੌਕਰੀ ਦੇ ਮੌਕੇ ਹਨ। ਕਈ ਨਿਊਜ਼ ਤੇ ਕੰਟੈਂਟ ਵੈੱਬਸਾਈਟਾਂ ਨੂੰ ਅਨੁਵਾਦਕਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹ ਚੰਗਾ ਭੁਗਤਾਨ ਵੀ ਕਰਦੇ ਹਨ। ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ, ਪ੍ਰਕਾਸ਼ਨ ਵਿਭਾਗ ਨਿਯਮਤ ਰੂਪ ’ਚ ਅਨੁਵਾਦ ਦਾ ਕੰਮ ਕਰਵਾਉਂਦੇ ਹਨ।
ਮਨੋਰੰਜਨ ਇੰਡਸਟਰੀ
ਪਿਛਲੇ ਇਕ ਦਹਾਕੇ ਤੋਂ ਅਨੁਵਾਦਕਾਂ ਲਈ ਮੌਕੇ ਲਗਾਤਾਰ ਵਧੇ ਹਨ। ਦੱਖਣੀ ਭਾਰਤੀ ਫਿਲਮਾਂ ਦੀ ਹਿੰਦੀ ਭਾਸ਼ਾ ’ਚ ਡਬਿੰਗ, ਭਾਰਤ ’ਚ ਪ੍ਰਸਾਰਿਤ ਹੋਣ ਵਾਲੇ ਅੰਗਰੇਜ਼ੀ ਚੈਨਲਾਂ ਦੇ ਪ੍ਰੋਗਰਾਮਾਂ ਦਾ ਹਿੰਦੀ ’ਚ ਪ੍ਰਸਾਰਨ ਵਧਿਆ ਹੈ।
ਹੁਣ ਤਾਂ ਕੁਝ ਭਾਰਤੀ ਮਨੋਰੰਜਨ ਚੈਨਲਾਂ ’ਤੇ ਵਿਦੇਸ਼ੀ ਸੀਰੀਅਲ ਹਿੰਦੀ ਭਾਸ਼ਾ ’ਚ ਪ੍ਰਸਾਰਿਤ ਹੋਣ ਲੱਗੇ ਹਨ। ਇਸ ਲਈ ਵੱਡੇ ਪੱਧਰ ’ਤੇ ਮਾਹਿਰ ਅਨੁਵਾਦਕਾਂ ਦੀ ਜ਼ਰੂਰਤ ਹੁੰਦੀ ਹੈ।
ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ
ਅਨੁਵਾਦ ਦੇ ਕਰੀਅਰ ਦਾ ਆਧਾਰ ਹੈ ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਤੇ ਭਾਸ਼ਾ ਦਾ ਨਿਰੰਤਰ ਵਹਾਅ। ਜੇ ਤੁਸੀਂ ਅੰਗਰੇਜ਼ੀ ਨਾਲ ਕਿਸੇ ਹੋਰ ਭਾਸ਼ਾ ਜਾਂ ਹਿੰਦੀ-ਪੰਜਾਬੀ ਵਿਸ਼ੇ ’ਚ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਜਾਂ ਪੀਐੱਚਡੀ ਕਰ ਲੈਂਦੇ ਹੋ ਜਾਂ ਦੋਵੇਂ ਭਾਸ਼ਾਵਾਂ ’ਚ ਚੰਗੀ ਪਕੜ ਰੱਖਦੇ ਹੋ ਤਾਂ ਇਸ ਕਰੀਅਰ ’ਚ ਕਦਮ ਰੱਖ ਸਕਦੇ ਹੋ। ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਵਿਦੇਸ਼ੀ ਭਾਸ਼ਾ ਦਾ ਕੋਰਸ ਜਾਂ ਟ੍ਰਾਂਸਲੇਸ਼ਨ ਸਟੱਡੀਜ਼ ਦਾ ਕੋਰਸ ਕਰ ਕੇ ਬਤੌਰ ਟ੍ਰਾਂਸਲੇਟਰ ਸ਼ੁਰੂਆਤ ਕਰ ਸਕਦੇ ਹੋ।
ਯੂਐੱਨ ’ਚ ਕੀਤੀ ਜਾਂਦੀ ਹੈ ਅਨੁਵਾਦਕਾਂ ਦੀ ਨਿਯੁਕਤੀ
ਸੰਯੁਕਤ ਰਾਸ਼ਟਰ ਵੱਡੇ ਪੱਧਰ ’ਤੇ ਅਨੁਵਾਦਕਾਂ ਜਾਂ ਭਾਸ਼ਾ ਪੇਸ਼ੇਵਰਾਂ ਦੀ ਨਿਯੁਕਤੀ ਕਰਦਾ ਹੈ। ਯੂਐੱਨ ’ਚ ਭਾਸ਼ਾ ਪੇਸ਼ੇਵਰਾਂ ਦੀ ਸੰਪਾਦਕੀ ਤੇ ਪ੍ਰਕਾਸ਼ਨ ਸਹਾਇਤਾ ਲਈ ਐਡੀਟਰ, ਟ੍ਰਾਂਸਲੇਟਰ, ਪ੍ਰੋਡਕਸ਼ਨ ਐਡੀਟਰ ਤੇ ਡੈਸਕਟਾਪ ਪਬਲਿਸ਼ਰ ਆਦਿ ਅਹੁਦਿਆਂ ’ਤੇ ਨਿਯੁਕਤੀ ਕੀਤੀ ਜਾਂਦੀ ਹੈ। ਇਨ੍ਹਾਂ ਨੌਕਰੀਆਂ ਦੀ ਨਿਯੁਕਤੀ ਪ੍ਰਕਿਰਿਆ ਬਾਰੇ ਜਾਣਨ ਲਈ ਯੂਐੱਨ ਦੀ ਵੈੱਬਸਾਈਟ ਦੇਖਦੇ ਰਹੋ।
ਲਾਕਡਾਊਨ ਦੌਰਾਨ ਵਧੇ ਕੰਮ ਦੇ ਮੌਕੇ
ਮਹਾਮਾਰੀ ਦੌਰਾਨ ਅਨੁਵਾਦਕ ਦੇ ਕੰਮ ’ਚ ਵਾਧਾ ਹੋਇਆ ਹੈ ਕਿਉਂਕਿ ਲਾਕਡਾਊਨ ’ਚ ਪਾਠਕਾਂ ਤੇ ਦਰਸ਼ਕਾਂ ਨੂੰ ਆਪਣੇ ਸ਼ੌਕ ਨੂੰ ਵਿਸਥਾਰ ਦੇਣ ਦਾ ਸਮਾਂ ਮਿਲਿਆ। ਇਸ ਲਈ ਸਾਹਿਤ ਤੋਂ ਲੈ ਕੇ ਮਨੋਰੰਜਨ ਜਗਤ ਤਕ ਨੂੰ ਚੰਗੇ ਅਨੁਵਾਦਕ ਚਾਹੀਦੇ ਹਨ। ਕਾਰਪੋਰੇਟ ਕੰਪਨੀਆਂ ਅਤੇ ਇਸ਼ਤਿਹਾਰੀ ਵਿਭਾਗ ਅਜਿਹੇ ਫ੍ਰੀਲਾਂਸਰ ਅਨੁਵਾਦਕਾਂ ਦੀ ਭਾਲ ਕਰ ਰਹੇ ਹਨ, ਜੋ ਕਈ ਪ੍ਰਾਜੈਕਟਾਂ ’ਤੇ ਇੱਕੋ ਵੇਲੇ ਕੰਮ ਕਰ ਸਕਦੇ ਹਨ ਤੇ ਉਹ ਇਸ ਲਈ ਚੰਗਾ ਭੁਗਤਾਨ ਕਰ ਰਹੇ ਹਨ।
ਬਣਾ ਸਕਦੇ ਹੋ ਸੁਤੰਤਰ ਪਛਾਣ
ਅਨੁਵਾਦਕਾਂ ਕੋਲ ਸਰਕਾਰੀ ਤੇ ਪ੍ਰਾਈਵੇਟ ਸੈਕਟਰ ’ਚ ਨੌਕਰੀ ਕਰਨ ਤੋਂ ਇਲਾਵਾ ਸੁਤੰਤਰ ਰੂਪ ’ਚ ਕੰਮ ਕਰਨ ਦਾ ਬਦਲ ਹੰੁਦਾ ਹੈ। ਸਾਰੇ ਵੱਡੇ ਪ੍ਰਕਾਸ਼ਨ ਹਾਊਸਾਂ, ਦੂਤਘਰਾਂ, ਮੀਡੀਆ, ਫਿਲਮ ਇੰਡਸਟਰੀ ਆਦਿ ’ਚ ਹਿੰਦੀ-ਅੰਗਰੇਜ਼ੀ ਦੇ ਨਾਲ-ਨਾਲ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਦੇ ਅਨੁਵਾਦਕਾਂ ਦੀ ਜ਼ਰੂਰਤ ਹੁਘਦੀ ਹੈ। ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਜਿਵੇਂ ਕੰਨੜ, ਬੰਗਲਾ, ਤਾਮਿਲ ਆਦਿ ਜਾਂ ਵਿਦੇਸ਼ੀ ਭਾਸ਼ਾਵਾਂ ਜਿਵੇਂ ਚੀਨੀ, ਜਰਮਨ, ਜਾਪਾਨੀ, ਸਪੈਨਿਸ਼ ਆਦਿ ’ਚੋਂ ਕੋਈ ਵੀ ਭਾਸ਼ਾ ਤੁਹਾਨੂੰ ਚੰਗੀ ਤਰ੍ਹਾਂ ਆਉਂਦੀ ਹੈ ਤਾਂ ਇਹ ਮੁਹਾਰਤ ਤੁਹਾਡੇ ਲਈ ਮੌਕਿਆਂ ’ਚ ਵਾਧਾ ਕਰੇਗੀ। ਸਾਰੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਹੁਣ ਕਈ ਭਾਸ਼ਾਵਾਂ ’ਚ ਅਨੁਵਾਦ ਹੁੰਦੀਆਂ ਹਨ। ਇਨ੍ਹਾਂ ਕਿਤਾਬਾਂ ਦੇ ਅਨੁਵਾਦਕਾਂ ਨੂੰ ਨਾ ਸਿਰਫ਼ ਚੰਗੇ ਪੈਸੇ ਦਾ ਭੁਗਤਾਨ ਕੀਤਾ ਜਾਂਦਾ ਹੈ ਸਗੋਂ ਕਿਤਾਬ ’ਚ ਬਤੌਰ ਅਨੁਵਾਦਕ ਉਸ ਦਾ ਨਾਂ ਦਿੱਤਾ ਜਾਂਦਾ ਹੈ। ਅੰਗਰੇਜ਼ੀ ਨਾਲ ਵਿਦੇਸ਼ੀ ਭਾਸ਼ਾ ਦਾ ਗਿਆਨ ਤੁਹਾਨੂੰ ਯੂਐੱਨ ਸਮੇਤ ਹੋਰ ਵਿਸ਼ਵੀ ਸੰਗਠਨਾਂ ਨਾਲ ਕੰਮ ਕਰਨ ਦਾ ਮੌਕਾ ਦਿਵਾ ਸਕਦਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.