ਮੇਰਾ ਅਲਬੇਲਾ ਬੇਲੀ : ਨਿਰਮਲ ਜਾਵੇਦ
ਸਿਰ ਤੋਂ ਪੈਰਾਂ ਤੀਕ ਸਾਹਿੱਤ ਚ ਗੜੁੱਚ ਪਰ ਪਰਗਟ ਹੋਣੇਂ ਹਮੇਸ਼ਾਂ ਦੂਰ।
ਇਹੀ ਕਹੇਗਾ, ਛੱਡ ਪਰ੍ਹਾਂ, ਕੋਈ ਹੋਰ ਗੱਲ ਕਰ।
ਭਾਵੇਂ ਉਹ ਮੈਥੋਂ ਦੋ ਸਾਲ ਵੱਡਾ ਹੈ ਪਰ ਕਿਸੇ ਦੁਰਘਟਨਾ ਵੱਸ ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ(ਗੁਰਦਾਸਪੁਰ) ਵਿੱਚ ਮੇਰਾ ਸਹਿਪਾਠੀ ਰਿਹਾ ਹੈ।
ਜ਼ਹੀਨ ਪਹਿਲੇ ਦਿਨੋਂ।
ਪੂਰੇ ਟੱਬਰ ਵਾਂਗ।
ਬਾਬਲ ਅਮਰ ਨਾਥ ਸ਼ਾਦਾਬ ਜੀ ਗਿਆਨਵੰਤ ਪੁਰਖ਼ ਸਨ। ਸਿਰਜਣਾਤਮਕ ਸੋਚ ਦੇ ਧਾਰਨੀ। ਮਾਂ ਮਮਤਾ ਦੀ ਮੂਰਤ।
ਸਭ ਸੋਂ ਵੱਡਾ ਵੀਰ ਗੁਰਚਰਨ, ਕਿਰਤੀ ਤੇ ਸਿਰੜੀ ਵੀਰ,ਪ੍ਰੀਤ ਸਮਾਜਿਕ ਕਾਰਕੁਨ ਹੋਣ ਕਾਰਨ ਪਿੰਡ ਦਾ ਸਰਪੰਚ ਰਿਹਾ, ਰਾਮ ਲੀਲ੍ਹਾ ਚ ਰਾਮ ਬਣਦਾ। ਅਸੀਂ ਭਾ ਜੀ ਨੂੰ ਸਾਰਾ ਸਾਲ ਰਾਮ ਸਮਝ ਕੇ ਮੱਥਾ ਟੇਕੀ ਜਾਂਦੇ, ਉਹ ਆਸ਼ੀਰਵਾਦ ਦੇਈ ਜਾਂਦਾ। ਵੱਡੇ ਹੋ ਕੇ ਪਤਾ ਲੱਗਾ ਕਿ ਇਹ ਤਾਂ ਭਾ ਜੀ ਨੇ।
ਫਿਰ ਭੂਸ਼ਨ ਧਿਆਨਪੁਰੀ, ਵਿਜੈ ਵੀਰ, ਨਿਰਮਲ ਤੇ ਸਭ ਤੋਂ ਨਿੱਕਾ ਆਦੇਸ਼ ਅੰਕੁਸ਼। ਦੇਵ ਕੰਨਿਆਂ ਵਰਗੀਆਂ ਭੈਣਾਂ ਵੀ ਸੁਚਿਆਰੀਆਂ। ਸਾਰਾ ਟੱਬਰ ਮੇਰਾ।
ਅੱਜ ਗੱਲ ਨਿਰਮਲ ਦੀ ਕਰਾਂਗਾ।
ਜਿਸ ਦਿਨ ਮਾਸਟਰ ਰਾਮ ਸਰੂਪ ਜੀ ਨਾ ਆਉਂਦੇ, ਸਾਨੂੰ ਹਿੰਦੀ ਨਿਰਮਲ ਹੀ ਪੜ੍ਹਾਉਂਦਾ। ਉਸ ਦੀ ਗੱਲ ਜ਼ਿਆਦਾ ਸਮਝ ਪੈਂਦੀ। ਡਰ ਨਹੀਂ ਸੀ ਨਾ ਕੋਈ।
ਦਸਵੀਂ ਕਰਕੇ ਉਹ ਭੂਸ਼ਨ ਕੋਲ ਚੰਡੀਗੜ੍ਹ ਚਲਾ ਗਿਆ। ਏਥੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਰਮਚਾਰੀ ਬਣ ਗਿਆ। ਉਹ ਤੇ ਸਾਡਾ ਨਿੱਕਾ ਵੀਰ ਭਗਵੰਤ ਸਿੰਘ ਬੇਦੀ ਹੀ ਸਾਡੇ ਲਈ ਪੂਰਾ ਸਕੂਲ ਬੋਰਡ ਸਨ।
ਉਸ ਉਰਦੂ ਚ ਐੱਮ ਏ ਕਰ ਲਈ। ਫਾਰਸੀ ਦੀ ਵੀ ਸ਼ਾਇਦ। ਪੰਡਾਂਦੀਆਂ ਪੰਡਾਂ ਪੜ੍ਹਦਾ। ਮਾੜਾ ਬੰਦਾ. ਮਾੜਾ ਸ਼ਿਅਰ ਉਸ ਨੂੰ ਕਦੇ ਵੀ ਪਸੰਦ ਨਹੀਂ ਆਇਆ। ਬਚਪਨ ਤੋਂ ਲੈ ਕੇ।
ਉਸ ਪੰਜਾਬੀ ਚ ਬਹੁਤ ਘੱਟ ਲਿਖਿਆ ਹੈ ਪਰ ਲਿਖਿਆ ਕਮਾਲ ਦਾ। ਮੈਂ ਉਸ ਦਾ ਅੰਗਰੇਜ਼ੀ ਵਿੱਚ ਫੈਨ ਹਾਂ। ਨਹੀਂ ਸੱਚ ਟੇਬਲ ਫੈਨ ਹਾਂ।
ਪਿਛਲੇ ਦਿਨੀਂ ਭਗਵੰਤ ਬੇਦੀ ਨਾਲ ਗੱਲ ਹੋਈ ਤਾਂ ਨਿਰਮਲ ਚੇਤੇ ਆਇਆ। ਸਕੂਲ ਬੋਰਡੋਂ ਸੇਵਾ ਮੁਕਤ ਨਿਰਮਲ।
ਇਕ ਗੱਲ ਰਹਿ ਹੀ ਗਈ
ਬਚਪਨ ਚ ਉਹ ਨਿਰਮਲ ਸਵਾਮੀ ਸੀ,ਫਿਰ ਜਾਵੇਦ ਖ਼ਿਆਲਾਬਾਦੀ ਬਣਿਆ ਤੇ ਹੁਣ ਨਿਰਮਲ ਜਾਵੇਦ ਹੈ। ਮੈਂ ਪੁੱਛਿਆ ਕਿ ਖ਼ਿਆਲਾਬਾਦ ਕਿੱਥੇ ਹੈ? ਉਹ ਬੋਲਿਆ, ਜਿੱਥੇ ਪੜ੍ਹਦੇ ਰਹੇ ਆਂ, ਧਿਆਨਪੁਰ। ਇਹ ਧਿਆਨਪੁਰ ਦਾ ਉਰਦੂ ਅਨੁਵਾਦਤ ਨਾਮ ਉਸ ਰੱਖਿਆ।
ਉਹ ਜਦ ਵੀ ਗ਼ਜ਼ਲ ਸੁਣਾਵੇ, ਮੈਂ ਚੋਰੀ ਚੋਰੀ ਨੋਟ ਕਰ ਲੈਂਦਾ ਹਾਂ। ਸੁਆਦ ਲੈਣ ਲਈ।
ਲਗਪਗ ਚਾਲੀ ਸਾਲ ਪਹਿਲਾਂ ਉਸ ਦੋ ਗ਼ਜ਼ਲਾਂ ਸੁਣਾਈਆਂ ਸਨ। ਉਨ੍ਹਾਂ ਦੇ ਸ਼ਿਅਰ ਮੈਂ ਬਹੁਤ ਸੁਣਾਉਂਦਾ ਹਾਂ, ਤੁਸੀਂ ਵੀ ਸੁਣੋ।
ਨਾਮ ਉਸ ਦਾ ਅਮੀਰੂ ਸੀ ਰਹਿੰਦਾ ਸੀ ਗਰੀਬਾਨਾ।
ਕਾਫ਼ਰ ਕਿਹਾ ਕਰਦਾ ਸੀ, ਖੜਕਣਗੀਆਂ ਕਿਰਪਾਨਾਂ।
ਰਾਤੀਂ ਮੇਰੀ ਬਸਤੀ ਵਿੱਚ ਕੀ ਹਾਦਿਸਾ ਹੋਇਆ ਹੈ,
ਦਿਨ ਚੜ੍ਹਦੇ ਨੂੰ ਗਾਇਬ ਨੇ ਹਰ ਚਿਹਰੇ ਤੋਂ ਮੁਸਕਾਨਾਂ।
ਇੱਕ ਹੋਰ ਗ਼ਜ਼ਲ ਦੇ ਸ਼ਿਅਰ ਕੁਝ ਇੰਜ ਸਨ। ਭੁੱਲ ਜਾਵਾਂ ਤਾਂ ਖ਼ਿਮਾ ਕਰਨਾ ਜੀ।
ਜੋ ਗੀਤ ਕੈਦ ਸੀ ਪਹਿਲਾਂ ਪਰੀ ਦੀ ਝਾਂਜਰ ਵਿੱਚ।
ਉਹ ਤੁਰ ਕੇ ਆ ਗਿਐ ਸਰਕੰਡਿਆਂ ਦੀ ਸਰ ਸਰ ਵਿੱਚ।
ਮੈਂ ਜਾਣਦਾ ਹਾਂ ਕਿਵੇਂ ਬੂੰਦ ਤੋਂ ਬਣੇ ਮੋਤੀ,
ਤਮਾਮ ਉਮਰ ਗ਼ੁਜ਼ਾਰੀ ਹੈ ਮੈਂ ਸਮੁੰਦਰ ਵਿੱਚ।
ਘਿਰ ਆਈ ਸ਼ਾਮ ਚਲੋ ਹੁਣ ਘਰਾਂ ਨੂੰ ਚੱਲੀਏ,
ਕਿ ਮੇਜ਼ ਕੁਰਸੀਆਂ ਥੱਕੇ ਪਏ ਨੇ ਦਫ਼ਤਰ ਵਿੱਚ।
ਨਿਰਮਲ ਜਾਵੇਦ ਅੱਜ ਕੱਲ੍ਹ ਮੋਹਾਲੀ ਚ ਵੱਸਦਾ ਹੈ। ਉਸ ਦੀ ਸੰਗਤ ਸਿਰਫ਼ ਕਿਤਾਬਾਂ ਨਾਲ ਹੈ ਜਾਂ ਘਰ ਦੇ ਜੀਆਂ ਨਾਲ। ਵੱਖਰੀ ਕਿਸਮ ਦਾ ਅਗਿਆਤਵਾਸ।
ਕਹਿਣ ਲੱਗਾ, ਹੁਣ ਸਮਾਂ ਬਦਲ ਗਿਆ। ਪੁਰਾਣੇ ਯਾਰ ਲੱਭਦੇ ਨਹੀਂ, ਅੱਧੋਰਾਣੇ ਮੈਂ ਕਦੇ ਹੰਢਾਏ ਨਹੀਂ। ਸ਼ਬਦ ਸਮੁੰਦਰ ਤਾਰੀ ਲਾ ਕੇ ਹੀ ਪ੍ਰਸੰਨ ਹੈ ਉਹ।
ਉਸ ਆਪਣੀਆਂ ਨਵੀਆਂ ਦੋ ਗ਼ਜ਼ਲਾਂ ਸੁਣਾਈਆਂ। ਉਰਦੂ ਵਿੱਚ ਵੀ ਤੇ ਉਹੀ ਫਿਰ ਪੰਜਾਬੀ ਚ ਵੀ।
ਮਨ ਸਰਸ਼ਾਰ ਹੋ ਗਿਆ।
ਤੁਸੀਂ ਵੀ ਪੜ੍ਹੋ।
ਜੋ ਵੀ ਤੁਰਦਾ ਹੈ, ਸਫ਼ਰ ਤੇ ਮੇਰਾ ਰਾਹਬਰ ਬਣ ਕੇ।
ਬੈਠ ਜਾਂਦਾ ਹੈ ਕਿਤੇ, ਮੀਲ ਦਾ ਪੱਥਰ ਬਣ ਕੇ।
ਜ਼ਿੰਦਗੀ ਹੈ ਜਾਂ ਕੋਈ ਮਾਰੂਥਲੀ ਮ੍ਰਿਗ ਤ੍ਰਿਸ਼ਨਾ,
ਰਹਿ ਗਈ ਤੇਹ, ਮੇਰੇ ਹੋਠਾਂ ਦਾ ਮੁਕੱਦਰ ਬਣ ਕੇ।
ਕਿਤੇ ਸ਼ਬਨਮ, ਕਿਤੇ ਮੋਤੀ, ਕਿਤੇ ਹੰਝੂ, ਮੈਂ ਹਾਂ,
ਗੁੰਮ ਗਏ ਯਾਰ ਮੇਰੇ, ਸਾਰੇ ਸਮੁੰਦਰ ਬਣ ਕੇ।
ਕੀ ਕਰੇ ਕੋਈ ਜਦੋਂ,ਸ਼ਾਮ ਢਲ਼ੇ, ਦੀਪ ਜਲੇ,
ਦਿਲ ‘ਚ ਲਹਿ ਜਾਏ ਕੋਈ, ਯਾਦ ਜੇ ਖੰਜਰ ਬਣ ਕੇ।
ਜਗਮਗਾ ਪੈਣਗੇ,ਸਜਦੇ ਹੀ ਮੇਰੇ ਬਣ ਕੇ ਚਿਰਾਗ,
ਤੂੰ ਕਦੇ ਆ ਤਾਂ ਸਹੀ, ਮਸਤ ਕਲੰਦਰ ਬਣ ਕੇ।
️
ਸਿਲਸਿਲਾ ਸੋਚ ਦਾ, ਜਦ ਜਾਮਾ ਗ਼ਜ਼ਲ ਦਾ ਮੰਗੇ।
ਮੈਥੋਂ ਹਰ ਲਫ਼ਜ਼ ਨਵੇਂ ਅਰਥ ਦਾ ਜਲਵਾ ਮੰਗੇ।
ਜ਼ਿੰਦਗੀ ਹੈ ਜਾਂ ਮੇਰੇ ਸਾਹਮਣੇ ਮੰਗਤੀ ਕੋਈ,
ਕਦੇ ਰੋਟੀ, ਕਦੇ ਕੱਪੜਾ, ਕਦੇ ਪੈਸਾ ਮੰਗੇ।
ਦਿਨ ਜੇ ਨਿਕਲੇ ਤਾਂ ਮੇਰੇ ਤਨ ‘ਚੋਂ ਮੁਸ਼ੱਕਤ ਢੂੰਡੇ,
ਰਾਤ ਆਏ,ਤਾਂ ਕੋਈ ਖ਼੍ਵਾਬ ਸੁਨਹਿਰਾ ਮੰਗੇ।
ਤਾਅਨਾ ਦੇ ਕੇ ਮੇਰੀ ਤਕਦੀਰ ਨੂੰ ਬੇਨੂਰੀ ਦਾ,
ਦਿਲ ਕਿਸੇ ਹੋਰ ਦੀ ਕਿਸਮਤ ਦਾ ਸਿਤਾਰਾ ਮੰਗੇ।
ਉਹ ਸਮੁੰਦਰ ਹੈ ਤਾਂ ਫਿਰ ਆਪਣੀ ਡੂੰਘਾਈ ‘ਚ ਰਹੇ,
ਕਿਉਂ ਮੇਰੇ ਸ਼ਬਨਮੀ ਕਤਰੇ ‘ਚੋਂ ਵੀ ਹਿੱਸਾ ਮੰਗੇ।
ਮੈਂ ਬੜੀ ਵਾਰ ਕਿਹਾ ਹੈ ਕਿ ਪਰ੍ਹਾਂ ਜਾਣ ਵੀ ਦੇਹ,
ਹੱਕ ਦੀ ਸੂਲੀ ਹੈ ਕਿ ਮਨਸੂਰ ਦਾ ਨਾਅਰਾ ਮੰਗੇ।
️
ਨਿਰਮਲ ਜਾਵੇਦ ਨੂੰ ਚੰਗੇ ਸਿਰਜਣਾਤਮਕ ਪੱਤਰਕਾਰ ਹੀ ਮਿਲ ਸਕਦੇ ਹਨ ਕਿਉਂਕਿ ਉਹ ਮਸਤ ਮੌਲਾ ਫ਼ਕੀਰ ਤਬੀਅਤ ਦਾ ਸਵਾਮੀ ਹੈ,ਮੀਡੀਆ ਦੀ ਗੁਲਾਮੀ ਨਹੀਂ ਕਰਨਾ ਜਾਣਦਾ।
ਜੇ ਚਾਹੋ ਤਾਂ ਮੈਂ ਸੰਪਰਕ ਨੰਬਰ ਦੇ ਸਕਦਾਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.