ਜ਼ਿੰਦਗੀ ਕੁਝ ਬੰਦੇ ਮਹਿਕ ਵਾਂਗ ਆਉਂਦੇ ਨੇ, ਮਹਿਕ ਵੰਡਦੇ ਜਿਉਂਦੇ ਸਹਿਜ ਤੋਰ, ਪਰ ਜਲਦੀ ਤੁਰ ਜਾਂਦੇ ਨੇ ਸੁਪਨੇ ਵਾਂਗ। ਯਾਦਾਂ ਦੇ ਅੰਬਾਰ ਛੱਡ ਜਾਂਦੇ ਨੇ ਪਿੱਛੇ। ਪਿੱਛੇ ਰਹਿ ਗਿਆ ਪਰਿਵਾਰ, ਭਾਈਚਾਰਕ ਸੰਸਾਰ ,ਪੜ੍ਹਦਿਆਂ,ਲਿਖਦਿਆਂ, ਰੁਜ਼ਗਾਰ ਕਮਾਉਂਦਿਆਂ ਬਣਿਆ ਲੋਕ ਆਧਾਰ ਤੇ ਮੁਹੱਬਤ ਮਾਣ ਚੁਕੇ ਰਿਸ਼ਤੇਦਾਰ ਸਿਮਰਤੀ ਵਿੱਚੋਂ ਗੰਠੜੀ ਫ਼ੋਲਦੇ ਰਹਿ ਜਾਂਦੇ ਨੇ।
ਸਾਡਾ ਵੀਰ ਦਲਜੀਤ ਸਿੰਘ ਪੰਧੇਰ ਦੁਨਿਆਵੀ ਭਾਸ਼ਾ ਚ ਰਿਸ਼ਤੇਦਾਰ ਸੀ ਪਰ ਅਸਲ ਅਰਥਾਂ ਚ ਉਹ ਸਨੇਹ ਦਾ ਭਰਪੂਰ ਖ਼ਜ਼ਾਨਾ ਸੀ। ਮੇਰੇ ਨਜ਼ਦੀਕੀ ਰਿਸ਼ਤੇਦਾਰ ਰੀਤਿੰਦਰ ਸਿੰਘ ਭਿੰਡਰ ਨਾਲ ਲਗਪਗ ਵੀਹ ਬਾਈ ਸਾਲ ਪਹਿਲਾਂ ਦਲਜੀਤ ਸਿੰਘ ਪੰਧੇਰ ਨਾਲ ਮੁਲਾਕਾਤ ਹੋਈ। ਨਿੱਘ ਤੇ ਖ਼ਲੂਸ ਦਾ ਭਰਪੂਰ ਕਟੋਰਾ ਲੱਗਿਆ। ਪਹਿਲੀ ਮੁਲਾਕਾਤ ਤੇ ਹੀ ਪਤਾ ਲੱਗਿਆ ਕਿ ਉਸ ਦਾ ਪਿੰਡ ਮਲੇਰਕੋਟਲਾ ਰਿਆਸਤ ਵਿੱਚ ਹੈ ਨੱਥੂ ਮਾਜਰਾ। ਇਸ ਪਿੰਡ ਦੇ ਕੁਝ ਸੱਜਣ ਪਹਿਲਾਂ ਹੀ ਮੇਰੇ ਮਿੱਤਰ ਤੇ ਸਹਿ ਕਰਮੀ ਸਨ। ਚੰਗਾ ਲੱਗਿਆ ਕਿ ਪੇਂਡੂ ਪਿਛੋਕੜ ਤੇ ਹਿੰਮਤ ਸਮੇਤ ਉਹ ਭਾਰਤ ਸਰਕਾਰ ਦਾ ਆਮਦਨ ਕਰ ਵਿਭਾਗ ਵਿੱਚ ਉੱਚ ਅਧਿਕਾਰੀ ਤਾਂ ਬਣ ਗਿਆ ਪਰ ਉਸ ਧਰਤੀ- ਪੁੱਤਰ ਹੋਣ ਦਾ ਮਾਣ ਨਾ ਗੁਆਇਆ। ਉਸ ਕੋਲ ਬਹੁਤ ਹੀ ਵੱਖਰੀ ਸਨੇਹੀ ਮੁਸਕਾਨ ਸੀ ਜਿਸ ਨਾਲ ਉਹ ਸਾਹਮਣੇ ਬੈਠੇ ਜੀਅ ਨੂੰ ਕੀਲ ਲੈਂਦਾ।
ਉਸ ਨੂੰ ਮਿਲ ਕੇ ਹਮੇਸ਼ ਮੈਨੂੰ ਆਪਣੇ ਪਿਆਰੇ ਵਿੱਛੜੇ ਵੀਰ ਹਰਜੀਤ ਸਿੰਘ ਬੇਦੀ ਯਾਦ ਅਉਂਦੇ ਜੋ ਉਸ ਵਾਂਗ ਹੀ ਆਈ ਆਰ ਅਫ਼ਸਰ ਸਨ ਪਰ ਸਾਦਗੀ ਤੇ ਸਨੇਹ ਨਾਲ ਲਬਾਲਬ ਭਰੇ ਹੋਏ। ਦੀਨ ਦੁਖੀ ਦੀ ਬਾਂਹ ਫੜ ਕੇ ਸਹਾਰਾ ਬਣਨ ਵਾਲੇ ਜ਼ਹੀਨ ਇਨਸਾਨ। ਲੋੜਵੰਦ ਰਿਸ਼ਤੇਦਾਰ, ਸਨੇਹੀ ਸੰਸਾਰ ਤੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਨਬਜ਼ ਪਛਾਣ ਕੇ ਉਨ੍ਹਾਂ ਦਾ ਦਰਦ ਨਿਵਾਰਨ ਵਾਲੇ। ਅਸਲ ਅਰਥਾਂ ਚ ਸਰਬੱਤ ਦਾ ਭਲਾ ਮੰਗਣ ਵਾਲੇ।
ਦਲਜੀਤ ਸਿੰਘ ਪੰਧੇਰ ਜਾਣ ਵੇਲੇ ਸਿਰਫ਼ 56 ਸਾਲ ਦਾ ਸੀ। ਅਜੇ 25 ਜੁਲਾਈ ਨੂੰ ਹੀ ਤਾਂ ਉਨ੍ਹਾਂ ਜਨਮ ਦਿਨ ਮਨਾਇਆ ਸੀ। ਆਪਣੇ ਬਾਪ ਸ: ਪਿਆਰਾ ਸਿੰਘ ਤੇ ਮਾਤਾ ਸਵਰਨ ਕੌਰ ਦੇ ਸੁਪਨਿਆਂ ਚ ਗੂੜ੍ਹੇ ਰੰਗ ਭਰਨ ਵਾਲਾ ਸੁਲੱਗ ਪੁੱਤਰ।
ਮੇਰੀ ਰਿਸ਼ਤੇਦਾਰੀ ਚ ਜਦ ਉਨ੍ਹਾਂ ਦਾ ਵੱਡਾ ਪੁੱਤਰ ਸੁਮੀਤ ਵਿਆਹਿਆ ਗਿਆ ਤਾਂ ਨੇੜਤਾ ਹੋਰ ਵੀ ਗੂੜ੍ਹੀ ਹੋ ਗਈ। ਅਕਸਰ ਕਹਿੰਦਾ, ਭਾ ਜੀ, ਆਪਣੀ ਪਹਿਲੀ ਰਿਸ਼ਤੇਦਾਰੀ ਹੀ ਠੀਕ ਹੈ। ਮੈ ਅਕਸਰ ਛੇੜਦਾ ਤੇ ਕਹਿੰਦਾ ਵੀਰ! ਹੁਣ ਭਾਈ ਸਾਡੀ ਬੇਟੀ ਪ੍ਰਭਜੋਤ ਤੇਰੀ ਨੂੰਹ ਹੋਣ ਕਾਰਨ ਦੁਨਿਆਵੀ ਤੌਰ ਤੇ ਉੱਚੇ ਥਾਂ ਹੈ। ਪੰਧੇਰ ਦੀ ਜੀਵਨ ਸਾਥਣ ਕੰਵਲਜੀਤ ਜਦ ਪਹਿਲੀ ਵਾਰ ਮਿਲੀ ਤਾਂ ਉਸ ਮੈਨੂੰ ਸਰ ਨਾਲ ਸੰਬੋਧਨ ਕੀਤਾ। ਮੈਂ ਹੈਰਾਨ ਪਰੇਸ਼ਾਨ। ਉਸ ਦੱਸਿਆ ਕਿ ਮੈਂ ਤੇ ਮੇਰੀ ਨਿੱਕੀ ਭੈਣ ਤੁਹਾਡੀ ਵਿੱਛੜੀ ਜੀਵਨ ਸਾਥਣ ਨਿਰਪਜੀਤ ਕੋਲ ਰਾਮਗੜ੍ਹੀਆ ਗਰਲਜ਼ ਕਾਲਿਜ ਚ ਪੜ੍ਹਦੀਆਂ ਰਹੀਆਂ ਹਾਂ ਚਾਰ ਸਾਲ।
ਤੁਸੀਂ ਹੀ ਤਾਂ ਸਾਨੂੰ ਸਾਡੇ ਪਿੰਡ ਝਾਬੇਵਾਲ ਤੋਂ ਪ੍ਰੇਰਨਾ ਦੇ ਕੇ ਉਥੇ ਪੜ੍ਹਨ ਲਾਇਆ ਸੀ। ਰਿਸ਼ਤਾ ਹੋਰ ਗੂੜ੍ਹਾ ਹੋ ਗਿਆ ਸੀ ਮੇਰਾ ਇਸ ਗੱਲ ਨਾਲ।
ਨਿੱਕੇ ਪੁੱਤਰ ਹਸਨ ਇੰਦਰਜੀਤ ਸਿੰਘ ਦਾ ਰਿਸ਼ਤਾ ਤਾਂ ਪੱਕਾ ਕਰ ਗਿਆ ਪਰ ਵਿਆਹ ਤੋਂ ਪਹਿਲਾਂ ਕੰਨੀ ਛੁਡਾ ਗਿਆ। ਭਲਾ! ਏਦਾਂ ਵੀ ਕੋਈ ਕਰਦਾ ਹੈ?
1989 ਚ ਪੰਧੇਰ ਨੇ ਆਮਦਨ ਕਰ ਵਿਭਾਗ ਵਿੱਚ ਸੇਵਾ ਆਰੰਭੀ ਤੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਪਹੁੰਚ ਕੇ ਸਦੀਵੀ ਅਲਵਿਦਾ ਕਹਿ ਦਿੱਤੀ। ਨਿੱਕੀ ਜਹੀ ਪੋਤਰੀ ਅਲਾਹੀ ਕੌਰ ਪੰਧੇਰ ਹੈਰਾਨ ਹੋ ਕੇ ਦਾਦਾ ਜੀ ਦੀ ਸੱਖਣੀ ਕੁਰਸੀ ਵੇਖ ਕੇ ਹੌਕਾ ਭਰਦੀ ਹੈ।
ਉਹ ਗਰੀਨ ਐਵੇਨਿਊ ਇਲਾਕੇ ਅੰਦਰ ਰਹਿੰਦਾ ਸੀ ਪੱਖੋਵਾਲ ਰੋਡ ਲੁਧਿਆਣਾ ਵਿੱਚ। ਚੌਗਿਰਦੇ ‘ਚ ਸੁਗੰਧੀਆਂ ਵੰਡਦਾ ਹਰਿਆਵਲ ਦਾ ਪੈਰੋਕਾਰ। ਵੱਡੇ ਘਰ ਵਿੱਚ ਉਸ ਦੇ ਲਾਏ ਬਿਰਖ਼ ਬੂਟੇ ਪੁੱਛਦੇ ਹਨ , ਸਾਡਾ ਸਰੂ ਕੱਦ ਸਰਦਾਰ ਕਿੱਧਰ ਗਿਆ। ਸਾਡੇ ਕੋਲ ਕੋਈ ਉੱਤਰ ਨਹੀ। ਅਸੀਂ ਨਿਰ ਉੱਤਰ ਹਾਂ।
ਵਿਕਾਸ ਸ਼ੀਲ ਸੋਚ ਦਾ ਹੀ ਪ੍ਰਤਾਪ ਸੀ ਕਿ ਕੁਝ ਸਾਲ ਪਹਿਲਾਂ ਮੈਨੂੰ ਕਹਿਣ ਲੱਗਾ , ਭਾ ਜੀ , ਤੁਸੀਂ ਵੀ ਛੱਤ ਤੇ ਸੋਲਰ ਪੈਨਲ ਲੁਆ ਲਵੋ। ਮੈਂ ਤਾਂ ਲੁਆ ਲਏ। ਕੌੜਾ ਘੁੱਟ ਕਰ ਲਉ ਇੱਕ ਵਾਰ,ਮਗਰੋਂ ਮੌਜਾਂ ਈ ਮੌਜਾਂ। ਅਸੀਂ ਬਹੁਤ ਆਨੰਦ ਚ ਹਾਂ।
ਸੂਰਜੀ ਊਰਜਾ ਰੱਜ ਕੇ ਮਾਨਣ ਵੇਲੇ ਤੁਰ ਗਿਆ।
ਦਲਜੀਤ ਸਿੰਘ ਪੰਧੇਰ ਆਪਣੇ ਬੱਚਿਆਂ ਲਈ ਚੰਗਾ ਮਿੱਤਰ ਸੀ। ਆਪਸੀ ਵਿਚਾਰ ਚਰਚਾ ਦਾ ਮਾਹੌਲ ਉਸਾਰ ਕੇ ਆਪਣੀਆਂ ਖਿੜਕੀਆਂ ਵੀ ਖੋਲ੍ਹ ਕੇ ਰੱਖਦਾ ਅਤੇ ਬੱਚਿਆਂ ਨੂੰ ਵੀ ਆਪਣੇ ਜੀਵਨ ਤਜ਼ਰਬੇ ਦੀ ਰੌਸ਼ਨੀ ਵਰਤਾਉਂਦਾ। ਉਚੇਰੀ ਸਿੱਖਿਆ ਪ੍ਰਾਪਤ ਬੱਚਿਆਂ ਨੂੰ ਉਸ ਸਵੈ ਅਨੁਸ਼ਾਸਨ ਦੇ ਮਾਰਗ ਤੇ ਤੋਰਿਆ। ਰਿਸ਼ਤੇਦਾਰਾਂ, ਸੰਪਰਕ ਸੂਤਰਾਂ ਤੇ ਅਧੀਨ ਕੰਮ ਕਰਦਿਆਂ ਦੇ ਬੱਚਿਆਂ ਦੀ ਸਿੱਖਿਆ ਤੇ ਰੁਜ਼ਗਾਰ ਲਈ ਉਹ ਹਰ ਪਲ ਸੋਚਦਾ, ਅਗਵਾਈ ਦਿੰਦਾ ਤੇ ਵਿਕਾਸ ਦੇ ਰਾਹੀਂ ਤੋਰਦਾ।
ਗੌਰਮਿੰਟ ਕਾਲਿਜ ਲੁਧਿਆਣਾ ਨੇੜਲੀ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਵਾਲੀ ਮਾਡਲ ਅਕੈਡਮੀ ਨੂੰ ਚੇਤੇ ਕਰਦਿਆਂ ਉਹ ਅਕਸਰ ਆਖਦਾ। ਇਥੋਂ ਹੀ ਮੇਰੇ ਖੰਭਾਂ ਨੂੰ ਸ: ਅਮਰ ਸਿੰਘ ਜੀ ਨੇ ਪਰਵਾਜ਼ ਭਰਨ ਦੀ ਜਾਚ ਸਿਖਾਈ। ਉਨ੍ਹਾਂ ਦੀ ਸਮਰਪਿਤ ਭਾਵਨਾ ਨੂੰ ਨਮਸਕਾਰਦਾ ਤੇ ਕਹਿੰਦਾ ਕਿ ਕੱਚੀ ਮਿੱਟੀ ਨੂੰ ਆਕਾਰ ਦੇ ਕੇ ਉਨ੍ਹਾਂ ਮੈਨੂੰ ਵਿਸ਼ਾਲ ਅੰਬਰ ਦੀ ਥਾਹ ਪਾਉਣ ਦੀ ਲਿਆਕਤ ਦਿੱਤੀ।
ਰੁਜ਼ਗਾਰ ਦੌਰਾਨ ਉਹ ਲੁਧਿਆਣਾ, ਪਟਨਾ ਸਾਹਿਬ, ਬਠਿੰਡਾ ਤੇ ਮੋਗਾ ਵਿੱਚ ਸੇਵਾ ਨਿਭਾਈ। ਵਰਤਮਾਨ ਸਮੇਂ ਉਹ ਲੁਧਿਆਣਾ ਵਿੱਚ ਤੈਨਾਤ ਡਿਪਟੀ ਕਮਿਸ਼ਨਰ ਇੰਕਮ ਟੈਕਸ ਸਨ।
ਕਿਸੇ ਵਕਤ ਉਨ੍ਹਾਂ ਦੇ ਚੋਖੇ ਸੀਨੀਅਰ ਰਹੇ ਅਧਿਕਾਰੀ ਸ: ਹਰਜੀਤ ਸਿੰਘ ਸੋਹੀ ਨੂੰ ਉਨ੍ਹਾਂ ਦੇ ਵਿਛੋੜੇ ਦਾ ਪਤਾ ਲੱਗਿਆ ਤਾਂ ਉਹ ਪੰਧੇਰ ਦੀ ਲਿਆਕਤ, ਸਮਰਪਿਤ ਭਾਵਨਾ ਤੇ ਸਾਦਾ ਦਿਲੀ ਦੀਆਂ ਕਿੰਨਾ ਲੰਮਾ ਸਮਾਂ ਮੇਰੇ ਨਾਲ ਗੱਲਾਂ ਕਰਦੇ ਰਹੇ।
ਦਲਜੀਤ ਸਿੰਘ ਪੰਧੇਰ ਸਾਹਿੱਤ ਤੇ ਕੋਮਲ ਕਲਾਵਾਂ ਦਾ ਵੀ ਬੇਹੱਦ ਕਦਰਦਾਨ ਸੀ। ਕੁਝ ਸਮਾਂ ਪਹਿਲਾਂ ਉਹ ਕਿਸੇ ਸਰਜਰੀ ਲਈ ਹਸਪਤਾਲ ਦਾਖ਼ਲ ਸਨ। ਫੋਨ ਆਇਆ, ਭਾ ਜੀ ਕੁਝ ਕਿਤਾਬਾਂ ਭੇਜੋ, ਪੜ੍ਹਨ ਨੂੰ ਦਿਲ ਕਰਦਾ ਹੈ, ਟੀ ਵੀ ਦੇਖ ਕੇ ਅੱਕ ਗਿਆ ਹਾਂ। ਸੁਮੀਤ ਬੇਟੇ ਰਾਹੀਂ ਕੁਝ ਕਿਤਾਬਾਂ ਭੇਜੀਆਂ। ਪੜ੍ਹ ਤੇ ਟੈਲੀਫੋਨ ਰਾਹੀਂ ਨਿੱਕੀਆਂ ਨਿੱਕੀਆਂ ਟਿੱਪਣੀਆਂ ਵੀ ਕਰਦੇ ਰਹੇ।
4ਅਕਤੂਬਰ ਨੂੰ ਉਹ ਸਾਨੂੰ ਸੰਖੇਪ ਬੀਮਾਰੀ ਉਪਰੰਤ ਸਦੀਵੀ ਫ਼ਤਹਿ ਬੁਲਾ ਗਏ।
ਉਨ੍ਹਾਂ ਦੇ ਜਾਣ ਤੇ ਪ੍ਰੋ: ਮੋਹਨ ਸਿੰਘ ਜੀ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ।
ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਇਹਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਸ: ਦਲਜੀਤ ਸਿੰਘ ਪੰਧੇਰ ਦੀ ਯਾਦ ਵਿੱਚ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਅਕਤੂਬਰ ਬਾਦ ਦੁਪਹਿਰ 1.30 ਵਜੇ ਤੋਂ 2.30 ਵਜੇ ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ। ਅਲਵਿਦਾ! ਓ ਸੱਜਣ ਪਿਆਰਿਆ!
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.