ਆਪਣੀ ਵਿਹਲ ਦੀਆਂ ਕੁਝ ਘੜੀਆਂ " ਮੇਰੇ ਲਈ ਲੈ ਲਓ"
ਇੱਕ ਜੋੜਾ ਦੀਵਾਲੀ ਦੀ ਖਰੀਦਦਾਰੀ ਕਰਨ ਦੀ ਕਾਹਲੀ ਵਿੱਚ ਸੀ। ਪਤੀ ਨੇ ਪਤਨੀ ਨੂੰ ਕਿਹਾ, "ਜਲਦੀ ਕਰੋ, ਮੇਰੇ ਕੋਲ ਸਮਾਂ ਨਹੀਂ ਹੈ." ਇਹ ਕਹਿ ਕੇ ਉਹ ਕਮਰੇ ਵਿੱਚੋਂ ਚਲਾ ਗਿਆ। ਫਿਰ ਉਸਨੇ ਬਾਹਰ ਲਾਅਨ ਵਿੱਚ ਬੈਠੀ ਆਪਣੀ ਮਾਂ ਨੂੰ ਵੇਖਿਆ.....
ਕੁਝ ਸੋਚਦੇ ਹੋਏ, ਉਹ ਕਮਰੇ ਵਿੱਚ ਵਾਪਸ ਆਇਆ ਅਤੇ ਆਪਣੀ ਪਤਨੀ ਨੂੰ ਕਿਹਾ, “ਸੀਰਤ, ਤੂੰ ਮੰਮੀ ਨੂੰ ਨਹੀਂ ਪੁੱਛਿਆ,ਕਿ ਦੀਵਾਲੀ ਤੇ ਉਹਨਾਂ ਨੂੰ ਕੀ ਚਾਹੀਦਾ ਹੈ?
ਸੀਰਤ ਨੇ ਕਿਹਾ, "ਨਹੀਂ ਪੁੱਛਿਆ..... ਹੁਣ ਉਨ੍ਹਾਂ ਨੂੰ ਇਸ ਉਮਰ ਵਿੱਚ ਕੀ ਚਾਹੀਦਾ ਹੋਣਾ? ਬੰਦੇ ਨੂੰ ਇਸ ਉਮਰ ਚ, ਦੋ ਵਕਤ ਦੀ ਰੋਟੀ ਅਤੇ ਦੋ ਜੋੜੇ ਕੱਪੜੇ ਮਿਲ ਜਾਣ, ਬਹੁਤ ਹੈ..... ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ...?
ਸੀਰਤ ਓਹ ਗੱਲ ਨਹੀਂ ਹੈ ...... ਮਾਂ ਪਹਿਲੀ ਵਾਰ ਦੀਵਾਲੀ 'ਤੇ ਸਾਡੇ ਘਰ ਰਹਿ ਰਹੀ ਹੈ... ਨਹੀਂ ਤਾਂ ਉਹ ਹਮੇਸ਼ਾ ਪਿੰਡ ਵਿੱਚ ਹੀ ਰਹਿੰਦੀ ਹੈ... ਇਸ ਲਈ ਜ਼ਿਆਦਾ ਨਹੀਂ ਤਾਂ ਵੈਸੇ ਸੁਲਾ ਹੀ ਮਾਰ ਲੈਂਦੀ....
ਜੇਕਰ ਆਪਣੀ ਮਾਂ ਦਾ ਏਨਾ ਹੀ ਪਿਆਰ ਆ ਰਿਹਾ ਹੈ, ਤਾਂ ਤੁਸੀਂ ਆਪ ਹੀ ਜਾ ਕੇ ਕਿਉਂ ਨਹੀਂ ਪੁੱਛਦੇ? ਸੀਰਤ ਗੁੱਸੇ ਵਿੱਚ ਬੁੜਬੁੜ ਕਰਦੀ ਹੋਈ, ਆਪਣਾ ਹੈਂਡ ਬੈਗ ਮੋਢੇ ਤੇ ਲਟਕਾਈ, ਤੇਜ਼ੀ ਨਾਲ ਬਾਹਰ ਆ ਗਈ।
ਜੱਸ ਆਪਣੀ ਮਾਂ ਕੋਲ ਗਿਆ ਅਤੇ ਕਿਹਾ, "ਮੰਮੀ, ਅਸੀਂ ਦੀਵਾਲੀ ਦੀ ਖਰੀਦਦਾਰੀ ਲਈ ਬਾਜ਼ਾਰ ਜਾ ਰਹੇ ਹਾਂ.... ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਜਾਂ ਮੰਗਵਾਉਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ ...
ਮਾਂ ਨੇ ਵਿਚਕਾਰੋਂ ਟੋਕਦੇ ਹੋਏ ਕਿਹਾ, "ਮੈਨੂੰ ਕੁਝ ਨਹੀਂ ਚਾਹੀਦਾ ਪੁੱਤ"
ਸੋਚ ਕੇ ਦੱਸ ਦਿਓ ਮੰਮੀ, ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ, ਅਸੀਂ ਤਾਂ ਚੱਲੇ ਹੀ ਹਾਂ, ਲਿਆ ਦਿਆਂਗੇ .....
ਜੱਸ ਦੀ ਜ਼ਿੱਦ 'ਤੇ, ਮਾਂ ਨੇ ਕਿਹਾ, "ਠੀਕ ਹੈ ਪੁੱਤ, ਥੋੜੀ ਦੇਰ ਰੁਕ, ਮੈਂ ਸਭ ਕੁਝ ਲਿਖ ਕੇ ਲਿਆਉਂਦੀ ਹਾਂ, ਤੈਨੂੰ ਤੇ ਸੀਰਤ ਨੂੰ ਬਹੁਤ ਸਾਰੀਆਂ ਦੁਕਾਨਾਂ ਤੇ ਜਾਣਾ ਪਵੇਗਾ, ਪਰ ਦੇਖੀਂ ਕਿਤੇ ਭੁੱਲ ਹੀ ਨਾ ਜਾਈਂ" ਇਹ ਕਹਿ ਕੇ ਜੱਸ ਦੀ ਮਾਂ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਦੇਰ ਬਾਅਦ ਬਾਹਰ ਆਈ ਅਤੇ ਇਕ ਪਰਚੀ ਜੱਸ ਦੇ ਹੱਥ ਵਿਚ ਫੜਾ ਦਿੱਤੀ....
ਡਰਾਈਵਿੰਗ ਸੀਟ 'ਤੇ ਬੈਠਦੇ ਹੋਏ ਜੱਸ ਨੇ ਕਿਹਾ, " ਦੇਖਿਆ ਸੀਰਤ, ਮੰਮੀ ਨੇ ਕੁਝ ਸਮਾਨ ਮੰਗਵਾਉਣਾ ਸੀ, ਪਰ ਉਹ ਬੋਲ ਨਹੀਂ ਰਹੀ ਸੀ, ਮੇਰੇ ਜ਼ਿਆਦਾ ਜ਼ੋਰ ਪਾਉਣ' ਤੇ ਹੀ, ਇਕ ਲਿਸਟ ਬਣਾ ਕੇ ਦਿੱਤੀ ਹੈ, ਜਿੰਨਾ ਚਿਰ ਬੰਦਾ ਜਿਉਂਦਾ ਹੈ, ਰੋਟੀ ਅਤੇ ਕੱਪੜਿਆਂ ਤੋਂ ਬਿਨਾਂ ਉਸਨੂੰ ਹੋਰ ਵੀ ਬਹੁਤ ਕੁਝ ਚਾਹੀਦਾ ਹੁੰਦਾ ਹੈ "
"ਠੀਕ ਹੈ ਬਾਬਾ... ਠੀਕ ਹੈ.., ਪਰ ਪਹਿਲਾਂ ਮੈਂ ਉਹ ਸਾਰੀਆਂ ਚੀਜ਼ਾਂ ਲਵਾਂਗੀ, ਜੋ ਮੈਨੂੰ ਚਾਹੀਦੀਆਂ ਨੇ, ਬਾਅਦ ਵਿੱਚ ਤੁਸੀਂ ਆਪਣੀ ਮਾਂ ਦੀ ਲਿਸਟ ਨੂੰ ਵੇਖਦੇ ਰਿਹੋ..... ਇਹ ਕਹਿ ਕੇ ਬਾਜ਼ਾਰ ਪਹੁੰਚਣ ਤੋਂ ਬਾਅਦ, ਸੀਰਤ ਕਾਰ ਤੋਂ ਉਤਰ ਗਈ।
ਸਾਰੀ ਖਰੀਦਦਾਰੀ ਕਰਨ ਤੋਂ ਬਾਅਦ, ਸੀਰਤ ਨੇ ਕਿਹਾ, "ਹੁਣ ਮੈਂ ਬਹੁਤ ਥੱਕ ਗਈ ਹਾਂ, ਮੈਂ ਜਾ ਕੇ AC ਚਲਾ ਕੇ ਕਾਰ ਵਿੱਚ ਬਹਿੰਦੀ ਹਾਂ, ਤੁਸੀਂ ਆਪਣੀ ਮਾਂ ਦੀ, ਸਮਾਨ ਦੀ ਲਿਸਟ ਦੇਖ ਲਓ, ਕੀ ਕਰਨਾ ਹੈ ਓਹਦਾ"
ਯਾਰ ਸੀਰਤ, ਥੋੜੀ ਦੇਰ ਰੁਕ ਜਾ ਨਾ, ਇਕੱਠੇ ਹੀ ਚਲਦੇ ਹਾਂ, ਮੈਨੂੰ ਵੀ ਤਾਂ ਜਲਦੀ ਹੀ ਹੈ..! ਚਲ ਆ ਦੇਖੀਏ ਕਿ ਐਤਕੀਂ ਦੀਵਾਲੀ ਲਈ ਮੰਮੀ ਨੇ ਕੀ ਕੀ ਮੰਗਾਇਆ ਹੈ?
ਇਹ ਕਹਿ ਕੇ ਉਹ ਆਪਣੀ ਜੇਬ ਵਿੱਚੋਂ ਆਪਣੀ ਮਾਂ ਵੱਲੋਂ ਲਿਖੀ ਪਰਚੀ ਕੱਢਦਾ ਹੈ।
ਹਾਏ ਮੇਰੇ ਰੱਬਾ...! ਇੰਨੀ ਲੰਮੀ ਲਿਸਟ, ..... ਪਤਾ ਨਹੀਂ ਕੀ - ਕੀ ਮੰਗਵਾ ਲਿਆ ? ਪੱਕਾ ਤੇਰੀ ਮਾਂ ਨੇ ਏਨੀਆਂ ਚੀਜ਼ਾਂ ਮੰਗਵਾ ਕੇ, ਆਵਦੇ ਛੋਟੇ ਮੁੰਡੇ ਲਈ, ਪਿੰਡ ਹੀ ਭੇਜਣੀਆਂ ਹੋਣਗੀਆਂ. ਹੋਰ ਬਣੋ *ਸ਼ਰਵਣ ਕੁਮਾਰ *, ਇਹ ਕਹਿ ਕੇ ਸੀਰਤ ਨੇ ਗੁੱਸੇ ਨਾਲ ਜੱਸ ਵੱਲ ਵੇਖਣਾ ਸ਼ੁਰੂ ਕਰ ਦਿੱਤਾ...
ਪਰ ਇਹ ਕੀ ? ਜੱਸ ਦੀਆਂ ਅੱਖਾਂ ਵਿੱਚ ਹੰਝੂ ਸਨ।
ਸੀਰਤ ਨੂੰ ਬਹੁਤ ਚਿੰਤਾ ਹੋਈ। "ਕੀ ਹੋਇਆ..., ਤੁਹਾਡੀ ਮਾਂ ਨੇ ਕੀ ਮੰਗਿਆ...? ਇਹ ਕਹਿ ਕੇ ਉਸ ਨੇ ਜੱਸ ਦੇ ਹੱਥ ਚੋਂ ਪਰਚੀ ਝਪੱਟਾ ਮਾਰ ਕੇ ਖੋਹ ਲਈ।
ਸੀਰਤ ਵੀ ਹੈਰਾਨ ਸੀ। ਇੰਨੀ ਵੱਡੀ ਲਿਸਟ ਵਿੱਚ ਸਿਰਫ ਕੁਝ ਸ਼ਬਦ ਹੀ ਲਿਖੇ ਹੋਏ ਸਨ।
*ਪਰਚੀ ਵਿੱਚ ਲਿਖਿਆ ਸੀ....*
"ਜੱਸ ਪੁੱਤ, ਮੈਨੂੰ ਦੀਵਾਲੀ 'ਤੇ ਕੁਝ ਨਹੀਂ ਚਾਹੀਦਾ, ਮੈਨੂੰ ਦੀਵਾਲੀ ਕੀ, ਕਿਸੇ ਵੀ ਮੌਕੇ' ਤੇ ਕੁਝ ਨਹੀਂ ਚਾਹੀਦਾ । ਫਿਰ ਵੀ ਜੇ ਤੂੰ ਏਨਾ ਜ਼ੋਰ ਪਾ ਰਿਹਾ ਹੈਂ ਤਾਂ ... ਤੇਰੇ ਸ਼ਹਿਰ ਦੀ ਕਿਸੇ ਵੀ ਦੁਕਾਨ ' ਤੋਂ ਅਗਰ ਲੱਭ ਸਕਦੇ ਹੋ, ਤਾਂ ਲੱਭ ਕੇ * ਆਪਣੀ ਵਿਹਲ ਦੀਆਂ ਕੁਝ ਘੜੀਆਂ * ਮੇਰੇ ਲਈ ਲੈ ਲਓ. .... ਮੈਂ ਹੁਣ ਆਥਣ ਦੀ ਤਰ੍ਹਾਂ ਢਲ ਰਹੀ ਹਾਂ, ਜੱਸ,ਮੈਂ ਘੁੱਪ ਹਨੇਰੇ ਤੋਂ ਡਰਦੀ ਹਾਂ ਤੇ ਬਹੁਤ ਡਰਦੀ ਹਾਂ ਮੌਤ ਨੂੰ ਪਲ ਪਲ ਮੇਰੇ ਵੱਲ ਵਧਦਾ ਵੇਖ ਕੇ .... ਮੈਨੂੰ ਪਤਾ ਹੈ ਕਿ ਇਸ ਤੋਂ ਬਚਿਆ ਨਹੀਂ ਜਾ ਸਕਦਾ, ਇਹ ਸਦੀਵੀ ਸੱਚ ਵੀ ਹੈ, ਪਰ ਮੇਰਾ ਇਕੱਲਾਪਨ ਮੇਰੀ ਘਬਰਾਹਟ ਦਾ ਕਾਰਨ ਬਣ ਜਾਂਦਾ ਹੈ, ਜੱਸ ....... ਇਸ ਲਈ ਜਿੰਨਾ ਚਿਰ ਮੈਂ ਤੁਹਾਡੇ ਘਰ ਹਾਂ, ਮੇਰੇ ਨਾਲ ਕੁਝ ਪਲਾਂ ਲਈ ਬੈਠਿਆ ਕਰੋ, ਮੇਰੇ ਇਕੱਲੇਪਣ ਨੂੰ ਸਾਂਝਾ ਕਰੋਗੇ ਤਾਂ, ਬਿਨਾਂ ਦੀਵਾਲੀ ਤੋਂ ਹੀ, ਮੇਰੀ ਜ਼ਿੰਦਗੀ ਦੀ ਸ਼ਾਮ ਰੌਸ਼ਨ ਹੋ ਜਾਵੇਗੀ... ਜੱਸ, ਬਹੁਤ ਸਮਾਂ ਹੋ ਗਿਆ ਮੈਂ ਤੈਨੂੰ ਛੂਹ ਕੇ ਨਹੀਂ ਦੇਖਿਆ, ਇਕ ਵਾਰੀ ਫਿਰ ਆ ਕੇ ਪਹਿਲਾਂ ਵਾਂਗ ਮੇਰੀ ਗੋਦੀ ਵਿੱਚ ਸਿਰ ਰੱਖੇਂ ਤਾਂ ਮੈਂ ਮਮਤਾ ਨਾਲ ਭਰ ਕੇ ਤੇਰੇ ਸਿਰ ਨੂੰ ਸਹਿਲਾਉਣਾ ਚਾਹੁੰਦੀ ਹਾਂ.. ਆਪਣੇ ਆਵਦਿਆਂ ਨੂੰ ਏਨੇ ਕਰੀਬ ਪਾ ਕੇ ਮੇਰਾ ਦਿਲ ਏਨੀ ਖੁਸ਼ੀ ਨਾਲ ਭਰ ਜਾਵੇ ਕਿ ਮੈਂ ਮੌਤ ਨੂੰ ਵੀ ਹੱਸ ਕੇ ਗਲੇ ਲਗਾ ਸਕਦੀ ਹਾਂ... ਕੀ ਪਤਾ.. ਮੈਂ ਅਗਲੀ ਦੀਵਾਲੀ ਤਕ ਰਹਾਂ ਜਾਂ ਨਾ ਰਹਾਂ….?
ਪਰਚੀ ਦੀ ਆਖਰੀ ਲਾਈਨ ਪੜ੍ਹਦਿਆਂ ਸੀਰਤ ਦੇ ਹੰਝੂ ਵਹਿ ਤੁਰੇ, ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ।
*ਏਦਾਂ ਦੀ ਹੁੰਦੀ ਹੈ ਮਾਂ .....*
ਦੋਸਤੋ, ਤੁਹਾਡੇ ਘਰ ਦੇ ਉਹ ਵੱਡੇ ਦਿਲ ਵਾਲੇ ਲੋਕ, ਜਿਨ੍ਹਾਂ ਨੂੰ ਤੁਸੀਂ ਬੁੜਾ ਅਤੇ ਬੁੜੀ ਦੀ ਸ਼੍ਰੇਣੀ ਵਿੱਚ ਰੱਖਦੇ ਹੋ, ਉਹ ਤੁਹਾਡੇ ਜੀਵਨ ਦੀਆਂ ਜੜਾਂ ਹਨ. ਉਨ੍ਹਾਂ ਨੂੰ ਬਣਦਾ ਸਤਿਕਾਰ, ਸੇਵਾ, ਪ੍ਰਸ਼ੰਸਾ ਅਤੇ ਦੇਖਭਾਲ ਦਿਓ. ਮੇਰੇ ਤੇ ਵਿਸ਼ਵਾਸ ਕਰੋ, ਤੁਹਾਡੇ ਬੁਢਾਪੇ ਦੇ ਦਿਨ ਵੀ ਬਹੁਤ ਨੇੜੇ ਹਨ .. ਅੱਜ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰੋ..
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.