ਬਹੁਤ ਜਿਆਦਾ ਵਿਦਿਆਰਥੀਆਂ ਅਜੇ ਵੀ ਸਿੱਖਿਆ ਤੋਂ ਵਿਹੂਣਾ
ਦੇਸ਼ ਵਿਚ ਵੱਖ ਵੱਖ ਕਾਰਨਾਂ ਕਰਕੇ ਵਿਦਿਆਰਥੀਆਂ ਦਾ ਵੱਡਾ ਵਰਗ ਅਜੇ ਵੀ ਸਿੱਖਿਆ ਤੋਂ ਵਿਹੂਣਾ ਹੈ। ਕੋਵਿਡ ਦੇ ਲਗਭਗ ਡੇਢ ਸਾਲ ਦੇ ਸਮੇਂ ਨੇ ਸਾਬਤ ਕੀਤਾ ਹੈ ਕਿ ਜਿਸ ਮੁਲਕ ਵਿਚ ਲਗਭਗ 75 ਫ਼ੀਸਦੀ ਲੋਕਾਂ ਤੋਂ ਵੱਧ ਲੋਕ ਲੋੜੀਂਦੀ ਭੋਜਨ ਸਮੱਗਰੀ ਖ਼ਰੀਦਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋਣ, ਉੱਥੇ ਅਜਿਹੇ ਵਰਗ ਦੇ ਬੱਚਿਆਂ ਦਾ ਡਿਜੀਟਲ ਸਿੱਖਿਆ ਦਾ ਹਿੱਸਾ ਬਣਨਾ ਅਤਿਅੰਤ ਮੁਸ਼ਕਿਲ ਹੈ। ਕੋਵਿਡ ਤੋਂ ਬਾਅਦ ਪਹਿਲੀ ਵਾਰ ਅਧਿਕਾਰਤ ਸਰਵੇਖਣ ਅਨੁਸਾਰ ਮੁਲਕ ਦੇ 19 ਰਾਜਾਂ ਅਤੇ ਪੰਜ ਕੇਂਦਰ ਸ਼ਾਸਿਤ ਦੇਸ਼ਾਂ ਦੇ 2.90 ਕਰੋੜ ਬੱਚਿਆਂ ਦੀ ਡਿਜੀਟਲ ਯੰਤਰਾਂ (ਮੋਬਾਈਲ ਫੋਨਾਂ, ਕੰਪਿਊਟਰਾਂ ਆਦਿ) ਤੱਕ ਪਹੁੰਚ ਹੀ ਨਹੀਂ ਹੈ। ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਇਸ ਸਬੰਧੀ ਅਜੇ ਤੱਕ ਅੰਕੜੇ ਨਹੀਂ ਦਿੱਤੇ।
ਝਾਰਖੰਡ ਸੂਬੇ ਦੇ 43 ਫ਼ੀਸਦੀ ਬੱਚਿਆਂ ਦੀ ਡਿਜੀਟਲ ਯੰਤਰਾਂ ਤੱਕ ਪਹੁੰਚ ਨਹੀਂ ਹੈ। ਕਰਟਨਾਟਕ ਦੇ 27 ਫ਼ੀਸਦੀ, ਆਸਾਮ ਦੇ 44 ਫ਼ੀਸਦੀ, ਪੰਜਾਬ ਦੇ 42.85 ਫ਼ੀਸਦੀ ਅਤੇ ਜੰਮੂ ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ 70-70 ਫ਼ੀਸਦੀ ਬੱਚੇ ਅਜਿਹੇ ਸਾਧਨਾਂ ਤੋਂ ਦੂਰ ਹਨ। ਰਿਪੋਰਟ ਵਿਚ ਸਰਕਾਰਾਂ ਦੁਆਰਾ ਮੋਬਾਈਲ ਫੋਨ ਜਾਂ ਹੋਰ ਡਿਜੀਟਲ ਯੰਤਰ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣ ਦੇ ਯਤਨਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਸਭ ਤੱਕ ਅਜਿਹੇ ਯੰਤਰ ਪਹੁੰਚਾਉਣਾ ਅਜੇ ਦੂਰ ਦੀ ਗੱਲ ਹੈ। ਇਸ ਤੋਂ ਪਹਿਲਾਂ ਕੁਝ ਸੰਸਥਾਵਾਂ ਦੇ ਸਰਵੇਖਣ ਵੀ ਇਸੇ ਦਿਸ਼ਾ ਵੱਲ ਸੰਕੇਤ ਕਰਦੇ ਰਹੇ ਹਨ ਕਿ ਵੱਡਾ ਵਰਗ ਡਿਜੀਟਲ ਸਹੂਲਤਾਂ ਤੋਂ ਵਾਂਝਾ ਹੈ। ਨੋਟਬੰਦੀ ਦੌਰਾਨ ਵੀ ਕੇਂਦਰ ਸਰਕਾਰ ਨੇ ਸਮੁੱਚਾ ਕੰਮਕਾਜ ਆਨਲਾਈਨ ਕਰਨ ਤੇ ਜ਼ੋਰ ਦਿੱਤਾ ਸੀ ਪਰ ਸਫ਼ਲਤਾ ਨਹੀਂ ਸੀ ਮਿਲੀ।
ਇਸ ਰਿਪੋਰਟ ਅਨੁਸਾਰ ਪਿਛਲੇ ਡੇਢ ਸਾਲ ਦੇ ਦੌਰਾਨ ਵਿਦਿਆਰਥੀਆਂ ਦੇ ਨਤੀਜੇ 90 ਤੋਂ 100 ਫ਼ੀਸਦੀ ਦੇ ਦਰਮਿਆਨ ਦਿੱਤੇ ਗਏ ਹਨ। ਇਹ ਮੁੱਦਾ ਕਿ ਡਿਜੀਟਲ ਤੌਰ ਉੱਤੇ ਪੜ੍ਹਨ ਵਾਲਿਆਂ ਨੂੰ ਕਿੰਨੀ ਕੁ ਸਮਝ ਆਈ ਹੈ ਅਤੇ ਉਨ੍ਹਾਂ ਨੇ ਕੀ ਪੜ੍ਹਆ ਹੈ, ਵੀ ਸਵਾਲਾਂ ਦੇ ਘੇਰੇ ਵਿਚ ਹੈ ਪਰ ਪ੍ਰਮੁੱਖ ਸਵਾਲ ਇਹ ਹੈ ਕਿ ਜਿਨ੍ਹਾਂ ਕੋਲ ਇਨ੍ਹਾਂ ਯੰਤਰਾਂ ਦੀ ਪਹੁੰਚ ਹੀ ਨਹੀਂ ਸੀ, ਉਨ੍ਹਾਂ ਦਾ ਅਗਲੀਆਂ ਜਮਾਤਾਂ ਵਿਚ ਕੀ ਹਾਲ ਹੋਵੇਗਾ। ਇਸ ਤੋਂ ਬਿਨਾ ਸਮਾਰਟ ਫੋਨਾਂ ਵਿਚ ਪਵਾਏ ਜਾਣ ਵਾਲੇ ਡੈਟੇ ਲਈ ਪੈਸੇ ਅਤੇ ਦੂਰ-ਦੁਰਾਡੇ ਥਾਵਾਂ ਉੱਤੇ ਕੁਨੈਕਟੀਵਿਟੀ ਸਮੇਤ ਅਨੇਕਾਂ ਹੋਰ ਸਮੱਸਿਆਵਾਂ ਮੌਜੂਦ ਹਨ। ਸਿੱਖਿਆ ਦੇ ਖੇਤਰ ਵਿਚ ਇਹ ਬੇਹੱਦ ਗੰਭੀਰ ਮਾਮਲਾ ਹੈ। ਡਿਜੀਟਲ ਵਖਰੇਵਾਂ ਅਮੀਰ ਅਤੇ ਗਰੀਬ ਲੋਕਾਂ ਵਿਚਲੇ ਪਾੜੇ ਨੂੰ ਹੋਰ ਵਧਾਉਣ ਦਾ ਆਧਾਰ ਬਣ ਰਿਹਾ ਹੈ। ਇਸ ਬਾਰੇ ਗੰਭੀਰਤਾ ਨਾਲ ਨੀਤੀਗਤ ਫ਼ੈਸਲੇ ਕਰਨ ਦੀ ਲੋੜ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.