ਦਾਖਾ ਹਲਕਾ: ਕਿਹੜੇ ਫੈਕਟਰ ਅਸਰ ਅੰਦਾਜ਼ ਹੋਣ ਦੀ ਸੰਭਾਵਨਾ ਹੈ ਚੋਣਾਂ ਚ - ਗੁਰਪ੍ਰੀਤ ਸਿੰਘ ਮੰਡਿਆਣੀ ਦੀ ਕਲਮ ਤੋਂ
ਵਿਧਾਨ ਸਭਾ ਹਲਕਾ ਦਾਖਾ ਦੀਆਂ ਕੁੱਲ ਵੋਟਾਂ 184902 ਹਨ, ਜਿਨ੍ਹਾਂ ਵਿੱਚ 105 ਪੋਲਿੰਗ ਬੂਥ ਪਿੰਡਾਂ ਦੇ ਅਤੇ 15 ਬੂਥ ਮਿਊਸਪਲ ਕਮੇਟੀ ਅੱਡਾ ਦਾਖਾ ਚ ਪੈਂਦੇ ਹਨ। ਅਗਾਂਹ ਹੋਣ ਵਾਲੀ ਕਿਸੇ ਇਲੈਕਸ਼ਨ ਦੇ ਚੋਣ ਨਤੀਜਿਆਂ ਦੀ ਸੰਭਵਾਨਾਂ ਜਾਨਣ ਵਾਸਤੇ 1. ਪਿਛਲੀ ਇਲੈਕਸ਼ਨ ਦੇ ਚੋਣ ਨਤੀਜੇ, 2. ਪਿਛਲੀ ਇਲੈਕਸ਼ਨ ਵੇਲੇ ਦਾ ਸੂਬਾਈ ਸਿਆਸੀ ਮਾਹੌਲ+ਲੋਕਲ ਹਾਲਾਤ,3. ਅਗਲੀ ਇਲੈਕਸ਼ਨ ਮੌਕੇ ਦੇ ਸਿਆਸੀ ਹਾਲਾਤ+ਲੋਕਲ ਮਹੌਲ ਨੂੰ ਸਾਹਮਣੇ ਰੱਖਦਿਆ 4ਥੇ ਸਵਾਲ ਅਗਲੇ ਨਤੀਜੇ ਦੀ ਸੰਭਾਵਨਾ ਦਾ ਜਵਾਬ ਲੱਭਿਆ ਜਾਂਦਾ ਹੈ। ਪਹਿਲਾਂ ਦੇਖੀਏ ਪਿਛਲੇ ਚੋਣ ਨਤੀਜੇ। ਅਕਤੂਬਰ 2019 ਵਿੱਚ ਹੋਈ ਵਿਧਾਨ ਸਭਾ ਹਲਕਾ ਦਾਖਾ ’ਚ ਹੋਈ ਜਿਮਨੀ ਚੋਣ ਵਿੱਚ ਪ੍ਰਮੁੱਖ ਉਮੀਦਵਾਰਾਂ ਨੂੰ ਕੁੱਲ ਭੁਗਤੀਆਂ 1,31,150 ਵੋਟਾਂ ਵਿੱਚੋਂ ਹੇਠ ਲਿਖੇ ਮੁਤਾਬਿਕ ਵੋਟਾਂ ਮਿਲੀਆਂ ਸਨ। ਸ਼ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 66286, ਕਾਂਗਰਸ ਦੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ 51625, ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ 8437, ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ 2804 ਮਿਲੀਆਂ ਸਨ।
ਹੁਣ ਗੱਲ ਕਰੀਏ ਹਲਕੇ ਦੇ ਲੋਕਲ ਹਾਲਾਤ ਦੀ। 2017 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣ ਗਈ ਸੀ। ਹਲਕੇ ’ਚੋ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਫੂਲਕਾ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਤੋਂ 4400 ਵੋਟਾਂ ਵੱਧ ਲੈ ਕੇ ਅੱਵਲ ਰਹੇ ਸੀ ਤੇ ਕਾਂਗਰਸੀ ਉਮੀਦਵਾਰ ਮੇਜਰ ਸਿੰਘ ਭੈਣੀ 28 ਹਜਾਰ ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੇ ਸਨ। ਸਿਆਸੀ ਦਸਤੂਰ ਮੁਤਾਬਿਕ ਕਾਂਗਰਸ ਸਰਕਾਰ ਹੋਣ ਕਰਕੇ ਮੇਜਰ ਸਿੰਘ ਭੈਣੀ ਹਲਕਾ ਇੰਚਾਰਜ ਬਣ ਗਏ ਸਨ। ਇਸ ਦਸਤੂਰ ਮੁਤਾਬਿਕ ਜਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ, ਵਿਧਾਨ ਸਭਾ ਚੋਣ ਵਿੱਚ ਉਸੇ ਪਾਰਟੀ ਦਾ ਜਿੱਤਿਆ ਜਾਂ ਹਾਰਿਆਂ ਉਮੀਦਵਾਰ ਹਲਕਾ ਇੰਚਾਰਜ ਹੁੰਦਾ ਹੈ, ਇਹ ਹਲਕੇ ਦਾ ਸਾਰਾ ਸਰਕਾਰੀ ਤੰਤਰ ਮੁੱਖ ਮੰਤਰੀ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਉਹਦੀ ਮਨਸ਼ਾ ਮੁਤਾਬਿਕ ਹੀ ਚੱਲਦਾ ਹੁੰਦਾ ਹੈ। ਪਰ ਕਾਂਗਰਸ ਦੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੂੰ ਨਾ ਤਾਂ ਚੰਡੀਗੜ੍ਹੋਂ ਕੋਈ ਅਜਿਹੀ ਤਾਕਤ ਮਿਲੀ ਅਤੇ ਨਾ ਹੀ ਉਨ੍ਹਾਂ ਦੀ ਕੋਈ ਅਜਿਹੀ ਤਾਕਤ ਨੂੰ ਵਰਤਣ ਦੀ ਮਨਸ਼ਾ ਸੀ। ਕਿਉਂਕਿ ਉਹ ਅਜਿਹੀ ਤਾਕਤ ਤਾਂ ਵਰਤਦੇ ਜੇ ਉਨ੍ਹਾਂ ਦਾ ਆਪਣੇ ਸਿਆਸੀ ਵਿਰੋਧੀ ਨੂੰ ਕਮਜ਼ੋਰ ਕਰਨ ਦਾ ਇਰਾਦਾ ਹੁੰਦਾ। 2012 ਦੀ ਆਮ ਚੋਣ ਮੌਕੇ ਤੋਂ ਹੀ ਭੈਣੀ ਪਰਿਵਾਰ ’ਤੇ ਅਕਾਲੀ ਦਲ ਦੀ ਮੱਦਦ ਕਰਨ ਦੇ ਦੋਸ਼ ਲਗਾਤਾਰ ਲੱਗਦੇ ਰਹੇ ਅਤੇ ਭੈਣੀ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਨ ਦੀ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਜਿਸ ਕਰਕੇ ਇਹ ਦੋਸ਼ ਮਹਿਜ ਇਲਜਾਮ ਨਾ ਰਹਿ ਕੇ ਤੱਥ ਦੀ ਸ਼ਕਲ ਅਖਤਿਆਰ ਕਰ ਗਏ। ਆਪਣੇ ਹਲਕਾ ਇੰਚਾਰਜ ਦੇ ਢਾਈ ਸਾਲਾ ਅਰਸੇ ਦੌਰਾਨ ਉਨ੍ਹਾਂ ਨੇ ਕੋਈ ਅਜਿਹਾ ਅਸਰ ਨਹੀਂ ਦਿਖਾਇਆ ਜਿਵੇਂ ਕਿ ਹੋਰਾਂ ਹਲਕਿਆਂ ਵਿੱਚ ਇੰਚਾਰਜ ਦਿਖਾਉਂਦੇ ਰਹੇ ਨੇ। ਦੂਜੀ ਗੱਲ ਰਹੀ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਤਾਕਤ ਨਾ ਮਿਲਣ ਦੀ । ਇਸ ਐਂਗਲ ਤੋਂ ਉਨ੍ਹਾਂ ਦਾ ਇਹ ਹਾਲ ਸੀ ਜਿਵੇਂ ਹਲਕੇ ਵਿੱਚ ਸਰਕਾਰੀ ਕੰਮਾਂ ਦੇ ਨੀਂਹ ਪੱਥਰ ਤੇ ਉਦਾਘਟਨੀਂ ਪੱਥਰ ਹਲਕਾ ਇੰਚਾਰਜ ਰੱਖਦੇ ਹਨ ਤੇ ਪੱਥਰਾਂ ’ਤੇ ਉਹਦਾ ਹੀ ਨਾਂਅ ਹੁੰਦਾ ਹੈ, ਪਰ ਸੂਰਤੇਹਾਲ ਇਹ ਸੀ ਕਿ ਜੇ ਕੋਈ ਮਾੜੇ ਮੋਟੇ ਪੱਥਰ ਰੱਖੇ ਵੀ ਗਏ ਤਾਂ ਉਹ ਵੀ ਭੈਣੀ ਸਾਹਿਬ ਹੱਥੋਂ ਨਹੀਂ ਬਲਕਿ ਅਫਸਰਾਂ ਨੇ ਖੁਦ ਹੀ ਰੱਖੇ। ਇਹਦੀ ਮੂੰਹ ਬੋਲੀ ਮਿਸਾਲ ਠਾਣਾ ਦਾਖਾ ਦੀ ਨਵੀਂ ਇਮਾਰਤ ਦੇ ਉਦਾਘਟਨੀਂ ਪੱਥਰ ’ਤੇ ਹਲਕਾ ਇੰਚਾਰਜ ਭੈਣੀ ਸਾਹਿਬ ਦਾ ਨਾਂਅ ਛਪਣ ਦੀ ਬਜਾਏ ਐਸ.ਐਸ.ਪੀ ਦਾ ਹੀ ਨਾਂਅ ਹੈ। ਪਿਛਲੀ ਜਿਮਨੀ ਚੋਣ ਮੌਕੇ ਇੱਕ ਤਾਂ ਢਾਈ ਸਾਲਾ ਦੇ ਹਲਕੇ ’ਚ ਕਾਂਗਰਸ ਦੀ ਸਰਕਾਰ ਹੋਣ ਦੀ ਕੋਈ ਨਿਸ਼ਾਨੀ ਨਾ ਹੋਣਾ ਲੋਕਲ ਫੈਕਟਰ ਬਣਿਆਂ ਜੀਹਨੇ ਕਾਂਗਰਸ ਉਮੀਦਵਾਰ ਨਾਹ ਪੱਖੀ ਅਸਰ ਦਿਖਾਇਆ। ਦੂਜਾ ਲੋਕਲ ਫੈਕਟਰ ਆਪ ਦੇ ਜੇਤੂ ਉਮੀਦਵਾਰ ਐਚ.ਐਸ ਫੂਲਕਾ ਵੱਲੋਂ ਹਲਕੇ ’ਚੋ ਗਾਇਬ ਰਹਿਣਾ ਅਤੇ ਸਿਆਸੀ ਆਗੂ ਵਰਗੀ ਕੋਈ ਬਿਆਨਬਾਜ਼ੀ ਵੀ ਨਾ ਕਰ ਸਕਣਾ ਬਣਿਆ। ਫੂਲਕਾ ਨੂੰ ਵੋਟਾਂ ਪਾਉਣ ਵਾਲੇ ਲੋਕ ਇੰਨੇ ਨਿਰਾਸ਼ ਹੋਏ ਕਿ ਉਨ੍ਹਾਂ ਨੇ ਅਗਾਂਹ ਤੋਂ ਕਿਸੇ ਬਾਹਰੀ ਉਮੀਦਵਾਰ ਖਾਸਕਰ ਕਰਕੇ ਗੈਰ ਸਿਆਸੀ ਉਮੀਦਵਾਰ ਵਿੱਚੋਂ ਦੀ ਫੂਲਕਾ ਦੀ ਸੂਰਤ ਦਿਸਣ ਲੱਗੀ। ਕਾਂਗਰਸ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵਿੱਚੋਂ ਵੀ ਉਨ੍ਹਾਂ ਨੂੰ ਫੂਲਕਾ ਵਰਗੀ ਝਲਕ ਹੀ ਦਿਸੀ। ਅਕਤਬੂਰ 2019 ਵਾਲੀ ਇਹ ਉਪ ਚੋਣ ਮਨਪ੍ਰੀਤ ਸਿੰਘ ਇਆਲੀ ਬਨਾਮ ਕੈਪਟਨ ਸੰਦੀਪ ਸਿੰਘ ਸੰਧੂ ਨਾ ਹੋ ਕੇ ਇਆਲੀ ਬਨਾਮ ਫੂਲਕਾ ਹੀ ਨਜ਼ਰ ਆਉਣ ਲੱਗੀ। ਜਿਸ ਗੱਲ ਦਾ ਕੈਪਟਨ ਸੰਧੂ ਨੂੰ ਬਹੁਤ ਨੁਕਸਾਨ ਝੱਲਣਾ ਪਿਆ।ਹਾਂ ਮੁੱਖ ਮੰਤਰੀ ਓ ਐਸ ਡੀ ਹੋਣ ਦਾ ਓਹਨਾ ਨੂੰ ਲਾਹਾ ਜ਼ਰੂਰ ਮਿਲਿਆ।
ਹੁਣ ਗੱਲ ਕਰੀਏ ਪਿਛਲੀ ਉੱਪ ਚੋਣ ਮੌਕੇ ਬਣੇ ਹੋਏ ਸਿਆਸੀ ਮਹੌਲ ਦੀ । ਮਹੌਲ ਇਹੋ ਜਿਹਾ ਸੀ 1985 ਵਾਲੀ ਮੁੱਖ ਮੰਤਰੀ ਬਰਨਾਲਾ ਸਰਕਾਰ ਮੌਕੇ ਵੀ ਨਹੀਂ ਸੀ,ਜੀਹਦੇ ’ਤੇ ਇਹ ਦੋਸ਼ ਲੱਗਦਾ ਸੀ ਕਿ ਇਹ ਸਰਕਾਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਇਸ਼ਾਰੇ ’ਤੇ ਚੱਲਦੀ ਹੈ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ’ਤੇ ਸਹੁੰ ਚੁੱਕਣ ਤੋਂ ਚਾਰ ਹਫਤਿਆਂ ਮਗਰੋਂ ਹੀ ਇਹ ਦੋਸ਼ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਰਾਜਾ ਬਾਦਲਾਂ ਨਾਲ ਰਲ ਗਿਆ ਹੈ। 2017 ਦੀਆਂ ਚੋਣਾਂ ਤੋਂ ਪਹਿਲਾ ਮਹਾਰਾਜਾ ਸਾਹਿਬ ਨੇ ਬਠਿੰਡੇ ਵਿੱਚ ਪਵਿੱਤਰ ਗੁੱਟਕਾ ਸਹਿਬ ਦੀ ਸਹੁੰ ਖਾਂਦਿਆਂ ਇਹ ਐਲਾਨ ਕੀਤਾ ਸੀ ਕਿ ਉਹ ਬਾਦਲ ਸਰਕਾਰ ਵੱਲੋਂ ਕੀਤੇ ਜਾ ਰਹੇ ਕਈ ‘‘ਪੁੱਠੇ’’ ਕੰਮਾਂ ਨੂੰ ਚਾਰ ਹਫ਼ਤਿਆਂ ਸਿੱਧਾ ਕਰ ਦੇਣਗੇ। ਪਰ ਚਾਰ ਮਹੀਨਿਆਂ ਮਗਰੋਂ ਵੀ ਇਸ ਕੰਮ ਨੂੰ ਜਦੋਂ ਸਿੱਧੇ ਕਰਨਾ ਤਾਂ ਇਕ ਪਾਸੇ ਰਿਹਾ ਤੇ ਛੇੜਿਆ ਤੱਕ ਵੀ ਨਹੀਂ ਗਿਆ ਤਾਂ ਇਸ ਤੋਂ ਬਾਅਦ ‘‘ ਰਾਜਾ ਬਾਦਲਾਂ ਨਾਲ ਰਲਿਆ ਹੋਇਆ ਹੈ.. .. ਰਲਿਆ ਹੈ ਜੀ, ਰਲਿਆ ਹੈ ਜੀ.. .. । ’’ ਦੀ ਆਵਾਜ਼ ਇੰਨੀ ਸ਼ੋਰੀਲੀ ਹੁੰਦੀ ਗਈ ਕਿ ਛੇ ਮਹੀਨਿਆਂ ਮਗਰੋਂ ਹੀ ਕੈਬਨਿਟ ਮੀਟਿੰਗਾਂ ਵਿੱਚ ਵਜੀਰਾਂ ਨੇ ਮੁੱਖ ਮੰਤਰੀ ਦੇ ਮੂੰਹ ’ਤੇ ਆਖਣਾਂ ਸ਼ੁਰੂ ਕਰ ਦਿੱਤਾ ਸੀ ਕਿ ਮਹਾਰਾਜਾ ਸਾਹਿਬ ਲੋਕ ਸਾਨੂੰ ਪੁੱਛਦੇ ਨੇ ਕਿ ਤੁਹਾਡਾ ਮੁੱਖ ਮੰਤਰੀ ਬਾਦਲਾਂ ਨਾਲ ਰਲਿਆ ਹੋਇਆ ਹੈ, ਦੱਸੋ ਅਸੀ ਕੀ ਜਵਾਬ ਦੇਈਏ। ਪਰ ਮੁੱਖ ਮੰਤਰੀ ਦਾ ਕੋਈ ਜਵਾਬ ਨਹੀਂ ਸੀ।ਰਾਜਾ ਰਲਿਆ ਹੋਇਆ ਦੇ ਸ਼ੋਰੋ-ਗੁਲ ਦੀ ਤਸਦੀਕ ਖ਼ਾਤਰ 03 ਅਗਸਤ 2018 ਨੂੰ ਕਾਂਗਰਸ ਵਿਧਾਇਕ ਪਾਰਟੀ ਦੀ ਹੋਈ ਮੀਟਿੰਗ ਦੀਆਂ 4 ਅਗਸਤ ਦੇ ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਨੂੰ ਪੜ੍ਹੀਆਂ ਜਾ ਸਕਦੀਆਂ ਹਨ, ਜੀਹਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਬਹੁ ਗਿਣਤੀ ਐਮ.ਐਲਿਆਂ ਅਤੇ ਵਜੀਰਾਂ ਨੇ ਮੁੱਖ ਮੰਤਰੀ ਸਾਹਮਣੇ ਕੂਕ-ਕੂਕ ਕੇ ਆਖਿਆ ਕਿ ਤੁਸੀਂ ਬਾਦਲਾਂ ਨਾਲ ਰਲੇ ਹੋਏ ਹੋਂ । ਉਸ ਵੇਲੇ ਦੀ ਟਰਾਂਸਪੋਰਟ ਮਨਿਸਟਰ ਸ਼੍ਰੀਮਤੀ ਅਰੁਣਾ ਚੌਧਰੀ ਨੇ ਆਖਿਆ ਕਿ ਮੇਰੇ ਮਹਿਕਮੇ ਦੇ ਅਫਸਰ ਮੇਰਾ ਨਹੀਂ ਬਲਕਿ ਬਾਦਲਾਂ ਦਾ ਹੁਕਮ ਮੰਨਦੇ ਨੇ । ਮੁੱਖ ਮੰਤਰੀ ਨੇ ਨਾ ਤਾਂ ਉਸ ਮੀਟਿੰਗ ਵਿੱਚ ਅਤੇ ਅੱਗੇ-ਪਿੱਛੇ ਮਲਵੀਂ ਜੀਭ ਨਾਲ ਵੀ ਇਸ ਦੋਸ਼ ਦਾ ਖੰਡਨ ਨਹੀਂ ਕੀਤਾ।ਸੋ ਇਹ ਸਨ ਲੋਕਲ ਫੈਕਟਰ ਅਤੇ ਸੂਬੇ ਦੇ ਆਮ ਸਿਆਸੀ ਹਾਲਾਤ ਜਿੰਨਾ ਦੇ ਸਨਮੁਖ 2019 ਵਾਲੀ ਜ਼ਿਮਨੀ ਚੋਣ ਹੋਈ ਸੀ।
ਹੁਣ ਤਿੰਨ ਮਹੀਨਿਆਂ ਨੂੰ ਹੋਣ ਵਾਲ਼ੀਆਂ ਆਮ ਚੋਣਾਂ ਦੀਆਂ ਸੰਭਾਵਨਾ ਦਾ ਅੰਦਾਜ਼ਾਂ ਲਾਉਣ ਲਈ ਦੇਖਦੇ ਹਾਂ ਕਿ 2019 ਵਾਲੀ ਜ਼ਿਮਨੀ ਚੋਣ ਤੋਂ ਬਾਅਦ ਲੋਕਲ ਫੈਕਟਰ ਅਤੇ ਸੂਬੇ ਦੇ ਸਮੁੱਚੇ ਸਿਆਸੀ ਮਹੌਲ ਵਿੱਚ ਕੀ ਤਬਦੀਲੀ ਹੋਈ ਹੈ।ਇਆਲੀ ਸਾਹਿਬ ਨੇ ਵਰਕਰਾਂ ਨਾਲ ਮੇਲ ਜੋਲ ਅਤੇ ਲੋਕਾਂ ਦੀ ਖੁਸ਼ੀ ਗ਼ਮੀ ਚ ਸ਼ਮੂਲੀਅਤ ਦੀ ਲਗਾਤਾਰਤਾ ਕਾਇਮ ਰੱਖੀ ਹੈ। ਅਕਾਲੀ ਦਲ , ਮੋਦੀ ਸਰਕਾਰ ਦੇ ਖ਼ਿਲਾਫ਼ ਕਿਸੇ ਨਰਾਜ਼ਗੀ ਚ ਹਿੱਸਾ ਵੰਡਾਉਣ ਦਾ ਬੋਝ ਚੱਕਣ ਤੋਂ ਪਹਿਲੀ ਵਾਰ ਸੁਰਖ਼ਰੂ ਹੋਇਆ ਹੈ ਤੇ ਬੀ ਜੇ ਪੀ ਵੱਲੋਂ ਵੋਟਾਂ ਦੇ ਪਏ ਘਾਟੇ ਨੂੰ ਬੀ ਐਸ ਪੀ ਦੀਆਂ ਵੋਟਾਂ ਨਾਲ ਪੂਰਾ ਕਰਨ ਦੀ ਆਸ ਰੱਖਦਾ ਹੈ। ਦੂਜੇ ਪਾਸੇ ਅਕਾਲੀ ਦਲ ਦੀ ਪ੍ਰਮੁਖ ਵਿਰੋਧੀ ਪਾਰਟੀ ਆਪ ਵੱਲੋਂ ਮੁੱਖ ਮੰਤਰੀ ਦਾ ਕੋਈ ਚੇਹਰਾ ਨਾ ਦਿਸਣ ਅਤੇ ਦਾਖਾ ਹਲਕੇ ਲਈ ਕੋਈ ਉਮੀਦਵਾਰ ਵੀ ਸਾਹਮਣੇ ਨਹੀਂ ਆ ਸਕਿਆ ।ਐਤਕੀਂ ਜੋ ਗ਼ੈਰ ਜੱਟ ਵੋਟ ਆਪ ਵੱਲ ਝੁਕਦੀ ਦਿਖਾਈ ਦੇ ਰਹੀ ਸੀ ਉਹਨੂੰ ਗ਼ੈਰ ਜੱਟ ਮੁੱਖ ਮੰਤਰੀ ਬਨਣ ਨਾਲ ਕਾਫ਼ੀ ਹੱਦ ਤੱਕ ਰੋਕ ਲੱਗੀ
ਜੇ ਹੋਰ ਲੋਕਲ ਫੈਕਟਰ ਚ ਆਈ ਤਬਦੀਲੀ ਦੀ ਗੱਲ ਕਰੀਏ ਤਾਂ ਕਾਂਗਰਸੀ ਹਲਕਾ ਇੰਜਾਰਜ ਕੈਪਟਨ ਸੰਧੂ ਤੇ ਮਿਸਟਰ ਫੂਲਕਾ ਵਰਗਾ ਹੋ ਨਿਬੜਨ ਦੀ ਕੀਤੀ ਗਈ ਸ਼ੱਕ ਨੂੰ ਨਕਾਰਿਆ ਹੈ।ਪਹਿਲਾਂ ਰਹੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਵੇਲੇ ਆਈ ਖੜੋਤ ਨੂੰ ਤੋੜਦਿਆਂ ਗਰਾਂਟਾਂ ਦੇਣ ਅਤੇ ਨੀਂਹ ਪੱਥਰਾਂ ਦੇ ਮਾਮਲਿਆਂ ਚ ਪੂਰੀ ਸਪੀਡ ਨਾਲ ਕੰਮ ਕੀਤਾ।ਮੁੱਖ ਮੰਤਰੀ ਨਾਲ ਨੇੜਤਾ ਹੋਣ ਕਰਕੇ ਅਫਸਰਸ਼ਾਹੀ ਪੂਰਾ ਆਖੇ ਲੱਗਦੀ ਰਹੀ ਜੀਹਦੇ ਨਾਲ ਮਗਰਲੇ ਦੋ ਸਾਲਾਂ ਚ ਕਾਂਗਰਸੀ ਵਰਕਰਾਂ ਨੂੰ ਆਪਦੀ ਸਰਕਾਰ ਹੋਣ ਦਾ ਅਹਿਸਾਸ ਕੈਪਟਨ ਸੰਧੂ ਦੀ ਵਜਾਹ ਕਰਕੇ ਹੀ ਹੋਇਆ ਹੈ।ਕੈਪਟਨ ਸੰਧੂ ਦੀ ਅਮਰਿੰਦਰ ਸਿੰਘ ਨਾਲ ਨੇੜਤਾ ਕਰਕੇ ਅਗਰ ਟਿਕਟ ਕੱਟੀ ਜਾਂਦੀ ਹੈ ਤਾਂ ਲੋਕਲ ਫੈਕਟਰ ਚ ਇੱਕ ਵੱਡੀ ਤਬਦੀਲੀ ਸਾਬਿਤ ਹੋ ਸਕਦੀ ਹੈ ਇਆਲੀ ਸਾਹਿਬ ਦੇ ਹੱਕ ਚ ਕਿਉਂਕਿ ਮੇਜਰ ਸਿੰਘ ਭੈਣੀ ਤੋਂ ਬਿਨਾ ਕਾਂਗਰਸ ਦਾ ਹੋਰ ਕੋਈ ਅਸਰਦਾਰ ਦਾਅਵੇਦਾਰ ਨਹੀਂ ਹੈ। ਜੇ ਕੋਈ ਬਾਹਰੀ ਉਮੀਦਵਾਰ ਆਉਂਦਾ ਹੈ ਤਾਂ ਉਹਦੇ ਤੇ ਫੂਲਕਾ ਵਰਗੀ ਸ਼ੱਕ ਹੋਣੀ ਸੁਭਾਵਿਕ ਹੈ।
ਹੁਣ ਆਖਰੀ ਗੱਲ ਕਰੀਏ ਕਿ ਸੂਬੇ ਦੇ ਸਿਆਸੀ ਮਹੌਲ ਚ ਕਿੰਨੀ ਕੁ ਤਬਦੀਲੀ ਆਈ ਹੈ।ਪਹਿਲੀ ਕਿਸੇ ਸ਼ੈਡੂਅਲਡ ਕਾਸਟ ਭਾਈਚਾਰੇ ਵਿੱਚੋਂ ਮੁੱਖ ਮੰਤਰੀ ਬਣਾਉਣ ਕਰਕੇ ਕਾਂਗਰਸ ਨੂੰ ਐਸ ਸੀ ਭਾਈਚਾਰੇ ਦੀ ਹਮਦਰਦੀ ਜ਼ਰੂਰ ਮਿਲੇਗੀ। ਪਰ “ਰਾਜਾ ਰਲਿਆ ਹੋਇਆ ਹੈ” ਦੇ ਜਿਸ ਮੁੱਦੇ ਤੇ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਬਦਲਿਆ ਸੀ ਓਹ ਮੁੱਦਾ ਥਾਏਂ ਹੀ ਖੜਾ ਸਪਸ਼ਟ ਨਜ਼ਰ ਆ ਰਿਹਾ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਈ ਐਕਸ਼ਨ ਤਾਂ ਇੱਕ ਪਾਸੇ ਰਿਹਾ ਕੋਈ ਬਿਆਨ ਵੀ ਐਸਾ ਨਹੀਂ ਜਿੱਥੋਂ ਇਹ ਇਸ਼ਾਰਾ ਮਿਲੇ ਕਿ “ਰਲੇ ਹੋਏ” ਮਾਮਲੇ ਚ ਨਵੇਂ ਮੁੱਖ ਮੰਤਰੀ ਦਾ ਸਟੈਂਡ ਰਾਜਾ ਜੀ ਤੋਂ ਵੱਖਰਾ ਹੈ। ਬਲਕਿ ਦੋ ਵੱਡੇ ਅਫਸਰਾਂ ਦੀਆਂ ਨਿਯੁਕਤੀਆਂ ਇਹਦੀ ਤਸਦੀਕ ਕਰਦੀਆਂ ਜਾਪਦੀਆਂ ਨੇ।ਜੇ ਹਾਲਾਤ ਇਹੋ ਹੀ ਰਹੇ ਤਾਂ ਰਲੇ ਹੋਏ ਮੁੱਦੇ ਤੇ ਕੈਪਟਨ ਦੇ ਤਖਤਾਪਲਟ ਮੋਹਰੀ ਰਹੇ ਕਾਂਗਰਸ ਭਰਦਾਨ ਨਵਜੋਤ ਸਿੰਘ ਸਿੱਧੂ ਦੇ ਤੇਵਰਾਂ ਚ ਉਹ ਤੜ ਨਹੀਂ ਰਹਿਣੀ ।ਸਿੱਧੂ ਦੀ ਧਾਰ ਖੁੰਡੀ ਹੋਣ ਨਾਲ ਕਾਂਗਰਸੀ ਵਰਕਰਾਂ ਚ ਉਹ ਉਤਸ਼ਾਹ ਘਟੇਗਾ ਜੇਹੜਾ ਸਿੱਧੀ ਦੇ ਅਹੁੱਦਾ ਸੰਭਾਲ਼ਣ ਮੌਕੇ ਉਹਨਾਂ ਵੱਲੋਂ ਕੀਤੀ ਤਕਰੀਰ ਮਗਰੋਂ ਬਣਿਆਂ ਸੀ।ਸੋ ਜੇ ਕਾਂਗਰਸ ਹਾਈ ਕਮਾਂਡ ਵੱਲੋਂ ਕਰਾਏ ਕਿਸੇ ਸਮਝੌਤੇ ਤਹਿਤ ਜੇ ਸਿੱਧੂ ਨੂੰ ਸਟੈਂਡ ਢਿੱਲਾ ਕਰਨਾ ਪੈ ਗਿਆ ਤਾਂ ਵੀ ਉਂਨਾਂ ਅਲੋਚਨਾ ਦਾ ਸਾਹਮਣਾ ਕਰਨਾ ਪੈਣਾ ਹੈ ਤੇ ਜੇ ਸਿੱਧੂ ਸਾਹਿਬ ਆਪਣੇ ਸਟੈਂਡ ਤੇ ਕਾਇਮ ਰਹਿੰਦਿਆਂ ਓਵੇਂ ਹੀ ਟਵੀਟਾਂ ਰਾਹੀਂ ਸਰਕਾਰ ਤੇ ਚੋਭਾਂ ਲਾਉਣੀਆਂ ਜਾਰੀ ਰੱਖਦੇ ਹਨ ਤਾਂ ਵੀ ਪਾਰਟੀ ਦੀ ਪੁਜੀਸ਼ਨ ਹਾਸੋ ਹੀਣੀ ਬਣੇਗੀ। ਦੋਵਾਂ ਸੂਰਤਾਂ ਚੋਂ ਕਿਸੇ ਦੇ ਵੀ ਬਣਦਿਆਂ ਦਾਖੇ ਹਲਕੇ ਚ ਇਆਲੀ ਸਾਹਿਬ ਨੂੰ ਸਿੱਧਾ ਫ਼ਾਇਦਾ ਹੋਣ ਦਾ ਇਮਕਾਨ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ , ਲੇਖਕ
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.