21ਵੀਂ ਸਦੀ ਦਾ ਨਵਾਂ ਨਸ਼ਾ
ਸਟੀਵ ਜੌਬਸ ਵਰਗੇ ਅਨੇਕਾਂ ਹੀ ਟੈਕਨੋਕਰੈਟ ਆਪਣੇ ਬੱਚਿਆਂ ਨੂੰ ਸਾਨ ਫਰਾਂਸਿਸਕੋ ਦੇ ਬੇਅ ਏਰੀਏ ਵਿੱਚ ਅਜਿਹੇ ਸਕੂਲਾਂ ਵਿੱਚ ਭੇਜਦੇ ਹਨ, ਜਿੱਥੇ ਟੈਕਨਾਲੌਜੀ ਵਰਤਣ 'ਤੇ ਪਾਬੰਦੀ ਹੈ। ਸ਼ਾਇਦ ਉਹਨਾਂ ਨੂੰ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿੱਚ ਟੈਕਨਾਲੌਜੀ ਵਰਤਣ ਨਾਲ ਹੋਣ ਵਾਲੇ ਨੁਕਸਾਨਾਂ ਦਾ ਪਤਾ ਹੈ। ਕਈ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਕਿਉਂਕਿ ਟੱਚ ਸਕਰੀਨ ਟੈਕਨਾਲੌਜੀ ਨਵੀਂ ਹੈ ਅਤੇ ਇਸ ਦੇ ਅਸਰਾਂ ਬਾਰੇ ਹਾਲੇ ਚੰਗੀ ਤਰ੍ਹਾਂ ਰਿਸਰਚ ਨਹੀਂ ਕੀਤੀ ਗਈ, ਇਸ ਲਈ ਇਸ ਦੇ ਵਡੇਰੀ ਉਮਰ ਵਿੱਚ ਕੀ ਖਤਰੇ ਹੋ ਸਕਦੇ ਹਨ, ਇਸ ਬਾਰੇ ਹਾਲੇ ਕੁਝ ਨਹੀਂ ਪਤਾ।
ਐਡਿਕਸ਼ਨ ਮਾਹਿਰ ਨਿਕੋਲਸ ਕਡਾਰਸ ਦਾ ਮੰਨਣਾ ਹੈ ਕਿ ਸਕਰੀਨ ਦੇਖਣੀ ਵੀ ਨਸ਼ਿਆਂ ਦੀ ਤਰ੍ਹਾਂ ਹੀ ਹੈ। ਜ਼ਿਆਦਾ ਸਕਰੀਨ ਦੇਖਣ ਨਾਲ ਬੱਚੇ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਦਿਮਾਗ ਵਿੱਚ ਡੋਪਾਮਿਨ ਦਾ ਲੈਵਲ ਵਧ ਜਾਂਦਾ ਹੈ। ਯਾਦ ਰਹੇ ਡੋਪਾਮਿਨ ਨਿਊਰੋ ਟਰਾਂਸਮਿਟਰ ਹੈ, ਜਿਸ ਨਾਲ ਅਨੰਦਮਈ ਅਵਸਥਾ ਦਾ ਅਹਿਸਾਸ ਹੁੰਦਾ ਹੈ। ਪਰ ਜਦੋਂ ਇਸਦਾ ਲੈਵਲ ਲੋੜ ਤੋਂ ਜ਼ਿਆਦਾ ਵਧ ਜਾਂਦਾ ਹੈ, ਤਾਂ ਜਿਸ ਚੀਜ਼ (ਸਕਰੀਨ ਜਾਂ ਡਰੱਗ ਆਦਿ) ਨਾਲ ਇਸਦਾ ਲੈਵਲ ਵਧਿਆ ਹੈ, ਦਿਮਾਗ ਉਸ ਨੂੰ ਪਛਾਨਣਾ ਸ਼ੁਰੂ ਕਰ ਦਿੰਦਾ ਹੈ ਅਤੇ ਐਡਿਕਸ਼ਨ (ਲਤ ਲੱਗਣ) ਦੀ ਸੰਭਾਵਨਾ ਬਣਦੀ ਹੈ, ਭਾਵ ਤੁਸੀਂ ਉਸ ਚੀਜ਼ ਨੂੰ ਲੈਣ ਲਈ ਉਤਾਵਲੇ ਹੋ ਜਾਂਦੇ ਹੋ।
ਵਿਨੀਪੈੱਗ ਵਿੱਚ ਬੱਚਿਆਂ ਦੇ ਮਾਹਿਰ ਡਾ. ਗਰਾਂਟ ਮੈਕਡੂਗਲ ਦਾ ਵੀ ਮੰਨਣਾ ਹੈ ਕਿ ਜ਼ਿਆਦਾ ਸਕਰੀਨ ਦੇਖਣੀ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਅਜਿਹੇ ਬਹੁਤ ਬੱਚੇ ਆਉਂਦੇ ਹਨ, ਜੋ ਜ਼ਿਆਦਾ ਸਕਰੀਨ ਦੇਖਣ ਕਰਕੇ ਮੋਟਾਪੇ ਦਾ ਸ਼ਿਕਾਰ ਹਨ। ਉਹਨਾਂ ਸਲਾਹ ਦਿੱਤੀ ਕਿ ਸਕਰੀਨ ਦੇਖਣੀ ਬੰਦ ਕਰੋ ਅਤੇ ਆਪਣੇ ਬੱਚਿਆਂ ਨਾਲ ਖੇਡੋ। ਇੱਕ ਮਹੀਨੇ ਵਿੱਚ ਤੁਸੀਂ ਉਹਨਾਂ ਦੇ ਵਿਹਾਰ ਵਿੱਚ ਤਬਦੀਲੀ ਦੇਖੋਗੇ। ਵਿਨੀਪੈੱਗ ਰੀਜਨਲ ਹੈਲਥ ਅਥਾਰਟੀ ਦੇ ਮਾਹਿਰਾਂ ਦਾ ਵੀ ਇਹੀ ਮੰਨਣਾ ਹੈ ਕਿ ਜ਼ਿਆਦਾ ਸਕਰੀਨ ਦੇਖਣ ਨਾਲ ਹੋਰ ਬਿਮਾਰੀਆਂ ਦੇ ਨਾਲ-ਨਾਲ ਬੱਚੇ ਨੂੰ ਸੋਸਾਇਟੀ ਵਿੱਚ ਨਾ ਵਿਚਰਨਾ ਆਉਣਾ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਅਸਮਰੱਥਾ ਅਤੇ ਇੱਕ ਦਮ ਗੁੱਸਾ ਆਉਣਾ ਆਦਿ ਅਲਾਮਤਾਂ ਵੀ ਚਿੰਬੜ ਜਾਂਦੀਆਂ ਹਨ।
ਹੇਠਾਂ ਦਿੱਤੇ ਕੁਝ ਨੁਕਤੇ ਵਰਤ ਕੇ ਤੁਸੀਂ ਬੱਚੇ ਦਾ (ਅਤੇ ਆਪਣਾ ਵੀ) ਸਕਰੀਨ ਟਾਈਮ ਘਟਾ ਸਕਦੇ ਹੋ -
* ਬੱਚੇ ਲਈ ਰੋਲ ਮਾਡਲ ਬਣੋ। ਇਹ ਔਖਾ ਹੈ, ਪਰ ਕਰਨਾ ਪੈਣਾ ਹੈ। ਜੇ ਬੱਚੇ ਤੁਹਾਨੂੰ ਕਿਤਾਬ ਪੜ੍ਹਦਿਆਂ, ਬਾਹਰ ਕੁਝ ਨਾ ਕੁਝ ਖੇਡਦਿਆਂ ਘਰ ਤੋ ਬਹਾਰ ਵਾਲੀ ਖੇਡ ਜਾਂ ਘਰ ਦਾ ਕੰਮ ਕਾਜ ਕਰਦਿਆਂ ਦੇਖਣਗੇ, ਤਾਂ ਉਹ ਵੀ ਉਵੇਂ ਹੀ ਕਰਨਗੇ, ਪਰ ਜੇ ਬੱਚੇ ਤੁਹਾਨੂੰ ਫੋਨ, ਆਈਪੈਡ, ਟੀ.ਵੀ. ਆਦਿ ਦੇਖਦੇ ਦੇਖਣਗੇ, ਤਾਂ ਉਹ ਵੀ ਸਕਰੀਨ 'ਤੇ ਜ਼ਿਆਦਾ ਸਮਾਂ ਲਗਾਉਣਗੇ।
* ਆਪਣਾ ਮਾਂ-ਬਾਪ ਵਾਲਾ ਫਰਜ਼ ਨਿਭਾਓ। ਬੱਚਿਆਂ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰੋ ਅਤੇ ਮਾੜੀਆਂ ਆਦਤਾਂ ਨੂੰ ਰੋਕੋ, ਚਾਹੇ ਤੁਹਾਨੂੰ ਇਹਦੇ ਲਈ ਥੋੜ੍ਹੀ ਸਖਤੀ ਕਰਨੀ ਪਏ। ਉਹਨਾਂ ਨੂੰ ਸਮਝਾਓ ਕਿ ਤੁਸੀਂ ਉਹਨਾਂ ਨੂੰ ਕਿਉਂ ਰੋਕ ਰਹੇ ਹੋ।
* ਬੱਚਿਆਂ ਦਾ (ਅਤੇ ਆਪਣਾ ਵੀ) ਸਕਰੀਨ ਦੇਖਣ ਦਾ ਸਮਾਂ ਨਿਰਧਾਰਤ ਕਰੋ ਕਿ ਤੁਸੀਂ ਕਿੰਨਾ ਵੱਧ ਤੋਂ ਵੱਧ ਸਮਾਂ ਸਕਰੀਨ 'ਤੇ ਗੁਜ਼ਾਰ ਸਕਦੇ ਹੋ। ਫੋਨ 'ਤੇ ਤੁਸੀਂ ਅਜਿਹੀ ਕੋਈ ਐਪ ਡਾਊਨਲੋਡ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਪਤਾ ਲਗਦਾ ਹੈ ਕਿ ਤੁਸੀਂ ਇੱਕ ਦਿਨ ਵਿੱਚ ਕਿੰਨਾ ਸਮਾਂ ਫੋਨ 'ਤੇ ਬਿਤਾਇਆ। ਆਈ ਫੋਨ ਲਈ ਅਜਿਹੀ ਐਪ ਦਾ ਨਾਂ ਮੋਮੈਂਟ ਹੈ।
* ਬੱਚਿਆਂ ਨਾਲ ਖੇਡੋ, ਕਿਤਾਬਾਂ ਪੜ੍ਹੋ, ਉਹਨਾਂ ਨਾਲ ਗੱਲਾਂ ਬਾਤਾਂ ਕਰੋ।
* ਆਪਣੇ ਬੱਚਿਆਂ ਦੇ ਵਰਤਾਓ ਵਿੱਚ ਤਬਦੀਲੀ ਨੋਟ ਕਰੋ। ਜ਼ਿਆਦਾ ਸਕਰੀਨ ਦੇਖਣ ਨਾਲ ਬੱਚੇ ਖਿਝਣ ਲੱਗ ਜਾਂਦੇ ਹਨ। ਉਹਨਾਂ ਨੂੰ ਉਸੇ ਵਕਤ ਦੱਸੋ ਕਿ ਇਹ ਠੀਕ ਨਹੀਂ।
* ਇੱਕ ਸਰਵੇ ਵਿੱਚ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਪਰਿਵਾਰਾਂ ਵਿੱਚ ਖਾਣਾ ਖਾਣ ਸਮੇਂ ਲੋਕ ਟੀ.ਵੀ. ਦੇਖਦੇ ਹਨ। ਇਸ ਰੁਝਾਨ ਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ। ਖਾਣੇ ਦੇ ਟੇਬਲ 'ਤੇ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਇਹ ਕੀਮਤੀ ਸਮਾਂ ਆਪਸ ਵਿੱਚ ਗੱਲਾਂ ਕਰਨ ਲਈ ਹੋਣਾ ਚਾਹੀਦਾ ਹੈ ਨਾ ਕਿ ਮੂੰਹ ਚਲਾਉਂਦੇ ਹੋਏ ਟੀ.ਵੀ. ਸਕਰੀਨ ਵੱਲ ਦੇਖਣ ਦਾ। ਖਾਣ ਸਮੇਂ ਟੀ.ਵੀ. ਦਾ ਸਵਿੱਚ ਬੰਦ ਕਰਨ ਵਿੱਚ ਹੀ ਭਲਾਈ ਹੈ।
* ਬੱਚਿਆਂ ਦੇ ਬੈੱਡਰੂਮ ਵਿੱਚ ਕਦੇ ਵੀ ਟੀ.ਵੀ. ਨਹੀਂ ਹੋਣਾ ਚਾਹੀਦਾ ਅਤੇ ਕੋਸ਼ਿਸ਼ ਕਰੋ ਕਿ ਤੁਹਾਡੇ ਬੈੱਡਰੂਮ ਵਿੱਚ ਵੀ ਨਾ ਹੋਵੇ।
ਯਕੀਨਨ ਸਕਰੀਨ ਨੂੰ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ 'ਚੋਂ ਮਨਫੀ ਤਾਂ ਨਹੀਂ ਕਰ ਸਕਦੇ, ਪਰ ਸਕਰੀਨ ਟਾਈਮ 'ਤੇ ਕੰਟਰੋਲ ਕਰਨਾ ਹੁਣ ਇੱਕ ਜ਼ਰੂਰਤ ਬਣ ਗਿਆ ਹੈ। ਜੇ ਤੁਸੀਂ ਹਾਲੀਂ ਇਹਦੇ ਬਾਰੇ ਨਹੀਂ ਸੋਚਿਆ ਤਾਂ ਦੇਰੀ ਨਾ ਕਰੋ...........
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.