ਪੰਜਾਬੀ ਸੰਸਾਰ ਨੂੰ ਭਿੰਨਤਾ ਨਾਲ ਰੂਪਮਾਨ ਕੀਤਾ ਹੈ ਅੰਤਰਰਾਸ਼ਟਰੀ ਪੱਤਰਕਾਰ ਅਤੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਨੇ /ਪੁਸਤਕ ਸਮੀਖਿਆ ਪੰਜਾਬੀ ਸੰਸਾਰ-2021
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੰਢਿਆ ਹੋਇਆ ਸੰਪਾਦਕ ਹੈ। ਹਰ ਵਰ੍ਹੇ ਉਹ ਇੰਡੀਅਨਜ਼ ਐਬਰੌਡ ਐਂਡ ਪੰਜਾਬ ਇੰਮਪੈਕਟ ਦਾ ਅੰਕ ਵੰਨ-ਸਵੰਨਤਾ ਨਾਲ ਸੰਪਾਦਿਤ ਅਤੇ ਪ੍ਰਕਾਸ਼ਿਤ ਕਰਦਾ ਹੈ। ਸਾਲ ਦਰ ਸਾਲ ਉਹ ਨਵਾਂ ਵਿਸ਼ਾ ਲੈਂਦਾ ਹੈ, ਅਤੇ ਉਸ ਵਿਸ਼ੇ ਉੱਤੇ ਪ੍ਰਸਿੱਧ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਕਾਲਮਨਵੀਸਾਂ ਤੋਂ ਵਿਸ਼ੇਸ਼ ਲੇਖ ਲਿਖਵਾਉਂਦਾ ਹੈ ਅਤੇ ਸੁਚਿੱਤਰਤਾ ਨਾਲ ਉਹ ਛਾਪਦਾ ਹੈ। ਇਸ ਵਰ੍ਹੇ ਉਸ 364 ਸਫ਼ਿਆਂ ਦਾ ਪੰਜਾਬੀ ਸੰਸਾਰ-2021 ਪਾਠਕਾਂ ਸਨਮੁੱਖ ਕੀਤਾ ਹੈ, ਜਦਕਿ 2017 ਤੋਂ 2020 ਤੱਕ ਉਸ ਇੰਡੀਅਨਜ਼ ਐਬਰੌਡ ਐਂਡ ਪੰਜਾਬ ਇਮਪੈਕਟ ਦੇ ਸਮੁੰਦਰੋ ਪਾਰ ਦਾ ਪੰਜਾਬੀ ਸੰਸਾਰ ਸਮੇਤ ਅਤੇ ਵਿਸਾਖੀ ਸੋਵੀਨਰ-2017 ਅਤੇ ਵਿਸਾਖੀ ਸੋਵੀਨਰ-2019 ਵੀ ਛਾਪੇ ਸਨ।
25 ਜੂਨ 1941 ਨੂੰ ਜ਼ਿਲਾ ਪਟਿਆਲਾ ਦੇ ਖੇਤੀ ਖੇਤਰ `ਚ ਵਿਸ਼ੇਸ਼ ਥਾਂ ਬਨਾਉਣ ਵਾਲੇ ਪਿੰਡ ਮੁਜਾਲ ਖ਼ੁਰਦ ਵਿੱਚ ਜਨਮੇ ਲੇਖਕ, ਪੱਤਰਕਾਰ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਦਾ ਲੇਖਣੀ ਸਫ਼ਰ “ਅਮਰ ਵੇਲ” ਪੁਸਤਕ ਨਾਲ 1965-66 `ਚ ਸ਼ੁਰੂ ਹੋਇਆ, ਜਿਸਦਾ ਮੁੱਖ ਬੰਦ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਜੀਤ ਸਿੰਘ ਵੱਲੋਂ ਲਿਖਿਆ ਗਿਆ। ਸ਼ੇਰਗਿੱਲ ਨੇ ਜੂਨ 1964 ਤੋਂ ਦਸਬੰਰ 1966 ਤੱਕ ਭਾਸ਼ਾ ਵਿਭਾਗ ਵਿਚ ਪੰਜਾਬੀ ਸਟੈਨੋਗ੍ਰਾਫੀ ਅਤੇ ਟਾਈਪ ਰਾਈਟਰ ਇੰਸਟਰਕਟਰ ਵਜੋਂ ਨੌਕਰੀ ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ `ਚ ਲਾਗੂ ਕਰਨ ਅਤੇ ਇਸਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ।
ਨੌਜਵਾਨ ਲੇਖਕ ਸ਼ੇਰਗਿੱਲ ਸਾਲ 1966 ਨੂੰ ਬਰਤਾਨੀਆ ਵਰਕ ਵੀਜ਼ੇ ਤੇ ਪੱਜਾ, ਜਿਥੇ ਆਪਣੇ ਕੰਮ ਦੇ ਨਾਲ-ਨਾਲ ਉਸ ਅੰਗਰੇਜ਼ੀ ਅਤੈ ਪੰਜਾਬੀ ਪੱਤਰਕਾਰਤਾ `ਚ ਵੱਡੇ ਮੀਲ ਪੱਥਰ ਗੱਡੇ। ਉਸਨੇ ਦੇਸ਼-ਪ੍ਰਦੇਸ਼ ਪੰਜਾਬੀ ਹਫ਼ਤਾਵਰ ਲੰਦਨ `ਚ ਕੰਮ ਕੀਤਾ। 1985 ਤੋਂ ਉਹ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ 'ਅਜੀਤ ਪੰਜਾਬੀ' ਨਾਲ ਜੁੜਿਆ। ਹੁਣ ਤੱਕ ਉਸ ਵੱਲੋਂ 2000 ਤੋਂ ਵੱਧ ਕਾਲਮ, ਆਰਟੀਕਲ, ਲੇਖ ਲਿਖੇ ਗਏ ਹਨ, ਜੋ ਅਜੀਤ ਤੋਂ ਇਲਾਵਾ ਪੰਜਾਬੀ ਦੇ ਅੰਤਰਰਾਸ਼ਟਰੀ ਪ੍ਰਮੁੱਖ ਹਫ਼ਤਾਵਰੀ ਪੇਪਰਾਂ, ਮੈਗਜ਼ੀਨਾਂ `ਚ ਛੱਪ ਰਹੇ ਹਨ।
ਮੌਜੂਦਾ ਵਰ੍ਹੇ ਵਾਰ ਛਪਣ ਵਾਲੇ ਇੰਡੀਅਨਜ਼ ਐਬਰੌਡ ਐਂਡ ਪੰਜਾਬ ਇੰਮਪੈਕਟ ਦਾ ਸਫ਼ਰ ਨਵੰਬਰ 1985 ਤੋਂ ਗਿਣਿਆ ਜਾ ਸਕਦਾ ਹੈ। ਜਿਸਦੀ ਸ਼ੁਰੂਆਤ ਇੰਟਰਨੈਸ਼ਨਲ ਡਾਇਰੈਕਟਰੀ ਆਫ ਗੁਰਦੁਆਰਾ ਐਂਡ ਸਿੱਖ ਆਰਗੇਨਾਈਜ਼ੇਸਨ ਨਾਲ ਸ਼ੇਰਗਿੱਲ ਨੇ 2000 ਵਿੱਚ ਗੁਰਦਆਰਾ ਸਹਿਬਾਨ ਅਤੇ ਸਿੱਖ ਸੰਸਥਾਵਾਂ (ਅਫ਼ਗਾਨਿਸਤਾਨ ਤੋਂ ਜ਼ਾਬੀਆ ਤੱਕ) ਦੀ ਡਾਇਰੈਟਰੀ ਤਿਆਰ ਕੀਤੀ।ਮੁੱਢ ਤੋਂ ਲੈ ਕੇ 2005, 2008, 2011, 2013, 2015, 2017, 2018, 2019, 2020, 2021 `ਚ ਛਾਪੇ ਸਲਾਨਾ ਐਡੀਸ਼ਨਾਂ ਅਨੁਸਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਸੰਪਾਦਿਤ ਤੇ ਪ੍ਰਕਾਸ਼ਤ ਕੀਤਾ ਇਹ 23ਵਾਂ ਭਰਪੂਰ ਅੰਕ ਹੈ।
ਪੰਜਾਬੀ ਸੰਸਾਰ-2021 ਅੰਤਰਰਾਸ਼ਟਰੀ ਐਸਟੀਡੀ ਕੋਡਜ਼ ਤੋਂ ਸ਼ੁਰੂ ਕਰਕੇ ਦਿੱਲੀ `ਚ ਵਿਦੇਸ਼ੀ ਐਂਬੇਸੀਆਂ, ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤ ਖ਼ਾਨਿਆਂ, ਗਲੋਬਲ ਪੰਜਾਬ ਮੀਡੀਆ, ਅੰਤਰਰਾਸ਼ਟਰੀ ਪੰਜਾਬੀਆਂ ਦੀ ਐਨ.ਆਰ.ਆਈ. ਡਾਇਰੈਕਟਰੀ, ਪੰਜਾਬੀ ਲੇਖਕਾਂ, ਪੱਤਰਕਾਰਾਂ, ਐਨ.ਆਰ.ਆਈ. ਬਿਜਨੈਸ ਡਾਇਰੈਕਟਰੀ, ਸਿੱਖ ਗੁਰਦਵਾਰਿਆਂ, ਸਿੱਖ ਸ਼ਖ਼ਸ਼ੀਅਤਾਂ ਦੇ ਵੇਰਵੇ ਨਰਪਾਲ ਸਿੰਘ ਸ਼ੇਰਗਿੱਲ ਨੇ ਦੇਣ ਉਪਰੰਤ ਇਸ ਵਿਚ ਵੱਡਮੁੱਲੇ ਲੇਖ ਛਾਪੇ ਹਨ।
ਪੰਜਾਬੀ ਸੰਸਾਰ -2021 ਵਿੱਚ ਸੰਪਾਦਕ ਸ਼ੇਰਗਿੱਲ ਨੇ ਪੰਜਾਬੀ ਸੰਸਾਰ ਨੂੰ ਦਰਪੇਸ਼ ਮੁੱਖ ਮੁੱਦੇ ਨੂੰ ਚੁੱਕਦਿਆਂ, ਜਿਥੇ ਸਫ਼ਲ ਕਿਸਾਨਾਂ ਵਲੋਂ ਵਿਸ਼ਵ ਪੱਧਰ ਉੱਤੇ ਕੀਤੇ ਜਾ ਰਹੇ ਕਾਰਜਾਂ ਨੂੰ ਸਾਹਮਣੇ ਲਿਆਂਦਾ ਹੈ, ਉਥੇ ਕਿਸਾਨੀ ਅੰਦੋਲਨ ਬਾਰੇ ਵਿਸਥਾਰਤ ਲੇਖ ਛਾਪਿਆ ਹੈ। ਪੰਜਾਬ ਦਾ ਸਟਰੌਬਰੀ ਕਿੰਗ ਨਵਜੋਤ ਸਿੰਘ ਸ਼ੇਰਗਿੱਲ, ਆੜੂਆਂ ਦਾ ਬਾਦਸ਼ਾਹ ਦੀਦਾਰ ਸਿੰਘ ਬੈਂਸ, ਸੌਗੀ ਦਾ ਬਾਦਸ਼ਾਹ ਚਰਨਜੀਤ ਸਿੰਘ ਬਾਠ, ਬਦਾਮਾਂ ਦੇ ਬਾਦਸ਼ਾਹ ਟੁੱਟ ਬ੍ਰਦਰਜ਼ ਬਾਰੇ ਲੇਖ ਅਤੇ ਕਿਸਾਨ ਮੋਰਚਾ ਪੰਜਾਬ ਤੋਂ ਇਤਹਾਸਕ ਸ਼ੁਰੂਆਤ ਇਸ ਭਾਗ ਦੇ ਮੁੱਖ ਲੇਖ ਹਨ। ਹਰਪ੍ਰੀਤ ਸਿੰਘ ਅੋਲਖ, ਜੀ.ਕੇ ਸਿੰਘ ਦੇ ਲੇਖ ਵੀ ਇਸ ਭਾਗ ਵਿਚ ਸ਼ਾਮਲ ਹਨ।
ਭਾਰਤੀ ਆਰਟ ਅਤੇ ਪੈਂਟਿੰਗਜ਼ ਵਾਲੇ ਭਾਗ ਵਿਚ ਡਾ:ਤਾਰਾ ਸਿੰਘ ਆਲਮ, ਹਰਪ੍ਰੀਤ ਸਿੰਘ ਨਾਜ਼, ਜਰਨੈਲ ਸਿੰਘ ਆਰਟਿਸਟ ਦੇ ਲੇਖ ਅਤੇ ਪੰਜਾਬੀ ਲੇਖਕ ਵਿਚ ਪ੍ਰਸਿੱਧ ਅੰਤਰਰਾਸ਼ਟਰੀ ਕਲਮਾਂ ਰਵਿੰਦਰ ਸਿੰਘ ਰਵੀ (ਉਜਾਗਰ ਸਿੰਘ) ਗੁਰਸ਼ਰਨ ਸਿੰਘ ਅਜੀਬ (ਸੰਤੋਖ ਸਿੰਘ ਭੁੱਲਰ) ਐਸ. ਬਲਬੰਤ, ਡਾ: ਸੁਖਦਰਸ਼ਨ ਸਿੰਘ , ਨਰਪਾਲ ਸਿੰਘ ਸ਼ੇਰਗਿੱਲ (ਉਜਾਗਰ ਸਿੰਘ) ਸਬੰਧੀ ਲੇਖ ਸ਼ਾਮਲ ਹਨ। ਉਹ ਭਾਰਤੀ ਜਿਹਨਾ ਵਿਦੇਸ਼ਾਂ `ਚ ਮਾਣ ਖੱਟਿਆ ਹੈ ਅਤੇ ਜਿਹਨਾ ਉੱਤੇ “ਪਹਿਲੇ ਹੋਣ ਦਾ ਮਾਣ” ਹੈ ਉਸ ਸਬੰਧੀ ਵਿਸਥਾਰਤ ਵੇਰਵਾ ਉਹਨਾ ਸਖ਼ਸ਼ੀਅਤਾਂ ਬਾਰੇ ਹੈ, ਜੋ ਪੰਜਾਬੀਆਂ ਦਾ ਮਾਣ ਹਨ ਅਤੇ ਦੇਸ਼-ਵਿਦੇਸ਼ ਵਿੱਚ ਵੱਡਾ ਨਾਮਣਾ ਖੱਟ ਚੁੱਕੇ ਹਨ।ਮੈਗਜ਼ੀਨ ਦੇ ਇਕ ਭਾਗ ਵਿਚ ਧਾਰਮਿਕ ਲੇਖਾਂ `ਚ ਸਿੱਖ ਧਰਮ ਦੇ ਪ੍ਰਭਾਵਸ਼ਾਲੀ ਵਿਕਾਸ ਦੀ ਰਿਪੋਰਟ ਸੰਪਾਦਕ ਵਲੋਂ ਆਪ ਲਿਖੀ ਹੋਈ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਫ਼ਲਸਫੇ ਦੇ ਚਿੱਤਰਾਂ ਨਾਲ ਜਨਰੈਲ ਸਿੰਘ ਆਰਟਿਸਟ ਦੇ ਚਿੱਤਰ ਛਾਪੇ ਗਏ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਇੱਕ ਅੰਗਰੇਜ਼ੀ ਦਾ ਲੇਖ ਪ੍ਰਿੰਸੀਪਲ ਸਜਿੰਦਰ ਸਿੰਘ ਦੀ ਕਲਮ ਤੋਂ ਲਿਖਿਆ ਗਿਆ ਹੈ। ਪੰਜਾਬ ਬਾਰੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖੀ ਸਰੂਪ ਸਬੰਧੀ ਲੇਖ ਛਾਪ ਕੇ ਸੰਪਾਦਕ ਸ਼ੇਰਗਿੱਲ ਨੇ ਪੰਜਾਬੀ ਸੰਸਾਰ ਨੂੰ ਭਿੰਨਤਾ ਨਾਲ ਰੂਪਮਾਨ ਕੀਤਾ ਹੈ।
ਪੁਸਤਕ/ਮੈਗਜ਼ੀਨ ਦੀ ਕੀਮਤ ਭਾਰਤ ਲਈ 500 ਰੁਪਏ ਅਤੇ ਬਰਤਾਨੀਆ ਲਈ 10 ਪੌਂਡ ਅਤੇ ਕੈਨੇਡਾ, ਅਮਰੀਕਾ ਲਈ 20 ਡਾਲਰ ਹੈ।
ਹਰ ਵਰ੍ਹੇ ਛਪਣ ਵਾਲੀ ਨਰਪਾਲ ਸਿੰਘ ਸ਼ੇਰਗਿੱਲ ਦੀ ਇਹ ਪੁਸਤਕ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
-9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.