ਅੱਜ ਦਾ ਇਨਸਾਨ ਹੋਰਾਂ ਨਾਲੋਂ ਵਧੀਆਂ ਅਤੇ ਆਲੀਸ਼ਾਨ ਜ਼ਿੰਦਗੀ ਜਿਉਂਣਾ ਚਾਉਂਦਾ ਹੈ।ਕਿਉਂਕਿ ਅਸੀਂ ਸਾਰੇ ਹੀ ਰੀਸ ਘੜੀਸ ਦੇ ਪਿੱਛੇ ਬਹੁਤ ਲੱਗਦੇ ਹਾਂ।ਅੱਜ ਦੇ ਇਨਸਾਨ ਦੀ ਫ਼ਿਤਰਤ ਤਾਂ ਵੇਖੋ ਆਪ ਕੰਮ ਕਰਦਾ ਨਹੀਂ ਤੇ ਦੂਸਰੇ ਦਾ ਕੰਮ ਚੱਲਦਾ ਵੇਖ ਕੇ ਜਰਦਾ ਨਹੀਂ।ਜਿਵੇਂ ਜਿਵੇਂ ਸਾਡੀ ਸੋਚ ਚੱਲਦੀ ਹੈ ਇਨਸਾਨ ਵੀ ਆਪਣੇ ਕੰਮਾਂ ਕਾਰਾਂ ਦੀ ਵਿਉਂਤਬੰਦੀ ਬਦਲਦਾ ਰਹਿੰਦਾ ਹੈ।ਛੇਤੀ ਛੇਤੀ ਅਮੀਰ ਜੋ ਹੋਣਾ ਚਾਉਂਦਾ ਹੈ।ਪਰ ਅੱਜ ਦੇ ਇਨਸਾਨ ਨੇ ਆਪਣੇ ਨਿੱਤ ਦੇ ਰੁਝੇਵਿਆਂ ਨੂੰ ਟੈਨਸ਼ਨ ਦਾ ਨਾਮ ਦੇ ਦਿੱਤਾ ਹੈ।ਆਖ਼ਰ ਕਾਰ ਕਿਉ..?
ਅੱਜ ਦਾ ਇਨਸਾਨ ਕੰਮਾਂ ਕਾਰਾਂ ਵਿੱਚ ਇਨਸਾਨੀਅਤ ਨੂੰ ਵੀ ਭੁਲਾਈ ਬੈਠਾ ਹੈ।ਕਿਉਂਕਿ ਅਮੀਰ ਤੇ ਆਲੀਸ਼ਾਨ ਜ਼ਿੰਦਗੀ ਦੇ ਸੁਪਨੇ ਜੋ ਲੈਂਦਾ ਰਹਿੰਦਾ ਹੈ।ਸੁਪਨੇ ਵੇਖਣਾ ਅਮੀਰ ਬਣਨਾ, ਵਧੀਆਂ ਜ਼ਿੰਦਗੀ ਜਿਉਣੀ ਹਰੇਕ ਵਿਅਕਤੀ ਦਾ ਸੁਪਨਾ ਤੇ ਹੱਕ ਕਹਿ ਸਕਦੇ ਹਾਂ ਪਰ ਇਹ ਸਭ ਅਸੀਂ ਠੱਗੀਆਂ ਠੋਰੀਆਂ ਮਾਰਕੇ ਜਾਂ ਕਿਸੇ ਨੂੰ ਧੋਖਾ ਦੇਕੇ ਕਿਸੇ ਦਾ ਹੱਕ ਮਾਰ ਅਮੀਰ ਬਣੀਏ ਤਾਂ ਇਹ ਕੋਈ ਅਮੀਰੀ ਨਹੀਂ ਹੈ ।ਇਹ ਤਾਂ ਇਨਸਾਨੀਅਤ ਅਤੇ ਇਨਸਾਨਾਂ ਦਾ ਕਤਲ ਕਰਕੇ ਕੀਤੀ ਹੋਈ ਬੇਈਮਾਨੀ ਦੀ ਕਮਾਈ ਨਾਲ ਉਸਾਰੇ ਗਏ ਕੋਠੀਆਂ ਤੇ ਮਹਿਲ ਹਨ।
ਪਰ ਫ਼ਾਇਦਾ ਕਿ ਇਹੋ ਜਿਹੀਆਂ ਕੋਠੀਆਂ ਕਾਰਾਂ ਤੇ ਮਹਿਲ ਮਾੜੀਆਂ ਦਾ ਤੇ ਹਰਾਮ ਦੀ ਦੌਲਤ ਦਾ ਜੋ ਇਨਸਾਨੀ ਕਦਰਾਂ ਕੀਮਤਾਂ ਮਾਰਕੇ ਕੀਤੀ ਗਈ ਹੋਵੇ।ਪਰ ਇਹਨਾਂ ਸਾਰੇ ਹੀ ਕੰਮਾਂ ਨੂੰ ਜਾਂ ਆਪਣੇ ਹੀ ਰੁਝੇਵਿਆਂ ਨੂੰ ਅੱਜਕਲ੍ਹ ਦੇ ਇਨਸਾਨਾਂ ਨੇ ਇੱਕ ਹੋਰ ਨਵਾਂ ਰੂਪ ਜਾਂ ਨਾਮ ਦੇ ਦਿੱਤਾ ਹੈ ।ਸ਼ਾਇਦ ਇਸ ਨੂੰ ਅਸੀਂ ਸਾਰੇ ਹੀ ਟੈਨਸ਼ਨ ਦੇ ਨਾਮ ਨਾਲ ਜਾਣਦੇ ਹਾਂ।ਕੋਈ ਬੰਦਾ ਕਿਸੇ ਨੂੰ ਕੋਈ ਵੀ ਭਲੇ ਵਾਲੀ ਗੱਲ ਆਖ ਦੇਵੇ,ਜਾਂ ਨੇਕ ਸਲਾਹ ਦੇਣ ਦੇ ਨਾਲ ਨਾਲ ਟੋਕ ਦੇਵੇ ਜਾਂ ਬੰਦਾ ਆਪਣਾ ਦਿੱਤਾ ਹੋਇਆ ਉਧਾਰ ਹੀ ਮੰਗ ਲਵੇ ਤਾਂ ਅਗਲਾ ਬੰਦਾ ਤੇ ਉਸਦਾ ਪਰਿਵਾਰ ਟੈਨਸ਼ਨ ਦਾ ਨਾਮ ਦੇਕੇ ਅਗਲੇ ਆਦਮੀ ਦੇ ਆਲੇ ਦੁਆਲੇ ਹੋ ਜਾਂਦਾ ਹੈ।ਕਿ ਤੁਸੀਂ ਤੇ ਸਾਡੇ (ਮੁੰਡੇ,ਧੀ,ਨੂੰਹ,ਪਤੀ,ਪਤਨੀ)ਜਾਂ ਕੋਈ ਵੀ ਹੋਵੇ ਕਿਸੇ ਵੀ ਰਿਸ਼ਤੇ ਦੇ ਚੱਲਦਿਆਂ ਦਾ ਨਾਮ ਦੇਕੇ ਕਹਿ ਦਿੰਦੇ ਹੋ ਕਿ ਕੱਲ੍ਹ ਤੁਸੀਂ ਆਏ ਸੀ ਜਾਂ ਫੋਨ ਕੀਤਾ ਸੀ ਤੁਸੀਂ ਤੇ ਉਸ ਨੂੰ ਵਾਲ਼ੀ ਹੀ ਟੈਨਸ਼ਨ ਦੇ ਦਿੱਤੀ ਜਾਂ ਟੈਨਸ਼ਨ ਪਾ ਦਿੱਤੀ।ਅਸਲ ਵਿਚ ਟੈਨਸ਼ਨ ਹੈ ਕਿ ..? ਕੋਈ ਬਿਮਾਰੀ ਜਾਂ ਕੋਈ ਮਨੁੱਖੀ ਬੰਬ ਜਿਸ ਦੇ ਚੱਲਦਿਆਂ ਅਸੀਂ ਟੈਨਸ਼ਨ ਦੀ ਆੜ ਵਿੱਚ ਸਾਹਮਣੇ ਵਾਲੇ ਆਦਮੀ ਨੂੰ ਇੱਕ ਗੁਨਾਹਗਾਰ ਤੇ ਮੁਜ਼ਰਮ ਬਣਾ ਦਿੰਦੇ ਹਾਂ ਕਿ ਇਹ ਸਭ ਠੀਕ ਹੈ।
ਅਸਲ ਵਿੱਚ ਅੱਜ ਦੇ ਇਨਸਾਨ ਨੇ ਟੈਨਸ਼ਨ ਦੀ ਆੜ ਵਿੱਚ ਆਪਣੇ ਫ਼ਰਜ਼ ਅਤੇ ਬਣਦੀਆਂ ਜੁੰਮੇਵਾਰੀਆਂ ਤੋਂ ਕਾਫ਼ੀ ਹੱਦ ਤੱਕ ਮੁੱਖ ਮੋੜ ਲਿਆ ਹੈ। ਜਦੋਂ ਉਹ ਫ਼ਰਜ਼ ਅਤੇ ਜੁੰਮੇਵਾਰੀ ਨਹੀਂ ਨਿਭਾ ਪਾਉਂਦਾ ਤਾਂ ਟੈਨਸ਼ਨ ਦਾ ਨਾਮ ਦੇਕੇ ਆਪਣੇ ਆਪ ਨੂੰ ਬਚਾਉਂਦਾ ਹੋਇਆ ਸਾਹਮਣੇ ਵਾਲਿਆਂ ਨੂੰ ਗੁਨਾਹਗਾਰ ਤੇ ਚੁੱਪ ਕਰਵਾਉਣ ਲਈ ਟੈਨਸ਼ਨ ਦਾ ਨਾਮ ਦੇ ਦਿੰਦਾ ਹੈ।ਕਿਉਂ ਕਿ ਅਸੀਂ ਅਸਲ ਜ਼ਿੰਦਗੀ ਦੇ ਇਨਸਾਨ ਨਹੀਂ ਹਾਂ ਅਸੀਂ ਕਾਗਜ਼ੀ ਦੁਨੀਆਂ ਦੇ ਇਨਸਾਨ ਹਾਂ। ਕਮਜ਼ੋਰ ਦਿਲ ਤੇ ਕਮਜ਼ੋਰ ਖ਼ਿਆਲ ਲੈਕੇ ਦੁਨੀਆਂਦਾਰੀ ਨਾਲ ਸੌਦੇਬਾਜ਼ੀ ਜਾਂ ਵਪਾਰ ਕਰਨ ਲਈ ਤੁਰ ਪੈਂਦੇ ਹਾਂ ਤੇ ਹਾਰ ਜਾਂ ਬਦਨਾਮੀ ਦੇ ਡਰੋਂ ਸਭ ਤੋਂ ਵੱਡੀ ਸਾਡੀ ਕਮਜ਼ੋਰੀ ਨੂੰ ਜਾਂ ਸਾਡੇ ਡਰ ਨੂੰ ਅਸੀਂ ਟੈਨਸ਼ਨ ਦਾ ਰੂਪ ਦੇਕੇ ਸਾਹਮਣੇ ਵਾਲਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ।ਕਿ ਇਹ ਸਾਡੇ ਲਈ ਠੀਕ ਹੈ..?ਜਾਂ ਅਸੀਂ ਗੁਨਾਹ ਕਰ ਰਹੇ ਹਾਂ।
ਦੂਸਰਾ ਪੱਖ ਇੱਕ ਹੋਰ ਵੀ ਹੈ ਕਿ ਅਸੀਂ ਕੋਈ ਵੀ ਕੰਮ ਆਪਣੀ ਹੈਸੀਅਤ ਮੁਤਾਬਕ ਨਹੀਂ ਕਰਦੇ ਜਾਂ ਅਪਣੀ ਕਾਬਲੀਅਤ ਮੁਤਾਬਿਕ ਨਹੀਂ ਕਰਦੇ ਭਾਵ ਅਸੀਂ ਵਧੀਆਂ ਕਰਨ ਲਈ ਨਹੀਂ ਕਰਦੇ ਅਸੀਂ ਤਾਂ ਹਰੇਕ ਕੰਮ ਕਰਦੇ ਹਾਂ ਪੈਸੇ ਲਈ ਅਮੀਰੀ ਲਈ,ਆਲੀਸ਼ਾਨ ਜ਼ਿੰਦਗੀ ਲਈ ਕਿ ਅਸੀਂ ਤੁਸੀਂ ਜਾਂ ਕੋਈ ਇਨਸਾਨ ਜਾਣਦਾ ਹੈ ਜਾਂ ਦੱਸ ਸਕਦਾ ਹੈ ਕਿ ਅਸੀਂ ਦੁਨੀਆਂ ਤੇ ਜੋ ਕਰ ਰਹੇ ਹਾਂ ਜਾਂ ਪਰਿਵਾਰ ਲਈ ਜਾਂ ਆਪਣੀ ਨਿੱਜੀ ਸਹੂਲਤਾਂ ਲਈ ਕਰ ਰਹੇ ਹਾਂ ਕਿ ਅਸੀਂ ਉਹਨਾਂ ਦਾ ਅਨੰਦ ਮਾਣ ਪਾਵਾਂਗੇ ਜਾਂ ਨਹੀਂ।ਇੱਥੇ ਪਲ ਦਾ ਭਰੋਸਾ ਨਹੀਂ ਤੇ ਅਸੀਂ ਦੌਲਤ ਸ਼ੋਹਰਤ ਸੱਤ ਪੀੜੀਆਂ ਲਈ ਇਕੱਠੀ ਕਰਨਾ ਚਾਹੁੰਦੇ ਹਾਂ।
ਮੈਂ ਇਹ ਵੀ ਨਹੀਂ ਕਹਿੰਦਾ ਕਿ ਕੰਮ ਜਾਂ ਵਪਾਰ ਨਾ ਕਰੋ ਜਾਂ ਪੈਸਾ ਨਾ ਕਮਾਉ। ਕੰਮ ਕਰਨਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ।ਕੰਮ ਸਾਡੇ ਲਈ ਕਰਮ ਹੈ।ਤੇ ਅਸੀਂ ਇਨਸਾਨ ਆਪਣੇ ਕਰਮ ਤੋਂ ਮੁੱਖ ਨਹੀਂ ਮੋੜ ਸਕਦੇ ।ਕੰਮ ਕਰੋ ਉਹ ਜੋ ਸਾਡੀ ਰੂਹ ਤੱਕ ਸਾਨੂੰ ਸਕੂਨ ਪ੍ਰਦਾਨ ਕਰੇ।ਗੱਲ ਉਹ ਕਰੀਏ ਜਿਸ ਨੂੰ ਦੁਨੀਆਂ ਸਲਾਮ ਕਰੇ।ਅਸੀਂ ਕਿਉਂ ਹੋਰਾਂ ਨੂੰ ਦੋਸ਼ ਦੇਣ ਦੀ ਬਜਾਏ।ਆਪਣੀਆਂ ਕਮੀਆਂ ਉੱਤੇ ਗੱਲ ਕਿਉਂ ਨਾ ਕਰੀਏ।ਜ਼ੇਕਰ ਕਿਸੇ ਦਾ ਉਧਾਰ ਦੇਣਾ ਵੀ ਹੈ ਕਿਉਂ ਨਾ ਹੱਥ ਜੋੜ ਕੇ ਦਈਏ।ਜ਼ੇਕਰ ਸਾਹਮਣੇ ਵਾਲੇ ਨਾਲ ਗੱਲ ਵੀ ਕਰਨੀ ਹੈ ਕਿਉਂ ਨਾ ਮਿੱਠੇ ਮਿੱਠੇ ਬੋਲਾਂ ਨਾਲ ਸ਼ੁਰੂਆਤ ਕਰੀਏ।
ਮੈਂ ਮੰਨਦਾ ਹਾਂ ਕਿ ਇਹ ਸਭ ਆਸਾਨ ਨਹੀਂ ਹੈ।ਪਰ ਅਸੀਂ ਕੋਸ਼ਿਸ ਤਾਂ ਕਰ ਹੀ ਸਕਦੇ ਹਾਂ।ਕਿਉਂ ਨਾ ਅਸੀਂ ਲੈਣ -ਦੇਣ ਨੂੰ ਲੈਕੇ ਬਿਨਾਂ ਟੈਨਸ਼ਨ ਦੇ ਵੀ ਕਰ ਸਕਦੇ ਹਾਂ।ਅੰਤ ਵਿੱਚ ਇਹੋ ਕਹਾਂਗਾ ਕਿ ਟੈਨਸ਼ਨ ਵਾਲੇ ਸ਼ਬਦ ਨੂੰ ਭੁਲਾਕੇ ਅਸੀਂ ਆਪਣੀਆਂ ਜੁੰਮੇਵਾਰੀਆਂ ਤੇ ਫ਼ਰਜ਼ਾਂ ਨੂੰ ਸਮਝਦੇ ਹੋਏ ।ਆਪਣੇ ਪਰਿਵਾਰ ਪ੍ਰਤੀ ਆਪਣੀਆਂ ਬਣਦੀਆਂ ਜੁੰਮੇਵਾਰੀਆਂ ਨਿਭਾਈਏ ਅਤੇ ਇਨਸਾਨਾਂ ਨਾਲ ਇਨਸਾਨੀਅਤ ਵਾਲਾ ਸਲੂਕ ਕਰੀਏ।ਲੈਣਾ ਦੇਣਾ ਸਭ ਦਾ ਚੱਲਦਾ ਹੈ।ਪਰ ਟੈਨਸ਼ਨ ਵਾਲੇ ਸ਼ਬਦ ਨਾਲ ਅਸੀਂ ਆਪਣਾ ਮਿਲਵਰਤਨ ਖ਼ਰਾਬ ਨਾ ਕਰੀਏ।ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਅਸੀਂ ਟੈਨਸ਼ਨ ਲੈਕੇ ਕੇਹੜਾ ਤੀਰ ਮਾਰ ਦਿਆਂਗੇ।ਇੱਥੇ ਟੈਨਸ਼ਨ ਤਾਂ ਲੈਕੇ ਲੱਖਾਂ ਰਾਜੇ ਮਹਾਰਾਜ਼ੇ ਤੁਰਗੇ ਨੇ।ਅਸੀਂ ਕੇਹੜੇ ਬਾਗ਼ ਦੀ ਮੂਲੀ ਹਾਂ।ਦੁਬਾਰਾ ਫੇਰ ਕਹਾਂਗਾ ਕਿ ਟੈਨਸ਼ਨ ਵਾਲ਼ੇ ਸ਼ਬਦ ਨਾਲ ਆਪਸੀ ਭਾਈਚਾਰਕ ਸਾਂਝ ਤੇ ਵਿਸ਼ਵਾਸ਼ ਨਾ ਖ਼ਤਮ ਕਰੋਂ।ਜੇ ਜ਼ਿੰਦਗੀ ਜਿਉਣਾ ਚਾਉਂਦੇ ਹੋ ਤਾਂ ਆਪਣੀ ਆਪਣੀ ਬਣਦੀ ਜੁੰਮੇਵਾਰੀ ਪ੍ਰਤੀ ਸਦਾ ਵਫ਼ਾਦਾਰ ਰਹੋ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
Jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.