ਸਿਆਣੇ ਬੰਦੇ ਅਕਸਰ ਸਿਆਣੀਆਂ ਗੱਲਾਂ ਕਰ ਜਾਂਦੇ ਹਨ ਅਤੇ ਉਹਨਾਂ ਗੱਲਾਂ ਵਿਚ ਬਹੁਤ ਸਾਰੀਆਂ ਰਮਜਾਂ ਛੁਪੀਆਂ ਹੁੰਦੀਆਂ ਹਨ। ਜਦ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਸੰਕਟ ਦਾ ਹੱਲ ਕੱਢਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਤਾਂ ਸੁਨੀਲ ਜਾਖੜ ਦਾ ਇਕ ਰਮਜ ਭਰਪੂਰ ਬਿਆਨ ਸਾਮ੍ਹਣੇ ਆਇਆ ਸੀ :
ਹਾਈਕਮਾਨ ਨੇ Gordian knot ਦਾ Alexandrian solution ਕਰ ਦਿੱਤਾ।
ਉਸ ਵਕਤ ਇਸ ਦਾ ਮਤਲਬ ਇਹ ਕੱਢਿਆ ਗਿਆ ਕਿ ਕਾਂਗਰਸ਼ ਹਾਈਕਮਾਨ ਨੇ ਦਲੇਰਾਨਾ ਫੈਸਲਾ ਲੈ ਕੇ ਬਹੁਤ ਗੁਝੰਲਦਾਰ ਮਸਲੇ ਦਾ ‘ਬਾਕਮਾਲ’ ਹੱਲ ਕੱਢ ਦਿੱਤਾ। ਪਰ ਅਸਲ ਵਿਚ ਇਸ ਅਖਾਣ ਦੀਆਂ ਰਮਜਾਂ ਬਹੁਤ ਡੂੰਘੀਆਂ ਸਨ, ਜਿਨ੍ਹਾਂ ਦੀ ਉਸ ਵਕਤ ਵਿਆਖਿਆ ਕਰਨ ਦਾ ਜਾਂ ਸਮਝਣ ਦਾ ਕਿਸੇ ਕੋਲ ਵਕਤ ਨਹੀਂ ਸੀ ਤੇ ਨਾ ਹੀ ਉਸ ਵਕਤ ਇਸ ਦੀ ਲੋੜ ਹੀ ਸਮਝੀ ਗਈ।
ਆਓ ਇਸ ਨੂੰ ਸਮਝੀਏ...
ਇਹ ਇਕ ਮਿੱਥ ਕਥਾ ਹੈ ਕਿ 333 ਈਸਾ ਪੂਰਬ ਵਿਚ ਰਾਜਾ ਸਿਕੰਦਰ, ਫ੍ਰੇਜੀਅਨ (ਹੁਣ ਵਾਲਾ ਤੁਰਕੀ) ਦੀ ਰਾਜਧਾਨੀ ਗੋਰਡੀਅਨ ਪਹੁੰਚੇ। ਇਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਇੱਥੋਂ ਦੇ ਰਾਜਾ ਮਿਡਾਸ ਦੇ ਪਿਤਾ ਗੋਰਡੀਅਸ ਨੇ ਆਪਣੇ ਮਰਨ ਤੋਂ ਪਹਿਲਾਂ ਇਕ ਦੇਵਤੇ ਦੀ ਸਲਾਹ ਨਾਲ ਇਥੇ ਇਕ ਬੈਲ-ਗੱਡੀ (ਬੈਗਨ) ਰਖਵਾ ਦਿੱਤੀ ਸੀ ਅਤੇ ਇਕ ਮੋਟੇ ਰੱਸੇ ਨਾਲ ਉਸ ਦੇ ਜੂਲ਼ੇ ਨੂੰ ਇਕ ਖੰਭੇ ਨਾਲ ਬੰਨ੍ਹ ਦਿੱਤਾ ਸੀ। ਰੱਸੇ ਨੂੰ ਏਨੇ ਪੇਚੀਦਾ ਢੰਗ ਨਾਲ ਗੰਢਾਂ ਦਿੱਤੀਆਂ ਗਈਆਂ ਸਨ ਕਿ ਉਸ ਨੂੰ ਕੋਈ ਖੋਲ੍ਹ ਨਾ ਸਕੇ। ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਜਿਹੜਾ ਬੰਦਾ ਇਸ ਗੰਢ ਨੂੰ ਖੋਲ ਲਏਗਾ, ਉਹ ਪੂਰੇ ਏਸ਼ੀਆ ਤੇ ਆਪਣਾ ਰਾਜ ਕਾਇਮ ਕਰ ਸਕੇਗਾ।
ਬਹੁਤ ਲੋਕਾਂ ਨੇ ਇਸ ਗੰਢ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਫ਼ਲ ਨਾ ਹੋ ਸਕਿਆ। ਸਿਕੰਦਰ ਦੇ ਮਨ ਵਿਚ ਪਹਿਲਾਂ ਹੀ ਦੁਨੀਆ ਜਿੱਤਣ ਦਾ ਸੁਪਨਾ ਉੱਸਲਵੱਟੇ ਲੈ ਰਿਹਾ ਸੀ। ਉਹ ਤੁਰੰਤ ਉਸ ਬੈਲਗੱਡੀ ਕੋਲ ਗਿਆ ਤੇ ਗੰਢ ਦਾ ਮੁਆਇਨਾ ਕੀਤਾ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਗੰਢ ਖੁੱਲ੍ਹ ਸਕੇ, ਪਰ ਉਹ ਵੀ ਸਫ਼ਲ ਨਾ ਹੋਇਆ। ਇਸ ਦਾ ਉਸ ਨੂੰ ਬਹੁਤ ਮਲਾਲ ਹੋਇਆ। ਉਸ ਨੂੰ ਲੱਗਿਆ ਕਿ ਇੰਝ ਤਾਂ ਉਸ ਦਾ ਦੁਨੀਆ ਜਿੱਤਣ ਦਾ ਸੁਪਨਾ ਚੂਰ ਚੂਰ ਹੋ ਜਾਏਗਾ। ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਸੱਚਮੁਚ ਹੀ ਇਸ ਗੰਢ ਦੇ ਖੁੱਲ੍ਹਣ ਨਾਲ ਉਹ ਦੁਨੀਆ ਜਿੱਤ ਲਏਗਾ। ਇਸ ਲਈ ਕਿਸੇ ਵੀ ਤਰੀਕੇ ਨਾਲ ਇਸ ਨੂੰ ਖੋਲ੍ਹ ਦੇਣਾ ਚਾਹੁੰਦਾ ਸੀ।
ਜਦ ਕੋਈ ਵੀ ਦਾਅ ਸਫ਼ਲ ਨਾ ਹੋਇਆ ਤਾਂ ਉਸ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਧੂਹ ਲਈ ਅਤੇ ਇੱਕੋ ਵਾਰ ਨਾਲ ਗੰਢ ਦੇ ਟੋਟੇ-ਟੋਟੇ ਕਰ ਦਿੱਤੇ। ਹੁਣ ਉਹ ਪੂਰੇ ਉਤਸਾਹ ਨਾਲ ਦੁਨੀਆ ਜਿੱਤਣ ਲਈ ਨਿੱਕਲ ਪਿਆ। ਉਹ ਭੁੱਲ ਗਿਆ ਕਿ ਉਸ ਨੇ ਗੰਢ ਖੋਲ੍ਹੀ ਨਹੀਂ ਸੀ, ਸਾਰੀ ਰੱਸੀ ਹੀ ਕੱਟ ਦਿੱਤੀ ਸੀ।
ਇਸ ਨਾਲ ਮਿਲਦਾ ਜੁਲਦਾ ਸੰਕਲਪ ਸਾਡੇ ਪੰਜਾਬੀ ਸੱਭਿਆਚਾਰ ਵਿਚ ‘ਗੋਲਗੰਢ’ ਦਾ ਹੈ। ਜਦ ਨਾਲ਼ੇ ਵਾਲੇ ਕੱਛੇ ਜਾਂ ਪਜਾਮੇ ਨੂੰ ਨਿਆਣੇ ਬਿਨਾ ਸੋਚੇ ਸਮਝੇ ਬੰਨ੍ਹਦੇ ਸੀ ਤਾਂ ਕਈ ਵਾਰ ਏਨੀ ਕਸੂਤੀ ਗੰਢ ਪੈ ਜਾਂਦੀ ਸੀ ਕਿ ਉਹ ਖੁਲ੍ਹਦੀ ਹੀ ਨਹੀਂ ਸੀ। ਉਧਰੋਂ ਪਖਾਨੇ ਨੇ ਦਬਾਅ ਬਣਾਇਆ ਹੁੰਦਾ ਸੀ ਤੇ ਉਧਰੋਂ ਗੰਢ ਨਹੀਂ ਖੁਲ੍ਹਦੀ ਸੀ ਤਾਂ ਫਿਰ ਨਾਲਾ ਤੋੜਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਬਚਦਾ। ਨਾਲ਼ਾ ਤੋੜ ਦਿੱਤਾ ਜਾਂਦਾ ਸੀ ਜਾਂ ਕੱਟ ਦਿੱਤਾ ਜਾਂਦਾ ਸੀ, ਪਰ ਉਸ ਤੋਂ ਬਾਅਦ ਕੱਛੇ/ਪਜਾਮੇ ਨੂੰ ਬੰਨ੍ਹਣ ਦਾ ਸੰਕਟ ਖੜ੍ਹਾ ਹੋ ਜਾਂਦਾ ਸੀ। ਇੱਥੋਂ ਹੀ ਇਹ ਟੱਪਾ ਬਣਿਆ :
ਲਿਆ ਕੈਂਚੀ ਕਤਰੀਏ ਨਾਲਾ, ਗੋਲਗੰਢ ਪੈ ਗਈ ਘੁੱਗੂਆ..
ਖੈਰ ਸਿਕੰਦਰ ਮਹਾਨ ਰੱਸੇ ਦਾ ਸਤਿਆਨਾਸ ਕਰਕੇ ਦੁਨੀਆ ਨੂੰ ਜਿੱਤਦਾ-ਜਿੱਤਦਾ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਤੇ ਆ ਗਿਆ, ਜਿੱਥੇ ਰਾਜਾ ਪੋਰਸ ਨੇ ਉਸ ਦਾ ਨੱਕ ਮੋੜ ਦਿੱਤਾ ਤੇ ਸਿਕੰਦਰ ਦੀਆਂ ਫੌਜਾਂ ਲੜਨ ਤੋਂ ਇਨਕਾਰ ਕਰ ਗਈਆਂ ਤੇ ਉਸ ਦਾ ਦੁਨੀਆਂ ਜਿੱਤਣ ਦਾ ਸੁਪਨਾ ਤਹਿਸ-ਨਹਿਸ ਹੋ ਗਿਆ।
ਬਹੁਤ ਲੰਮੀ ਹਲਾਂਅ ਨਾ ਪਾਈਏ..ਸਿੱਧਾ ਜਿਹਾ ਮਤਲਬ ਇਹ ਨਿਕਲਦਾ ਹੈ ਕਿ ਸਿਕੰਦਰ ਨੇ ਗੰਢ ਨੂੰ ਖੋਲ੍ਹ ਕੇ ਨਹੀਂ ਕੱਟ ਕੇ ਉੱਪਰੋਂ-ਉੱਪਰੋ ‘ਬੋਲਡ’ ਦਿਸਣ ਵਾਲਾ ਪਰ ਅੰਦਰੋਂ ‘ਅਧੂਰਾ’ ਤੇ ‘ਬਚਕਾਨਾ’ ਹੱਲ ਕੱਢਿਆ। ਇਸ ਵਿੱਚੋਂ ਹੀ ਇਹ ਅਖਾਣ ਬਣੀ :
Alexandrian solution to Gordian knot
ਕਾਂਗਰਸ ਹਾਈਕਮਾਨ ਨੇ ਵੀ ਪੰਜਾਬ ਕਾਂਗਰਸ ਦੇ ਸੰਕਟ ਦੀ ਰੱਸੇ ਨੂੰ ਖੋਲ੍ਹਿਆ ਨਹੀਂ, ਕੱਟ ਦਿੱਤਾ। ਕੈਪਟਨ ਨੂੰ ਜਲੀਲ ਕਰ ਕੇ ਕੱਢ ਦਿੱਤਾ ਗਿਆ ਤੇ ਨਵਜੋਤ ਸਿੱਧੂ ਨਵੇਂ ਪ੍ਰਧਾਨ ਬਣ ਗਏ। ਪਰ ਰੱਸੇ ਦਾ ਕੀ ਬਣਿਆ..???
ਅਗਲਾ ਸਾਰਾ ਘਟਨਾਕ੍ਰਮ ਰੱਸੇ ਦੇ ਮਨਮਰਜੀ ਨਾਲ ਵੱਢਣ ਵਿੱਚੋਂ ਹੀ ਪੈਦਾ ਹੋਇਆ...
ਵਾਰ ਵਾਰ ਬਿਆਨ ਬਦਲੇ :
• ਕਦੇ ਕਿਹਾ ਕੈਪਟਨ ਦੇ ਨਾਂ ਤੇ ਚੋਣਾਂ ਲੜਾਂਗੇ...ਫੇਰ ਜਦ ਚੰਨੀ ਸਾਹਿਬ ਆ ਗਏ ਤਾਂ ਕਿਹਾ ਕਿ ਨਵਜੋਤ ਸਿੱਧੂ ਦੇ ਨਾਂ ਤੇ ਚੋਣਾਂ ਲੜਾਂਗੇ...ਜਦ ਵਿਰੋਧ ਹੋ ਗਿਆ ਤਾਂ ਕਹਿ ਦਿੱਤਾ ਕਿ : ਨਹੀਂ ਜੀ ਚੰਨੀ ਅਤੇ ਨਵਜੋਤ ਸਿੱਧੂ ਦੋਹਾਂ ਦੇ ਨਾਂ ਤੇ ਚੋਣ ਲੜਾਂਗੇ...
• ਕਦੇ ਸੁਖਜਿੰਦਰ ਰੰਧਾਵਾ ਮੁੱਖਮੰਤਰੀ..ਕਦੇ ਨਵਜੋਤ ਸਿੱਧੂ ਕਦੇ ਸੁਨੀਲ ਜਾਖੜ, ਕਦੇ ਅੰਬਿਕਾ ਸੋਨੀ..ਤੇ ਫਿਰ ਚੰਨੀ...
• ਕਦੇ ਬ੍ਰਹਮ ਮਹਿੰਦਰਾ ਉਪ ਮੁੱਖਮੰਤਰੀ..ਕਦੇ ਓ ਪੀ ਸੋਨੀ ਤੇ ਕਦੇ ਸੁਨੀਲ ਜਾਖੜ..
• ਇਸੇ ਤਰ੍ਹਾਂ ਮੰਤਰੀਆਂ ਦੀ ਨਿਯੁਕਤੀ ਵਿਚ ਕਦੇਕਿਸੇ ਨੂੰ ਨਵਾਜ਼ਿਆ ਤੇ ਕਦੇ ਕਿਸੇ ਨੂੰ ਝਟਕਾਇਆ..ਕੋਈ ਕੱਢਿਆ, ਕੋਈ ਪਾਇਆ ਤੇ ਕੋਈ ਲਟਕਾਇਆ...
• ਇਸੇ ਤਰ੍ਹਾਂ ਮੰਤਰੀਆਂ ਦੇ ਵਿਭਾਗਾਂ ਵਿਚ ਵਿਚ ਵੀ ‘ਮਰਜਾ ਚਿੜੀਆਂ, ਜਿਉਂ ਪੈ ਚਿੜੀਏ’ ਦਾ ਸਿਲਸਿਲਾ ਚਲਦਾ ਰਿਹਾ।
• ਰੇਤ ਮਾਫੀਆ ਸਿੱਧੂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਅਹੁ ਗਿਆ..ਅਹੁ ਗਿਆ..ਅਹੁ ਗਿਆ...
• ਸੁਮੇਧ ਸੈਣੀ ਦਾ ਕੇਸ ਲੜਨ ਵਾਲਾ ਏ ਜੀ ਬਣ ਗਿਆ...
• ਸਿੱਧੂ ਨੂੰ ਸਮਝ ਨਹੀਂ ਸੀ ਆ ਰਹੀ ਕਿ ਚੰਨੀ ਨੂੰ ਥਾਪੀ ਦੇਵੇ, ਜਾਂ ਰੇਤ ਵਾਲੇ ‘ਭਾਈ’ ਦੇ ਗੱਲ ਵਿਚ ਹਾਰ ਪਾਵੇ...
• ਮਤਲਬ ਕਾਂਗਰਸ ਹਾਈਕਮਾਨ ਏਨੀ ਕੁ ਬੇਬਸ ਤੇ ਕਮਜ਼ੋਰ ਨਜ਼ਰ ਆਈ ਕਿ ਉਸ ਦਾ ਹਰ ਫੈਸਲਾ ਵਾਰ ਵਾਰ ਪਲਟਿਆ ਗਿਆ..
ਹੁਣ ਰਹਿੰਦੀ ਖੂਹੰਦੀ ਰੱਸੀ ਦੇ ਵੀ ਕਈ ਟੁੱਕੜੇ ਹੋ ਗਏ...
ਸਿੱਧੂ ਸਾਹਿਬ ਅਸਤੀਫਾ ਦੇ ਗਏ ਤੇ ਕੈਪਟਨ ਭਾਜਪਾ ਦੇ ਰੱਥ ਦਾ ਝੂਟਾ ਲੈਣ ਲਈ ਦਿੱਲੀ ਚਲੇ ਗਏ...
ਮਤਲਬ ਮੂਹਰਲੇ ਹੱਥ ਵਿਚ ਦੇਗ ਭਾਈ ਜੀ ਨੇ ਨਹੀਂ ਦਿੱਤੀ, ਪਿਛਲੇ ਹੱਥ ਵਾਲੀ ਕੁੱਤਾ ਖਾ ਗਿਆ...
ਗੋਲਗੰਢ ਵੀ ਆਪੇ ਪਾ ਲਈ ਤੇ ਨਾਲਾ ਤੋੜ ਵੀ ਆਪੇ ਦਿੱਤਾ..ਹੁਣ ਕੱਛਾ/ਪਜਾਮਾ ਸੰਭਾਲਿਆ ਨਹੀਂ ਜਾਣਾ...
ਰੱਬ ਖੈਰ ਕਰੇ...
-
ਡਾ. ਕੁਲਦੀਪ ਸਿੰਘ ਦੀਪ, ਪਟਿਆਲਾ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.