ਪੰਜਾਬ ਦੇ ਵਿੱਚ ਸਰਕਾਰੀ ਦਰਬਾਰ ਬਦਲ ਗਿਆ ਹੈ , ਪਟਿਆਲੇ ਵਾਲੇ ਕਪਤਾਨ ਦੇ ਦਿਨ ਪੁੱਗ ਗਏ ਹਨ ਅਤੇ ਰੁੱਤ ਨਵਿਆਂ ਦੀ ਆ ਗਈ ਹੈ , ਤਾਕਤ ਵਾਲੀ ਰਾਜਸੀ ਹਵਾ ਦਾ ਬੁੱਲਾ ਮਾਝੇ ਅਤੇ ਰੋਪੜ ਵੱਲ ਨੂੰ ਚੱਲ ਪਿਆ ਹੈ । ਹੁਣ ਪੰਜਾਬ ਦੀ ਵਾਗਡੋਰ ਭਾਵੇਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥ ਵਿੱਚ ਹੈ ਪਰ ਉਹਦੇ ਨਾਲ ਖੇਡਾਂ ਦੇ ਖੇਤਰ ਵਿੱਚ ਆਪਣਾ ਚੰਗਾ ਨਾਮ ਕਮਾਉਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਪਰਗਟ ਸਿੰਘ ਵੀ ਨਵੇਂ ਮੁੱਖ ਮੰਤਰੀ ਚੰਨੀ ਸਾਹਿਬ ਦੀ ਟੀਮ ਦਾ ਹਿੱਸਾ ਹੀ ਹਨ । ਨਵੇਂ ਮੁੱਖ ਮੰਤਰੀ ਚੰਨੀ ਸਾਹਿਬ ਦੇ ਬਣਨ ਨਾਲ ਪੰਜਾਬ ਦੇ ਵਿੱਚ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਹਲਚਲ ਪੈਦਾ ਹੋਈ ਹੈ ।
ਦੇਖਣਾ ਇਹ ਵੀ ਹੋਏਗਾ ਕਿ ਰਾਜਭਾਗ ਦੇ ਨਵੇਂ ਮਾਲਕ ਪੰਜਾਬ ਦੇ ਅਹਿਮ ਮੁੱਦਿਆਂ ਪ੍ਰਤੀ ਆਪਣੀ ਕਿੰਨੀ ਕੁ ਗੰਭੀਰਤਾ ਦਿਖਾਉਂਦੇ ਹਨ ਪਰ ਦੇਖਣਾ ਇਹ ਹੋਵੇਗਾ ਕਿ ਖੇਡਾਂ ਪ੍ਰਤੀ ਜੋ ਕਿ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ,ਸਾਰੇ ਮੁੱਖ ਮੰਤਰੀਆਂ ਨੇ ,ਖਾਸ ਕਰਕੇ ਖੇਡ ਮੰਤਰੀਆਂ ਨੇ ਖੇਡਾਂ ਨੂੰ ਅਣਗੋਲਿਆ ਹੀ ਕੀਤਾ ਹੈ ਕਦੇ ਵੀ ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ , ਹਾਂ ਗੱਲਾਂ ਬਾਤਾਂ ਅਤੇ ਬਿਆਨਬਾਜ਼ੀ ਵਿੱਚ ਹਮੇਸ਼ਾਂ ਹੀ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦਾ ਯਤਨ ਕੀਤਾ ਹੈ ਪਰ ਪੰਜਾਬ ਦੇ ਖੇਡਾਂ ਦੇ ਖੇਤਰ ਵਿੱਚ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਲਗਾਤਾਰ ਨਿਘਾਰ ਆ ਰਿਹਾ ਹੈ ।
ਪਰ ਇੱਕ ਬਹੁਤ ਵੱਡਾ ਖਿਡਾਰੀਆਂ ਦਾ ਭਲਾ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਚਰਖਾ ਟੁੱਟਣ ਤੋਂ ਪਹਿਲਾਂ ਟੋਕੀਓ ਓਲੰਪਿਕ ਖੇਡਾਂ 2021 ਦੇ ਜੇਤੂਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਜਾਂਦੇ ਜਾਂਦੇ ਇਨਾਮੀ ਰਾਸ਼ੀ ਜ਼ਰੂਰ ਮਿਲ ਗਈ ਹੈ ਜੇ ਕਿਤੇ ਮਹੀਨਾ ਖੰਡ ਲੇਟ ਹੋ ਜਾਂਦੇ ਉਨ੍ਹਾਂ ਦੇ ਜਿੱਤੇ ਮੈਡਲਾਂ ਦੇ ਇਨਾਮ ਵੀ ਖੂਹ ਖਾਤੇ ਪੈ ਜਾਣੇ ਸਨ । ਪਰ ਅਜੇ ਵੀ ਓਲੰਪਿਕ ਤਮਗਾ ਜੇਤੂਆਂ ਨੂੰ ਨੌਕਰੀਆਂ ਦੇ ਕੀਤੇ ਵਾਅਦੇ ਪੂਰੇ ਨਹੀਂ ਹੋਏ ਹਨ ਇਹ ਨਵੇਂ ਮੁੱਖ ਮੰਤਰੀ ਅਤੇ ਨਵੀਂ ਬਣਨ ਵਾਲੀ ਕੈਬਨਿਟ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਿੰਨਾ ਕੁ ਜਲਦੀ ਪੂਰਾ ਕਰਦੀ ਹੈ, ਇਹ ਸਮਾਂ ਦੱਸੇਗਾ, ਪਰ ਰਾਜਭਾਗ ਤੇ ਕਾਬਜ਼ ਨਵੇਂ ਲਾਣੇ ਨੂੰ ਪੰਜਾਬ ਦੀਆਂ ਖੇਡਾਂ ਪ੍ਰਤੀ ਅਤੇ ਖਿਡਾਰੀਆਂ ਦੀਆਂ ਮੰਗਾਂ ਪ੍ਰਤੀ ਜ਼ਰੂਰ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਪਹਿਲੀ ਤਾ ਪੰਜਾਬ ਵਾਸੀਆਂ ਦੀ ਇਹ ਮੰਗ ਹੈ ਕਿ ਖੇਡ ਮੰਤਰੀ ਕੋਈ ਖੇਡਾਂ ਪ੍ਰਤੀ ਸੁਹਿਰਦ ਬੰਦਾ ਹੀ ਬਣਨਾ ਚਾਹੀਦਾ ਹੈ । ਦੂਸਰੀ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਖੇਡ ਵਿੰਗ ਜਲਦੀ ਚਾਲੂ ਹੋਣੇ ਚਾਹੀਦੇ ਹਨ, ਖੇਡ ਸਟੇਡੀਅਮ ਜਲਦੀ ਖੁੱਲ੍ਹਣੇ ਚਾਹੀਦੇ ਹਨ ਖੇਡ ਮੈਦਾਨਾਂ ਦੀਆਂ ਰੌਣਕਾਂ ਬਹਾਲ ਹੋਣੀਆਂ ਚਾਹੀਦੀਆਂ ਹਨ ।
ਜੇਤੂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਅਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਵੱਖ ਵੱਖ ਵਿਭਾਗਾਂ ਦੇ ਵਿੱਚ ਬੰਦ ਪਏ ਖੇਡ ਸੈੱਲ ਬਹਾਲ ਹੋਣੇ ਚਾਹੀਦੇ ਹਨ । ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਖੇਡਾਂ ਦੀ ਤਰੱਕੀ ਦੀ ਇੱਕ ਲੰਬੀ ਯੋਜਨਾ ਅਤੇ ਉਸਾਰੂ ਖੇਡ ਨੀਤੀ ਬਣਾਉਣੀ ਚਾਹੀਦੀ ਹੈ । ਖੇਡ ਬਜਟ ਵਿੱਚ ਚੋਖਾ ਵਾਧਾ ਹੋਣਾ ਚਾਹੀਦਾ ਪੰਜਾਬ ਖੇਡ ਵਿਭਾਗ ਦੀ ਜ਼ਿੰਮੇਵਾਰੀ ਖੇਡਾਂ ਪ੍ਰਤੀ ਸਮਰਪਿਤ ਲੋਕਾਂ ਕੋਲ ਹੀ ਹੋਣੀ ਚਾਹੀਦੀ ਹੈ । ਸਿੱਖਿਆ ਵਿਭਾਗ ਦੀਆਂ ਖੇਡ ਨੀਤੀਆਂ ਨੂੰ ਵੀ ਵੱਡੇ ਪੱਧਰ ਤੇ ਚਲਾਉਣਾ ਚਾਹੀਦਾ ਹੈ ਸਾਰੇ ਸਕੂਲਾਂ ਦੇ ਵਿੱਚ ਵੱਡੇ ਪੱਧਰ ਤੇ ਖੇਡ ਅਕੈਡਮੀਆਂ ਅਤੇ ਖੇਡ ਵਿੰਗ ਦੇਣੇ ਚਾਹੀਦੇ ਹਨ ਹੋਰ ਬੜਾ ਕੁਝ ਹੈ ,ਖੇਡਾਂ ਦੀ ਤਰੱਕੀ ਲਈ ਕਰਨ ਵਾਲਾ ਜੋ ਕਰਨਾ ਚਾਹੀਦਾ ਹੈ,ਸਰਕਾਰਾਂ ਬਹੁਤ ਸਿਆਣੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਸਭ ਪਤਾ ਹੁੰਦਾ ਹੈ ਸਿਰਫ ਮਾਰ ਅਮਲੀ ਜਾਮੇ ਦੀ ਹੀ ਪੈਂਦੀ ਹੈ ।
ਜੇਕਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਹੋਰ ਅਹਿਮ ਮੁੱਦਿਆਂ ਬਾਰੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਖੇਡਾਂ ਪ੍ਰਤੀ ਵੀ ਗੰਭੀਰਤਾ ਲੈਣੀ ਪਵੇਗੀ, ਕਿਉਂਕਿ ਖੇਡਾਂ ਵੀ ਪੰਜਾਬ ਦਾ ਇੱਕ ਅਹਿਮ ਮੁੱਦਾ ਹਨ। ਵੋਟਾਂ ਖਿਡਾਰੀਆਂ ਦੀਆਂ ਵੀ ਅਤੇ ਖੇਡ ਪ੍ਰੇਮੀਆਂ ਦੀਆਂ ਵੀ ਵੱਡੇ ਪੱਧਰ ਤੇ ਹਨ ਜੇਕਰ ਬਾਕੀ ਮੁੱਦਿਆਂ ਵਿਚ ਉਨ੍ਹਾਂ ਨੂੰ ਆਪਣੀਆਂ ਵੋਟਾਂ ਅਤੇ ਰਾਜਸੀ ਲਾਲਸਾ ਦਿਖਦੀ ਹੈ ਤਾਂ ਖੇਡਾਂ ਨੂੰ ਅਣਗੌਲਿਆ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੰਜਾਬ ਦੇ ਸਾਰੇ ਖਿਡਾਰੀਆਂ ਦੀਆਂ ਅਤੇ ਖੇਡ ਪ੍ਰੇਮੀਆਂ ਦੀਆਂ ਨਵੇਂ ਮੁੱਖ ਮੰਤਰੀ ਚੰਨੀ ਸਾਹਿਬ ਤੇ ਵੱਡੀਆਂ ਆਸਾਂ ਹਨ ਹਰ ਨੌਜਵਾਨ ਵਰਗ ਚਾਹੁੰਦਾ ਹੈ ਕਿ ਸਰਕਾਰ ਉਨ੍ਹਾਂ ਦੀ ਸਾਰ ਲਵੇ ਉਨ੍ਹਾਂ ਦੀ ਬਾਂਹ ਫੜੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰੇ ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ ਤੇ ਪੰਜਾਬ ਦੇ ਖਿਡਾਰੀਆਂ ਦੀਆਂ ਮੰਗਾਂ ਪ੍ਰਤੀ ਅਤੇ ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਪ੍ਰਤੀ ਆਪਣਾ ਅਹਿਮ ਐਲਾਨ ਕਰੇ,ਕਿਉਂਕਿ ਜੇਕਰ ਪੰਜਾਬ ਖੇਡਾਂ ਚ ਮੋਹਰੀ ਸੂਬਾ ਬਣੇਗਾ ਤਾਂ ਹੀ ਬਾਕੀ ਖੇਤਰਾਂ ਵਿੱਚ ਵੀ ਪੰਜਾਬ ਮੁਲਕ ਦੀ ਸੁਪਰਪਾਵਰ ਬਣੇਗਾ। ਪ੍ਰਮਾਤਮਾ ਰਾਜਭਾਗ ਤੇ ਕਾਬਜ਼ ਨਵੇਂ ਰਾਜਸੀ ਆਗੂਆਂ ਨੂੰ ਸੁਮੱਤ ਦੇਵੇ ,ਖੇਡਾਂ ਦਾ ਭਲਾ ਕਰਨ ਦਾ ਬਲ ਬਖ਼ਸ਼ੇ, ਨਹੀਂ ਤਾਂ ਫਿਰ ਪੰਜਾਬ ਵਿੱਚ ਖੇਡਾਂ ਵਾਲਿਆਂ ਦਾ ਰੱਬ ਰਾਖਾ !
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
98143 00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.