ਨਿੱਕੇ ਨਿੱਕੇ ਹੁੰਦੇ ਸਾਂ ਤੇ ਗਲੀ ਗੁਆਢ ਵਿਆਹਾਂ ਉਤੇ ਬੁੜੀਆਂ ਗੀਤ ਗਾਉਂਦੀਆਂ। ਮੁਢਲੇ ਬੋਲ ਇਹ ਹੁੰਦੇ ਸਨ:
ਰਾਜਿਆ ਰਾਜ ਕਰੇਂਦਿਆਂ
ਵੇ ਤੂੰ ਸਾਂਭ ਕੇ ਰੱਖੀਂ ਪੱਗ
ਜੇ ਤੂੰ ਨਾ ਸੰਭਲਿਆ ਰਾਜਿਆ
ਵੇ ਤੈਨੂੰ ਕਰੂ ਮਖੌਲਾਂ ਜਗ
ਭਾਵ ਬੜੇ ਸਿੱਧੇ ਸਪਾਟ ਹਨ ਇਸ ਲੋਕ ਗੀਤ ਦੇ ਬੋਲਾਂ ਦੇ। ਔਰਤਾਂ ਸਮੇਂ ਦੇ ਸ਼ਾਸ਼ਕ ਨੂੰ ਵਰਜ ਰਹੀਆਂ ਹਨ। ਸਮਝੌਤੀ ਦੇ ਰਹੀਆਂ ਹਨ ਕਿ ਜੇ ਤੂੰ ਆਪਣੀ ਪਗੜੀ ਨਾ ਸੰਭਾਲੀ ਤਾਂ ਜਗਤ ਵਿਚ ਮਜਾਕ ਦਾ ਪਾਤਰ ਬਣ ਜਾਵੇਂਗਾ। ਸਿਆਣੇ ਸਾਸ਼ਕ ਹਮੇਸ਼ਾ ਆਪਣੇ ਨਾਲ ਸਿਆਣਪ ਵਾਲੇ ਸਲਾਹਕਾਰ ਰਖਦੇ ਰਹੇ ਸਨ ਤੇ ਮੂਰਖਾਂ ਨਾਲ ਮੂਰਖ ਟੋਲੇ ਤੁਰੇ ਫਿਰਦੇ ਰਹਿੰਦੇ ਸਨ। ਉਨਾਂ ਦੀਆਂ ਪੁੱਠੀਆਂ ਸਲਾਹਾਂ ਸਾਸ਼ਕ ਨੂੰ ਮੂਧੇ ਮੂੰਹ ਮਾਰ ਧਰਦੀਆਂ ਸਨ, ਇਨਾਂ ਗੱਲਾਂ ਦਾ ਇਤਿਹਾਸ ਗਵਾਹ ਹੈ। ਰਾਜੇ ਅਕਬਰ ਦਾ ਸਲਾਹਕਾਰ ਬੀਰਬਲ ਬੜਾ ਚਰਚਿਤ ਸੀ ਤੇ ਸਿਆਣਾ ਵੀ ਬੜਾ ਸੀ।ਮਖੌਲੀ ਵੀ ਬੜਾ ਸੀ ਤੇ ਰਾਜੇ ਨੂੰ ਟਿੱਚਰਾਂ ਕਰਦਾ ਕਰਦਾ ਹੀ ਸਿਆਣੀ ਸਲਾਹ ਦੇ ਜਾਂਦਾ ਸੀ। ਉਹਨੇ ਸਮੇਂ ਸਮੇਂ ਰਾਜੇ ਅਕਬਰ ਨੂੰ ਵਡੀਆਂ ਵਡੀਆਂ ਮੁਸੀਬਤਾਂ ਵਿਚੋਂ ਨੇਕ ਸਲਾਹਾਂ ਦੇ ਦੇ ਕੱਢਿਆ ਸੀ। ਸੋ, ਅੱਜ ਡਾਇਰੀਨਾਮੇ ਵਿਚ ਅਸੀਂ ਕੁਝ ਅਜਿਹੇ ਸਲਾਹਕਾਰਾਂ ਦੀਆਂ ਸਲਾਹਾਂ ਦੀਆਂ ਬਾਤਾਂ ਪਾਉਂਦੇ ਹਾਂ।
ਜੇ ਅੱਜ ਸਾਡੇ ਰਾਜੇ ਦੇ ਵੀ ਸਲਾਹਕਾਰ ਸੂਝ ਰਖਦੇ ਹੁੰਦੇ ਤਾਂ ਰਾਜਾ ਜੀ ਆਪਣੇ ਰਾਜ ਭਾਗ ਦਾ ਵੇਲਾ ਪੂਰਾ ਜਰੂਰ ਕਰਦੇ। ਰਾਜੇ ਦੇ ਸਲਾਹਕਾਰਾਂ ਬਾਰੇ ਮੀਡੀਆ ਵਿਚ ਕਈ ਬੰਦਿਆਂ ਨੇ ਰਾਜੇ ਨੂੰ ਸਲਾਹਂ ਦਿੱਤੀਆਂ ਸਨ ਪਰ ਉਹ ਅਣਗੌਲੀਆਂ ਕਰ ਦਿਤੀਆਂ ਗਈਆਂ। ਇਕ ਸਿਆਣੇ ਬੰਦੇ ਨੇ ਰਾਜੇ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਜਿੰਨੇ ਬਹੁਤੇ ਸਲਾਹਕਾਰ ਹੋਣਗੇ, ਓਨੀਆਂ ਹੀ ਸਲਾਹਾਂ ਪਤਲੀਆਂ ਹੋਣਗੀਆਂ, ਵਜਨਦਾਰ ਗੱਲ ਕਰਨ ਵਾਲਾ ਤਾਂ ਇਕੋ ਬੰਦਾ ਈ ਬੜਾ ਹੁੰਦਾ ਹੈ।
ਮਹਾਰਾਜਾ ਪਟਿਆਲਾ ਦਾ ਵਿਭਾਗ
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੂੰ ਕਿਸੇ ਨੇ ਸਿਆਣੀ ਸਲਾਹ ਦਿੱਤੀ ਸੀ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਤੇ ਪ੍ਰਚਾਰ ਲਈ ਪੰਜਾਬੀ ਮਹਿਕਮਾ ਸਥਾਪਿਤ ਕਰੋ, ਤਾਂ ਰਾਜੇ ਨੇ ਸਲਾਹ ਉਤੇ ਤੁਰੰਤ ਗੌਰ ਕਰਦਿਆਂ ਸੰਨ 1948 ਵਿਚ ਮਹਿਕਮਾ ਪੰਜਾਬੀ ਬਣਾਇਆ ਤੇ ਕਿਲੇ ਵਿਚ ਹੀ ਉਸਦਾ ਦਫਤਰ ਖੋਲ ਦਿੱਤਾ। ਬਾਅਦ ਵਿਚ ਇਸ ਮਹਿਕਮੇ ਦਾ ਨਾਂ ਬਦਲ ਕੇ ਭਾਸ਼ਾ ਵਿਭਾਗ ਪੰਜਾਬ ਰੱਖਿਆ ਗਿਆ ਤੇ ਭਾਸ਼ਾ ਦੇ ਵਿਕਾਸ ਤੇ ਸੇਵਾ ਖਾਤਰ ਇਸ ਵਿਭਾਗ ਦੀਆਂ ਬਹੁਤ ਉਪਲਬਧੀਆਂ ਹਨ। ਇਸ ਵਿਭਾਗ ਦੇ ਬੜੇ ਬੜੇ ਮੰਤਰੀ ਬਣੇ। ਕਰੋੜਾਂ ਰੁਪੱਈਆ ਬਜਟ ਹੁੰਦਾ ਸੀ ਪਰ ਅਜਕਲ ਮਾਂ ਬੋਲੀ ਦੇ ਇਸ ਇਸ ਵਿਭਾਗ ਹਾਲਤ ਖਸਤਾ ਤੋਂ ਵੀ ਖਸਤਾ ਹੋ ਗਈ ਹੈ ਤੇ ਫੁੱਟੀ ਕੌਡੀ ਨਹੀ ਹੈ ਇਸਦੇ ਪੱਲੇ। ਸੱਤ ਸਾਲਾਂ ਤੋਂ ਸ਼ਰੋਮਣੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਬਕਾਇਆ ਪਏ ਹਨ ਤੇ ਲੇਖਕ ਪੈਨਸ਼ਨ ਉਡੀਕ ਉਡੀਕ ਭੁੱਖੇ ਮਰ ਰਹੇ ਹਨ। ਜੇ ਕੋਈ ਸਿਆਣਾ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਬੈਠਾ ਹੋਇਆ ਉਨਾਂ ਦੇ ਕੰਨ ਵਿਚ ਆਖ ਦਿੰਦਾ ਕਿ ਰਾਜਾ ਜੀ, ਆਪ ਜੀ ਦੇ ਪਿਤਾ ਵਲੋਂ ਰੱਖੀ ਨੀਂਹ ਵਾਲਾ ਵਿਭਾਗ ਖੁਰ ਭੁਰ ਰਿਹਾ ਹੈ ਤੇ ਮਾਂ ਬੋਲੀ ਦੀ ਦਿਨੋ ਦਿਨ ਦੁਰਦਸ਼ਾ ਵੇਖੋ ਕਿਵੇਂ ਹੋ ਰਹੀ ਹੈ, ਕੁਛ ਹੱਛਾ ਕਰ ਦਿਓ। ਰਾਜੇ ਨੇ ਅਮਲ ਕਰਨਾ ਸੀ ਸਲਾਹ ਉਤੇ ਪਰ ਕਿਸਨੂੰ ਸੁੱਝਣ ਇਹੋ ਜਿਹੀਆਂ ਸਲਾਹਾਂ? ਇਥੇ ਤਾਂ ਹੋਰ ਤਰਾਂ ਦੀਆਂ ਸਲਾਹਾਂ ਹੀ ਨਹੀਂ ਮੁੱਕਦੀਆਂ। ਇਹ ਅਹਿਮ ਸਵਾਲ ਹੈ ਸਾਡੇ ਸਭਨਾਂ ਅੱਗੇ।
ਸਾਡਾ ਲੇਖਕ ਰਾਜਾ
ਇਹ ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਪਕਰਾਂਡ ਨੇਤਾ ਦੇ ਨਾਲ ਨਾਲ ਸੂਝਵਾਨ ਲੇਖਕ ਵੀ ਹਨ ਤੇ ਹੁਣ ਤੀਕ ਕਈ ਕਿਤਾਬਾਂ ਲਿਖ ਚੁੱਕੇ ਹਨ ਤੇ ਹਾਲੇ ਲਿਖ ਰਹੇ ਹਨ।ਉਨਾਂ ਵਲੋਂ ਅੰਗਰੇਜ਼ੀ ਵਿੱਚ ਰਚੀਆਂ ਕਿਤਾਬਾਂ ਦਾ ਅਨੁਵਾਦ ਹਿੰਦੀ ਤੇ ਪੰਜਾਬੀ ਵਿਚ ਵੀ ਹੋਇਆ ਹੈ। ਕੈਪਟਨ ਸਾਹਬ ਦੀ ਨਿੱਜੀ ਲਾਇਬ੍ਰੇਰੀ ਤਾਂ ਹੈ ਹੀ ਕਮਾਲ ਦਾ ਖਜਾਨਾ। ਉਨਾਂ ਦੁਨੀਆਂ ਭਰ ਦੀਆਂ ਅਹਿਮ ਤੇ ਮਹਿੰਗੀਆਂ ਕਿਤਾਬਾਂ ਬੇਸ਼ੁਮਾਰ ਇਕੱਠੀਆਂ ਕੀਤਿਆਂ ਹੋਈਆਂ ਹਨ ਤੇ ਸੌਣ ਤੋਂ ਪਹਿਲਾਂ ਇਕ ਘੰਟਾ ਰੋਜ ਪੜਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕਿਤਾਬਾਂ ਲਿਖਣ ਪੜਨ ਵਾਲੇ ਮੁੱਖ ਮੰਤਰੀ ਨੂੰ ਵੀ ਕਿਤਾਬਾਂ ਵਾਲੇ ਮਹਿਕਮੇ ਦਾ ਰਤਾ ਭਰ ਵੀ ਖਿਆਲ ਨਹੀ ਆਇਆ! ਹੋਰ ਕਿਸੇ ਨੂੰ ਤਾਂ ਆਉਣਾ ਕੀ ਹੋਇਆ। ਕੈਪਟਨ ਸਰਕਾਰ ਤੋਂ ਪਹਿਲਾਂ ਤਿੰਨ ਸਾਲ ਦੇ ਸ਼ਰੋਮਣੀ ਪੁਰਸਕਾਰ ਬਾਦਲ ਸਰਕਾਰ ਦੇਣੇ ਭੁਲ ਗਈ ਤੇ ਹੁਣ ਕੈਪਟਨ ਸਾਹਬ ਚਾਰ ਸਾਲ ਦੇ ਭੁਲ ਗਈ।
ਇਕ ਵਾਰ ਵੱਡੇ ਬਾਦਲ ਨੂੰ ਇਕ ਲੇਖਕ ਨੇ ਪੁੱਛਿਆ ਸੀ ਕਦੇ ਕੋਈ ਕਿਤਾਬ ਪੜਦੇ ਹੋ? ਬਾਦਲ ਸਾਹਬ ਨੇ ਹੱਸ ਕੇ ਆਖਿਆ ਸੀ ਕਿ ਤੀਹ ਸਾਲ ਹੋ ਗਏ ਮੈਂ ਕੋਈ ਕਿਤਾਬ ਨਹੀ ਪੜੀ ਤੇ ਨਾ ਭਾਈ ਵਕਤ ਹੁੰਦੈ ਇਨਾਂ ਕੰਮਾਂ ਵਾਸਤੇ। ਪੁੱਛਣ ਵਾਲਾ ਅੱਗੇ ਕੁਛ ਨਾ ਬੋਲਿਆ। ਇਸ ਲਈ ਅੱਜ ਦਾ ਡਾਇਰੀਨਾਮਾ ਏਨਾ ਹੀ ਬਹੁਤ ਹੈ, ਹੁਣ ਮੈਂ ਅਗੇ ਨਹੀਂ ਬੋਲਣਾ। ਰੱਬ ਖੈਰ ਕਰੇ! ਪਰ ਨਵੀਂ ਬਣੀ ਚੰਨੀ ਸਾਹਬ ਦੀ ਸਰਕਾਰ ਤੋਂ ਆਸ ਕਰਦੇ ਰਹਿੰਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦੇਣ ਤੇ ਪੰਜਾਬੀ ਜਗਤ ਪਾਸੋਂ ਯਸ਼ ਖੱਟਣ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.