ਇਹ ਤਾਂ ਪਤਾ ਸੀ ਕਿ ਇਹ ਚਿਹਰਾ ਸਾਡੇ ਸਨੇਹੀ ਸੱਜਣ ਮਨਮੋਹਨ ਸਿੰਘ ਦਾ ਨਿੱਕਾ ਵੀਰ ਹੈ, ਪੰਜਾਬ ਦਾ ਸਭਿਆਚਾਰਕ ਮਾਮਲਿਆਂ ਤੇ ਤਕਨੀਕੀ ਸਿਖਿਆ ਦਾ ਮੰਤਰੀ ਹੈ, ਪਰ ਮੁਲਾਕਾਤ ਨਹੀਂ ਸੀ। ਮੈਂ 2014 ਮਗਰੋਂ ਕਦੇ ਪੰਜਾਬ ਸਿਵਿਲ ਸਕੱਤਰੇਤ ਨਹੀਂ ਗਿਆ ਤੇ ਇਹ ਕਦੇ ਸਾਡੇ ਘਰ ਨਹੀਂ ਆਇਆ। ਪਹਿਲੀ ਮੁਲਾਕਾਤ ਹੀ ਹੁਣ ਤੀਕ ਦੀ ਆਖ਼ਰੀ ਹੈ।
ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸਮਾਗਮ ਸੀ। ਨਵੰਬਰ 2019,ਪੀ ਟੀ ਯੂ ਕੈਂਪਸ, ਕਪੂਰਥਲਾ ਦੇ ਬਾਹਰਲਾ ਲਾਅਨ।
ਵੱਖ ਵੱਖ ਖੇਤਰਾਂ ਦੇ ਸਨਮਾਨਿਤ ਚਿਹਰੇ ਬਾਬੂ ਸਿੰਘ ਮਾਨ, ਮਲਕੀਤ ਸਿੰਘ ਗੋਲਡਨ ਸਟਾਰ, ਪ੍ਰੋ: ਰਵਿੰਦਰ ਭੱਠਲ,ਜਸਵਿੰਦਰ ਭੱਲਾ, ਵੱਡੇ ਭਾ ਜੀ ਪ੍ਰੋ: ਸੁਖਵੰਤ ਸਿੰਘ ਗਿੱਲ ਬਟਾਲਾ, ਸਫ਼ਲ ਕਿਸਾਨ, ਖੇਡ ਲਿਖਾਰੀ ਨਵਦੀਪ ਸਿੰਘ ਗਿੱਲ, ਖੇਡ ਪ੍ਰਬੰਧਕ, ਸੁਰਿੰਦਰ ਸਿੰਘ ਭਾਪਾ,ਗੁਰਚਰਨ ਸਿੰਘ ਤੁੰਗਵਾਲੀ ਤੇ ਕੁਝ ਹੋਰ ਸੱਜਣ ਸਨਮਾਨ ਸਮਾਰੋਹ ਉਪਰੰਤ ਪਰਸ਼ਾਦਾ ਛਕ ਕੇ ਬੈਠੇ ਗੱਲਾਂ ਚ ਰੁੱਝੇ ਸਨ।
ਸਭ ਨੂੰ ਵੱਖ ਵੱਖ ਮੇਜ਼ਾ ਤੇ ਬੈਠਿਆਂ ਨੂੰ ਮਿਲ ਰਹੇ ਇੱਕ ਮੰਤਰੀ ਨੇ ਸਾਡੇ ਮੇਜ਼ ਤੇ ਆ ਕੇ ਸਭ ਨਾਲ ਫ਼ਤਹਿ ਸਾਂਝੀ ਕੀਤੀ।
ਗੀਤਕਾਰ ਬਾਬੂ ਸਿੰਘ ਮਾਨ ਨੂੰ ਮਿਲਦਿਆਂ ਉਸ ਦਾ ਚਿਹਰਾ ਪੂਰਾ ਖਿੜ ਗਿਆ।
ਬੋਲਿਆ! ਮੈਨੂੰ ਮਾਨ ਸਾਹਿਬ ਦੇ ਸਾਰੇ ਗੀਤ ਜ਼ਬਾਨੀ ਚੇਤੇ ਨੇ। ਮੈਂ ਮੁਹੰਮਦ ਸਦੀਕ ਸਾਹਿਬ ਨੂੰ ਵੀ ਕਈ ਵਾਰ ਦੱਸਿਐ।
ਕਹੋ ਤਾਂ ਸੁਣਾਵਾਂ ਇਕਵਾਢਿਉਂ। ਇਹ ਸਾਦ ਮੁਰਾਦਾ ਬੰਦਾ ਚਰਨਜੀਤ ਸਿੰਘ ਚੰਨੀ ਅੱਜ ਮੁੱਖ ਮੰਤਰੀ ਬਣ ਰਿਹੈ।
ਕੱਲ੍ਹ ਰਾਤੀਂ ਮੀਡੀਆ ਦੱਸ ਰਿਹਾ ਸੀ ਕਿ ਉਹ ਵਕੀਲ ਵੀ ਹੈ, ਮੈਨੇਜਮੈਂਟ ਦਾ ਪੋਸਟਗਰੈਜੂਏਟ ਵੀ। ਪੰਜਾਬ ਯੂਨੀ: ਚੰਡੀਗੜ੍ਹ ਦੇ ਪੁਲਿਟੀਕਲ ਸਾਇੰਸ ਵਿਭਾਗ ਚ ਪੀ ਐੱਚ ਡੀ ਲਗਪਗ ਮੁਕੰਮਲ ਹੈ।
ਮੀਡੀਆ ਦੱਸ ਰਿਹਾ ਸੀ ਕਿ ਕੱਲ੍ਹ ਉਸ ਦੇ ਘਰ ਦੋ ਸਾਹੇ ਚਿੱਠੀਆਂ ਆਈਆਂ, ਇੱਕ ਪੁੱਤਰ ਦੇ ਵਿਆਹ ਦੀ ਤੇ ਦੂਸਰੀ ਦਿੱਲੀਉਂ ਮੁੱਖ ਮੰਤਰੀ ਬਣਨ ਦੀ।
ਸਾਰੀ ਦਿਹਾੜੀ ਜਿਹੜੇ ਰੋਲ ਨੰਬਰ ਮੀਡੀਆ ਐਲਾਨ ਰਿਹਾ ਸੀ, ਉਹ ਬਦਲ ਗਏ।
ਅਸੀਂ ਤਰਨਤਾਰਨ ਬੈਠੇ ਆਪਣੇ ਇੱਕ ਹੋਰ ਸਿਦਕੀ ਮਿੱਤਰ ਦੇ ਨਾਮ ਤੇ ਗੁੜ ਨਾਲ ਮੂੰਹ ਮਿੱਠਾ ਕਰ ਰਹੇ ਸਾਂ। ਬਾਰ ਬਾਰ ਟੈਲੀਫ਼ੋਨ ਤੇ ਸੱਜਣ ਸੱਜਰੀ ਸੂਚਨਾ ਦੇ ਰਹੇ ਸਨ।
ਖ਼ਬਰਾਂ ਬਦਲ ਗਈਆਂ ਤਾਂ ਉਦਾਸ ਟੱਲੀਆਂ ਵੱਜੀਆਂ।
ਪਰ ਮੇਰੇ ਸਿਦਕੀ ਸੱਜਣ ਦਾ ਮੈਨੂੰ ਪਤਾ ਸੀ ਉਹ ਕੁਰਸੀ ਮਿਲਣ ਤੇ ਬੁੜ੍ਹਕਣ ਵਾਲਾ ਨਹੀਂ ਤੇ ਖੁੱਸਣ ਤੇ ਰੁਦਨ ਕਰਨ ਵਾਲਾ ਨਹੀਂ।
ਦੋਹਾਂ ਨੂੰ ਹੀ ਮੁਬਾਰਕਾਂ ਕਿਉਂਕਿ ਉਹ ਵੀ ਤਾਂ ਉਪ ਮੁੱਖ ਮੰਤਰੀ ਬਣ ਰਿਹੈ। ਮੇਰੇ ਪਿੰਡ ਦੀਆਂ ਵੋਟਾਂ ਨਾਲ ਬਣੇ ਵਿਕਾਸ ਪਰਸ਼ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਮੁਬਾਰਕ।
ਵੰਗਾਰਾਂ ਵੱਡੀਆਂ ਨੇ, ਸਮਾਂ ਘੱਟ ਹੈ। ਫਿਰ ਵੀ ਸ਼ੁਭ ਕਾਮਨਾਵਾਂ।
ਮੁੜ ਮੁਬਾਰਕਾਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.