ਨੌਜਵਾਨ ਪੀੜੀ ਵਿੱਚ ਪਰਿਵਾਰਕ ਸ਼ਿਸ਼ਟਾਚਾਰਾਂ ਦੀ ਬਹੁਤ ਜ਼ਿਆਦਾ ਘਾਟ ਹੋ ਰਹੀ ਹੈ
ਵਿਜੈ ਗਰਗ
ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਉਨਾਂ ਦੀ ਮਹਿਮਾਨ ਨਿਵਾਜ਼ੀ ਕਰਕੇ ਜਾਣਿਆਂ ਅਤੇ ਪਛਾਣਿਆ ਜਾਂਦਾ ਹੈ। ਪਰ ਸਮੇਂ ਦੇ ਚੱਲਦੇ ਹੁਣ ਪੰਜਾਬੀਆਂ ਦੇ ਸੁਭਾਅ ਵਿੱਚੋਂ ਮਹਿਮਾਨਨਿਵਾਜ਼ੀ ਬਹੁਤ ਘੱਟਦੀ ਜਾ ਰਹੀ ਹੈ। ਲੋਕਾਂ ਵਿੱਚ ਆਪਸੀ ਸਾਂਝ ਦਾ ਘਟਣਾ ਵੀ ਇਸ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ਹਰ ਕੋਈ ਆਪਣੇ ਕੰਮ ਕਾਰੋਬਾਰ ਵਿੱਚ ਇੰਨਾ ਰੁੱਝ ਚੁੱਕਾ ਹੈ ਕਿ ਉਸ ਕੋਲ ਘਰ ਆਏ ਮਹਿਮਾਨ ਦੀ ਸੇਵਾ ਕਰਨਾ ਤਾਂ ਦੂਰ ਉਸ ਦੇ ਕੋਲ ਦੋ ਘੜੀਆਂ ਬੈਠਣ ਤਕ ਦਾ ਵੀ ਸਮਾਂ ਨਹੀਂ ਹੁੰਦਾ। ਰਿਸ਼ਤੇਦਾਰਾਂ ਅਤੇ ਰਿਸ਼ਤਿਆਂ ਵਿੱਚ ਫਿੱਕਾਪਣ ਵਧਣ ਕਰਕੇ ਵੀ ਇਨਸਾਨ ਦੇ ਸੁਭਾਅ ਵਿੱਚ ਖਿੱਝ ਵਾਲਾ ਵਤੀਰਾ ਪੈਦਾ ਹੋ ਗਿਆ ਹੈ।
ਨੌਜਵਾਨ ਪੀੜੀ ਵਿੱਚ ਪਰਿਵਾਰਕ ਸ਼ਿਸ਼ਟਾਚਾਰਾਂ ਦੀ ਬਹੁਤ ਜ਼ਿਆਦਾ ਘਾਟ ਹੋ ਰਹੀ ਹੈ। ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਗਿਲਣ ਦਾ ਸਮਾਂ ਹੀ ਨਹੀਂ ਰਿਹਾ। ਇਸ ਪਿੱਛੇ ਕਿਤੇ ਲੋਕਾਂ ਦਾ ਬਹੁਤ ਜ਼ਿਆਦਾ ਪੜ ਲਿਖ ਜਾਣਾ ਵੀ ਇੱਕ ਵੱਡਾ ਕਾਰਨ ਹੈ। ਪੰਜਾਬ ਦੇ ਬਹੁਤੇ ਪੇਂਡੂ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣ ਲੱਗੇ ਹਨ, ਇਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਿੱਚ ਆਪਸੀ ਮੇਲ-ਜੋਲ ਅਤੇ ਬੋਲ-ਚਾਲ ਵੀ ਘੱਟ ਰਹੀ ਹੈ। ਜੇਕਰ ਕਿਸੇ ਕੋਲ ਕੋਈ ਸੁਆਰਥ ਹੈ ਤਾਂ ਹੀ ਉਸਦੀ ਸੇਵਾ ਅਤੇ ਮਹਿਮਾਨਨਿਵਾਜ਼ੀ ਦੀ ਭਾਵਨਾ ਨੂੰ ਪ੍ਰਗਟਾਇਆ ਜਾ ਸਕਦਾ ਹੈ ਅਤੇ ਨਹੀਂ ਤਾਂ ਉਸਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ।
ਹੁਣ ਤਾਂ ਇਹ ਹਾਲ ਹੈ ਕਿ ਜੇਕਰ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਘਰ ਦੇ ਸਾਰੇ ਜੀਆਂ ਦੇ ਚਿਹਰਿਆਂ ਉੱਤੇ ਜਿਵੇਂ ਉਦਾਸੀ ਛਾ ਜਾਂਦੀ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਅਜੇ ਵੀ ਕਈ ਘਰਾਂ ਅਤੇ ਲੋਕਾਂ ਵਿੱਚ ਮਹਿਮਾਨਨਿਵਾਜ਼ੀ ਦੀ ਭਾਵਨਾ ਪੂਰੀ ਤਰਾਂ ਜਿਊਂਦੀ ਹੈ। ਵੱਧ ਮਹਿੰਗਾਈ ਕਰਕੇ ਵੀ ਬਹੁਤੇ ਲੋਕਾਂ ਵਿੱਚ ਮਹਿਮਾਨ ਨਿਵਾਜ਼ੀ ਕਰਨ ਵਿੱਚ ਕਮੀ ਆ ਰਹੀ ਹੈ। ਪੁਰਾਣੇ ਸਮੇਂ ਦੀ ਮਹਿਮਾਨਨਿਵਾਜ਼ੀ ਤਾਂ ਹੁਣ ਕਿਧਰੇ ਵੀ ਦਿਖਾਈ ਨਹੀਂ ਦਿੰਦੀ। ਪੁਰਾਣੇ ਸਮੇਂ ਵਿੱਚ ਤਾਂ ਵਿਆਹਾਂ ਦੇ ਸਮੇਂ ਮਹਿਮਾਨ ਕਿੰਨੇ ਕਿੰਨੇ ਦਿਨ ਵਿਆਹ ਵਾਲੇ ਘਰ ਜਾ ਕੇ ਹੀ ਰਹਿੰਦੇ ਸਨ। ਛੋਟੇ ਬੱਚੇ ਕਈ ਕਈ ਮਹੀਨੇ ਦਾਦਕੇ ਅਤੇ ਨਾਨਕੇ ਜਾ ਕੇ ਰਹਿੰਦੇ ਸਨ। ਵਿਆਹਾਂ ਵਿੱਚ ਬਰਾਤਾਂ ਨੂੰ ਬਹੁਤ ਦਿਨ ਕੁੜੀ ਵਾਲਿਆਂ ਵੱਲੋਂ ਆਪਣੇ ਘਰ ਵਿੱਚ ਹੀ ਠਹਿਰਾਇਆ ਜਾਂਦਾ ਸੀ ਅਤੇ ਸਾਰੇ ਹੀ ਬਰਾਤੀਆਂ ਦੀ ਮਹਿਮਾਨਨਿਵਾਜ਼ੀ ਬੜੇ ਆਦਰ, ਮਾਣ ਅਤੇ ਸਤਿਕਾਰ ਨਾਲ ਕੀਤੀ ਜਾਂਦੀ ਸੀ, ਪਰ ਅੱਜਕੱਲ ਅਜਿਹਾ ਕੁਝ ਵੀ ਦਿਖਾਈ ਨਹੀਂ ਦਿੰਦਾ। ਬਜ਼ੁਰਗਾਂ ਦੇ ਸਤਿਕਾਰ ਕਰਨ ਵਿੱਚ ਵੀ ਸਾਡੇ ਨੌਜਵਾਨ ਮੁੰਡੇ-ਕੁੜੀਆਂ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਛੱਡ ਰਹੇ। ਹਰ ਕੋਈ ਬਸ ਆਪਣਾ ਹੀ ਲਾਭ ਸੋਚਦਾ ਹੈ। ਲੋਕ ਸੇਵਾ ਕਰਵਾਉਣ ਪ੍ਰਤੀ ਤਾਂ ਬਹੁਤ ਉਮੀਦਾਂ ਰੱਖਦੇ ਹਨ, ਪਰ ਆਪ ਕਿਸੇ ਦੀ ਮਹਿਮਾਨਨਿਵਾਜ਼ੀ ਕਰਨ ਲਈ ਉਨਾਂ ਕੋਲ ਨਾ ਤਾਂ ਸਮਾਂ ਹੁੰਦਾ ਹੈ ਅਤੇ ਨਾ ਹੀ ਪੈਸਾ। ਭਾਵ ਲੋਕਾਂ ਦੇ ਘਰ ਖਾਣ ਜਾਣਾ ਬਹੁਤ ਸੌਖਾ ਅਤੇ ਵਧੀਆ ਲੱਗਦਾ ਹੈ, ਪਰ ਆਪਣੇ ਘਰ ਆਏ ਮਹਿਮਾਨਾਂ ਦੀ ਖਾਤਿਰਦਾਰੀ ਕਰਨਾ ਵੱਡੀ ਮੁਸੀਬਤ ਜਾਪਦਾ ਹੈ।
ਪੰਜਾਬ ਵਿੱਚ ਜੇਕਰ ਮਹਿਮਾਨ ਨਿਵਾਜ਼ੀ ਕਰਨ ਦੀ ਭਾਵਨਾ ਨੂੰ ਮੁੜ ਵਾਪਸ ਲੈ ਕੇ ਆਉਣਾ ਹੈ ਤਾਂ ਲੋਕਾਂ ਨੂੰ ਆਪਣੇ ਰਿਸ਼ਤਿਆਂ ਅਤੇ ਰਿਸ਼ਤੇਦਾਰੀਆਂ ਵਿੱਚ ਆਪਸੀ ਮਿਲਵਰਤਨ ਵਧਾਉਣਾ ਪਵੇਗਾ। ਮਾਪਿਆਂ ਵੱਲੋਂ ਛੋਟੇ ਬੱਚਿਆਂ ਨੂੰ ਲੋਕਾਂ ਦੀ ਮਹਿਮਾਨਨਿਵਾਜ਼ੀ ਪ੍ਰਤੀ ਸਿੱਖਿਅਤ ਕਰਨਾ ਪਵੇਗਾ। ਉਨਾਂ ਨੂੰ ਇਸ ਪ੍ਰਤੀ ਵੀ ਜਾਗਰੂਕ ਕਰਨ ਦੀ ਲੋੜ ਹੈ ਕਿ ਮਹਿਮਾਨਨਿਵਾਜ਼ੀ ਦਿਲੋਂ ਹੋਣੀ ਚਾਹੀਦੀ ਹੈ। ਦੋਸਤੀ ਦੇ ਮਹੱਤਵ ਨੂੰ ਸਮਝਣ ਦੀ ਵੀ ਲੋੜ ਹੈ। ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਅਤੇ ਸੇਵਾ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਜ਼ਰੂਰੀ ਹੈ। ਆਪਣੇ ਕੰਮ ਕਾਰੋਬਾਰ ਵਿੱਚ ਆਪਣਿਆਂ ਲਈ ਥੋੜਾ ਸਮਾਂ ਕੱਢਣ ਦੀ ਵੀ ਲੋੜ ਹੁੰਦੀ ਹੈ। ਨੂੰਹਾਂ ਧੀਆਂ ਨੂੰ ਇਸ ਪ੍ਰਤੀ ਸੋਚ ਸਮਝ ਰੱਖਣ ਦੀ ਵਧੇਰੇ ਲੋੜ ਹੈ ਕਿਉਂਕਿ ਘਰ ਆਏ ਮਹਿਮਾਨ ਦੀ ਮਹਿਮਾਨਨਿਵਾਜ਼ੀ ਕਰਨ ਲਈ ਉਨਾਂ ਦੀ ਪਹਿਲ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ। ਵਿਆਹਾਂ ਸ਼ਾਦੀਆਂ ਵਿੱਚ ਪੈਲੇਸਵਾਦ ਨੂੰ ਖ਼ਤਮ ਕਰਨ ਦੀ ਲੋੜ ਹੈ ਅਤੇ ਘਰ ਦੇ ਆਪਸੀ ਲੋਕਾਂ ਵਿੱਚ ਮੇਲ-ਜੋਲ ਨਾਲ ਹੀ ਵਿਆਹ ਅਤੇ ਹੋਰ ਕਾਰਜ ਸੰਪੂਰਨ ਹੋਣੇ ਚਾਹੀਦੇ ਹਨ। ਅੱਜ ਹਰ ਇਨਸਾਨ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਜੇਕਰ ਇਸ ਧਰਤੀ ਉੱਤੇ ਖ਼ਾਸਕਰ ਪੰਜਾਬ ਦੀ ਧਰਤੀ ਉੱਤੇ ਇਨਸਾਨੀਅਤ ਨੂੰ ਜਿਊਂਦਾ ਰੱਖਣਾ ਹੈ ਤਾਂ ਲੋਕਾਂ ਵਿੱਚ ਇੱਕ ਦੂਜੇ ਦੀ ਮਹਿਮਾਨਨਿਵਾਜ਼ੀ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਸਭ ਲੋਕ ਪਿਆਰ ਅਤੇ ਸਤਿਕਾਰ ਦੀ ਜ਼ਿੰਦਗੀ ਜੀ ਸਕਣ। ਪੰਜਾਬ ਦੀ ਮਹਿਮਾਨ ਨਿਵਾਜ਼ੀ ਜੋ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਉਹ ਇਸੇ ਤਰਾਂ ਮਸ਼ਹੂਰ ਅਤੇ ਆਦਰ ਸਤਿਕਾਰ ਨਾਲ ਭਰੀ ਹੋਣੀ ਚਾਹੀਦੀ ਹੈ।
-
ਵਿਜੈ ਗਰਗ, ਸਾਬਕਾ ਪੀਈਐਸ-1ਸੇਵਾ ਮੁਕਤ ਪਿ੍ੰਸਪਲ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.