ਕੀ ਪੰਜਾਬ ਲਈ ਇੱਕ ਸੁਫ਼ਨਾ ਹੀ ਰਹਿ ਜਾਏਗਾ ਬਾਹਰਲੇ ਮੁਲਕਾਂ ਜਿਹਾ ਖੇਡ ਸਿਸਟਮ..? ਯਾਦਵਿੰਦਰ ਸਿੰਘ ਤੂਰ
ਪੰਜਾਬੀਉ, ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ ਸੁਫਨੇ ਦਿਖਾਉਣ ਵਾਲੇ ਲੀਡਰਾਂ ਤੋਂ ਇਸ ਵਾਰ ਇਹ ਸਵਾਲ ਜਰੂਰ ਕਰਿਉ, ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਨੇ ਅੱਜ ਤੱਕ ਕੀ ਕੀਤਾ? ਹੁਣ ਤੱਕ ਇਹ ਸੁਣਿਆ ਹੀ ਸੀ ਕਿ ਬਾਹਰਲੇ ਮੁਲਕਾਂ ਦੇ ਖੇਡ ਸੱਭਿਆਚਾਰ ਨਾਲ ਭਾਰਤ ਵਰਗਾ ਮੁਲਕ ਕਦੇ ਵੀ ਮੁਕਾਬਲਾ ਨੀ ਕਰ ਸਕਦਾ, ਪਰ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਭ ਅੱਖੀਂ ਦੇਖਣ ਦਾ ਮੌਕਾ ਵੀ ਮਿਲ ਗਿਆ। ਇੱਕ ਪਾਸੇ ਜਿੱਥੇ ਇਹੋ ਜਿਹੇ ਖੇਡ ਸੱਭਿਆਚਾਰ ਨੂੰ ਦੇਖ ਕੇ ਖੁਸ਼ੀ ਦਾ ਟਿਕਾਣਾ ਨਾ ਰਿਹਾ ਤਾਂ ਦੂਜੇ ਪਾਸੇ ਮਨ ਬੜਾ ਦੁਖੀ ਵੀ ਹੋਇਆ ਕਿ ਸਾਡੇ ਪੰਜਾਬ 'ਚ ਇਹੋ ਜਿਹਾ ਖੇਡ ਕਲਚਰ ਕਦੋਂ ਪੈਦਾ ਹੋਏਗਾ? ਕੀ ਹੋਏਗਾ ਵੀ ਜਾਂ ਨਹੀਂ?
ਇੰਨੀਂ ਦਿਨੀਂ ਲੰਡਨ ਦੀ ਧਰਤੀ 'ਤੇ ਹਾਂ ਤੇ ਇੱਥੋਂ ਦੇ ਲੋਕਾਂ ਦਾ ਖੇਡਾਂ ਪ੍ਰਤੀ ਜਨੂੰਨ ਦੇਖ ਕੇ ਮੇਰੇ ਮਨ 'ਚ ਵੀ ਮੁੜ ਖੇਡਣ ਦੀ ਤਾਰ ਜਿਹੀ ਛਿੜ ਗਈ। ਲੰਡਨ ਦੀਆਂ ਇਤਿਹਾਸਕ ਇਮਾਰਤਾਂ ਦੇ ਵਿਚਕਾਰ ਸੰਘਣੇ ਦਰੱਖਤਾਂ ਵਿਚਾਲੇ ਪੈਦਲ ਚੱਲ ਕੇ ਗਏ ਤਾਂ ਅੱਗੇ ਜਾ ਕੇ ਜੋ ਦਿਖਿਆ, ਬਾਕਮਾਲ ਸੀ।
ਗੋਰਿਆਂ ਨੇ ਜੰਗਲ 'ਚ ਮੰਗਲ ਲਾਏ ਪਏ ਨੇ। ਦਰੱਖਤਾਂ ਵਿਚਾਲੇ ਹਰੇ ਭਰੇ ਵੱਡੇ-ਵੱਡੇ ਖੇਡ ਮੈਦਾਨ, ਤੇ ਉਨ੍ਹਾਂ ਖੇਡ ਮੈਦਾਨਾਂ 'ਚ 2 ਤੋਂ 15 ਸਾਲ ਦੀ ਉਮਰ ਦੇ ਬੱਚੇ ਫੁਟਬਾਲ ਕਿੱਟਾਂ 'ਚ ਤੇ ਹਰ ਇੱਕ ਕੋਲ ਇੱਕ-ਇੱਕ ਫੁਟਬਾਲ। ਜਿਵੇਂ ਮੋਰ ਪੈਲਾਂ ਪਾਉਂਦੇ ਹੋਣ, ਠੀਕ ਉਸੇ ਤਰ੍ਹਾਂ ਇਹ ਬੱਚੇ ਆਪੋ ਆਪਣੀਆਂ ਬਾਲਾਂ ਨਾਲ ਗਰਾਉਂਡ 'ਚ ਪੈਲਾਂ ਪਾਉਂਦੇ ਨਜ਼ਰ ਆਏ। ਫੁਟਬਾਲ ਕੋਚ ਆਪੋ ਆਪਣੇ ਖਿਡਾਰੀਆਂ ਨੂੰ ਇੰਨ੍ਹਾਂ ਵੱਡੇ ਖੇਡ ਮੈਦਾਨਾਂ ਦੇ ਅਲੱਗ ਅਲੱਗ ਹਿੱਸਿਆਂ 'ਚ ਪ੍ਰੈਕਟਿਸ ਕਰਾ ਰਹੇ ਸੀ। ਬੱਚਿਆਂ ਦੇ ਮਾਪੇ ਮੈਦਾਨ ਦੇ ਕੋਨਿਆਂ 'ਚ ਬੈਠੇ ਵੀਕੈਂਡ ਦੀ ਛੁੱਟੀ ਦਾ ਲੁਤਫ ਲੈ ਰਹੇ ਸੀ।
ਇਹ ਸਭ ਦੇਖ ਮਨ ਬੜਾ ਹੀ ਖੁਸ਼ ਸੀ ਤੇ ਇਹੋ ਸਵਾਲ ਖੜ੍ਹਾ ਹੋਇਆ ਕਿ ਸਾਡੇ ਪੰਜਾਬ ਦਾ ਖੇਡ ਸੱਭਿਆਚਾਰ ਕਦੋਂ ਇਸ ਮੁਲਕ ਦੀ ਰੀਸ ਕਰੂ? ਲੋਕਾਂ ਨਾਲ ਵੱਡੇ ਵਾਅਦੇ ਕਰਨ ਵਾਲੇ ਸਿਆਸੀ ਲੀਡਰਾਂ ਦੀ ਸੋਚ ਕਿਉਂ ਨੀ ਇਹੋ ਜਿਹਾ ਮਾਹੌਲ ਪੈਦਾ ਕਰਨ 'ਚ ਕੰਮ ਕਰ ਸਕਦੀ? ਉਦੋਂ ਹੀ ਮਨ ਅੰਦਰ ਜਵਾਬ ਵੀ ਆ ਗਿਆ। ਜਵਾਬ ਇਹ ਸੀ ਕਿ, ਸਾਡੇ ਲੀਡਰ ਇਹ ਚਾਹੁੰਦੇ ਹੀ ਨਈਂ ਕਿ ਸਾਡੇ ਮੁਲਕ ਦਾ ਬੱਚਾ ਪੜ੍ਹੇ-ਲਿਖੇ ਜਾਂ ਵੱਡਾ ਖੇਡ ਮੈਦਾਨ 'ਚ ਖੇਡ ਕੇ ਵਧੀਆ ਖਿਡਾਰੀ ਬਣੇ। ਕਿਉਂਕਿ, ਜੇ ਇੱਦਾਂ ਹੋ ਗਿਆ ਤਾਂ ਉਨ੍ਹਾਂ ਦੇ ਤਖ਼ਤੋ-ਤਾਜ਼ ਖੁੱਸਣ 'ਚ ਸਮਾਂ ਨੀ ਲੱਗਣਾ। ਸ਼ਾਇਦ ਇਸੇ ਕਰਕੇ ਆਏ ਦਿਨ ਪੰਜਾਬ ਅੰਦਰ ਗੈਂਗਸਟਰ ਪੈਦਾ ਹੋ ਰਹੇ ਨੇ। ਅਕਾਲੀਆਂ ਦੀ ਐਸ.ਓ.ਆਈ ਤੇ ਕਾਂਗਰਸ ਦੀ ਯੂਥ ਕਾਂਗਰਸ ਦੀਆਂ ਭਰਤੀਆਂ ਪੰਜਾਬ ਦੀ ਜਵਾਨੀ ਨੂੰ ਮਾਨਸਿਕ ਗੁਲਾਮ ਬਣਾ ਰਹੀ ਹੈ। ਕੋਈ ਲੋੜ ਨੀ ਇੰਨ੍ਹਾਂ ਪਾਰਟੀਆਂ ਦੀ, ਜੇਕਰ ਜਵਾਨੀ ਨੂੰ ਖੇਡ ਮੈਦਾਨਾਂ ਦੇ ਹਵਾਲੇ ਕਰ ਦਿੱਤਾ ਜਾਏ। ਯੂਥ ਨੂੰ ਸਿਆਸਤ ਦੀ ਲੋੜ ਨੀ, ਸਗੋਂ ਖੇਡ ਮੈਦਾਨਾਂ ਤੇ ਬਿਹਤਰੀਨ ਸਾਧਨਾਂ ਦੀ ਲੋੜ ਹੈ।
ਹੁਣ ਮਨ ਦੇ ਸ਼ੰਕੇ ਵੀ ਦੂਰ ਹੋ ਗਏ ਲੱਗਦੇ ਨੇ ਕਿ ਕਿਉਂ ਵਿਦੇਸ਼ਾਂ ਦੇ ਖਿਡਾਰੀ ਹੀ ਕਿਉਂ ਓਲੰਪਿਕਸ 'ਚ ਮੈਡਲ ਜਿੱਤ ਕੇ ਆਉਂਦੇ ਨੇ, ਸਾਡੇ ਖਿਡਾਰੀ ਕਿਉਂ ਨੀ? ਫਲਾਂ ਵਾਲੇ ਬੂਟੇ ਤੋਂ ਜੇਕਰ ਫਲ ਖਾਣ ਦੀ ਇੱਛਾ ਰੱਖਦੇ ਹੋ ਤਾਂ ਨਿੱਕੇ ਜਿਹੇ ਬੂਟੇ ਦੀ ਦੇਖ ਭਾਲ ਕਰਨੀ ਪੈਂਦੀ ਐ, ਤਾਂ ਵੱਡਾ ਹੋਇਆ ਉਹ ਰੁੱਖ ਬਣੇਗਾ ਤੇ ਆਪਣੇ ਫਲਾਂ ਨਾਲ ਲੋਕਾਂ ਦਾ ਢਿੱਡ ਭਰੇਗਾ। ਜੇ ਉਸੇ ਨਿੱਕੇ ਬੂਟੇ 'ਚ ਜ਼ਹਿਰ ਦੇ ਟੀਕੇ ਲਾਏ ਜਾਣ ਤਾਂ ਉਹ ਰੁੱਖ ਬਣਨਾ ਤਾਂ ਦੂਰ, ਇੱਕ ਟਾਹਣੀ ਕੱਢਣ ਦੇ ਯੋਗ ਵੀ ਨੀ ਹਏਗਾ। ਪ੍ਰਮਾਤਮਾ, ਕਦੇ ਸਾਡੇ ਪੰਜਾਬ 'ਚ ਵੀ ਇਹੋ ਜਿਹੇ ਮੁਲਕਾਂ ਵਰਗੇ ਖੇਡ ਸਿਸਟਮ ਬਣਾਏ। ਉਦੋਂ ਤੱਕ ਪੰਜਾਬ ਦੇ ਖਿਡਾਰੀਆਂ ਦਾ ਰੱਬ ਰਾਖਾ।
-
ਯਾਦਵਿੰਦਰ ਸਿੰਘ ਤੂਰ, ਲੇਖਕ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.