ਖੁਰ ਰਹੀ ਮਨੁੱਖਤਾ ਤੇ ਪੀੜਤ ਮਨੁੱਖਾਂ ਦਾ ਹਮਦਰਦ ਕਹਾਣੀਕਾਰ ਲਾਲ ਸਿੰਘ
ਪਿਆਰਾ ਸਿੰਘ ਭੋਗਲ
ਮਰਦੇ ਮੋਹ ਦੀ ਤੰਦ ਨਾਲ ਜੁੜੇ ਦਰਦ-ਮੰਦ ਮਨੁੱਖ ਦਾ ਕਹਾਣੀਕਾਰ ਲਾਲ ਸਿੰਘ
ਲਾਲ ਸਿੰਘ ਸਾਡਾ ਪ੍ਰਸਿੱਧ ਕਹਾਣੀਕਾਰ ਹੈ । 1984 ਤੋਂ 2017 ਈ ( ਲੱਗਭੱਗ 32 ਸਾਲਾਂ ਵਿੱਚ ) ਉਸਦੇ ਸੱਤ ਕਹਾਣੀ –ਸੰਗ੍ਰਹਿ ਛੱਪ ਚੁੱਕੇ ਹਨ । ਪਹਿਲਾਂ ਮਾਰਖੌਰੇ 1984 ਵਿੱਚ, ਦੂਜਾ ਬਲੌਰ 1986 ਵਿੱਚ , ਤੀਜਾ ਧੁੱਪ ਛਾਂ 1990 ਵਿੱਚ, ਚੌਥਾ ਕਾਲੀ ਮਿੱਟੀ 1996 ਵਿੱਚ, ਪੰਜਵਾਂ ਅੱਧੇ ਅਧੂਰੇ 2003 ਵਿੱਚ , ਛੇਵਾਂ ਗੜ੍ਹੀ ਬਖਸ਼ਾ ਸਿੰਘ 2009 ਵਿੱਚ ਅਤੇ ਸੱਤਵਾਂ 2017 ਵਿੱਚ ਛੱਪ ਕੇ ਪਾਠਕਾਂ ਸਾਹਮਣੇ ਆਏ ਹਨ ।ਲਾਲ ਸਿੰਘ ਨੇ ਜਿੰਨੀ ਵਫਾਦਾਰੀ ਆਪਣੇ ਕਿੱਤੇ ਅਧਿਆਪਕ ਨਾਲ ਨਿਭਾਈ ਹੈ , ਓਨੀ ਹੀ ਵਫਾਦਾਰੀ ਪੰਜਾਬੀ ਕਹਾਣੀ-ਸਿਰਜਣ ਨਾਲ ਪ੍ਰਗਾਈ ਹੈ ।
ਲਾਲ ਸਿੰਘ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਹਾਣੀਕਾਰ ਹੈ ।ਕਹਾਣੀ ਲਿਖਣ ਲਈ ਵਸਤ ਤਾਂ ਜੀਵਨ ਦੇ ਯਥਾਰਥ ਵਿੱਚੋਂ ਮਿਲਦੀ ਹੈ । ਲਾਲ ਸਿੰਘ ਵੀ ਘਟਨਾ ਤੇ ਪਾਤਰ ਆਪਣੇ ਚੁਫੇਰੇ ਪਸਰੇ ਯਥਾਰਥ ਵਿੱਚੋਂ ਚੁਣਦਾ ਹੈ । ਪਰ ਲੇਖਕ ਨੇ ਯਥਾਰਥ ਦੀ ਇਸ ਸਮੱਗਰੀ ਨੂੰ ਆਪਣੇ ਸਿਰਜਿਤ ਬਿਰਤਾਂਤ ਵਿੱਚ ਪਰੋਸਣਾ ਹੁੰਦਾ ਹੈ । ਘਟਨਾ ਤੇ ਪਾਤਰ ਦੀ ਵਿਥਿਆਂ ਨੂੰ ਅਰਥ ਦੇਣੇ ਹੁੰਦੇ ਹਨ । ਵਰਤਮਾਨ ਵਿੱਚ ਵਾਪਰ ਰਹੇ ਵੇਰਵੇ ਨੂੰ ਇਤਿਹਾਸ ਦੇ ਵਰਤਾਰੇ ਨਾਲ ਜੋੜਨਾ ਹੁੰਦਾ ਹੈ । ਇੱਥੇ ਲੇਖਕ ਦੀ ਵਿਚਾਰਧਾਰਾ ਕੰਮ ਆਉਂਦੀ ਹੈ । ਲਾਲ ਸਿੰਘ ਦੀ ਵਿਚਾਰਧਾਰਾ ਇਤਿਹਾਸਕ-ਪਦਾਰਥਵਾਦ ਹੈ । ਪਦਾਰਥਵਾਦ ਪਹਿਲਾਂ ਵੀ ਸੀ , ਪਰ ਕਾਰਲ ਮਾਰਕਸ (1818-1883) ਨੇ ਪਦਾਰਥਵਾਦ ਨੂੰ ਇਤਿਹਾਸਕ ਪਦਾਰਥਵਾਦ ਵਿੱਚ ਬਦਲਿਆ । ਮਾਰਕਸ ਦਾ ਮੂਲ ਮੱਤ ਇਹ ਸੀ , ਘਟਨਾਵਾਂ ਦੇ ਵਾਪਰਨ ਦਾ ਮੂਲ ਕਾਰਨ ਕਿਸੇ ਦੇਵਤਾ ਜਾਂ ਭਗਵਾਨ ਦਾ ਫੁਰਨਾ ਨਹੀਂ ਹੁੰਦਾ , ਸੰਸਾਰ ਦੇ ਪਦਾਰਥਕ ਹਾਲਾਤ ਹੁੰਦੇ ਹਨ ।ਜਿਉਂ ਜਿਉਂ ਸੰਸਾਰ ਨੇ ਪ੍ਰਗਤੀ ਕੀਤੀ , ਪਦਾਰਥਕ ਹਾਲਾਤ ਬਦਲੇ । ਪਦਾਰਥਕ ਹਾਲਾਤ ਦੇ ਬਦਲਣ ਪਿੱਛੇ ਵਿਰੋਧੀ-ਵਿਕਾਸੀ ਪਦਾਰਥਵਾਦ ਕੰਮ ਕਰਦਾ ਹੈ । ਵਿਕਾਸ ਦੇ ਸਫ਼ਰ ਵਿੱਚ ਜਦੋਂ ਕੋਈ ਤਬਦੀਲੀ ਆਉਂਦੀ ਹੈ, ਪਹਿਲਾਂ ਇਹ ਤਬਦੀਲੀ ਕਈ ਪੱਖਾਂ ਤੋਂ ਅੱਗੇ ਵਧੂ ਹੁੰਦੀ ਹੈ । ਮਿਸਾਲ ਦੇ ਤੌਰ ‘ਤੇ ਜਦੋਂ ਰਾਜਵਾਦੀ-ਜਗੀਰਦਾਰੀ ਸਮਾਜ ਹੋਂਦ ਵਿੱਚ ਆਇਆ , ਪਹਿਲਾਂ ਇਹ ਤਬਦੀਲੀ ਪ੍ਰਗਤੀਵਾਦੀ ਸੀ । ਪਰ ਹੌਲੀ ਹੌਲੀ ਇਹ ਤਬਦੀਲੀ ਲੋਟੂ ਜਮਾਤ ਨੂੰ ਜਨਮ ਦਿੰਦੀ ਹੈ । ਇਸ ਨੂੰ ਉਖਾੜ ਕੇ ਸੁੱਟਣਾ ਪੈਂਦਾ ਹੈ । ਇਹ ਤਬਦੀਲੀ ਪੂੰਜੀਵਾਦ ਪੈਦਾ ਕਰਦਾ ਹੈ । ਪਰ ਪੰਜਾਬ ਵਿੱਚ ਪੂੰਜੀਵਾਦੀ ਅੰਗਰੇਜ਼ੀ ਰਾਜ ਵਿੱਚ ਆਇਆ । ਅੰਗਰੇਜ਼ ਹਾਕਮ ਬਸਤੀਵਾਦੀ ਸਨ । ਉਨ੍ਹਾਂ ਨੇ ਪੰਜਾਬ ਸਮੇਤ ਪੂਰੇ ਭਾਰਤ ਨੂੰ ਆਪਣੀ ਬਸਤੀ ਬਣਾਇਆ ।
ਉਨ੍ਹਾਂ ਨੇ ਆਪਣੇ ਬਸਤੀਵਾਦੀ ਮਨੋਰਥਾਂ ਦੀ ਪੂਰਤੀ ਲਈ ਰੇਲਵੇ ਲਾਈਨਾਂ ਤੇ ਸੜਕਾਂ ਵਿਛਾਇਆਂ । ਬਿਜਲੀ , ਡਾਕਟਰ ,ਟੈਲੀਫੂਨ, ਕਾਲਜ , ਯੂਨੀਵਰਸਿਟੀਆਂ ਆਦਿ ਸੰਸਥਾਵਾਂ ਸਥਾਪਤ ਕੀਤੀਆਂ । ਇਨ੍ਹਾਂ ਨਵੀਆਂ ਨੇ ਸਹੂਲਤਾ ਪੈਦਾ ਕੀਤੀਆਂ । ਮਿਸਾਲ ਦੇ ਤੌਰ ਤੇ ਅਨੇਕ ਨਵੇਂ ਕਿੱਤੇ ਪੈਦਾ ਕੀਤੇ । ਮਨੁੱਖ ਦੇ ਅੱਗੇ ਵੱਧਣ ਲਈ ਕਈ ਯੋਗਤਾਵਾਂ ਪੈਦਾ ਕੀਤੀਆਂ । ਪੜ੍ਹ ਲਿਖ ਕੇ ਹਜ਼ਾਰਾਂ ਲੋਕ ਅਧਿਆਪਕ ਬਣੇ। ਪਰ ਉਨ੍ਹਾਂ ਨੇ ਬੇਰੁਜ਼ਗਾਰੀ ਵੀ ਪੈਦਾ ਕੀਤੀ । ਲੋਕ ਕਰਜ਼ਈ ਬਣੇ ।ਅਮੀਰ ਗਰੀਬ ਦਾ ਪਾੜਾ ਵਧਾਇਆ । ਜੱਦੀ –ਪੁਸ਼ਤੀ ਕਈ ਹੁਨਰ ਤੇ ਕੰਮ ਬੰਦ ਹੋ ਗਏ । ਜਿਵੇਂ ਵੇਲਣੇ ਨਾਲ ਰਸ ਕੱਢ ਕੇ ਗੁੜ ਤੇ ਸ਼ੱਕਰ ਬਣਾਉਣ ਦਾ ਹੁਨਰ ਨਸ਼ਟ ਹੋ ਗਿਆ । ਅੱਗੇ ਲੋਕ ਸਾਫ਼ ਸੁਥਰੀਆਂ ਸਬਜ਼ੀਆਂ ਬੀਜਦੇ ਸਨ । ਇਹ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਸਨ । ਪਰ ਪੂੰਜੀਵਾਦ ਦੇ ਵਰਤਾਰੇ ਨਾਲ ਅਗਲੀ ਜਾਤੀ ਆਪਣੇ ਹੁਨਰ ਤੋਂ ਵੰਚਿਤ ਹੋ ਗਈ । ਹੁਣ ਸਬਜ਼ੀਆਂ ਵਿਕਦੀਆਂ ਹਨ ਪਰ ਹੁਣ ਇਹ ਸਿਹਤ ਲਈ ਪਹਿਲੀਆਂ ਸਬਜ਼ੀਆਂ ਦੇ ਮੁਕਾਬਲੇ ਵਿੱਚ ਗੁਣਕਾਰੀ ਨਹੀਂ ਹੁੰਦੀਆਂ ।
ਲਾਲ ਸਿੰਘ ਆਪਣੀ ਕਿਤਾਬ “ਸੰਸਾਰ“ ਦੀਆਂ ਦੋ ਕਹਾਣੀਆਂ “ਸੰਸਾਰ“ ਅਤੇ “ਜੁਬਾੜੇ“ ਵਿੱਚ ਬਦਲਦੇ ਹਾਲਾਤ ਦਾ ਜ਼ਿਕਰ ਕਰਦਾ ਹੈ ।ਸੰਸਾਰ ਦੀਆਂ ਘਟਨਾਵਾਂ ਪਿੰਡ ਵਿੱਚ ਵਾਪਰਦੀਆਂ ਹਨ । ਜੁਬਾੜੇ ਦੀਆਂ ਸ਼ਹਿਰ ਵਿੱਚ । ਸੰਸਾਰ ਵਿੱਚ ਜ਼ੈਲਦਾਰ ਸੰਸਾਰ ਸਿੰਘ ਦੇ ਵੱਧਦੇ ਕਾਰੋਬਾਰ ਦਾ ਜ਼ਿਕਰ ਹੈ । ਪਿੰਡ ਦਾ ਨਾਮ ਟੇਰਕੀਆਣਾ ਲਿਖਿਆ ਹੈ । ਆਲਾ ਦੁਆਲਾ ਮੰਡ ਦਾ ਖੇਤਰ ਹੈ । ਇਸ ਕਰਕੇ ਦਰਿਆ ਉੱਤੇ ਲੰਬਾ ਪੁਲ ਬਣਾਉਣ ਦੀ ਲੋੜ ਹੈ । ਬੰਬਈ ਤੋਂ ਆਇਆ ਇਕ ਪਾਰਟੀ ਦਾ ਉਮੀਦਵਾਰ ਪੁਲ ਬਣਾਉਣ ਦਾ ਐਲਾਨ ਕਰਦਾ ਹੈ , ਪਰ ਪੁਲ ਨਹੀ ਬਣਦਾ । ਪਿੱਛੋਂ ਕਿਸੇ ਹੋਰ ਪਾਰਟੀ ਨੇ ਪੁਲ ਬਣਵਾ ਦਿੱਤਾ । ਇਕ ਗੰਨਾ ਮਿੱਲ ਵੀ ਲੱਗ ਗਈ । ਨੇੜੇ ਛੋਟੇ ਘੱਲੂਕਾਰੇ ਬਾਰੇ ਯਾਦਗਾਰ ਵੀ ਬਣ ਗਈ । ਜੁਬਾੜੇ ਵਿੱਚ ਬਾਣੀਆਂ ਜਾਤੀ ਦੇ ਸੇਠ ਰਾਮ ਗੋਪਾਲ ਦਾ ਬਿਰਤਾਂਤ ਹੈ । ਉਹ ਪਹਿਲਾਂ ਛੋਟਾ ਦੁਕਾਰਨਦਾਰ ਸੀ ,ਜ਼ਮੀਨ ਦਾ ਮਾਲਕ ਵੀ ਸੀ , ਪਰ ਨਾ ਦੁਕਾਨ ਦੀ ਉਪਜ ਬਹੁਤੀ ਸੀ , ਨਾ ਜ਼ਮੀਨ ਦੀ । ਬਣਦੀਆਂ ਬਦਲਦੀਆਂ ਸਰਕਾਰਾਂ ਨੇ ਇਸ ਸ਼ਹਿਰ ਦੇ ਪਦਾਰਥਕ ਹਾਲਾਤ ਵੀ ਬਦਲ ਦਿੱਤੇ । ਰਾਮ ਗੋਪਾਲ ਦੇ ਟੱਬਰ ਦੇ ਵੀ ।ਪੁੱਤਰ ਵੱਡੇ ਕਾਰੋਬਾਰੀ ਬਣ ਗਏ । ਵੱਡੇ ਪੁੱਤਰ ਬਨਵਾਰੀ ਨੇ “ਮਾਲ“ ਖੜਾ ਕਰ ਲਿਆ ।
ਪਰ ਦੋਨਾਂ ਕਹਾਣੀਆਂ ਵਿੱਚ ਵੱਧ ਖੁਸ਼ਹਾਲੀ ਦਾ ਗੁਣਗਾਣ ਨਹੀਂ । ਖੁਰ ਰਹੀ ਮਨੁੱਖਤਾ ਅਤੇ ਵੱਧ ਰਹੀ ਇਕੱਲਤਾ ਦਾ ਦੁੱਖ ਉਭਾਰਿਆ ਗਿਆ ਹੈ । ਅਮੀਰ ਸੰਸਾਰ ਸਿੰਘ ਨੂੰ ਦਿਲ ਦਾ ਰੋਗ ਲੈ ਬੈਠਾ । ਜੁਬਾੜੇ ਵਿੱਚ ਮੰਤਰੀ “ਬੀਬੀ“ ਦੇ ਧੀ-ਜੁਆਈ ਮਹਿੰਗਾ ਸਿੰਘ ਤੇ ਬਚਨ ਕੌਰ ਪੀੜਤ ਹਨ ।ਇਸ ਕਹਾਣੀ ਵਿੱਚ ਰਾਮ ਗੋਪਾਲ ਵੀ ਦਿਲ ਦੇ ਰੋਗ ਦੇ ਹਮਲੇ ਨਾਲ ਮਰਦਾ ਦਿਖਾਇਆ ਗਿਆ ਹੈ।
ਦੋਵਾਂ ਕਹਾਣੀਆਂ ਦੀਆਂ ਘਟਨਾਵਾਂ ਅੰਗਰੇਜ਼ੀ ਰਾਜ ਵਿੱਚ ਨਹੀਂ ਵਾਪਰਦੀਆਂ ,ਸੁੰਤਤਰਤਾ ਪ੍ਰਾਪਤੀ ਤੋਂ ਬਾਅਦ ਸਥਾਪਤ ਕਥਿਤ ਲੋਕੰਤਤਰੀ ਸਰਕਾਰਾਂ ਵੇਲੇ ਵਾਪਰਦੀਆਂ ਹਨ । ਲਾਲ ਸਿੰਘ ਦਾ ਤਰਕ ਹੈ , ਹੁਣ ਵੀ ਭਾਰਤੀ ਸਮਾਜ ਜਮਾਤੀ ਸਮਾਜ ਹੈ । ਰਾਜ ਕਿਸੇ ਵੀ ਪਾਰਟੀ ਦਾ ਹੈ, ਧਨਵਾਨ ਤੇ ਵੱਡੇ ਭੂਮੀਪਤੀ ਜਾਇਜ਼-ਨਾਜਾਇਜ਼ ਢੰਗ ਨਾਲ ਅਮੀਰ ਬਣ ਰਹੇ ਹਨ । ਲੇਖਕ ਨੂੰ ਸ਼ਕਾਇਤ ਹੈ , ਮਾਕਰਸਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਖੱਬੀਆਂ ਪਾਰਟੀਆਂ 1962 ਵਿੱਚ ਦੋ ਥਾਈਂ ਵੰਡੀਆਂ ਗਈਆਂ , 1967 ਵਿੱਚ ਤਿੰਨ ਥਾਈਂ ਤੇ ਪਿੱਛੋਂ ਤੇਰਾਂ ਥਾਈ ਵੰਡੀਆਂ ਗਈਆਂ ।
ਲਾਲ ਸਿੰਘ ਪਾਤਰਾਂ ਨੂੰ ਅਮੀਰ-ਗਰੀਬ ਵਿੱਚ ਵੰਡਦਾ ਹੈ , ਪਰ ਉਨ੍ਹਾਂ ਨੂੰ ਦੇਵ-ਦਾਨਵ ਵਿੱਚ ਨਹੀਂ ਵੰਡਦਾ । ਸੇਠ ਰਾਮ ਗੋਪਾਲ ਦੇ ਪਰਿਵਾਰ ਨੇ ਧਨ-ਸੰਪਤੀ ਵਧਾਈ, ਪਰ ਰਾਮ ਗੋਪਾਲ ਦਾਨਵ ਨਹੀਂ ।ਪੀੜ੍ਹਤ ਇਨਸਾਨ ਵੀ ਹੈ ।
ਅਸਲ ਵਿੱਚ ਲਾਲ ਸਿੰਘ ਜੇ ਜਮਾਤੀ ਸਮਾਜ ਦਾ ਉਸਾਰ ਚਿੱਤਰਦਾ ਹੈ , ਤਾਂ ਉਸਦਾ ਮੁੱਖ ਧਿਆਨ ਮਨੁੱਖ ਵੱਲ ਹੀ ਰਹਿੰਦਾ ਹੈ। ਅਸਲ ਵਿੱਚ ਲਾਲ ਸਿੰਘ ਆਪ ਵਧੀਆ ਇਨਸਾਨ ਹੈ। ਇਸ ਲਈ ਉਸਦੀਆਂ ਕਹਾਣੀਆਂ ਵਿੱਚ ਵਧੀਆ ਇਨਸਾਨ ਚਿੱਤਰੇ ਮਿਲਦੇ ਹਨ । ਕਹਾਣੀਕਾਰ ਲਾਲ ਸਿੰਘ ਦੀ ਇੱਕ ਹੋਰ ਕਹਾਣੀ “ਅੱਗੇ ਸਾਖੀ ਹੋ ਚੱਲੀ“ ਕਹਾਣੀ ਮਿਹਨਤੀ ਮਾਂ ਪਿਉਂ ਦੇ ਦੋ ਬੱਚੇ ਸਨ । ਪੁੱਤਰ ਤੇ ਧੀ । ਧੀ ਅਧਿਆਪਕਾ ਬਣੀ । ਥਾਂ ਥਾਂ ਬਦਲੀਆਂ ਹੁੰਦੀਆਂ ਰਹੀਆਂ । ਬੜੇ ਕਸ਼ਟ ਝੱਲੇ । ਬਲਾਤਕਾਰ ਦੀ ਸ਼ਿਕਾਰ ਵੀ ਹੋਈ । ਤਾਂ ਵੀ ਮਾਨਵਤਾ ਨਹੀਂ ਛੱਡੀ । ਮੋਹ ਦੀਆਂ ਤੰਦਾਂ ਨਹੀਂ ਟੁੱਟੀਆਂ । ਪਰ ਇਸ ਅਧਿਆਪਕਾ ਦੇ ਪੁੱਤਰ ਜਵਾਨ ਹੋ ਗਏ ਹਨ । ਵੱਡਾ ਪੁੱਤਰ ਜਗਤਾਰਜੀਤ ਖੁਸ਼ਹਾਲ ਹੈ । ਨਵੀਂ ਕਲੋਨੀ ਵਿੱਚ ਵੱਡੀ ਕੋਠੀ ਉਸਾਰੀ ਹੈ ।ਉਹ ਅਤੇ ਉਸਦੀ ਪਤਨੀ ਮਾਂ ਨੂੰ ਪੁਰਾਣੇ ਘਰ ਵਿੱਚੋਂ ਉਠਾਲ ਕੇ ਨਵੀਂ ਕੋਠੀ ਵਿੱਚ ਲਿਜਾਣ ਲਈ ਉਤਾਵਲੇ ਹਨ । ਪਰ ਮਾਂ ਜਾਣ ਲਈ ਬਿਲਕੁਲ ਰਾਜ਼ੀ ਨਹੀਂ । ਉਸਨੂੰ ਇਉਂ ਜਾਪਦਾ ਹੈ , ਪੁਰਾਣਾ “ਘਰ“ ਸੱਚ ਮੁੱਚ ਘਰ ਹੈ , ਨਵੇਂ ਘਰ ਵਿੱਚ ਮੈਨੂੰ ਇਕ ਕਮਰਾ ਤਾਂ ਮਿਲ ਜਾਏਗਾ, ਪਰ ਘਰ ਨਹੀਂ ਮਿਲਣਾ । ਲਾਲ ਸਿੰਘ ਮਰਦੇ ਮੋਹ ਦੀ ਤੰਦ ਨਾਲ ਜੁੜੇ ਦਰਦ-ਮੰਦ ਮਨੁੱਖ ਦਾ ਕਹਾਣੀਕਾਰ ਹੈ।
ਲਾਲ ਸਿੰਘ ਦੀ ਇਕ ਕਹਾਣੀ “ਤੀਸਰਾ ਸ਼ਬਦ“ ਉਸਦੀਆਂ ਬਹੁਤੀਆਂ ਕਹਾਣੀਆਂ ਨਾਲੋਂ ਵੱਖਰੀ ਹੈ ।ਇਸ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਤਾਂ ਹੈ । ਉਹ ਲਿਖਦਾ ਹੈ ਧਰਮ-ਤੰਤਰ ਨੇ ਭਾਰਤ ਦੀ ਜਾਤ-ਵੰਡ ਕੀਤੀ ਹੈ ।ਉਹ ਆਪਣੇ ਜੱਦੀ-ਪਿੰਡ ਵਿੱਚ ਨਵੇਂ ਸਥਾਪਿਤ ਹੋਏ ਗੁਰਦੁਆਰੇ ਕਾਰਨ ਦੰਗੇ ਫ਼ਸਾਦ ਦਾ ਜ਼ਿਕਰ ਧਰਮ-ਤੰਤਰ ਦੇ ਹਵਾਲੇ ਨਾਲ ਕਰਦਾ ਹੈ , ਪਰ ਕਹਾਣੀ ਦਾ ਮੁੱਖ ਥੀਮ ਇਹ ਨਹੀਂ ,ਥੀਮ ਹੈ , ਪੰਜ ਮਰਲੇ ਥਾਂ ਖਰੀਦ ਕੇ ਸ਼ਹਿਰ ਵਿੱਚ ਬਣਾਏ ਆਪਣੇ ਘਰ ਦੇ ਕੌਲੇ ਉੱਤੇ ਜ਼ਾਤ-ਗੋਤ ਲਿਖਣ ਦਾ ਫੈਸਲਾ ।ਲੇਖਕ ਦਾ ਸੰਕੇਤ ਹੈ- ਉੱਤੇ ਨੀਵੇਂ ਦੇ ਸੰਸਕਾਰ ਪਤਾ ਨਹੀਂ ਕਦੋਂ ਮਿਟਣਾ ਹੈ ? ਬਿਹਤਰ ਹੈ-ਆਪਣੀ ਜਾਤ-ਗੋਤ ਨਾ ਛੁਪਾਉ, ਸਗੋਂ ਧੜੱਲੇ ਨਾਲ ਪਰਗਟ ਕਰੋ । ਕਹੋ , ਉੱਚੀ ਜ਼ਾਤ ਵਾਲਿਉ ਅਸੀਂ ਤੁਹਾਡੇ ਨਾਲੋਂ ਕਿਸੇ ਗੱਲੋਂ ਘੱਟ ਨਹੀਂ । ਜੱਟ ਬਾਬੇ ਇੰਦਰ ਨੇ ਮੋਹਨ ਲਾਲ ਤੋਂ ਕਣਕ ਦੀ ਵਾਢੀ ਕਰਵਾ ਕੇ ਇਹ ਗੱਲ ਆਪ ਹੀ ਮੰਨ ਲਈ ਸੀ ।
-
ਪਿਆਰਾ ਸਿੰਘ ਭੋਗਲ, ਲੇਖਕ
amarjitsinghdasuya@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.