ਨਿੱਕੇ ਹੁੰਦਿਆਂ ਹਰਦੇਵ ਦਿਲਗੀਰ ਦਾ ਲਿਖਿਆ ਤੇ ਸਵਰਨ ਲਤਾ ਦਾ ਗਾਇਆ ਇੱਕ ਗੀਤ ਸੁਣਦੇ ਹੁੰਦੇ ਸਾਂ।
ਵੇ ਕਰਤਾਰ ਸਿੰਘਾ ਵੇ ਮੁਖਤਾਰ ਸਿੰਘਾ
ਮੈਂ ਜਾਣਾ ਮੇਲੇ ਮੱਸਿਆ ਦੇ।
ਭਾਵੇਂ ਤੂੰ ਲੈ ਜਾ ਤੇ ਭਾਵੇਂ ਤੂੰ ਲੈ ਜਾ।
ਉਸ ਵਿੱਚ ਗਾਇਕਾ ਕਹਿੰਦੀ ਹੈ ਕਿ ਮੈਂ ਦੋ ਦਿਉਰਾਂ ਦੀ ਇੱਕ ਭਰਜਾਈ ਹਾਂ। ਦੱਸੋ? ਕੌਣ ਮਠਿਆਈ ਖੁਆਏਗਾ?
ਤੁਸੀਂ ਪੁੱਛੋਗੇ ਤੈਨੂੰ ਇਹ ਗੀਤ ਕਿਉਂ ਚੇਤੇ ਆਇਆ?
ਅਸਲ ਚ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜਦ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਚਿੱਠੀ ਲਿਖੀ ਤਾਂ ਜਵਾਬ ਚ ਮੁੱਖ ਮੰਤਰੀ ਜੀ ਨੇ ਜਦ ਮੋੜਾ ਮੋੜਿਆ ਕਿ ਭਾਈ! ਜੇ ਪਹਿਲਾਂ ਮਿਲ ਕੇ ਗੱਲ ਕਰਦੇ ਤਾਂ ਮੈਂ ਦੱਸ ਦੇਣਾ ਸੀ ਕਿ ਇਹ ਚਿੱਠੀ ਤਾਂ ਪਹਿਲਾਂ ਹੀ 14 ਅਗਸਤ ਨੂੰ ਮੈਂਬਰ ਪਾਰਲੀਮੈਂਟ ਪਰਤਾਪ ਸਿੰਘ ਬਾਜਵਾ ਲਿਖ ਚੁਕੇ ਨੇ। ਤੁਸੀਂ ਮਿਲੇ ਨਹੀਂ, ਮੈਂ ਦੱਸਿਆ ਨਹੀਂ।
ਇਹ ਗੱਲ ਵਿਚਾਰ ਅਧੀਨ ਹੈ ਭਾਈ।
ਪਰ ਸਾਡਾ ਤਾਂ ਇੱਕੋ ਸੁਪਨਾ ਹੈ ਕਿ ਬਟਾਲਾ ਜ਼ਿਲ੍ਹਾ ਹੀ ਨਾ ਬਣੇ, ਵਿਕਾਸ ਦਾ ਕੇਂਦਰ ਵੀ ਬਣੇ।
ਦੋ ਭਾਰਤ ਪਾਕਿ ਜੰਗਾਂ ਬਟਾਲਾ ਦਾ ਫੌਂਡਰੀ ਤੇ ਟੋਕਾ ਉਦਯੋਗ ਖਾ ਗਈਆਂ।
ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਬਟਾਲਾ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹੁਣ ਆਏ, ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਆਏ। ਬਾਬਾ ਬੁੱਢਾ ਜੀ ਅੱਚਲ ਸਾਹਿਬ ਢੁੱਕੇ, ਇਸੇ ਅੱਚਲ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਚੌਥੀ ਵਿਚਾਰ ਗੋਸ਼ਟੀ ਕੀਤੀ, ਜਿੱਥੇ ਰਾਣੀ ਸਦਾ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਸਲਦਾਰ ਤੋਂ ਰਾਜਾ ਤੇ ਫਿਰ ਮਹਾਰਾਜਾ ਬਣਨ ਦਾ ਸੁਪਨਾ ਦਿੱਤਾ, ਉਸ ਸ਼ਹਿਰ ਨੂੰ ਜ਼ਿਲ੍ਹਾ ਬਣਾਉਣਾ ਵੱਡੀ ਮੰਗ ਨਹੀਂ। ਬਾਬੇ ਦੇ ਵਿਆਹ ਤੇ ਮੁੱਖ ਮੰਤਰੀ ਜੀ ਨੂੰ ਇਹ ਮੰਗ ਪ੍ਰਵਾਨ ਕਰਕੇ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨ ਨਾਲ ਲੋਕ ਭਾਵਨਾ ਦਾ ਸਨਮਾਨ ਹੋਵੇਗਾ।
ਦੁਖਦਾਈ ਪੱਖ ਇਹ ਹੈ ਕਿ ਰਾਜ ਭਾਵੇਂ ਅਕਾਲੀਆਂ ਦਾ ਹੋਵੇ ਤੇ ਭਾਵੇਂ ਕਾਂਗਰਸ ਦਾ, ਮਾਝੇ ਦੇ ਸਿਆਸਤਦਾਨ ਟੀਮ ਬਣਾ ਕੇ ਆਪਸ ਚ ਹੀ ਭਿੜਦੇ ਮਰ ਚੱਲੇ ਨੇ।
ਟੀਮ ਬਣਾ ਕੇ ਖੇਡਣਾ ਮਾੜੀ ਗੱਲ ਨਹੀਂ, ਪਰ ਆਪਸ ਚ ਭਿੜਨਾ ਕੋਈ ਵੀ ਚੰਗਾ ਨਹੀਂ ਕਹੇਗਾ।
ਪੁਰਾਣੇ ਸਿਆਸਤਦਾਨ ਇਨ੍ਹਾਂ ਦੇ ਹੀ ਪਿਉ ਸਨ। ਸਤਿਨਾਮ ਸਿੰਘ ਬਾਜਵਾ ਨੇ ਕਾਹਨੂੰਵਾਨ ਛੰਭ ਨੂੰ ਜਿਵੇ ਸ: ਪਰਤਾਪ ਸਿੰਘ ਕੈਰੋਂ ਤੋਂ ਵਿਕਸਤ ਕਰਵਾਇਆ, ਉਹ ਕਰਾਮਾਤ ਤੋਂ ਘੱਟ ਨਹੀਂ। ਕਲਾਸਵਾਲੀਏ ਬਾਜਵਿਆਂ ਕਾਦੀਆਂ ਵਾਲੇ ਘਰ ਚ ਲੱਗੀਆਂ ਤਸਵੀਰਾਂ ਗਵਾਹ ਹਨ। ਘੋੜਿਆਂ ਤੇ ਸਵਾਰ ਹੋ ਕੇ ਕਿਵੇਂ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਛੰਭ ਘੁਮਾਇਆ।
ਪੰਜਾਬੀ ਕਵੀ ਦੀਵਾਨ ਸਿੰਘ ਮਹਿਰਮ ਨੇ ਨੜੇ ਦਾ ਬੂਝਾ ਪੁੱਟ ਕੇ ਮੁੱਖ ਮੰਤਰੀ ਕੈਰੋਂ ਨੂੰ ਸੁਆਗਤ ਵਜੋਂ ਦੇਂਦਿਆਂ ਕਿਹਾ ਸੀ,
ਉਇ ਸਰਦਾਰਾ!
ਸਾਡੇ ਛੰਭ ਵਾਲਿਆਂ ਕੋਲ ਹਾਲ ਦੀ ਘੜੀ ਇਹੀ ਸੁਆਗਤੀ ਪੂੰਜੀ ਹੈ, ਇਸ ਨੂੰ ਦਰਿਆਈ ਸੇਮ ਤੋਂ ਬਚਾਅ।
ਪਤਾ ਜੇ ਕੈਰੋਂ ਸਾਹਿਬ ਨੇ ਨੇਤਰ ਨਮ ਕਰਕੇ ਕੀ ਕਿਹਾ,
ਮਹਿਰਮ ਜੀ, ਵੇਖੀ ਚੱਲੋ, ਨੜੇ ਨਾਲੋਂ ਵੀ ਕਿਤੇ ਲੰਮੇ ਗੰਨੇ ਪੈਦਾ ਹੋਣਗੇ ਏਥੇ। ਬੰਨ੍ਹ ਬੱਝਿਆ, ਸੜਕਾਂ ਬਣੀਆਂ, ਪੈਲੀਆਂ ਚ ਦੋ ਦੋ ਬੰਦੇ ਲੰਮਾ ਕਮਾਦ ਪੈਦਾ ਹੋਇਆ। ਧੀਆਂ ਪੁੱਤਰਾਂ ਦੇ ਵਿਆਹ ਚੰਗੇ ਘਰੀਂ ਹੋਣ ਲੱਗ ਪਏ।
ਐੱਮ ਪੀ ਬਣਨ ਤੇ ਅਸੀਂ ਪਰਤਾਪ ਨੂੰ ਕਈ ਸਾਲ ਪਹਿਲਾਂ ਕਿਹਾ ਸੀ ਕਿ ਇਸ ਇਲਾਕੇ ਦੇ ਵਿਕਾਸ ਦਾ ਦੂਜਾ ਵਰਕਾ ਤੂੰ ਲਿਖ। ਬਿਆਸ ਤੋਂ ਬਰਾਸਤਾ ਘੁਮਾਣ, ਕਾਦੀਆਂ ਬਟਾਲੇ ਨਾਲ ਰੇਲ ਲਿੰਕ ਜੁੜਵਾ ਲੈ। ਉਸ ਕੋਸ਼ਿਸ਼ ਕੀਤੀ, ਸਰਵੇਖਣ ਵੀ ਹੋ ਗਿਆ ਪਰ ਗੱਲ ਅੱਗੇ ਨਹੀਂ ਤੁਰੀ। ਉਦੋਂ ਤਾਂ ਰੇਲਵੇ ਮੰਤਰੀ ਵੀ ਕੋਈ ਮਰਾਠਾ ਸੀ, ਭਗਤ ਨਾਮਦੇਵ ਜੀ ਦੇ ਨਾਮ ਤੇ ਕੁਝ ਵੀ ਕਰ ਸਕਦਾ ਸੀ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪਿਤਾ ਸ਼੍ਰੀ ਸ: ਗੁਰਬਚਨ ਸਿੰਘ ਬਾਜਵਾ ਜੀ ਨੇ ਚੰਡੀਗੜ੍ਹ ਕੈਪੀਟਲ ਪ੍ਰਾਜੈਕਟ ਮਨਿਸਟਰ ਵਜੋਂ ਜੋ ਨੇਕਨਾਮੀ ਖੱਟੀ, ਪੰਜਾਬ ਚ ਕਿੰਨੇ ਸਰਕਾਰੀ ਕਾਲਿਜ ਖੋਲ੍ਹੇ, ਉਸ ਨੂੰ ਦੁਨੀਆ ਹੁਣ ਵੀ ਚੇਤੇ ਕਰਦੀ ਹੈ।
ਬਾਰਡਰ ਏਰੀਆ ਦੇ ਸਰਬਪੱਖੀ ਵਿਕਾਸ ਚ ਸ: ਸੰਤੋਖ ਸਿੰਘ ਰੰਧਾਵਾ ਜੀ ਦੀ ਗੂੜ੍ਹੀ ਛਾਪ ਵਿਸਾਰਨੀ ਮੁਹਾਲ ਹੈ।
ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਓਸੇ ਤਰਜ਼ ਤੇ ਵਿਕਾਸ ਕਾਰਜ ਕਰਕੇ ਕਲਾਨੌਰ ਵਿਖੇ ਰਾਸ਼ਟਰੀ ਗੰਨਾ ਖੋਜ ਕੇਂਦਰ ਤੇ ਗੌਰਮਿੰਟ ਕਾਲਿਜ ਖੁੱਲਵਾਇਆ ਹੈ।
ਪਰ ਫਤਹਿਗੜ੍ਹ ਚੂੜੀਆਂ ਹਲਕੇ ਦਾ ਇਕਲੌਤਾ ਸਰਕਾਰੀ ਕਾਲਿਜ ਕਾਲਾ ਅਫਗਾਨਾ ਬੰਦ ਹੋਣਾ ਕਲੰਕ ਤੋਂ ਘੱਟ ਨਹੀਂ। ਮੈਂ ਇਸ ਕਾਲਿਜ ਦੇ ਪਹਿਲੇ ਸਾਲ ਦਾ 1969 ਚ ਵਿਦਿਆਰਥੀ ਸਾਂ ਤਾਂ ਹੀ ਦਿਲ ਵਿੱਚੋਂ ਲਾਟਾਂ ਉੱਠਦੀਆਂ ਨੇ।
ਹੁਣ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦਾ ਖੇਤਰੀ ਕੈਂਪਸ ਕਾਲਾ ਅਫਗਾਨਾ ਬਣਨ ਦੇ ਨਾਲ ਨਾਲ ਵਿਦਿਅਕ ਜਮਾਤਾਂ ਵੀ ਚਾਲੂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਲਿੱਸੇ ਘਰਾਂ ਦੇ ਪੁਤਰ ਧੀਆਂ ਘਰੋਂ ਰੋਟੀ ਖਾ ਕੇ ਚਾਰ ਜਮਾਤਾਂ ਪੜ੍ਹ ਸਕਣ।
ਸਾਡੇ ਲੋਕ ਪ੍ਰਤੀਨਿਧ ਇਹ ਗੱਲ ਮੁੱਖ ਮੰਤਰੀ ਜੀ ਨੂੰ ਜ਼ਰੂਰ ਕਹਿ ਕੇ ਪ੍ਰਵਾਨ ਕਰਵਾਉਣ।
ਦੇਸ਼ ਦੇ ਸਾਬਕਾ ਖੇਡ ਮੰਤਰੀ ਤੇ ਮਾਝੇ ਦੀ ਮਿੱਟੀ ਨੂੰ ਵਿਕਾਸ ਦੇ ਰਾਹ ਤੋਰਨ ਲਈ ਪਲ ਪਲ ਚਿੰਤਾ ਕਰਨ ਵਾਲੇ ਡਾ: ਮਨੋਹਰ ਸਿੰਘ ਗਿੱਲ ਪਹਿਲਾਂ ਹੀ ਇਹ ਗੱਲ ਤੋਰ ਚੁਕੇ ਹਨ।
ਬਟਾਲਾ ਜ਼ਿਲ੍ਹਾ ਬਣਨ ਦੇ ਨਾਲ ਨਾਲ ਬਾਕੀ ਵਿਕਾਸ ਗਤੀ ਵੀ ਤੇਜ਼ ਹੋਵੇ, ਇਸੇ ਆਸ ਤੇ ਅਰਦਾਸ ਨਾਲ ਗੱਲ ਮੁਕਾਉਂਦਾ ਹਾਂ।
ਅਸੀਂ ਤਾਂ ਮੱਸਿਆ ਦੇ ਮੇਲੇ ਤੇ ਜਾਣਾ ਹੈ, ਭਾਵੇਂ ਕਰਤਾਰ ਸਿੰਘ ਲੈ ਜਾਵੇ ਭਾਵੇਂ ਮੁਖਤਾਰ ਸਿੰਘ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.