ਪੰਜਾਬ ਵਿੱਚ ਸੋਸ਼ਲ ਮੀਡੀਆ ਉੱਤੇ ਕਾਫੀ ਗਿਣਤੀ ਵਿੱਚ ਅਜਿਹੇ ਲੋਕ ਮਿਲ ਜਾਣਗੇ ਜਿਹੜੇ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਪੀਰਾਂ ਵਾਂਗੂੰ ਮੰਨਦੇ ਸੀ ਪਰ ਅੱਜਕੱਲ ਉਹ ਸਵੇਰ ਦੀ ਚਾਹ ਬਾਅਦ ਵਿੱਚ ਪੀਂਦੇ ਹਨ ਅਤੇ ਕੇਜਰੀਵਾਲ ਦੇ ਖਿਲਾਫ਼ ਇੱਕ ਗਰਮਾ-ਗਰਮ ਟਿੱਪਣੀ ਪਹਿਲਾਂ ਲਿਖਦੇ ਹਨ. ਜੇਕਰ ਉਹ ਫੇਸਬੁੱਕ ਉੱਤੇ ਦਿਨ ਵਿੱਚ ਪੰਜ ਸਟੇਟਸ ਪਾਉਂਦੇ ਹਨ ਤਾਂ ਚਾਰਾਂ ਵਿੱਚ ਕੇਜਰੀਵਾਲ ਜਾਂ ‘ਆਪ’ ਦੀ ਨਿੰਦਿਆ ਹੁੰਦੀ ਹੈ. ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤਾ ਔਖਾ ਨਹੀਂ ਹੈ. ਅਸਲ ਵਿੱਚ ਉਹਨਾਂ ਵਿੱਚ ਬਹੁਗਿਣਤੀ ਬੁੱਧੀਜੀਵੀ ਅਤੇ ਆਦਰਸ਼ਵਾਦੀ ਲੋਕ ਹਨ ਜਿੰਨ੍ਹਾਂ ਨੇ ਕਿਸੇ ਸਮੇਂ ਆਮ ਆਦਮੀ ਪਾਰਟੀ ਵਿਚੋਂ ਇੱਕ ਬਦਲਵੀਂ ਰਾਜਨੀਤੀ ਦਾ ਸੁਪਨਾ ਵੇਖਿਆ ਸੀ ਪਰ ਹੁਣ ਉਹਨਾਂ ਨੂੰ ਉਹ ਸੁਪਨਾ ਟੁੱਟਦਾ ਮਹਿਸੂਸ ਹੁੰਦਾ ਹੈ. ਉਹਨਾਂ ਨੂੰ ਲੱਗਦਾ ਹੈ ਕਿ ਇਹ ਪਾਰਟੀ ਵੀ ਦੂਜੀਆਂ ਰਵਾਇਤੀ ਪਾਰਟੀਆਂ ਵਰਗੀ ਹੀ ਬਣ ਗਈ ਹੈ ਅਤੇ ਇਸੇ ਕਾਰਨ ਅਜਿਹੇ ਲੋਕ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰਦੇ ਹਨ. ਉਹਨਾਂ ਦਾ ਤਰਕ ਹੁੰਦਾ ਹੈ ਕਿ ਰਾਜਨੀਤੀ ਨੂੰ ਬਦਲਣ ਦੇ ਦਾਅਵੇ ਕਰਨ ਵਾਲਾ ਕੇਜਰੀਵਾਲ ਅਤੇ ਉਸਦੀ ਪਾਰਟੀ ਖੁਦ ਹੀ ਬਦਲ ਗਏ ਹਨ. ਇਸ ਦੇ ਉਲਟ ‘ਆਪ’ ਸਮਰਥਕ ਇਹ ਕਹਿੰਦੇ ਹਨ ਕਿ ਅਜਿਹੇ ਲੋਕ ਦਿਨ ਵਿੱਚ ਸੁਪਨੇ ਵੇਖਣ ਵਾਲੇ ਹਨ ਜੋ ਕਿ ਰਾਜਨੀਤੀ ਦੀ ਜ਼ਮੀਨੀ ਵਿਹਾਰਕਤਾ ਨੂੰ ਬਿਲਕੁਲ ਨਹੀਂ ਸਮਝਦੇ. ਇਸੇ ਲਈ ਉਹ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਕੇਜਰੀਵਾਲ ਤੋਂ ਬਿਨਾ ਇਹ ਲੋਕ ਚੋਣਾਂ ਲੜ ਕੇ ਵੇਖ ਲੈਣ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ.
ਜੇਕਰ ਅਸਲੀਅਤ ਦੀ ਧਰਤੀ ਉੱਤੇ ਆ ਕੇ ਵੇਖੀਏ ਤਾਂ ਇਹ ਇੱਕ ਕੌੜੀ ਸਚਾਈ ਹੀ ਹੈ ਕਿ ਭਾਰਤ ਵਰਗੇ ਲੋਕਤੰਤਰ ਵਿੱਚ, ਤੁਸੀਂ ਰਾਜਨੀਤੀ ਵਿਚਲੀ ਵਿਹਾਰਕਤਾ ਤੋਂ ਅਣਭਿੱਜ ਨਹੀਂ ਰਹਿ ਸਕਦੇ. ਇੱਥੇ ਆਦਰਸ਼ਾਂ ਦੇ ਨਾਅਰੇ ਤਾਂ ਲਗਾਏ ਜਾ ਸਕਦੇ ਹਨ ਪਰ ਇਕੱਲੇ ਆਦਰਸ਼ਾਂ ਦੇ ਸਹਾਰੇ ਰਾਜਨੀਤੀ ਵਿੱਚ ਟਿਕਿਆ ਨਹੀਂ ਜਾ ਸਕਦਾ. ਮਿਸਾਲ ਦੇ ਤੌਰ ‘ਤੇ ਆਦਰਸ਼ਵਾਦੀ ਲੋਕ ਕਹਿੰਦੇ ਹਨ ਕਿ ਸਿਆਸੀ ਆਗੂ ਡੇਰਿਆਂ ਉੱਤੇ ਕਿਉਂ ਜਾਂਦੇ ਹਨ ਪਰ ਚੁਸਤ ਆਗੂ ਸੋਚਦੇ ਹਨ ਕਿ ਜਦੋਂ ਤੱਕ ਵੋਟਰਾਂ ਦਾ ਇੱਕ ਵੱਡਾ ਹਿੱਸਾ ਡੇਰਿਆਂ ਉੱਤੇ ਜਾਂਦਾ ਰਹੇਗਾ ਤਾਂ ਉਹਨਾਂ ਨੂੰ ਉੱਥੇ ਜਾਣਾ ਹੀ ਪਏਗਾ. ਜਿਸ ਦਿਨ ਲੋਕ ਉੱਥੇ ਜਾਣੋ hਹਟ ਗਏ ਤਾਂ ਸਿਆਸਤਦਾਨ ਤਾਂ ਅਗਲੇ ਦਿਨ ਹੀ ਹਟ ਜਾਣਗੇ ਕਿਉਂਕਿ ਡੇਰਿਆਂ ਪ੍ਰਤੀ ਸ਼ਰਧਾ ਸਿਰਫ ਆਮ ਲੋਕਾਂ ਦੀ ਹੁੰਦੀ ਹੈ ਨਾ ਕਿ ਕਿਸੇ ਸਿਆਸਤਦਾਨ ਦੀ. ਸਿਆਸਤਦਾਨ ਤਾਂ ਉਸ ਸ਼ਰਧਾ ਨੂੰ ਵੋਟਾਂ ਵਿੱਚ ਤਬਦੀਲ ਕਰਨ ਦੇ ਚੱਕਰ ਵਿੱਚ ਡੇਰਿਆਂ ਦੀ ਖਾਕ ਛਾਣਦੇ ਹਨ. ਚਲਾਕ ਸਿਆਸਤਦਾਨ ਤਾਂ ਹਰ ਡੇਰੇ ਅਤੇ ਸੰਪਰਦਾ ਦੇ ਵੋਟ ਬੈਂਕ ਨੂੰ ਬਹੁਤ ਧਿਆਨ ਵਿੱਚ ਰੱਖਦੇ ਹਨ. ਜੇਕਰ ਉਹਨਾਂ ਨੂੰ ਇਹ ਲੱਗੇ ਕਿ ਫਲਾਣੇ ਧਾਰਮਿਕ ਆਗੂ ਪਿੱਛੇ ਕੋਈ ਖਾਸ ਵੋਟਾਂ ਨਹੀਂ ਹਨ ਤਾਂ ਫਿਰ ਉਹ ਉਸ ਧਾਰਮਿਕ ਆਗੂ ਨੂੰ ਚਿੱਟਾ ਜਵਾਬ ਦੇ ਕੇ ਆਪਣੇ ਆਪ ਨੂੰ ਸੈਕੂਲਰ ਸਿੱਧ ਕਰਨ ਲੱਗੇ ਵੀ ਇੱਕ ਪਲ ਨਹੀਂ ਲਗਾਉਂਦੇ. ਇਹ ਭਾਰਤੀ ਰਾਜਨੀਤੀ ਦੀ ਵਿਹਾਰਕਤਾ ਹੈ ਅਤੇ ਮੰਝੇ ਹੋਏ ਸਿਆਸਤਦਾਨਾਂ ਨੂੰ ਪਤਾ ਹੈ ਕਿ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ.
ਕੇਜਰੀਵਾਲ ਖਿਲਾਫ਼ ਬੋਲਣ ਜਾਂ ਲਿਖਣ ਵਾਲੇ ਆਲੋਚਕਾਂ ਵਿੱਚ ਕੁਝ ਲੋਕ ਉਹ ਹਨ ਜਿਹੜੇ ਕਿ ਬਾਗ਼ੀਆਨਾ ਸੁਭਾਅ ਦੇ ਮੁਰੀਦ ਹੁੰਦੇ ਹਨ. ਉਹਨਾਂ ਨੂੰ ਰਾਜ ਦੇ ਮੌਜੂਦਾ ਪ੍ਰਬੰਧ ਤੋਂ ਬਾਗ਼ੀ ਹੋ ਕੇ ਚੱਲਣ ਵਾਲੇ ਆਗੂ ਪਸੰਦ ਆਉਂਦੇ ਹਨ. ਜਦੋਂ ਕੇਜਰੀਵਾਲ ਇਹ ਬਾਗ਼ੀਆਨਾ ਵਤੀਰਾ ਵਿਖਾ ਰਿਹਾ ਸੀ ਅਤੇ ਕਾਂਗਰਸ ਅਤੇ ਭਾਜਪਾ ਵਰਗੇ ਰਾਜਸੀ ਕਿਲਿਆਂ ਨੂੰ ਢਾਹੁਣ ਦੇ ਨਾਅਰੇ ਲਗਾਉਂਦਾ ਸੀ ਤਾਂ ਉਹ ਵੀ ਉਹਨਾਂ ਆਦਰਸ਼ਵਾਦੀ ਲੋਕਾਂ ਨੂੰ ਖਿੱਚ ਪਾਉਂਦਾ ਸੀ. ਮੁਕੇਸ਼ ਅੰਬਾਨੀ ਵਰਗੇ ਵੱਡੇ ਲੋਕਾਂ ਖਿਲਾਫ਼ ਪੁਲਿਸ ਰਿਪੋਰਟ ਦਰਜ ਕਰਵਾਉਣੀ, ਮੋਦੀ ਨੂੰ ਵਾਰਾਣਸੀ ਵਿੱਚ ਜਾ ਕੇ ਘੇਰਨਾ, ਸੜਕਾਂ ਉੱਤੇ ਸੌਂ ਕੇ ਮਹਿਲਾਂ ਵਿੱਚ ਸੌਣ ਵਾਲਿਆਂ ਦੀ ਨੀਂਦ ਹਰਾਮ ਕਰ ਦੇਣੀ ਆਦਿ ਇਹ ਸਾਰੀਆਂ ਉਹ ਗੱਲਾਂ ਸਨ ਜਿਹੜੀਆਂ ਆਮ ਭਾਰਤੀਆਂ ਨੂੰ ਹਮੇਸ਼ਾ ਪਸੰਦ ਆਉਂਦੀਆਂ ਹਨ. ਮਿਸਾਲ ਵਜੋਂ ਬਾਦਸ਼ਾਹ ਅਕਬਰ ਨੂੰ ਕੋਈ ਜਿੰਨਾ ਮਰਜ਼ੀ ਦਇਆਵਾਨ ਰਾਜਾ ਆਖੀ ਜਾਵੇ ਪਰ ਜਦੋਂ ਅਕਬਰ ਦਾ ਮੁਕਾਬਲਾ ਰਾਣਾ ਪ੍ਰਤਾਪ ਜਾਂ ਦੁੱਲੇ ਭੱਟੀ ਨਾਲ ਕੀਤਾ ਜਾਂਦਾ ਹੈ ਤਾਂ ਭਾਰਤੀ ਲੋਕਾਂ ਨੂੰ ਰਾਣਾ ਅਤੇ ਦੁੱਲਾ ਹੀ ਨਾਇਕ ਲੱਗਦੇ ਹਨ. ਇਸੇ ਕਰਕੇ ਉਹਨਾਂ ਨੂੰ ਕੱਲ ਦਾ ‘ਜੁਝਾਰੂ ਕੇਜਰੀਵਾਲ’ ਤਾਂ ਚੰਗਾ ਲੱਗਦਾ ਸੀ ਪਰ ਅੱਜ ਦਾ ‘ਸ਼ਾਸਕ ਕੇਜਰੀਵਾਲ’ ਤਾਂ ਦੂਜਿਆਂ ਸ਼ਾਸਕਾਂ ਵਰਗਾ ਹੀ ਨਜ਼ਰ ਆਉਂਦਾ ਹੈ. ਅੱਜ ਜਦੋਂ ਕੇਜਰੀਵਾਲ ਵਰਗਾ ਰੋਲ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਜਾਂ ਧਰਮਵੀਰ ਗਾਂਧੀ ਵਰਗੇ ਨੇਤਾ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਉਹ ਆਪਣੇ ਨਾਇਕ ਲੱਗਦੇ ਹਨ. ਪਰ ਇੱਕ ਪਲ ਲਈ ਮੰਨ ਲਉ ਕਿ ਜੇਕਰ ਉਹਨਾਂ ਦੇ ਹੱਥ ਕੇਜਰੀਵਾਲ ਜਿੰਨੀ ਸੱਤਾ ਦੀ ਤਾਕਤ ਆ ਜਾਵੇ ਤਾਂ ਫਿਰ ਕੀ ਹੋਵੇਗਾ ? ਅਜਿਹੇ ਵਿਰੋਧੀਆਂ ਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਪਾਰਟੀ ਤੋਂ ਬਾਹਰ ਇਕੱਲੇ ਰਹਿ ਕੇ ਵੱਟਿਆ ਇਹਨਾਂ ਦਾ ਵੀ ਕੁਝ ਨਹੀਂ ਜਾਣਾ.
ਇੱਕ ਹੋਰ ਕਿਸਮ ਦੇ ਲੋਕ ਵੀ ਹਨ ਜਿਹੜੇ ਇਹ ਸਮਝਦੇ ਹਨ ਕਿ ਕੋਈ ਗੈਰ-ਪੰਜਾਬੀ ਅਤੇ ਰਾਸ਼ਟਰੀ ਨੇਤਾ, ਪੰਜਾਬ ਦੇ ਭਲੇ ਬਾਰੇ ਸੋਚ ਹੀ ਨਹੀਂ ਸਕਦਾ. ਪਾਣੀਆਂ ਦੇ ਮਸਲੇ ਬਾਰੇ ਕੇਜਰੀਵਾਲ ਦੇ ਉੱਖੜੇ-ਉੱਖੜੇ ਸਟੈਂਡ ਨੇ ਵੀ ਇਸ ਮਿੱਥ ਨੂੰ ਹੋਰ ਪੁਖਤਾ ਕੀਤਾ. ਵਾਰੀ-ਵਾਰੀ ਅਦਾਲਤੀ ਹਲਫ਼ਨਾਮਾ ਬਦਲਣਾ ਪਾਰਟੀ ਵਿੱਚ ਪਰਪੱਕਤਾ ਦੀ ਘਾਟ ਨੂੰ ਵਿਖਾਉਂਦਾ ਹੈ. ਇਸੇ ਤਰਾਂ ਦਿੱਲੀ ਵਿੱਚ ਛਬੀਲ ਦੇ ਥੜੇ ਨੂੰ ਢਾਹੁਣ ਦਾ ਮੁੱਦਾ ਹੋਵੇ ਜਾਂ ਪੰਜਾਬੀ ਦੀ ਪੜ੍ਹਾਈ ਨੂੰ ਗੈਰ-ਲਾਜ਼ਮੀ ਕਰਨ ਦਾ, ਦੋਹਾਂ ਹੀ ਮਾਮਲਿਆਂ ਵਿੱਚ ਪੰਜਾਬ ਅਤੇ ਸਿੱਖਾਂ ਪ੍ਰਤੀ ਅਣਗਹਿਲੀ ਦਾ ਝਲਕਾਰਾ ਪੈਂਦਾ ਹੈ. ਇਸ ਲਈ ਕੱਟੜ ਪੰਜਾਬੀ ਲੋਕ ‘ਆਪ’ ਦੇ ਮਾਮਲੇ ਵਿੱਚ ਸ਼ੱਕੀ ਹੋ ਜਾਂਦੇ ਹਨ. ਉਹਨਾਂ ਨੂੰ ਅਕਸਰ ਹੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਇਹ ਪਾਰਟੀ ਪੰਜਾਬ ਦੇ ਪਾਣੀਆਂ, ਕਿਸਾਨੀ, ਭਾਸ਼ਾ, ਧਰਮ ਅਤੇ ਸੱਭਿਆਚਾਰ ਆਦਿ ਬਾਰੇ ਆਪਣੀ ਨੀਤੀ ਪੂਰੀ ਤਰਾਂ ਸਪਸ਼ਟ ਨਹੀਂ ਕਰਦੀ. ਪੰਜਾਬ ਦੀ ਡੁੱਬ ਰਹੀ ਆਰਥਿਕਤਾ ਨੂੰ ਬਚਾਉਣ ਅਤੇ ਕਿਸਾਨੀ ਨੂੰ ਕਰਜ਼ੇ ਦੇ ਚੁੰਗਲ ਤੋਂ ਬਚਾਉਣ ਲਈ ਪਾਰਟੀ ਕੋਲ ਕਿਹੜੀ ਨੀਤੀ ਹੈ, ਇਸ ਬਾਰੇ ਬੁੱਧੀਜੀਵੀ ਵਰਗ ਕਾਫੀ ਸ਼ੱਕੀ ਰਹਿੰਦਾ ਹੈ. ਇਸ ਤੋਂ ਇਲਾਵਾ ‘ਆਪ’ ਵਿੱਚ ਸ਼ਾਮਲ ਹੋ ਰਹੇ ਦਲ-ਬਦਲੂਆਂ ਬਾਰੇ ਵੀ ਡਰ ਪ੍ਰਗਟ ਕੀਤਾ ਜਾਂਦਾ ਹੈ ਕਿ ਨਵੀਆਂ ਬੋਰੀਆਂ ਵਿੱਚ ਪੁਰਾਣੀ ਅਤੇ ਗਲੀ-ਸੜੀ ਕਣਕ ਭਰੀ ਜਾ ਰਹੀ ਹੈ.
ਅੱਜ ਦੀ ਵਿਹਾਰਕ ਰਣਨੀਤੀ ਇਹ ਕਹਿੰਦੀ ਹੈ ਕਿ ਅਕਾਲੀ ਦਲ ਦੇ ਮੁਕਾਬਲੇ ਪੰਜਾਬ ਵਿੱਚ ਟਿਕਣ ਲਈ ਕੋਈ ਰਾਸ਼ਟਰੀ ਸਿਆਸੀ ਪਾਰਟੀ, ਇੱਥੇ ਕਿਸੇ ਪੰਜਾਬੀ ਚਿਹਰੇ ਨੂੰ ਸਥਾਪਤ ਕਰੇ ਅਤੇ ਬਾਹਰਲੇ ਸੂਬਿਆਂ ਦੇ ਆਗੂਆਂ ਨੂੰ ਬਹੁਤਾ ਮਹੱਤਵ ਦੇਣ ਤੋਂ ਗੁਰੇਜ਼ ਹੀ ਕੀਤਾ ਜਾਵੇ. ਉਹ ਪੰਜਾਬੀ ਚਿਹਰਾ ਅਜਿਹੇ ਧੜੱਲੇਦਾਰ ਆਗੂ ਵਜੋਂ ਨਜ਼ਰ ਆਵੇ ਜਿਹੜਾ ਪੰਜਾਬ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਵਾਲਾ ਹੋਵੇ ਅਤੇ ਪੰਜਾਬ ਦੇ ਹਿੱਤ ਉਸਨੂੰ ਆਪਣੇ ਨਿੱਜੀ ਹਿੱਤਾਂ ਤੋਂ ਵੱਧ ਪਿਆਰੇ ਹੋਣ. ਉਹ ਅਜਿਹੇ ਜਰਨੈਲ ਵਜੋਂ ਸਥਾਪਤ ਹੋਵੇ ਜਿਹੜਾ ਪੰਜਾਬ ਦੇ ਹੱਕਾਂ ਲਈ ਦਿੱਲੀ ਨਾਲ ਠੋਕ ਕੇ ਟੱਕਰ ਲੈਣ ਵਾਲਾ ਹੋਵੇ ਭਾਵੇਂ ਕਿ ਇਸ ਲਈ ਉਸਦੀ ਕੁਰਸੀ ਵੀ ਦਾਅ ਉੱਤੇ ਲੱਗ ਜਾਵੇ. ਕਾਂਗਰਸ ਦੀ ਖੁਸ਼ਕਿਸਮਤੀ ਹੈ ਕਿ ਉਸ ਕੋਲ ਅਮਰਿੰਦਰ ਸਿੰਘ ਦੇ ਰੂਪ ਵਿੱਚ ਅਜਿਹਾ ਚਿਹਰਾ ਹੈ ਪਰ ਬਦਕਿਸਮਤੀ ਇਹ ਹੈ ਕਿ ਮੌਜੂਦਾ ਹਾਈਕਮਾਨ ਨੂੰ ਉਸਦੀ ਕਦਰ ਨਹੀਂ ਹੈ. ਕਾਂਗਰਸ ਹਾਈਕਮਾਨ, ਅਮਰਿੰਦਰ ਸਿੰਘ ਦੇ ਨਾਮ ਉੱਤੇ ਚੋਣਾਂ ਤਾਂ ਜਿੱਤਣਾ ਚਾਹੁੰਦੀ ਹੈ ਪਰ ਉਸ ਨੂੰ ਕਿਸੇ ਖੇਤਰੀ ਆਗੂ ਦੀ ਬਹੁਤੀ ਚੜ੍ਹਤ ਵੀ ਪਸੰਦ ਨਹੀਂ ਹੈ. ਇਸ ਤੋਂ ਇਲਾਵਾ ਅਮਰਿੰਦਰ ਸਿੰਘ ਦੇ ਆਪਣੇ ਜੀਵਨ ਢੰਗ ਵਿੱਚ ਵੀ ਕੁਝ ਅਜਿਹੀਆਂ ਕਮਜ਼ੋਰੀਆਂ ਹਨ ਜਿੰਨ੍ਹਾਂ ਦੇ ਕਾਰਨ ਉਹ ਆਪਣੇ ਅਕਸ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ. ਉਹਨਾਂ ਨੂੰ ਸਿਰਫ ਚੋਣਾਂ ਦੇ ਦਿਨਾਂ ਵਿੱਚ ਹੀ ਕਾਰਜਸ਼ੀਲ ਵੇਖਿਆ ਜਾਂਦਾ ਹੈ ਅਤੇ ਬਾਕੀ ਸਮਾਂ ਉਹ ਆਮ ਜਨਤਾ ਲਈ ਉਪਲਬਧ ਨਹੀਂ ਰਹਿੰਦੇ. ਭਾਵੇਂ ਕਿ ਉਹ ਇਸ ਲਈ ਵੀ ਬਹੁਤ ਹੱਦ ਤੱਕ ਕਾਂਗਰਸ ਹਾਈਕਮਾਨ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ ਜਿਹੜੀ ਕਿ ਅੱਗੇ-ਪਿੱਛੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪਦੀ ਹੀ ਨਹੀਂ. ਇਸ ਤੋਂ ਇਲਾਵਾ ਕਈ ਛੋਟੇ-ਮੋਟੇ ਨੇਤਾਵਾਂ ਨੂੰ ਅਮਰਿੰਦਰ ਦੇ ਖਿਲਾਫ਼ ਹਵਾ ਦੇਣ ਵਾਲੇ ਵੀ ਹਾਈਕਮਾਨ ਵਿਚਲੇ ਕੁਝ ਵੱਡੇ ਕਾਂਗਰਸੀ ਨੇਤਾ ਹੀ ਹਨ.
ਹੁਣ ‘ਆਪ’ ਹਾਈਕਮਾਨ ਨੇ ਵੀ ਜੇਕਰ ਕਾਂਗਰਸ ਹਾਈਕਮਾਨ ਦੀਆਂ ਅਜਿਹੀਆਂ ਗਲਤੀਆਂ ਤੋਂ ਕੁਝ ਨਾ ਸਿੱਖਿਆ ਤਾਂ ਉਸ ਨੂੰ ਵੀ ਕਾਂਗਰਸ ਵਾਲੀ ਸਥਿਤੀ ਵਿੱਚ ਖੜੇ ਹੋਣਾ ਪੈ ਸਕਦਾ ਹੈ. ਇਸ ਲਈ ਆਦਰਸ਼ਾਂ ਅਤੇ ਵਿਹਾਰਕਤਾ ਨੂੰ ਬਰਾਬਰ ਹੀ ਲੈ ਕੇ ਚੱਲਣਾ ਪਵੇਗਾ. ਭਾਵੇਂ ਕਿ ਪਾਰਟੀ ਖੜੀ ਕਰਨ ਵਿੱਚ ਕੇਜਰੀਵਾਲ ਦਾ ਅਣਮੁੱਲਾ ਯੋਗਦਾਨ ਹੈ ਪਰ ਫਿਰ ਵੀ ਪਾਰਟੀ ਨੂੰ ਕਿਸੇ ਵੀ ਤਰਾਂ ‘ਵੰਨ ਮੈਨ ਸ਼ੋਅ’ ਬਣਨ ਤੋਂ ਬਚਾਇਆ ਜਾਵੇ ਅਤੇ ਵਿਰੋਧੀ ਵਿਚਾਰਾਂ ਵਾਲੇ ਨੇਤਾਵਾਂ ਦੀ ਵੀ ਸੁਣੀ ਜਾਵੇ. ਅੰਦਰੂਨੀ ਲੋਕਤੰਤਰ ਬਹਾਲ ਕੀਤਾ ਜਾਵੇ ਅਤੇ ਲੋਕਪਾਲ ਵਰਗੀਆਂ ਸੰਸਥਾਵਾਂ ਨੂੰ ਉਸੇ ਰੂਪ ਵਿੱਚ ਪ੍ਰਫੁੱਲਤ ਕੀਤਾ ਜਾਵੇ ਜਿਵੇਂ ਕਿ ਪੰਜ ਸਾਲ ਪਹਿਲਾਂ ਚਿਤਵਿਆ ਗਿਆ ਸੀ. ਪੰਜਾਬ ਨੂੰ ਕਰਜ਼ੇ, ਨਸ਼ਿਆਂ, ਕੈਂਸਰ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਦਲਦਲਾਂ ਤੋਂ ਬਚਾਉਣ ਲਈ ਆਪਣੀਆਂ ਨੀਤੀਆਂ ਦਾ ਖਾਕਾ ਪੇਸ਼ ਕਰਨਾ ਬਹੁਤ ਜਰੂਰੀ ਹੈ. ਇਸੇ ਤਰਾਂ ਦੂਜੀਆਂ ਪਾਰਟੀਆਂ ਦੇ ਅਸੰਤੁਸ਼ਟ ਪਰ ਦਾਗੀ ਨੇਤਾਵਾਂ ਨੂੰ ਬਿਲਕੁਲ ਵੀ ਮੂੰਹ ਨਾ ਲਗਾਇਆ ਜਾਵੇ, ਦਲ-ਬਦਲੂਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ ਅਤੇ ਆਪਣੇ ਵਰਕਰਾਂ ਦੀ ਪੂਰੀ ਕਦਰ ਕੀਤੀ ਜਾਵੇ. ਟਿਕਟਾਂ ਦੇਣ ਵੇਲੇ ਰਿਟਾਇਰਡ ਅਫਸਰਸ਼ਾਹੀ ਨੂੰ ਲੋੜ ਤੋਂ ਵੱਧ ਮਹੱਤਵ ਦੇਣਾ ਖਤਰਨਾਕ ਹੋ ਸਕਦਾ ਹੈ. ਭਾਵੇਂ ਕਿ ਮੌਜੂਦਾ ਪ੍ਰਬੰਧ ਵਿੱਚ ਟਿਕਣ ਲਈ ਤੁਹਾਨੂੰ ਆਪਣੇ ਆਦਰਸ਼ਵਾਦ ਦੀਆਂ ਹੱਦਾਂ ਮਿਥਣੀਆਂ ਹੀ ਪੈਣਗੀਆਂ ਪਰ ਫਿਰ ਵੀ ਵਿਹਾਰਕਤਾ ਦੇ ਨਾਮ ਉੱਤੇ ਆਦਰਸ਼ਾਂ ਨੂੰ ਪੂਰੀ ਤਰਾਂ ਬਲੀ ਚੜ੍ਹਾ ਦੇਣਾ ਵੀ ਖੁਦਕੁਸ਼ੀ ਸਾਬਤ ਹੋ ਸਕਦਾ ਹੈ. ਤੁਹਾਡਾ ਦਾਮਨ ਜਿੰਨਾ ਵੱਧ ਸਾਫ਼ ਹੋਵੇ, ਦਾਗ ਲੱਗਣ ਤੋਂ ਬਚਾਉਣ ਦੀ ਵੀ ਉਨੀ ਹੀ ਵੱਧ ਲੋੜ ਹੁੰਦੀ ਹੈ ਕਿਉਂਕਿ ਤੁਹਾਡਾ ਮੁਕਾਬਲਾ ਹੋਰਾਂ ਸਿਆਸਤਦਾਨਾਂ ਜਾਂ ਪਾਰਟੀਆਂ ਨਾਲ ਨਹੀਂ ਬਲਕਿ ਤੁਹਾਡੇ ਆਪਣੇ ਹੀ ਬੀਤੇ ਹੋਏ ਕੱਲ ਨਾਲ ਕੀਤਾ ਜਾਣਾ ਹੈ.
-
ਜੀ. ਐੱਸ. ਗੁਰਦਿੱਤ,
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.