ਅਫਗਾਨ ਸ਼ਰਨਾਰਥੀਆਂ ਦੀ ਤ੍ਰਾਸਦੀ
ਗੁਰਮੀਤ ਸਿੰਘ ਪਲਾਹੀ
ਅਫਗਾਨਿਸਤਾਨ ਤੋਂ ਵੱਡੀਆਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਸੋਵੀਅਤ ਯੂਨੀਅਨ (ਰੂਸ) ਪਹਿਲਾਂ ਅਫਗਾਨਿਸਤਾਨ ਦੇ ਵਸ਼ਿੰਦਿਆਂ ਦਾ ਸਾਥ ਛੱਡ ਗਿਆ ਸੀ ਅਤੇ ਹੁਣ ਅਮਰੀਕੀ ਫੌਜਾਂ 20 ਸਾਲ ਅਫਗਾਨਿਸਤਾਨ 'ਚ ਆਪਣੀਆਂ ਚੰਮ ਦੀਆਂ ਚਲਾਕੇ, ਉਥੋਂ ਦੇ ਵਸ਼ਿੰਦਿਆਂ ਨੂੰ ਆਪਣੇ ਰਹਿਮੋ ਕਰਮ ਉਤੇ ਛੱਡ ਗਈਆਂ ਹਨ। ਤਾਲਿਬਾਨ ਲਗਭਗ ਸਾਰੇ ਅਫਗਾਨਿਸਤਾਨ ਉਤੇ ਕਾਬਜ਼ ਹੋ ਗਿਆ ਹੈ ਅਤੇ ਲੋਕ ਆਪਣਾ ਦੇਸ਼ ਛੱਡਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ।
ਮੋਟਾ ਅੰਦਾਜ਼ਾ ਹੈ ਕਿ ਹੁਣ ਤੱਕ ਤੀਹ ਲੱਖ ਅਫਗਾਨ ਸ਼ਰਨਾਰਥੀ ਦੁਨੀਆ ਭਰ ਦੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਹ ਗਿਣਤੀ ਜਿਆਦਾ ਵੀ ਹੋ ਸਕਦੀ ਹੈ। ਪਾਕਿਸਤਾਨ ਪਿਛਲੇ ਚਾਰ ਦਹਾਕਿਆਂ ਤੋਂ ਅਫਗਾਨ ਸ਼ਰਨਾਰਥੀਆਂ ਦਾ ਭਾਰ ਢੋਅ ਰਿਹਾ ਹੈ। ਉਸਦਾ ਦਾਅਵਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਪੰਦਰਾਂ ਲੱਖ ਸ਼ਰਨਾਰਥੀ ਰਜਿਸਟਰ ਕੀਤੇ ਹਨ, ਬਾਕੀ ਬਿਨਾਂ ਰਜ਼ਿਸਟ੍ਰੇਸ਼ਨ ਰਹਿ ਰਹੇ ਹਨ। ਪਾਕਿਸਤਾਨ, ਜਿਹੜਾ ਤਾਲਿਬਾਨ ਦੇ ਨਾਲ ਹਿੱਕ ਡਾਹ ਕੇ ਖੜਾ ਹੋਇਆ ਹੈ, ਉਸਨੇ ਹੁਣ ਅਫਗਾਨ ਸ਼ਰਨਾਰਥੀਆਂ ਲਈ ਦਰਵਾਜੇ ਢੋਹ ਲਏ ਹਨ।
ਅਫਗਾਨਿਸਤਾਨ `ਚ ਹਾਲਾਤ ਗੰਭੀਰ ਹਨ ਅਤੇ ਉਥੇ ਸਿਆਸੀ ਅਨਿਸਚਿਤਤਾ ਬਣੀ ਹੋਈ ਹੈ। ਤਾਲਿਬਾਨਾਂ ਨੇ ਅਫਗਾਨਿਸਤਾਨ ਤੇ ਕਬਜਾ ਕਰਨ ਉਪਰੰਤ 12 ਮੈਂਬਰੀ ਕਮੇਟੀ ਬਣਾਈ ਹੈ, ਪਰ ਹਾਲੀ ਤੱਕ ਆਪਣਾ ਕੋਈ ਵੀ ਮੁੱਖੀ/ਰਾਸ਼ਟਰਪਤੀ ਨਹੀਂ ਐਲਾਨਿਆ। ਭਾਵੇਂ ਕਿ ਤਾਲਿਬਾਨ ਖਾੜਕੂ ਲੋਕਾਂ ਨੂੰ ਅਫਗਾਨ ਨਾ ਛੱਡਣ ਲਈ ਕਹਿ ਰਹੇ ਹਨ, ਪਰ ਕਿਉਂਕਿ ਲੋਕਾਂ ਨੂੰ 20 ਸਾਲ ਪਹਿਲੇ ਤਲਿਬਾਨਾਂ ਵਲੋਂ ਕੀਤੇ ਜ਼ੁਲਮ ਯਾਦ ਹਨ, ਇਸ ਕਰਕੇ ਉਹ ਦੇਸ਼ ਛੱਡਣ `ਚ ਹੀ ਆਪਣਾ ਭਲਾ ਸਮਝ ਰਹੇ ਹਨ। ਇਸ ਲਈ ਤਾਲਿਬਾਨ ਦੇ ਕਬਜੇ ਦੇ ਬਾਅਦ ਵੱਡੀ ਗਿਣਤੀ ਸ਼ਰਨਾਰਥੀਆਂ ਦੀ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਹਵਾਈ ਅੱਡੇ ਉਤੇ ਜਿਸ ਤਰ੍ਹਾਂ ਦੀ ਭੀੜ ਦਿਖ ਰਹੀ ਹੈ, ਉਹ ਚਿੰਤਾ ਕਰਨ ਵਾਲੀ ਹੈ।
ਲੋਕਾਂ ਨੂੰ ਲੱਗ ਰਿਹਾ ਹੈ ਕਿ ਕੋਈ ਵੀ ਸਾਧਨ ਜਾਂ ਤਰੀਕਾ ਵਰਤਕੇ ਦੇਸ਼ ਛੱਡਣ 'ਚ ਹੀ ਉਹਨਾ ਦੀ ਭਲਾਈ ਹੈ। ਅਫਗਾਨੀ ਲੋਕਾਂ 'ਚ ਇਸ ਗੱਲ ਦੀ ਅਨਿਸ਼ਚਿਤਤਾ ਹੈ ਕਿ ਤਾਲੀਬਾਨੀਆਂ ਦਾ ਰਾਜ ਕਿਹੋ ਜਿਹਾ ਹੋਏਗਾ? ਇਸੇ ਲਈ ਅਮਰੀਕਾ ਸਹਿਤ ਸਾਰੇ ਦੇਸ਼ ਆਪਣੇ ਨਾਗਰਿਕ ਅਤੇ ਉਹਨਾ ਲਈ ਕੰਮ ਕਰਨ ਵਾਲੇ ਅਫਗਾਨੀਆਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਪਹੁੰਚਾ ਰਹੇ ਹਨ। ਅਮਰੀਕੀਆਂ ਦਾ ਦਾਅਵਾ ਹੈ ਕਿ ਉਹਨਾ 60 ਹਜ਼ਾਰ ਲੋਕਾਂ ਨੂੰ ਕਾਬੁਲ 'ਚੋਂ ਬਾਹਰ ਕੱਢਿਆ ਹੈ। ਬ੍ਰਿਟਿਸ਼ ਸਰਕਾਰ ਵੀ 5200 ਲੋਕਾਂ ਨੂੰ ਬਾਹਰ ਕੱਢ ਚੁੱਕੀ ਹੈ। ਭਾਰਤ ਵਲੋਂ ਵੀ ਆਪਣੇ ਸੈਂਕੜੇ ਮੁਲਾਜ਼ਮ ਵਾਪਸ ਲਿਆਂਦੇ ਗਏ ਹਨ, ਕਿਉਂਕਿ ਤਾਲਿਬਾਨ ਨੇ 31 ਅਗਸਤ 2021 ਤੱਕ ਇਹਨਾ ਦੇਸ਼ਾਂ ਦੇ ਲੋਕਾਂ ਨੂੰ ਬਾਹਰ ਲੈ ਜਾਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ।
ਅਫਗਾਨਿਸਤਾਨ ਦੀ ਇਸ ਵੇਲੇ ਦੀ ਸਮੱਸਿਆ ਗੰਭੀਰ ਹੈ।ਅਮਰੀਕੀ ਫੌਜਾਂ ਦੀ ਵਾਪਸੀ ਉਪਰੰਤ, ਅਫਗਾਨੀ ਫੋਜਾਂ ਤਾਲਿਬਾਨਾਂ ਦਾ, ਜਿਹਨਾ ਨੂੰ ਪਾਕਿਸਤਾਨ ਦੀ ਭਰਪੂਰ ਹਮਾਇਤ ਹੈ, ਮੁਕਾਬਲਾ ਨਹੀਂ ਕਰ ਸਕੀਆਂ। ਸਿਰਫ ਪੰਚਸ਼ੀਰ ਸੂਬੇ `ਚ ਉਥੋਂ ਦੇ ਕਬੀਲੇ ਅਤੇ ਨਾਰਥ ਪ੍ਰੋਵਿੰਨਸ ਫੌਜਾਂ ਤਾਲਿਬਾਨਾਂ ਨੂੰ ਟੱਕਰ ਦੇ ਰਹੀਆਂ ਹਨ। ਅਹਿਮਦ ਮਸੂਦ ਅਤੇ ਸਾਬਕਾ ਅਫਗਾਨੀ ਉਪ ਰਾਸ਼ਟਰਪਤੀ ਅਮਰੁਲਾ ਸਲਾਹ ਦੀ ਅਗਵਾਈ `ਚ ਪੂਰੇ ਵਿਸ਼ਵ `ਚ ਅਫਗਾਨਿਸਤਾਨ ਨਾਲ ਹੋ ਰਹੀਆਂ ਤਾਲਿਬਾਨੀ ਜਿਆਦਤੀਆਂ ਨੂੰ ਲੋਕਾਂ ਸਾਹਵੇਂ ਲਿਆ ਰਹੇ ਹਨ। ਇਸ ਵੇਲੇ ਤਾਲਿਬਾਨ ਪੰਚਸ਼ੀਰ ਨੂੰ ਕਬਜ਼ੇ `ਚ ਲੈਣ ਲਈ ਲੜਾਈ ਲੜ ਰਹੇ ਹਨ, ਕਿਉਂਕਿ ਉਹਨਾ ਕੋਲ ਉਹ ਸਾਰਾ ਅਸਲਾ, ਟੈਂਕ, ਮਸ਼ੀਨਰੀ ਆਦਿ ਮੌਜੂਦ ਹੈ ਜੋ ਅਮਰੀਕੀ ਫੌਜਾਂ ਅਫਗਾਨਿਸਤਾਨ ਵਿੱਚ ਛੱਡ ਗਈਆਂ ਹਨ ਤੇ ਆਫਗਾਨਿਸਤਾਨ ਦੀਆਂ ਫੌਜਾਂ ਇਸ ਅਸਲੇ ਨੂੰ ਸੰਭਾਲ ਨਹੀਂ ਸਕੀਆਂ। ਭਾਵੇਂ ਕਿ ਖ਼ਬਰਾਂ ਇਹ ਵੀ ਹਨ ਕਿ ਦੋਹਾਂ ਧਿਰਾਂ 'ਚ ਜੰਗਬੰਦੀ ਹੋ ਗਈ ਹੈ।
ਮੌਜੂਦਾ ਹਾਲਾਤ ਦੇ ਮੱਦੇ ਨਜ਼ਰ ਸ਼ਰਨਾਰਥੀਆਂ ਦੀ ਸਮੱਸਿਆ ਡੂੰਘੀ ਤੇ ਵਡੇਰੀ ਹੁੰਦੀ ਜਾ ਰਹੀ ਹੈ। ਇਸ ਕਰਕੇ ਅਫਗਾਨਿਸਤਾਨ ਦੇ ਆਸਪਾਸ ਦੇ ਦੇਸ਼ ਪ੍ਰੇਸ਼ਾਨ ਹਨ। ਉਹ ਪਹਿਲਾਂ ਹੀ ਅਫਗਾਨੀ ਸ਼ਰਨਾਰਥੀਆਂ ਦਾ ਸੰਕਟ ਝੱਲ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਲੱਖਾਂ ਅਫਗਾਨੀ ਦੇਸ਼ ਛੱਡ ਚੁੱਕੇ ਹਨ। ਈਰਾਨ ਅਤੇ ਤਿੰਨ ਹੋਰ ਰਾਜਾਂ ਨੇ ਸ਼ਰਨਾਰਥੀਆਂ ਨੂੰ ਜਗਾਹ ਦਿੱਤੀ ਹੈ। ਪਾਕਿਸਤਾਨ ਵੱਲ ਵੀ ਇਹ ਸ਼ਰਨਾਰਥੀ ਰੁਖ ਕਰ ਰਹੇ ਹਨ। ਅਫਗਾਨਿਸਤਾਨ ਦਾ ਗੁਆਂਢੀ ਮੁਲਕ ਤਾਜਕਿਸਤਾਨ ਵੀ ਸ਼ਰਨਾਰਥੀਆਂ ਪ੍ਰਤੀ ਚਿੰਤਤ ਹੈ। ਉਹ ਇੱਕ ਲੱਖ ਸ਼ਰਨਾਰਥੀਆਂ ਨੂੰ ਪਨਾਹ ਦੇ ਚੁੱਕਾ ਹੈ। ਪੱਛਮੀ ਦੇਸ਼ਾਂ ਨੇ ਵੀ ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਬਰਤਾਨੀਆ ਵੀ ਵੀਹ ਹਜ਼ਾਰ ਅਫਗਾਨੀ ਔਰਤਾਂ ਤੇ ਬੱਚਿਆਂ ਨੂੰ ਪਨਾਹ ਦੇਵੇਗਾ ਜਦਕਿ ਕੈਨੇਡਾ ਨੇ ਵੀ ਵੀਹ ਹਜ਼ਾਰ ਹੋਰ ਸ਼ਰਨਾਰਥੀਆਂ ਨੂੰ ਸੰਭਾਲਣ ਲਈ ਦਰਵਾਜ਼ੇ ਖੋਲ੍ਹੇ ਹਨ। ਜਰਮਨੀ ਵੀ ਹੁਣ ਦਸ ਹਜ਼ਾਰ ਸ਼ਰਨਾਰਥੀਆਂ ਨੂੰ ਸ਼ਰਨ ਦੇਵੇਗਾ। ਅਮਰੀਕਾ ਵਲੋਂ ਤਾਂ ਉਹਨਾ ਸਾਰੇ ਅਫਗਾਨੀਆਂ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਬੀੜਾ ਚੁੱਕਿਆ ਹੋਇਆ ਹੈ, ਜਿਹੜੇ 20 ਸਾਲ ਉਹਨਾ ਦਾ ਅਫਗਾਨਿਸਤਾਨ 'ਚ ਸਾਥ ਦਿੰਦੇ ਰਹੇ ਹਨ।
ਤਾਲਿਬਾਨਾਂ ਨੇ ਕਾਬੁਲ `ਚ ਰਾਸ਼ਟਰਪਤੀ ਮਹੱਲ ਸੰਭਾਲਣ ਉਪਰੰਤ ਪ੍ਰੈਸ ਕਾਨਫਰੰਸ ਕੀਤੀ। ਕਿਸੇ ਨੂੰ ਵੀ ਦੇਸ਼ ਨਾ ਛੱਡਣ ਲਈ ਪ੍ਰੇਰਿਆ। ਸਭਨਾ ਦੀ ਸੁਰੱਖਿਆ ਦਾ ਬਚਨ ਦਿਤਾ ਪਰ ਤਾਲਿਬਾਨਾਂ ਨੇ ਸਕੂਲਾਂ, ਵਿਦਿਆਰਥੀਆਂ ਤੇ ਵਿਦਿਆਰਥਣਾ ਨੂੰ ਵੱਖੋ-ਵੱਖਰੇ ਕਮਰਿਆਂ `ਚ ਪੜ੍ਹਨ ਦਾ ਆਦੇਸ਼ ਸੁਣਾ ਦਿੱਤਾ। ਔਰਤਾਂ ਨੂੰ ਟੀਵੀ ਐਂਕਰਾਂ ਵਜੋਂ ਛੁੱਟੀ ਕਰ ਦਿੱਤੀ ਹੈ। ਤਾਲਿਬਾਨ ਲੜਾਕੇ ਉਹਨਾ ਲੋਕਾਂ ਨੂੰ ਲੱਭ ਰਹੇ ਹਨ ਜਿਹਨਾ ਨੇ ਅਮਰੀਕੀ ਨੇਤਾਵਾਂ ਦਾ ਸਾਥ ਦਿਤਾ, ਜਿਹਨਾ ਦੀ ਸੂਚੀ ਉਹਨਾ ਕੋਲ ਹੈ।
ਅਮਰੀਕਾ ਨੇ ਪਿਛਲੇ 20 ਸਾਲ ਅਰਬਾਂ-ਖਰਬਾਂ ਰੁਪਏ ਅਫਗਾਨਿਸਤਾਨ `ਚ ਖਰਚ ਕੀਤੇ ਲੇਕਿਨ ਨਾ ਤਾਂ ਅਫਗਾਨਿਸਤਾਨ `ਚ ਸ਼ਾਤੀ ਆਈ ਨਾ ਹੀ ਤਾਲਿਬਾਨ ਦਾ ਸਫਾਇਆ ਹੋਇਆ। ਸਗੋਂ ਅਮਰੀਕਾ ਨੇ ਉਹਨਾ ਅਫਗਾਨੀਆਂ ਨੂੰ ਸੰਕਟ `ਚ ਪਾ ਦਿਤਾ ਜਿਹੜੇ ਵੀਹ ਸਾਲ ਉਹਨਾ ਦੇ ਸਹਿਯੋਗੀ ਰਹੇ।
ਅਫਗਾਨੀ ਸ਼ਰਨਾਰਥੀਆਂ ਦੀ ਸੰਖਿਆ ਸੈਂਕੜਿਆਂ, ਹਜ਼ਾਰਾਂ 'ਚ ਨਹੀਂ, ਸਗੋਂ ਲੱਖਾਂ 'ਚ ਹੈ। ਰੂਸ ਵੀ ਇਸ ਚਿੰਤਾ ਵਿੱਚ ਹੈ ਕਿ ਆਖ਼ਰ ਅਫਗਾਨੀ ਸ਼ਰਨਾਰਥੀਆਂ ਦਾ ਕੀ ਕੀਤਾ ਜਾਵੇ। ਭਾਵੇਂ ਪਾਕਿਸਤਾਨ ਖੁਸ਼ ਹੈ ਕਿ ਉਸਦੀ ਪਕੜ ਇਸ ਖਿੱਤੇ 'ਚ ਮਜ਼ਬੂਤ ਹੋਈ ਹੈ, ਜਿਥੇ ਭਾਰਤ ਤੇ ਅਮਰੀਕਾ ਦੀ ਪਹਿਲਾਂ ਵੱਡੀ ਪਕੜ ਸੀ। ਪਾਕਿਸਤਾਨ ਹੁਣ ਅਫਗਾਨਿਸਤਾਨ 'ਚ ਸਰਕਾਰ ਬਨਾਉਣ ਦੀ ਵੱਡੀ ਭੂਮਿਕਾ ਵੀ ਨਿਭਾ ਰਿਹਾ ਹੈ। ਪਰ ਪਾਕਿਸਤਾਨ ਦੀ ਚਿੰਤਾ ਉਹ ਵੱਡੀ ਗਿਣਤੀ ਸ਼ਰਨਾਰਥੀ ਵੀ ਹਨ, ਜਿਹੜੇ ਉਹਦੀਆਂ ਸਰਹੱਦਾਂ ਉਤੇ ਡੇਰੇ ਜਮਾਈ ਬੈਠੇ ਹਨ।
ਅਸਲ ਵਿੱਚ ਜਦੋਂ 2020 ਵਿੱਚ ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ। ਅਫਗਾਨਿਸਤਾਨੀ ਸ਼ਰਨਾਰਥੀ ਪਹਿਲਾਂ ਹੀ ਦੂਜੇ ਦੇਸ਼ਾਂ 'ਚ ਸ਼ਰਨ ਲੈਣ ਲਈ ਤੁਰ ਪਏ ਸਨ। ਪਾਕਿਸਤਾਨ, ਈਰਾਨ ਤੋਂ ਇਲਾਵਾ ਜਰਮਨ, ਤਾਜਿਕਸਤਾਨ, ਤੁਰਕੀ, ਅਸਟਰੀਆ, ਫਰਾਂਸ, ਗਰੀਸ 'ਚ ਵੱਡੀ ਸੰਖਿਆ ਅਫਗਾਨੀ ਸ਼ਰਨਾਰਥੀ ਪਹੁੰਚੇ। ਜਰਮਨੀ 'ਚ ਪੌਣੇ ਦੋ ਲੱਖ ਅਤੇ ਤੁਰਕੀ 'ਚ ਸਵਾ ਲੱਖ ਸ਼ਰਨਾਰਥੀਆਂ ਨੇ ਸ਼ਰਨ ਲੈ ਲਈ।
ਉਹ ਪਾਕਿਸਤਾਨ ਜਿਸਨੇ ਤਾਲਿਬਾਨਾਂ ਨੂੰ ਅਫਗਾਨਿਸਤਾਨ ਦੀ ਗੱਦੀ ਦੁਆਈ ਹੈ, ਉਹ ਅਫਗਾਨੀ ਸ਼ਰਨਾਰਥੀਆਂ ਨਾਲ ਬੁਰਾ ਸਲੂਕ ਕਰਦੀ ਹੈ। ਉਹਨਾ ਦੇ ਮਾਨਵ ਅਧਿਕਾਰਾਂ ਦੀ ਪਾਕਿਸਤਾਨ `ਚ ਉਲੰਘਣਾ ਹੁੰਦੀ ਹੈ। ਉਹਨਾ ਨੂੰ ਉਥੇ ਸਿੱਖਿਆ, ਸਿਹਤ ਸਹੂਲਤਾਂ ਵੀ ਨਹੀਂ ਮਿਲਦੀਆਂ। ਕਰਾਚੀ `ਚ ਵੱਡੀ ਗਿਣਤੀ ਅਫਗਾਨੀ ਝੌਪੜੀਆਂ `ਚ ਰਹਿੰਦੇ ਹਨ। ਇਕੱਲੇ ਕਰਾਚੀ `ਚ ਝੁੱਗੀਆਂ `ਚ ਰਹਿਣ ਵਾਲੇ ਅਫਗਾਨੀਆਂ ਦੀ ਗਿਣਤੀ ਦੋ ਲੱਖ ਹੈ। ਅਸਲ `ਚ ਪਿਛਲੇ ਕਈ ਦਹਾਕਿਆਂ ਤੋਂ ਕਰਾਚੀ `ਚ ਰਹਿਣ ਵਾਲੇ ਅਫਗਾਨੀ ਸ਼ਰਨਾਰਥੀ ਤਾਂ ਉਥੋਂ ਦੇ ਵਸ਼ਿੰਦੇ ਹੀ ਬਣ ਚੁੱਕੇ ਹਨ। ਉਹ ਵਾਪਿਸ ਅਫਗਾਨਿਸਤਾਨ ਨਹੀਂ ਜਾਣਾ ਚਾਹੁੰਦੇ। ਉਹ ਪੱਛਮੀ ਦੇਸ਼ਾਂ ਵੱਲ ਵੀ ਨਹੀਂ ਜਾਣਾ ਚਾਹੁੰਦੇ। ਉਹਨਾ ਦਾ ਵਿਸ਼ਵਾਸ਼ ਹੈ ਕਿ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਹਮਲੇ ਬਾਅਦ ਉਹਨਾ ਦੀ ਹਾਲਾਤ ਨਾਜਕ ਹੋਈ ਸੀ। ਉਹਨਾ ਨੂੰ ਸੋਵੀਅਤ ਯੂਨੀਅਨ ਦੀਆਂ ਫੌਜਾਂ ਦੇ ਵਾਪਿਸ ਜਾਣ ਨਾਲ ਆਸ ਬੱਝੀ ਸੀ ਕਿ ਉਹਨਾ ਦੀ ਹਾਲਤ ਬਿਹਤਰ ਹੋਏਗੀ। ਪਰ ਅਫਗਨਾਨਿਸਤਾਨ 'ਚ ਸ਼ਾਂਤੀ ਨਹੀਂ ਆਈ। ਅਫਗਾਨਿਸਤਾਨ ਦੇ ਕਬੀਲਿਆਂ ਦੇ ਸਰਦਾਰਾਂ ਅਤੇ ਫਿਰ ਤਾਲਿਬਾਨ ਨੇ ਅਫਗਾਨਿਸਤਾਨ ਤਬਾਹ ਕਰ ਦਿੱਤਾ। ਅਮਰੀਕਾ ਅਤੇ ਨਾਟੋ ਦੇਸ਼ ਵੀ ਅਫਗਾਨੀਆਂ ਦੀ ਹਾਲਤ ਸੁਧਾਰਨ 'ਚ ਨਾਕਾਮਯਾਬ ਰਹੇ। ਉਹਨਾ ਦੀ ਨਾਕਾਮਯਾਬੀ ਕਾਰਨ ਤਾਲਿਬਾਨ ਮੁੜ ਅਫਗਾਨਿਸਤਾਨ ਤੇ ਕਾਬਜ਼ ਹੋ ਗਿਆ ਹੈ।
ਅਫਗਾਨੀ ਸ਼ਰਨਾਰਥੀਆਂ ਦੀ ਹਾਲਤ ਤਰਸਯੋਗ ਹੈ। ਅਫਗਾਨਿਸਤਾਨ ਦੇ ਗੁਆਂਢੀ ਦੇਸ਼ ਪਾਕਿਸਤਾਨ, ਈਰਾਨ, ਉਜਬੇਕਿਸਤਾਨ ਦੀ ਵਿੱਤੀ ਹਾਲਤ ਠੀਕ ਨਹੀਂ ਹੈ। ਇਹੋ ਜਿਹੇ ਹਾਲਾਤਾਂ 'ਚ ਉਹ ਸ਼ਰਨਾਰਥੀਆਂ ਦਾ ਬੋਝ ਕਿਵੇਂ ਤੇ ਕਿੰਨਾ ਕੁ ਚੁੱਕ ਸਕਦੇ ਹਨ। ਸ਼ਰਨਾਰਥੀਆਂ ਦੀ ਭੀੜ ਦਾ ਅਸਰ ਉਹਨਾ ਮੁਲਕਾਂ ਦੀ ਆਰਥਿਕਤਾ ਉਤੇ ਵੀ ਪਵੇਗਾ।
ਅਫਗਾਨਿਸਤਾਨ ਵਿੱਚ ਜਿਸ ਕਿਸਮ ਦੇ ਹਾਲਾਤ ਬਣ ਰਹੇ ਹਨ, ਉਹ ਗ੍ਰਹਿ ਯੁੱਧ ਦਾ ਸੰਕੇਤ ਦਿੰਦੇ ਹਨ। ਅਫਗਾਨੀ ਤਾਲਿਬਾਨਾਂ ਦੀਆਂ ਕੱਟੜ ਨੀਤੀਆਂ ਨੂੰ ਉਦਾਰਵਾਦੀ ਅਫਗਾਨੀ ਪਸ਼ਤੂਨ ਪ੍ਰਵਾਨ ਨਹੀਂ ਕਰਦੇ। ਦੇਸ਼ ਦੇ ਵੱਖੋ-ਵੱਖਰੇ ਭਾਗਾਂ 'ਚ ਉਹਨਾ ਵਲੋਂ ਕਬਜ਼ਾਧਾਰੀ ਤਾਲਿਬਾਨਾਂ ਦੇ ਝੰਡੇ ਉਤਾਰਕੇ ਅਫਗਾਨਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਰੋਸ ਮਾਰਚ ਵੀ ਕੱਢੇ ਗਏ ਹਨ।
ਅਫਗਾਨਿਸਤਾਨ ਦੀਆਂ ਤਾਜਿਕ, ਹਜਾਰਾ ਅਤੇ ਉਜਬੇਕ ਜਾਤੀਆਂ ਕਿਸੇ ਵੀ ਕੀਮਤ ਉਤੇ ਤਾਲਿਬਾਨ ਦੇ ਉਸ ਕਿਸਮ ਦੇ ਰਾਜ ਨੂੰ ਪ੍ਰਵਾਨ ਨਹੀਂ ਕਰਨਗੇ ਜੋ ਕਿਸੇ ਵੇਲੇ ਮੁਲਾ ਉਮਰ ਦਾ ਤਾਲਿਬਾਨੀ ਰਾਜ ਸੀ। ਜਿਥੇ ਸਜਾਵਾਂ ਸਖ਼ਤ ਸਨ। ਸ਼ਰੇਆਮ ਲੋਕਾਂ ਨੂੰ ਕੋੜੇ ਮਾਰੇ ਜਾਂਦੇ ਸਨ। ਲੜਕੀਆਂ ਨੂੰ ਪੜ੍ਹਨ ਦੀ ਮਨਾਹੀ ਸੀ।
ਇਹੋ ਜਿਹੀਆਂ ਪ੍ਰਸਥਿਤੀਆਂ 'ਚ ਵਿਸ਼ਵ ਭਾਈਚਾਰੇ ਅਤੇ ਯੂ.ਐਨ.ਓ. ਨੂੰ ਵਿਸ਼ੇਸ਼ ਭੂਮਿਕਾ ਨਿਭਾਉਣ ਦੀ ਲੋੜ ਹੈ। ਅਫਗਾਨੀ ਸ਼ਰਨਾਰਥੀਆਂ ਦਾ ਤਤਕਾਲਿਕ ਹੱਲ ਇਹ ਹੀ ਹੈ ਕਿ ਉਥੇ ਸਰਬ ਸਾਂਝੀ ਅਫਗਾਨਿਸਤਾਨ ਸਰਕਾਰ ਬਣੇ। ਸਿਆਸੀ ਸਥਿਰਤਾ ਆਵੇ ਅਤੇ ਸ਼ਾਂਤੀ ਦਾ ਮਾਹੌਲ ਬਣੇ। ਨਹੀਂ ਤਾਂ ਅਫਗਾਨੀ ਸ਼ਰਨਾਰਥੀ, ਜੋ ਆਪਣਾ ਘਰ-ਬਾਰ ਛੱਡ ਚੁੱਕੇ ਹਨ, ਦਰ-ਦਰ ਦੀਆਂ ਠੋਕਰਾਂ ਖਾਂਦੇ ਰਹਿਣਗੇ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.