ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਮਨ ਦੇ ਬੂਹੇ ਬਾਰੀਆਂ ਵਿਚਲੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਗ਼ਜ਼ਲ ਨੇ ਵਿਸ਼ੇ ਵਸਤੂ, ਸ਼ਿਲਪ, ਭਾਵਾਂ, ਭਾਸ਼ਾ ਅਤੇ ਨਿਭਾਅ ਦਾ ਧਿਆਨ ਰਖਦਿਆਂ ਮੰਜ਼ਿਲ ਵੱਲ ਸਾਰਥਿਕ ਕਦਮ ਪੁੱਟੇ ਹਨ। ਗੁਰਭਜਨ ਗਿੱਲ ਨੇ ਗਜ਼ਲ ਰੂਪੀ ਈਰਾਨੀ ਮੁਟਿਆਰ ਨੂੰ ਉਹਦੇ ਸਰੀਰ ਨਾਲ ਮੇਚ ਖਾਂਦੇ ਕਪੜੇ ਪੁਆਏ ਹਨ। ਸਲਵਾਰ ਕਮੀਜ਼ ਦੇ ਨਾਲ ਸਿਰ ਤੇ ਲੈਣ ਲਈ ਗੋਟੇ ਵਾਲੀ ਚੁੰਨੀ ਅਤੇ ਪੈਰਾਂ ਵਿਚ ਕਸੂਰੀ ਜੱਤੀ। ਉਸ ਨੇ ਉਸ ਮੁਟਿਆਰ ਨੂੰ ਇਹ ਆਖਣ ਦਾ ਮੌਕਾ ਨਹੀਂ ਦਿੱਤਾ ਕਿ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ’ ਸਗੋਂ ਉਸ ਦੇ ਪੈਰਾਂ ਦੀ ਬਨਾਵਟ ਨਾਲ ਢੁਕਦੀ ਸਾਈ ਦੀ ਜੁੱਤੀ ਸੁਆ ਦਿੱਤੀ ਹੈ ਅਤੇ ਉਸ ਦੇ ਪੈਰੀਂ ਪਾਉਣ ਤੋਂ ਪਹਿਲਾਂ ਉਸ ਜੁੱਤੀ ਨੂੰ ਖ਼ਾਲਿਸ ਸਰ੍ਹੋਂ ਦੇ ਤੇਲ ਨਾਲ ਚੋਪੜ ਵੀ ਦਿੱਤਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਜੁੱਤੀ ਮਾੜੀ ਮੋਟੀ ਵੀ ਲੱਗਦੀ ਹੋਵੇ ਤਾਂ ਉਹ ਤੁਰਨ ਵਾਲੇ ਦੀ ਤੋਰ ਬਦਸੂਰਤ ਬਣਾ ਦਿੰਦੀ ਹੈ।ਇਸ ਤਰ੍ਹਾਂ ਗੁਰਭਜਨ ਗਿੱਲ ਨੇ ਖੁੰਮਖਾਨੇ ਦੀ ਜ਼ੀਨਤ ਨੂੰ ਭੱਤਾ ਲੈ ਕੇ ਪੈਲੀਆਂ ਵੱਲ ਜਾਣਾ ਵੀ ਸਿਖਾ ਦਿੱਤਾ ਹੈ।
ਗੁਰਭਜਨ ਗਿੱਲ ਦੀ ਗ਼ਜ਼ਲ ਸਿਰਫ਼ ਹੋਠਾਂ ਦੀ ਮੁਸਕਣੀ ਤੇ ਅੱਖਾਂ ਦੇ ਤੀਰਾਂ ਤੱਕ ਮਹਿਦੂਦ ਨਹੀਂ ਹੈ। ਧਰਤੀ ਤੋਂ ਆਕਾਸ਼ ਤੀਕ ਬਿਖਰੇ ਹੋਏ ਜ਼ਿੰਦਗੀ ਦੇ ਹਜ਼ਾਰਾਂ ਮਸਲਿਆਂ ਨੂੰ, ਧਰਤੀ ਨਾਲ ਜੁੜੇ ਮਨੁੱਖੀ ਸਵਾਲਾਂ ਨੂੰ, ਮੁਲਕਾਂ ਦੀ ਗੈਰ ਕੁਦਰਤੀ ਵੰਡ ਨੂੰ, ਪਾੜੂਆਂ ਦੇ ਦਿਨ ਬ ਦਿਨ ਭਾਰੇ ਹੁੰਦੇ ਜਾ ਰਹੇ ਬਸਤਿਆਂ ਨੂੰ, ਸਮਾਜ ਵਿਚ ਪਈ ਕਾਣੀ ਵੰਡ ਨੂੰ, ਸ਼ੋਸ਼ਣ ਅਤੇ ਜ਼ੁਲਮ ਜਬਰ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ ਅਤੇ ਉਹ ਆਪਣੀ ਗੱਲ ਆਪਣੇ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।
ਦੇਸ਼ ਦੀ ਵੰਡ ਦੇ ਬਾਰੇ ਹੇਠ ਲਿਖੇ ਸ਼ੇਅਰ ਇਸ ਦੇ ਚਸ਼ਮਦੀਦ ਗਵਾਹ ਹਨ:
ਡੇਰਾ ਬਾਬਾ ਨਾਨਕੋਂ ਕੋਠੇ 'ਤੇ ਚੜ੍ਹ ਕੇ ਦਿਸਣ ਜੋ,
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।
ਰਾਵੀ ਦੇ ਉਰਵਾਰ-ਪਾਰ ਦੁਖ-ਦਰਦਾਂ ਦਾ ਰੰਗ ਇਕੋ,
ਜਿਸਮ ਚੀਰ ਕੇ ਮੁਲਕ ਬਣਾਏ ਭਾਵੇਂ ਇਕ ਤੋਂ ਦੋ।
ਸਾਡੇ ਪਿੰਡ ਦੇ ਚਿਹਰੇ ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
ਸ਼ਹਿਰੀ ਜੀਵਨ ਅਤੇ ਸਭਿਆਚਾਰ ਦਾ ਅਟੁੱਟ ਅੰਗ ਬਣ ਚੁੱਕੇ ਸ਼ਾਇਰ ਨੂੰ ਪਿੰਡ ਵਿਚ ਬਿਤਾਇਆ ਬਚਪਨ ਯਾਦ ਆਉਂਦਾ ਹੈ ਤਾਂ ਉਸ ਦੇ ਮਨ ਦੇ ਧੁਰ ਹੇਠਾਂ ਇਕ ਹੂਕ ਉਠਦੀ ਹੈ। ਉਹ ਲਿਖਦਾ ਹੈ:
ਪਿੰਡ ਜਾਕੇ ਇਸ ਤਰ੍ਹਾਂ ਮਹਿਸੂਸਦਾਂ,
ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ।
ਕੌਣ ਕਰਕੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਗੁਰਭਜਨ ਗਿੱਲ ਦੇ ਅੰਦਰਲੇ ਨੂੰ ਨਸ਼ਤਰਾਂ ਚੁਭੋਈਆਂ ਹਨ। ਉਹਦੇ ਅੰਦਰਲੇ ਦਰਦ ਦਾ ਪ੍ਰਰਗਟਾਵਾ ਇਸ ਤਰ੍ਹਾਂ ਹੋਇਆ ਹੈ:
ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿਲਰ ਗਈਆਂ ਏਸ ਤਰ੍ਹਾਂ।
ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ।
ਕਰਕੇ ਜਿਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ।
ਉਹਨਾਂ ਸਵੇਰੇ ਉਠਦਿਆਂ ਹੀ ਬੂਹਾ ਢੋ ਲਿਆ।
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।
ਸਮਾਜਿਕ ਅਨਿਆਂ, ਸ਼ੋਸ਼ਣ ਅਤੇ ਕਾਣੀ ਵੰਡ ਤੋਂ ਉਪਜੇ ਦੁਖਾਂਤ ਦਾ ਚਿਤਰਣ ਗ਼ਜ਼ਲ ਦੇ ਕਿਸੇ ਸ਼ੇਅਰ ਵਿਚ ਸਮੇਟਣਾ ਥੋੜਾ ਮੁਸ਼ਕਿਲ ਹੈ ਪਰ ਇਹ ਮੁਸ਼ਕਿਲ ਕੰਮ ਵੀ ਗੁਰਭਜਨ ਗਿੱਲ ਨੇ ਬਹੁਤ ਹੀ ਸੌਖੇ ਢੰਗ ਨਾਲ ਨੇਪਰੇ ਚਾੜ੍ਹ ਦਿੱਤਾ ਹੈ।
ਨੰਗ ਮੁਨੰਗੇ ਠੁਰ ਠੁਰ ਕਰਦੇ ਕੱਚੀਆਂ ਕੰਧਾਂ ਓਹਲੇ,
ਇਹਨਾਂ ਹਿੱਸੇ ਆਉਂਦੀ ਅੱਗ ਹੈ ਕਿਹੜਾ ਸੇਕ ਰਿਹਾ।
ਪੱਥਰਾਂ ਦੀ ਬਰਸਾਤ 'ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ,
ਫਿਰ ਵੀ ਪੱਥਰ ਚਾਹੁੰਦੇ ਨੇ ਮੈਂ ਉਹਨਾਂ ਨੂੰ ਸਤਿਕਾਰ ਦਿਆਂ।
ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ,
ਜੀਕਣ ਸਾਮੀ ਘੇਰੀ ਹੋਵੇ ਮੇਰੇ ਪਿੰਡ ਦੇ ਸ਼ਾਹਵਾਂ।
ਕੋਈ ਵੀ ਬੰਦਾ ਸਮਾਜਿਕ ਅਨਿਆਂ, ਜਬਰ, ਜ਼ੁਲਮ ਅਤੇ ਸ਼ੋਸ਼ਣ ਦੇ ਖ਼ਿਲਾਫ਼ ਇਕੱਲਾ ਨਹੀਂ ਲੜ ਸਕਦਾ ਭਾਵੇਂ ਉਸ ਵਿਚ ਕਿੰਨਾ ਵੀ ਜੋਸ਼ ਕਿਉਂ ਨਾ ਹੋਵੇ। ਉਸ ਨੂੰ ਜੋਸ਼ ਦੇ ਨਾਲ ਹੋਸ਼ ਦਾ ਸੁਮੇਲ ਕਰਨਾ ਪਏਗਾ। ਤਦ ਹੀ ਉਹ ਕਾਮਯਾਬੀ ਵੱਲ ਵਧ ਸਕਦਾ ਹੈ। ਇਹ ਗੱਲ ਹੇਠਲੇ ਸ਼ੇਅਰ ਵਿਚ ਬਹੁਤ ਖੂਬਸੂਰਤੀ ਤੇ ਉਸਾਰੂ ਢੰਗ ਨਾਲ ਕਹੀ ਗਈ ਹੈ:
ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,
ਮੱਥੇ ਨੂੰ ਵੀ ਤੁਰਨਾ ਪੈਂਦਾ ਇਕ ਜੁੱਟ ਹੋ ਕੇ ਬਾਹਵਾਂ ਨਾਲ।
ਅਤੇ ਉਸ ਦਾ ਵਿਸ਼ਵਾਸ ਹੈ ਕਿ ਚੰਗੇ ਤੇ ਕਲਿਆਣਕਾਰੀ ਵਿਚਾਰ ਦਬਾਇਆਂ ਦਬਦੇ ਨਹੀਂ, ਸਾੜਿਆਂ ਸੜਦੇ ਨਹੀਂ। ਆਪਣੇ ਰਾਹ ਤੋਂ ਹਟਦੇ ਨਹੀਂ:
ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ,
ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ।
ਹਾਲਾਂਕਿ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਡਿੱਗੇ ਨੂੰ ਉਠਾਉਣ ਦੀ ਸਮਰੱਥਾ ਹੈ। ਹੌਸਲਾ ਢਾਹੀ ਬੈਠੇ ਨੂੰ ਉਠ ਕੇ ਜੂਝਣ ਦੀ ਪ੍ਰਰੇਰਣਾ ਦੇਣ ਦੀ ਸ਼ਕਤੀ ਹੈ ਪਰ ਉਹ ਇਸ ਸ਼ਕਤੀ ਨੂੰ ਭਰਮ ਆਖਦਾ ਹੈ। ਸ਼ਾਇਦ ਇਹਦੇ ਪਿਛੇ ਇਜਜ਼ ਦੀ ਭਾਵਨਾ ਹੋਵੇ। ਉਹ ਲਿਖਦਾ ਹੈ:
ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਹੈ,
ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀ,
ਆਖਿਆ ਕਈ ਵਾਰ ਮੈਨੂੰ ਘਰਦਿਆਂ।
ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪਿਆਰ ਮੁਹੱਬਤ ਅਤੇ ਮਹਿਬੂਬ ਦੇ ਹੁਸਨ ਨੂੰ ਵੀ ਗ਼ਜ਼ਲਾਂ ਵਿਚ ਪੇਸ਼ ਕੀਤਾ ਹੈ। ਪਰ ਇਸ ਪਰੰਪਰਾਗਤ ਵਿਸ਼ੇ ਤੇ ਸ਼ੇਅਰ ਲਿਖਦਿਆਂ ਉਸ ਨੇ ਬੜੀ ਚੌਕਸੀ ਤੋਂ ਕੰਮ ਲਿਆ ਹੈ। ਸ਼ਾਇਦ ਇਹ ਇਹਤਿਆਤ ਉਹਦੀ ਸ਼ਖ਼ਸੀਅਤ ਦੀ ਹੀ ਤਰਜ਼ਮਾਨੀ ਕਰਦੀ ਹੈ।ਉਹ ਲਿਖਦਾ ਹੈ:
ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ।
ਤੇਰੀ ਇਕ ਗਲਵੱਕੜੀ ਬਾਝੋਂ ਪੈਂਦੀ ਨਹੀਓ ਠੰਡ ਓ ਯਾਰ।
ਕਾਲੀ ਰਾਤ ਲਿਸ਼ਕਦੇ ਤਾਰੇ,
ਤੂੰ ਜਿਉਂ ਮਾਂਗ ਸਜਾਈ ਹੋਵੇ।
ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ,
ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘਰੇ।
ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਪੰਜਾਬੀ ਭਾਸ਼ਾ ਦਾ ਉਹ ਰੂਪ ਪੇਸ਼ ਕੀਤਾ ਹੈ ਜਿਸ ਤੇ ਹਰ ਪੰਜਾਬੀ ਪਿਆਰੇ ਨੂੰ ਮਾਣ ਕਰਨਾ ਚਾਹੀਦਾ ਹੈ।ਉਸ ਨੇ ਹਿੰਦੀ ਸੰਸਕ੍ਰਿਤ ਨੁਮਾ ਪੰਜਾਬੀ ਭਾਸ਼ਾ ਦੀ ਥਾਂ ਪੰਜਾਬੀ ਦੀ ਮਿੱਟੀ ਨਾਲ ਜੁੜੀ ਹੋਈ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਇਸ ਭਾਸ਼ਾ ਦੇ ਲਫ਼ਜ਼ ਅੰਗੂਰ ਦੇ ਦਾਣਿਆਂ ਵਰਗੇ ਕੋਮਲ ਹਨ। ਮੂੰਹ ਵਿਚ ਪਾਉਂਦਿਆਂ ਹੀ ਉਹਨਾਂ ਦਾਣਿਆਂ ਦੀ ਗੋਲਾਈ ਜੀਭ ਨਾਲ ਕਲੋਲ ਕਰਦੀ ਹੋਈ ਚੰਗੀ ਲੱਗਦੀ ਹੈ। ਫਿਰ ਦਾਣਾ ਚਿੱਥਣ ਤੋਂ ਬਾਅਦ ਉਹਦਾ ਪੂਰਾ ਸੁਆਦ ਮਨ ਆਤਮਾ ਨੂੰ ਹਲੂਣ ਦੇਂਦਾ ਹੈ। ਖਾਣ ਵਾਲਾ ਸਮਝ ਜਾਂਦਾ ਹੈ ਕਿ ਉਸ ਨੇ ਅੰਗੂਰ ਦਾ ਦਾਣਾ ਚੱਬਿਆ ਹੈ ਕੰਕਰ ਨਹੀਂ ਚੱਬਿਆ।
ਗੁਰਭਜਨ ਗਿੱਲ ਨੇ ਅਰਬੀ ਫਾਰਸੀ ਬਹਿਰਾਂ ਦੇ ਨਾਲ ਨਾਲ ਪੰਜਾਬੀ ਲੋਕ ਧੁਨਾਂ ਵਿਚੋਂ ਉਪਜੀਆਂ ਬਹਿਰਾਂ ਜਾਂ ਛੰਦਾਂ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਹੈ। ਉਸ ਨੇ ਕਈ ਗ਼ਜ਼ਲਾਂ ਗੈਰ ਮੁਰੱਦਫ਼ ਵੀ ਲਿਖੀਆਂ ਹਨ। ਇਕ ਗ਼ਜ਼ਲ ਦੀ ਰਦੀਫ਼ ਹੂ ਰੱਖੀ ਹੈ ਜੋ ਸੂਫ਼ੀ ਕਵੀ ਸੁਲਤਾਨ ਬਾਹੂ ਦੇ ਕਲਾਮ ਦੀ ਯਾਦ ਕਰਾਉਂਦੀ ਹੈ। ਇਸ ਰਦੀਫ਼ ਦਾ ਨਿਭਾਅ ਬਹੁਤ ਹੀ ਸੁਚੱਜੇ ਢੰਗ ਨਾਲ ਹੋਇਆ ਹੈ:
ਜੀ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।
ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ ਵਲੱਲੀਆਂ ਹੂ।
ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਮੁੜ ਆਈਆਂ ਨਾ,
ਖਾਲਮ ਖਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲਮ ਟੱਲੀਆਂ ਹੂ।
ਗ਼ਜ਼ਲ ਦੇ ਹੁਸਨ ਨੂੰ ਚਾਰ ਚੰਨ ਲਾਉਣ ਵਾਸਤੇ ਖ਼ੂਬਸੂਰਤ ਮੁਹਾਵਰੇਦਾਰ ਮਿੱਠੀ ਭਾਸ਼ਾ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਤਸ਼ਬੀਹਾਂ, ਕਨਾਏ, ਇਸਤਿਆਰੇ ਵੀ ਉਸ ਦੇ ਹੁਸਨ ਨੂੰ ਦਿਲਕਸ਼ ਬਣਾਉਂਦੇ ਅਤੇ ਚਾਰ ਚੰਨ ਲਾਉਂਦੇ ਹਨ। ਤਸ਼ਬੀਹ ਸ਼ੇਅਰ ਦਾ ਜ਼ੇਵਰ ਹੈ। ਜਿਸ ਤਰ੍ਹਾਂ ਕੋਈ ਮੁਟਿਆਰ ਢੁਕਵੀਂ ਪੌਸ਼ਾਕ ਨਾਲ ਜ਼ੇਵਰ ਪਾ ਕੇ ਹੂਰ ਪਰੀ ਲੱਗਣ ਲੱਗਦੀ ਹੈ ਉਸੇ ਤਰ੍ਹਾਂ ਤਸ਼ਬੀਹ ਅਤੇ ਇਸਤਿਆਰੇ ਸ਼ੇਅਰ ਦੇ ਹੁਸਨ ਨੂੰ ਦੋਬਾਲਾ ਕਰਦੇ ਹਨ। ਜਿਸ ਤਰ੍ਹਾਂ:
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ।
ਸਾਵੀ ਵਰਦੀ ਪਾ ਕੇ ਪਹਿਰੇਦਾਰ ਖੜ੍ਹੇ।
ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ,
ਸੂਰਜ ਵੱਲ ਮੂੰਹ ਕੀਤੇ ਬਿਨ ਤੁਰਦਾ ਨ ਪਰਛਾਵਾਂ ਨਾਲ।
ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ,
ਸੁਪਨਾ ਨਾ ਟੁੱਟ ਜਾਏ ਕੱਚ ਦਾ ਸਮਾਨ ਹੈ।
ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ,
ਮੋੜ ਦਿੱਤਾ ਦਿਨ ਚੜ੍ਹੇ ਪ੍ਰਰਭਾਤ ਨੇ।
ਮਨ ਦੇ ਬੂਹੇ ਬਾਰੀਆਂ ਵਿਚਲੀਆਂ ਗ਼ਜ਼ਲਾਂ ਪੜ੍ਹਦਿਆਂ ਜਦੋਂ ਕਿਤੇ ਊਣਤਾਈਆਂ ਚੁਭਦੀਆਂ ਹਨ ਤਾਂ ਜਾਪਦਾ ਹੈ ਮਿਸਰਾ ਬੇ-ਬਹਿਰ ਹੈ। ਪਰ ਜਦ ਫਿਰ ਉਸ ਵਿਚਲੇ ਸ਼ਬਦਾਂ ਨੂੰ ਕਿਸੇ ਹੋਰ ਉਚਾਰਣ ਨਾਲ ਪੜ੍ਹੀਏ ਤਾਂ ਲੱਗਦਾ ਹੈ ਕਿ ਮਿਸਰਾ ਵਜ਼ਨ ਤੋਲ ਵਿਚ ਪੂਰਾ ਹੈ। ਸ਼ਾਇਦ ਇਹ ਇਸ ਲਈ ਵੀ ਹੈ ਕਿ ਅਜੇ ਤਕ ਪੰਜਾਬੀ ਭਾਸ਼ਾ ਦੇ ਲਫ਼ਜ਼ਾਂ ਦਾ ਕੋਈ ਸਰਬ ਸੰਮਤ ਉਚਾਰਣ ਨਿਸ਼ਚਿਤ ਨਹੀਂ ਹੋ ਸਕਿਆ।
ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਖ਼ਿਆਲ ਏਨਾ ਭਾਰਾ ਹੁੰਦਾ ਹੈ ਕਿ ਸ਼ਬਦਾਂ ਅਤੇ ਬਹਿਰ ਲਈ ਉਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਉਸ ਵੇਲੇ ਗ਼ਜ਼ਲ ਦਾ ਫ਼ਨ ਸ਼ਾਇਰ ਦੀ ਮਦਦ ਕਰਦਾ ਹੈ ਅਤੇ ਉਹ ਆਇਆ ਅੜਿੱਕਾ ਦੂਰ ਕਰ ਲੈਂਦਾ ਹੈ।
ਕਈਆਂ ਗ਼ਜ਼ਲਾਂ ਵਿਚ ਫ਼ਸਾਹਤ ਅਤੇ ਬਲਾਗਤ ਦਾ ਉਹ ਪੱਧਰ ਨਹੀਂ, ਜੋ ਹੋਣਾ ਚਾਹੀਦਾ ਹੈ। ਹਾਂ ਕਈ ਸ਼ੇਅਰ ਐਸੇ ਹਨ ਜਿਹੜੇ ਇਸ ਕਮੀ ਨੂੰ ਪੂਰਾ ਕਰਦੇ ਹਨ।
ਕੁਲ ਮਿਲਾ ਕੇ ਮਨ ਦੇ ਬੂਹੇ ਬਾਰੀਆਂ ਵਿਚਲੀਆਂ ਗ਼ਜ਼ਲਾਂ ਚੰਗੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਗ਼ਜ਼ਲ ਸੰਸਾਰ ਵਿਚ ਇਹਨਾਂ ਨੂੰ ਬਣਦਾ ਹੁੰਗਾਰਾ ਜ਼ਰੂਰ ਮਿਲੇਗਾ।
ਆਉਣ ਦੇ ਤਾਜ਼ਾ ਹਵਾ ਨੂੰ ਆਉਣ ਦੇ,
ਖੋਲ੍ਹਦੇ ਤੂੰ ਸਾਰੇ ਬੂਹੇ ਬਾਰੀਆਂ।
-
ਸਰਦਾਰ ਪੰਛੀ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.