ਡਾਇਰੀ, ਨਿੰਦਰ ਘੁਗਿਆਣਵੀ ਸੀਤਾ ਭੈਣ ਜੀ ਨੂੰ ਮਿਲਣ ਮਗਰੋਂ..!
ਅੱਜ ਬੜੇ ਸਾਲਾਂ ਬਾਅਦ ਆਪਣੀ ਆਦਰਯੋਗ ਅਧਿਆਪਕਾ ਸ੍ਰੀ ਮਤੀ ਸੀਤਾ ਰਾਣੀ ਜੀ ਦੇ ਦਰਸ਼ਨ ਕੀਤੇ ਹਨ, ਲਗਪਗ ਪੈਂਤੀ ਛੱਤੀ ਸਾਲਾਂ ਬਾਅਦ। ਸਚਮੁੱਚ ਅੰਦਰੋਂ ਸਕੂਨ ਮਿਲਿਆ ਹੈ। ਆਪਣੇ ਬਚਪਨ ਵਿਚ ਬਹੁਤ ਪਿਛਾਂਹ ਪਰਤ ਗਿਆ ਹਾਂ। ਬੜੀ ਤਾਂਘ ਰਿਹਾ ਕਰੇ ਇਨਾਂ ਨੂੰ ਮਿਲਣ ਦੀ। ਪਰ ਨਾ ਕੋਈ ਅਤਾ ਸੀ, ਨਾ ਪਤਾ ਸੀ। ਨਾ ਸਬੱਬ ਬਣਦਾ ਸੀ ਤੇ ਨਾ ਵਿਧਾ ਬਣਦੀ ਸੀ। ਆਖਿਰ, ਇਹ ਚੰਗਾ ਵੇਲਾ ਆ ਹੀ ਗਿਆ। ਸੀਤਾ ਭੈਣ ਜੀ ਦੇ ਮੁੰਡੇ ਸੰਦੀਪ,(ਜੋ ਵਾਤਾਵਰਣ ਸਬੰਧੀ 'ਸੀਰ' ਸੰਸਥਾ ਵਿਚ ਬੜਾ ਸਰਗਰਮ ਹੈ ਤੇ ਲੈਕਚਰਾਰ ਹੈ), ਦੇ ਸਾਢੂ ਲਵਦੀਪ ਨਾਲ ਅਚਾਨਕ ਮੇਲ ਹੋਇਆ ਸੀ, ਕੁਛ ਸਾਲ ਹੋ ਗਏ, ਫਿਰੋਜ਼ਪੁਰ ਡੀ ਈ ਓ ਦਫਤਰ ਗਿਆ ਸਾਂ। ਉਸਨੇ ਜਾਣ ਪਛਾਣ ਕਢਦਿਆਂ ਗੱਲ ਤੋਰੀ ਕਿ ਆਪ ਜੀ ਸੀਤਾ ਭੈਣ ਜੀ ਕੋਲੋਂ ਪੜੇ ਓ ਘੁਗਿਆਣੇ ਹਾਈ ਸਕੂਲੇ? ਬਸ, ਉਹ ਦਿਨ ਤੇ ਆਹ ਦਿਨ!
ਫਿਰ ਮੈਂ ਇਕ ਪ੍ਰੋਗਰਾਮ ਵਿਉਂਤਿਆ ਸੀ ਕਿ ਆਪਣੇ ਵਲੋਂ ਆਪਣੇ ਸਾਰੇ ਅਧਿਆਪਕ ਇਕੱਠੇ ਕਰਕੇ ਸਨਮਾਨਣੇ ਹਨ ਆਪਣੇ ਪਿੰਡ ਵਿਚ ਤੇ ਸਨਮਾਨਣੇ ਵੀ ਅਧਿਆਪਕ ਦਿਵਸ ਦੇ ਮੌਕੇ ਹਨ। ਜਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਆਈ ਏ ਐਸ ਨੇ ਕਿਹਾ ਕਿ ਮੈਂ ਵੀ ਖੁਸ਼ੀ ਮਹਿਸੂਸ ਕਰਾਂਗਾ ਇਸ ਪ੍ਰੋਗਰਾਮ ਵਿਚ ਨਿੰਦਰ ਘੁਗਿਆਣਵੀ ਦੇ ਅਧਿਆਪਕਾਂ ਨੂੰ ਮਿਲਕੇ। ਜਿਲੇ ਦੇ ਐਸ ਐਸ ਪੀ ਤੇ ਸੈਸ਼ਨ ਜੱਜ ਵੀ ਆਉਣ ਨੂੰ ਚਾਹ ਰਹੇ ਸਨ ਘੁਗਿਆਣੇ ਪਿੰਡ ਵਿਚ, ਪਰ ਬਦਕਿਸਮਤੀ ਇਹ ਹੋਈ ਕਿ ਪ੍ਰੋਗਰਾਮ ਹੋਣ ਤੋਂ ਪਹਿਲਾਂ ਹੀ ਪਿੰਡ ਦੀ ਸਿਆਸਤ ਦੀ ਭੇਟ ਚੜ ਗਿਆ। ਮੈਂ ਬੜਾ ਨਮੋਸ਼ ਹੋਇਆ।
*
ਇਕ ਦਿਨ, ਸਵੇਰੇ ਸਵੇਰੇ ਮੈਂ ਆਪਣੇ ਅਧਿਆਪਕ ਮਾਸਟਰ ਮੰਗਲ ਸਿੰਘ ਦਾ ਮਾਣ ਸਨਮਾਣ ਕਰਨ ਉਨਾਂ ਦੇ ਘਰ ਸਾਦਿਕ ਚਲਾ ਗਿਆ ਸੰਗਤ ਮਾਣੀ, ਤਾਂ ਆਤਮਾ ਨੂੰ ਠੰਡਕ ਜਿਹੀ ਪਈ ਮਹਿਸੂਸ ਹੋਈ। ਮਾਸਟਰ ਜੀ ਬੜੇ ਖੁਸ਼ ਹੋਏ। ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਹਰ ਅਧਿਆਪਕ ਦੇ ਘਰ ਘਰ ਖੁਦ ਉਨਾਂ ਦਾ ਸਨਮਾਨ ਕਰਨ ਜਾਵਾਂਗਾ ਪਰ ਸਮਾਂ ਮੈਨੂੰ ਰਾਜਧਾਨੀ ਚੰਡੀਗੜ੍ਹ ਲੈ ਗਿਆ ਸੀ ਧੂਹ ਕੇ!
*
29 ਅਗਸਤ, 20121 ਐਤਵਾਰ ਦੀ ਦੁਪਿਹਰ। ਮੈਂ ਬੜਾ ਉਤਸੁਕ ਹਾਂ ਸੀਤਾ ਭੈਣ ਜੀ ਦੇ ਦਰਸ਼ਨਾਂ ਨੂੰ। ਉਨਾ ਦੇ ਬੇਟੇ ਸੰਦੀਪ ਨਾਲ ਸਮਾਂ ਤੈਅ ਕਰਕੇ ਮੈਂ ਮਹਾਰਾਜੇ ਫਰੀਦਕੋਟ ਦੇ ਕਿਲੇ ਦੀ ਪਿਛਵਾੜੇ ਜਾ ਪੁੱਜਿਆ ਹਾਂ। ਸੰਦੀਪ ਦਾ ਫੋਨ ਹੈ ਕਿ ਮੰਮੀ ਬਾਹਰ ਖੜੇ ਨੇ ਤੇ ਆਪ ਨੂੰ ਦੇਖ ਰਹੇ ਨੇ, ਘਰ ਲੱਭਣ ਵਿਚ ਕੋਈ ਦਿੱਕਤ ਨਹੀਂ ਆਵੇਗੀ ਥੋਨੂੰ। ਕਿਰਾਏ ਉਤੇ ਕੀਤੀ ਮੇਰੀ ਕਾਰ ਮੋੜ ਮੁੜਦੀ ਹੈ, ਥੋੜੀ ਦੂਰ ਸੀਤਾ ਭੈਣਜੀ ਖੜੇ ਪਛਾਣ ਲਏ ਨੇ ਮੈਂ। ਮੇਰੇ ਦਿਲ ਦੀ ਧੜਕਨ ਤੇਜ ਹੋ ਗਈ ਹੈ। ਕਾਰ ਉਨਾਂ ਕੋਲ ਜਾ ਰੁਕੀ ਹੈ। ਮੇਰਾ ਮਨ ਕਹਿੰਦਾ ਹੈ ਕਿ ਨਹੀਂ, ਏਹ ਸੀਤਾ ਭੈਣਜੀ ਨਹੀਂ ਹਨ, ਏਹ ਉਨਾ ਦੇ ਛੋਟੇ ਭੈਣ ਹੋਣਗੇ। ਏਨੇ ਸਾਲ ਬੀਤ ਗਏ ਨੇ, ਮੈਂ ਤਾਂ ਉਨਾ ਨੂੰ ਬਿਰਧ ਅਵਸਥਾ ਵਿਚ ਚਿਤਵ ਰਿਹਾ ਸਾਂ।
ਉਹ ਸਾਡੇ ਪਿੰਡ 1980 ਵਿਚ ਪੜਾਉਣ ਆਏ ਸੀ ਤੇ 1996 ਵਿਚ ਪਰਮੋਟ ਹੋਕੇ ਚਲੇ ਗਏ ਸੀ। ਸਾਡੇ ਪਿੰਡ ਆਣ ਜਾਣ ਦਾ ਸਾਧਨ ਪੁਰਾਣੀ ਟੁੱਟੀ ਇਕੋ ਰੋਡਵੇਜ ਦੀ ਬਸ ਹੁੰਦੀ ਸੀ, ਜੋ ਅੜਾਟ ਪਾਉਂਦੀ ਤੇ ਬੁਰੀ ਤਰਾਂ ਰਿੰਗਦੀ, ਵੇਲੇ ਕੁਵੇਲੇ ਨਾਲ ਈ ਆਉਂਦੀ ਤੇ ਜਾਂਦੀ, ਜਿਥੇ ਜੀਅ ਕਰਦਾ ਖਰਾਬ ਹੋਕੇ ਖੜ ਜਾਂਦੀ, ਕਿਤੇ ਗੇਅਰ ਅੜ ਜਾਂਦਾ, ਕਿਤੇ ਤੇਲ ਮੁੱਕ ਜਾਂਦਾ ਤੇ ਕਿਤੇ ਪਹੀਆ ਪੈਂਚਰ ਹੋ ਜਾਂਦਾ। ਸਵਾਰੀਆਂ ਬਹੁਤ ਖੱਜਲ ਖੁਆਰ ਹੁੰਦੀਆਂ ਤੇ ਬੁੜ ਬੁੜ ਕਰਦੀਆਂ,ਸੀਤਾ ਭੈਣਜੀਆਂ ਤੇ ਹੋਰਨਾਂ ਅਧਿਆਪਕਾਂ ਵਾਸਤੇ ਇਹੋ ਇਕੋ ਸਾਧਨ ਸੀ।
(ਮੈਂ ਬਚਪਨ ਵਿਚ ਇਹ ਦਿਨ ਨੇੜਿਓਂ ਦੇਖੇ ਹੋਏ ਨੇ।) ਸੋ, ਸੀਤਾ ਭੈਣਜੀ ਹੁਰੀਂ ਇਨਾਂ ਸਮਿਆਂ ਵਿੱਚ ਸਾਨੂੰ ਪੜਾਉਣ ਸਾਡੇ ਪਿੰਡ ਆਂਦੇ ਰਹੇ, ਜਦੋਂ ਅਤਿਵਾਦ ਦਾ ਸਮਾਂ ਵੀ ਸਿਖਰਾਂ ਉਤੇ ਸੀ।
ਕਾਰ 'ਚੋਂ ਉਤਰ ਜਦ ਮੈਂ ਪੈਰੀਂ ਹੱਥ ਲਾਏ ਤੇ ਗਲੱਵਕੜੀ ਪਾਈ ਤਾਂ ਬੋਲੇ, "ਵੇ ਨਿੰਦਰ, ਤੂੰ ਤਾਂ ਉਹੋ ਜਿਹਾ ਹੀ ਏਂ, ਅਖ਼ਬਾਰਾਂ ਵਿਚ ਤੇ ਟੀਵੀ ਚੈਨਲਾਂ ਉਤੇ ਰੋਜ ਦੇਖਦੀ ਆਂ ਤੈਨੂੰ।" ਉਹ ਖੁਸ਼ ਹੋ ਰਹੇ ਸਨ। ਘਰ ਵੜੇ। ਉਨਾ ਦੇ ਪਤੀ ਵੀ ਚੁਸਤ ਫੁਰਤ ਤੇ ਮਿਲਾਪੜੇ ਸੁਭਾਅ ਵਾਲੇ ਮਿਲੇ। ਸੰਦੀਪ ਕੋਲ ਆਕੇ ਬੋਲਿਆ ਕਿ ਪਤੈ, ਮੰਮੀ ਦਿਨ ਵਿਚ ਆਪ ਨੂੰ ਕਿੰਨੇ ਵਾਰ ਯਾਦ ਕਰਦੇ ਐ! ਭੈਣ ਜੀ ਨੇ ਮੇਰੀ ਦਾਦੀ ਨੂੰ ਯਾਦ ਕੀਤਾ ਕਿ ਤੇਰੀ ਦਾਦੀ ਤੈਨੂੰ ਕਈ ਵਾਰੀ ਸਕੂਲੋਂ ਲੈਣ ਆ ਜਾਂਦੀ ਸੀ ਤੇ ਉਹ ਬਸ ਅੱਡੇ ਉਤੇ ਵੀ ਸਾਨੂੰ ਮਿਲ ਜਾਂਦੀ ਹੁੰਦੀ ਸੀ। ਬੜੀ ਚੰਗੀ ਸੀ ਤੇਰੀ ਦਾਦੀ। ਭੈਣ ਜੀ ਨੇ ਮੇਰੀ ਮਾਂ ਤੇ ਹੋਰ ਸਭ ਪਰਿਵਾਰ ਦੇ ਜੀਆਂ ਬਾਰੇ ਪੁੱਛਿਆ ਕਿਉਂਕ ਉਹ ਘਰ ਦੇ ਸਾਰੇ ਨਿੱਕੇ ਵੱਡੇ ਜੀਆਂ ਨੂੰ ਜਾਣਦੇ ਸਨ। ਫਿਰ ਪੁਛਿਆ ਕਿ ਹੁਣ ਤੇਰਾ ਢਿੱਡ ਦੁਖਣੋ ਹਟ ਗਿਆ? ਨਿੱਕੇ ਹੁੰਦੇ ਦਾ ਢਿੱਡ ਬੜਾ ਦੁਖਦਾ ਹੁੰਦਾ ਸੀ ਤੇਰਾ, ਤੇ ਬਸਤਾ ਚੁਕਕੇ ਕਹਿੰਦਾ ਹੁੰਦਾ ਸੀ ਭੈਣਜੀ ਛੁਟੀ ਦੇ ਦਿਓ, ਘਰੇ ਜਾਣਾ ਏਂ।ਸਾਰੇ ਹੱਸ ਪਏ।ਭੈਣ ਜੀ ਦੇ ਪਰਿਵਾਰ ਵਿਚ ਬੈਠਾ ਮੈਂ ਬਚਪਨ ਵਿਚ ਵਿਚਰ ਰਿਹਾ ਸਾਂ। ਨੰਗੇ ਪੈਰ। ਬੋਰੀ ਵਾਲਾ ਝੋਲਾ ਤੇ ਝੋਲੇ 'ਚ ਉਘੜ ਦੁਘੜ ਕਾਪੀਆਂ ਕਿਤਾਬਾਂ ਤੇ ਦਾਦੀ ਵਲੋਂ ਪਰੌਂਠਾ ਬਣਾਕੇ ਅੰਬ ਦੇ ਅਚਾਰ ਦੀ ਫਾੜੀ ਨਾਲ ਪੋਣੇ ਵਿਚ ਬੰਨਿਆ ਹੋਇਆ। ਹੱਥ ਵਿਚ ਇਕ ਬੋਰੀ ਦਾ ਟੋਟਾ ਹੇਠਾਂ ਵਿਛਾਉਣ ਨੂੰ।
ਮੇਰੀਆਂ ਅੱਖਾਂ ਭਰ ਆਈਆਂ। ਸੀਤਾ ਭੈਣ ਜੀ ਦੀ ਸੰਗਤ ਸੁਖ ਦੇ ਰਹੀ ਸੀ। ਆਖਣ ਲੱਗੇ ਕਿ ਮੈਨੂੰ ਬਾਲ ਸਭਾ ਵਿਚ ਤੇਰੀ ਤੂੰਬੀ ਸੁਣਕੇ ਬੜਾ ਅਨੰਦ ਆਉਂਦਾ ਸੀ ਤੇ ਮੈਂ ਉਦੋਂ ਈ ਨਾਲ ਦੇ ਸਾਰੇ ਅਧਿਆਪਕਾਂ ਨੂੰ ਆਖਿਆ ਸੀ ਕਿ ਇਕ ਦਿਨ ਇਹ ਮੁੰਡਾ ਕੁਛ ਬਣੂੰਗਾ,ਤੇ ਹੁਣ ਤੂੰ ਕਮਾਲ ਕਰਤੀ, ਏਨੀ ਮੇਹਨਤ ਤੇਰੀ, ਹੁਣ ਤਾਂ ਅਫਸਰ ਵੀ ਬਣ ਗਿਆ,ਏਨੀਆਂ ਕਿਤਾਬਾਂ ਲਿਖਤੀਆਂ ਨੇ, ਸਾਬਾਸ਼ ਬੱਚੇ, ਪਰਾਊਡ ਆਫ ਯੂ।
ਮੈਂ ਆਪਣੇ ਵਲੋਂ ਤੁੱਛ ਜਿਹਾ ਤੋਹਫਾ ਭੈਣ ਜੀ ਨੂੰ ਭੇਟ ਕਰਨ ਲੱਗਿਆ, ਉਹ ਲੈਣ ਨਾ, ਆਖਣ ਕਿ ਮੈਂ ਦੇਣਾ ਏਂ ਕਿ ਤੂੰ? ਨਾ ਨਾ ਬੇਟੇ।
ਮੈਂ ਉਨਾ ਪਾਸੋਂ ਆਸ਼ੀਰਵਾਦ ਲੈਕੇ ਤੇ ਫਿਰ ਜਲਦ ਮਿਲਣ ਦਾ ਵਾਇਦਾ ਕਰਕੇ ਆਪਣੇ ਆਪ ਵਿੱਚ ਭਰਿਆ ਭਰਿਆ ਘਰ ਨੂੰ ਤੁਰਿਆ।
(ਰੱਬਾ, ਸੀਤਾ ਭੈਣ ਜੀ ਦਾ ਸਾਇਆ ਸਿਰ ਉਤੇ ਬਣਿਆ ਰਹੇ!)
(29 ਅਗਸਤ,2021)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.