ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਕਾਫ਼ਲੇ ਆਉਂਦੇ ਤੇ ਜਾਂਦੇ
ਵੇਖਦਾ ਹਾਂ।
ਬਿਰਧ ਬਾਬੇ, ਬਾਲ ਬੱਚੇ,
ਗੱਠੜੀਆਂ ਬੱਧਾ ਸਮਾਨ, ਪਰੇਸ਼ਾਨ।
ਜਾਨ ਸੁੱਕੀ, ਮਹਿਕ ਮੁੱਕੀ,
ਗੁੰਮ ਹੈ ਸਭ ਦੀ ਜ਼ਬਾਨ।
ਰਿਸ਼ਤਿਆਂ 'ਚੋਂ ਲੇਸ ਮੁੱਕੀ,
ਸਾਂਝ ਦਾ ਨਾਮੋ ਨਿਸ਼ਾਨ।
ਰਾਵੀ ਮੈਨੂੰ ਪੁੱਛਦੀ ਹੈ,
ਇਹ ਹੈ ਕੈਸਾ ਇਮਤਿਹਾਨ ?
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ।
ਲਾਸ਼ਾਂ ਦੇ ਅੰਬਾਰ ਲੱਗੇ,
ਰਾਵੀਉਂ ਉਰ-ਵਾਰ ਪਾਰ, ਬੇਸ਼ੁਮਾਰ।
ਬਿਰਖ਼ ਬੂਟੇ ਸਹਿਮ ਗਏ ਨੇ,
ਵੇਖ ਰੱਤ ਰੰਗੀ ਬਹਾਰ।
ਪੰਛੀਆਂ ਵਿਚ ਖ਼ਲਬਲੀ ਹੈ,
ਉੱਡਣਾ ਭੁੱਲੇ ਉਡਾਰ, ਅਵਾਜ਼ਾਰ।
ਕਰਬਲਾ ਪੰਜਾਬ ਬਣਿਆਂ
ਕਤਲਗਾਹਾਂ ਦਾ ਪਸਾਰ,
ਆਰ ਪਾਰ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ।
ਛਾਂਗਿਆਂ ਰੁੱਖਾਂ ਦੇ ਹੇਠਾਂ,
ਭਰਿਆ ਪੀਤਾ ਬਹਿ ਰਿਹਾ ਹਾਂ।
ਮੈਂ ਅਜੇ ਅੰਬਰ ਦੇ ਹੇਠਾਂ,
ਛੱਤ ਤੋਂ ਬਿਨ ਰਹਿ ਰਿਹਾ ਹਾਂ।
ਨਾ ਸੁਣੇ ਕੋਈ ਵੀ ਭਾਵੇਂ,
ਆਪਣੀ ਗੱਲ ਕਹਿ ਰਿਹਾ ਹਾਂ।
ਜ਼ਖ਼ਮ ਜੋ ਦਿੱਤੇ ਸਮੇਂ ਨੇ,
ਜੀਭ ਘੁੱਟ ਕੇ ਸਹਿ ਰਿਹਾ ਹਾਂ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਪਰ ਕਟੇ ਪੰਛੀ ਦੇ ਵਾਂਗੂੰ,
ਮੈਂ ਉਡਾਰੀ ਭੁੱਲ ਗਿਆ ਹਾਂ।
ਮਨ ਦਾ ਹੈ ਖ਼ਾਲੀ ਕਟੋਰਾ,
ਨੀਰ ਅੱਖੋਂ ਡੁੱਲ੍ਹ ਗਿਆ ਹਾਂ।
ਸ਼ਹਿਰਦਾਰਾਂ ਦੀ ਸਿਆਸਤ,
ਪਿੰਡਾਂ ਵਾਂਗੂੰ ਰੁਲ ਗਿਆ ਹਾਂ।
ਵਕਤ ਦੀ ਡਾਢੀ ਕਰੋਪੀ,
ਘਰ ਦਾ ਰਾਹ ਵੀ ਭੁੱਲ ਗਿਆ ਹਾਂ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਬਿਰਖ਼ ਦੇ ਟਾਹਣਾਂ ਨੂੰ
ਰੱਖੜੀ ਬੰਨ੍ਹਦੀ ਹੈ,
ਵੀਰ ਜਿਸਦਾ ਖਾ ਗਈ
ਕਾਲ਼ੀ ਹਨੇਰੀ।
ਕੱਚ ਦੇ ਟੁਕੜੇ ਅਜੇ ਵੀ
ਚੁਗ ਰਹੀ ਹੈ,
ਪਾਟੀ ਚੁੰਨੀ ਵਾਲੀ ਪਿੰਡੋਂ ਭੈਣ ਮੇਰੀ।
ਮੈਂ ਅਜੇ ਉਸ ਮਾਂ ਨੂੰ ਮਿਲਣੈ,
ਪੁੱਤ ਜਿਸਦਾ
ਅੱਜ ਦੇ ਦਿਨ ਕੀਤਾ ਸੀ ਢੇਰੀ।
ਬਾਘੀਆਂ ਪਾਵਾਂ ਮੈਂ
ਏਨਾ ਜ਼ਹਿਰ ਖਾ ਕੇ,
ਇਹ ਨਹੀਂ ਔਕਾਤ ਮੇਰੀ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਦਰਦ ਵਾਲੇ ਰੰਗ ਨਾ
ਲਹਿੰਦੇ ਦਿਲਾਂ ਤੋਂ,
ਇਹ ਨਹੀਂ ਵਸਤਰ ਦੇ
ਕੋਈ ਰੰਗ ਕੱਚੇ।
ਰੋਣ ਮਗਰੋਂ ਲੈ ਗੁਬਾਰਾ
ਪਰਚ ਜਾਵਣ,
ਜਿਸ ਤਰ੍ਹਾਂ ਕੱਚੇ ਘਰੀਂ
ਅਣਭੋਲ ਬੱਚੇ।
ਬਲਦਿਆਂ ਅੰਗਾਰਿਆਂ 'ਤੇ
ਨੰਗੇ ਪੈਰੀਂ,
ਆਪ ਦੱਸੋ!
ਕਿੱਦਾਂ ਮੇਰੀ ਭੈਣ ਨੱਚੇ।
ਕਰ ਸਕੇਂ ਪ੍ਰਵਾਨ ਕਰ ਲੈ,
ਹੇ ਆਜ਼ਾਦੀ,
ਇਹ ਜੋ ਮੇਰੇ ਹੰਝ ਸੱਚੇ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.