15 ਅਗਸਤ ਨੂੰ ਪੂਰੇ ਮੁਲਕ ਵਿੱਚ 'ਅਜ਼ਾਦੀ ਦਿਵਸ' ਮਨਾਇਆ ਜਾ ਰਿਹਾ ਹੈ, 15 ਅਗਸਤ ਭਾਰਤੀ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ, ਇਹ ਹੀ ਉਹ ਦਿਨ ਹੈ, ਜਿਸ ਲਈ ਕੁੱਝ ਦਿਨ ਜਾਂ ਮਹੀਨੇ ਨਹੀਂ, ਸਗੋਂ ਸੈਂਕੜੇ ਵਰ੍ਹੇ ਇੰਤਜ਼ਾਰ ਕਰਨਾ ਪਿਆ। ਅੰਗਰੇਜ਼ੀ ਹਕੂਮਤ ਦੀ ਲੰਮੀ ਗ਼ੁਲਾਮੀ ਤੋਂ ਨਿਜ਼ਾਤ ਮਿਲਣ ਦੀ ਖ਼ੁਸ਼ੀ ਸਮੁੱਚੇ ਭਾਰਤ ਵਿੱਚ ਝਟਪਟ ਅੰਬਰ ਨੂੰ ਛੋਹ ਗਈ।
ਭਾਰਤੀਆਂ ਨੂੰ ਕਾਫ਼ੀ ਲੰਮਾ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਸੰਤਾਪ ਭੋਗਣਾ ਪਿਆ, 1757 ਈ: ਵਿੱਚ ਪਲਾਸੀ ਦੀ ਲੜਾਈ ਤੋਂ ਸਾਡੀ ਗ਼ੁਲਾਮੀ ਦੀ ਅਜਿਹੀ ਸ਼ੁਰੂਆਤ ਹੋਈ ਜਿਸਨੇ ਲੰਮੇ-ਚੌੜੇ ਸੰਘਰਸ਼ ਤੋਂ ਮਗਰੋਂ ਖੂਨ ਨਾਲ ਲੱਥ-ਪੱਥ ਹੋ ਕੇ ਮਸੀਂ ਕਿਤੇ ਜਾ ਕੇ ਪਿੱਛਾ ਛੱਡਿਆ। ਇਸ ਸਮੇਂ ਦੌਰਾਨ ਸਾਡੇ ਮੁਲਕ ਵਾਸੀਆਂ ਦੀ ਕੀ-ਕੀ ਦੁਰਦਸ਼ਾ ਹੋਈ , ਕਿੰਨੇ ਹਿਰਦਾ ਪਰੁੰਨੵਣ ਵਾਲ਼ੇ ਤਸੀਹੇ ਝੱਲੇ, ਸਾਡਾ ਸਬਰ ਪਰਖਿਆ, ਖੂਨ ਡੁੱਲ੍ਹਿਆ , ਲੱਖਾਂ ਕੀਮਤੀ ਜਾਨਾਂ ਗਈਆਂ, ਇਹ ਕਿਸੇ ਤੋਂ ਲੁਕਿਆ ਨਹੀਂ, ਆਖ਼ਰ ਦੂਜੇ ਵਿਸ਼ਵ ਯੁੱਧ ਵਿੱਚ ਝੰਬੇ ਜਾਣ ਕਾਰਨ ਅੰਗਰੇਜ਼ਾਂ ਦੀ ਹਾਲਤ ਹੀ ਇੰਨੀ ਪਤਲੀ ਪੈ ਗਈ ਸੀ ਕਿ ਉਹਨਾਂ ਨੂੰ ਤਾਂ ਆਪਣੇ ਖ਼ੁਦ ਦੇ ਦੇਸ਼ ਵਿੱਚ ਸ਼ਾਸ਼ਨ ਪੑਬੰਧ ਚਲਾਉਣਾ ਮੁਹਾਲ ਹੋ ਗਿਆ ਸੀ ਤਾਂ ਉਹਨਾਂ ਨੇ ਭਾਰਤ ਨੂੰ ਆਪਣੇ ਹਾਲ ਤੇ ਛੱਡਣ ਦਾ ਫ਼ੈਸਲਾ ਕਰ ਲਿਆ ਸੀ। 3 ਜੂਨ 1947 ਈ: ਨੂੰ ਲਾਰਡ ਮਾਊਂਟਬੈਟਨ ਨੇ ਐਲਾਨ ਕਰ ਦਿੱਤਾ ਸੀ ਕਿ ਭਾਰਤ ਨੂੰ 15 ਅਗਸਤ 1947 ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਬੑਿਟੇਨ ਦੇ ਸਾਸ਼ਨ ਤੋਂ ਅਜ਼ਾਦ ਹੋਣ ਤੋਂ ਬਾਅਦ ਭਾਰਤ ਦਾ ਸਰੂਪ ਤੈਅ ਕਰਨ ਲਈ 4 ਜੁਲਾਈ 1947 ਨੂੰ 'ਦੀ ਇੰਡੀਅਨ ਇੰਡੀਪੈਂਡੈਟਸ ਐਕਟ' ਪੇਸ਼ ਕੀਤਾ ਗਿਆ, ਇਸੇ ਬਿੱਲ ਵਿੱਚ ਹੀ ਭਾਰਤ ਦੀ ਵੰਡ ਕਰਕੇ ਵਿੱਚੋਂ ਇੱਕ ਵੱਖਰੇ ਦੇਸ਼ ਪਾਕਿਸਤਾਨ ਦੇ ਬਣਾਏ ਜਾਣ ਦਾ ਵੀ ਮਤਾ ਰੱਖਿਆ ਗਿਆ ਸੀ, ਇਹ ਬਿੱਲ 18 ਜੁਲਾਈ ਨੂੰ ਪਾਸ ਹੋਇਆ। ਵਰਿੵਆਂ ਦੀਆਂ ਉਡੀਕਾਂ ਮਗਰੋਂ 15 ਅਗਸਤ 1947 ਈ: ਦਾ ਸੂਰਜ ਚੜਿੵਆ ਤਦ ਮੁਲਕ ਵਾਸੀਆਂ ਨੇ ਆਪਣੇ-ਜਾਣੀਂ ਅਜ਼ਾਦ ਫ਼ਿਜ਼ਾ ਵਿੱਚ ਸਾਹ ਭਰਿਆ ਪਰ ਬਟਵਾਰੇ ਸਦਕਾ ਦੇਸ਼ ਦੰਗੇ - ਫਸਾਦਾਂ ਕਾਰਨ ਇਹ ਸੂਲੀ ਟੰਗਿਆ ਗਿਆ । ਅਜ਼ਾਦ ਭਾਰਤ ਦੀ ਇਹ ਨਵੀਂ ਫ਼ਿਜ਼ਾ ਕਿਹੋ -ਜਿਹੀ ਰਹੀ ਹੈ, ਆਓ...! ਸਾਰੀ ਗੱਲ ਕਰਦੇ ਹਾਂ ....!
ਅਜ਼ਾਦੀ ਮਗਰੋਂ ਪਹਿਲਾ ਦਿਨ :-
14 ਅਗਸਤ ਨੂੰ ਦਿਨ ਵੇਲ਼ੇ ਹੀ ਪਾਕਿਸਤਾਨ ਅਲੱਗ ਮੁਲਕ ਬਣ ਚੁੱਕਾ ਸੀ। ਬਾਰਸ਼ ਪੈਣ ਦੇ ਬਾਵਜੂਦ ਵੀ 14 ਅਗਸਤ ਦੀ ਅੱਧੀ ਰਾਤ ਨੂੰ ਅਜ਼ਾਦੀ ਦੇ ਜਸ਼ਨ ਸ਼ੁਰੂ ਹੋਏ। ਸੜਕਾਂ 'ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ, ਪੂਰੇ ਦੇਸ਼ ਵਿੱਚ ਨੌਜਵਾਨ ਰੈਲੀਆਂ ਕੱਢ ਰਹੇ ਸਨ, ਲੋਕ ਮਠਿਆਈਆਂ ਵੰਡ ਰਹੇ ਸਨ।
ਪਹਿਲਾ ਤਿਰੰਗਾ :- ਯਾਦ ਰਹੇ ਅਜ਼ਾਦ ਭਾਰਤ ਦਾ ਪਹਿਲੀ ਵਾਰ ਤਿਰੰਗਾ ਝੰਡਾ 15 ਅਗਸਤ 1947 ਈ: ਨੂੰ ਨਹੀਂ ਸਗੋਂ 14 ਅਗਸਤ ਨੂੰ ਅੱਧੀ ਰਾਤ ਨੂੰ 'ਸੈਂਟਰਲ ਹਾਲ' (ਸੰਸਦ) ਵਿੱਚ ਲਹਿਰਾਇਆ ਗਿਆ ਸੀ, ਇਹ ਝੰਡਾ ਇੱਕ ਅਜ਼ਾਦੀ ਘੁਲਾਟੀਏ 'ਹੰਸਾਬੇਨ' ਦੁਆਰਾ ਆਪਣੇ ਹੱਥੀਂ ਖਾਦੀ-ਸਿਲਕ ਦਾ ਬਣਿਆ ਹੋਇਆ ਸੀ। ਤਕਰੀਬਨ 10 ਵਜੇ ਦਾ ਵਕਤ ਸੀ ਜਦੋਂ ਅੰਗਰੇਜ਼ੀ ਹਕੂਮਤ ਦੇ ਅੰਤਿਮ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਪਹਿਲੇ ਭਾਰਤੀ ਰਾਸ਼ਟਰਪਤੀ ਡਾ : ਰਾਜਿੰਦਰ ਪੑਸ਼ਾਦ ਨੂੰ ਭਾਰਤ ਦੇ ਸੰਵਿਧਾਨ ਨਾਲ਼ ਸੰਬਧਤ ਦਸਤਾਵੇਜ ਸੌਂਪੇ ਸਨ। ਇੱਕ ਰੌਚਕ ਗੱਲ ਇਹ ਹੈ ਕਿ ਇਸ ਰਾਤ ਦੇ ਸਮੇਂ ਭਾਰਤ ਦੇ ਪਹਿਲੇ ਪੑਧਾਨ ਮੰਤਰੀ ਦਾ ਭਾਸ਼ਣ ਜੋਤਸ਼ੀਆਂ ਦੇ ਕਹਿਣ ਤੇ 11.51 ਵਜੇ ਤੋਂ ਸ਼ੁਰੂ ਹੋਇਆ ਅਤੇ ਠੀਕ 12 ਵਜੇ ਤੱਕ ਖ਼ਤਮ ਹੋਇਆ, ਕਿਉਂਕਿ ਸਾਰਾ ਪੑੋਗਰਾਮ ਮਿਤੀ 14 ਅਗਸਤ ਵਿੱਚ ਹੀ ਮੁਕਾਇਆ ਜਾਣਾ ਸੀ, ਕਿਉਂਕਿ ਜੋਤਸ਼ੀਆਂ ਨੇ 15 ਅਗਸਤ ਨੂੰ ਮਨਹੂਸ ਦਿਨ ਦੱਸਿਆ ਹੋਇਆ ਸੀ। ਪਰ ਕੁਝ ਵੀ ਹੋਵੇ ਭਾਰਤ ਨੇ ਤਾਂ ਆਪਣਾ ਪਹਿਲਾ ਅਜ਼ਾਦੀ ਦਿਹਾੜਾ ਮਨਾਉਂਦਿਆਂ ਰਾਤ ਦੇ 12 ਵਜੇ ਹੋਣ ਕਾਰਨ 15 ਤਰੀਕ ਲੈ ਹੀ ਆਂਦੀ, ਪਰ ਪਾਕਿਸਤਾਨ ਦਾ ਸਮਾਂ ਭਾਰਤੀ ਸਮੇਂ ਤੋਂ ਅੱਧਾ ਘੰਟਾ ਪਿੱਛੇ ਚਲ ਰਿਹਾ ਹੋਣ ਕਾਰਨ ਤਰੀਕ 14 ਅਗਸਤ ਹੀ ਰਹਿ ਗਈ ਸੀ, ਇਹੀ ਕਾਰਨ ਹੈ ਕਿ ਪਾਕਿਸਤਾਨ ਆਪਣਾ ਅਜ਼ਾਦੀ ਦਿਵਸ ਹਰ ਸਾਲ 14 ਅਗਸਤ ਨੂੰ ਹੀ ਮਨਾਉਂਦਾ ਹੈ।
ਉਸ ਤੋਂ ਅਗਲੇ ਦਿਨ 15 ਅਗਸਤ ਨੂੰ ਦੁਪਹਿਰ ਨੂੰ ਭਾਰਤ ਦੇ ਨਵੇਂ ਪੑਧਾਨ ਮੰਤਰੀ ਪੰਡਿਤ ਨਹਿਰੂ ਨੇ ਦਿੱਲੀ ਵਿਖੇ ਦੂਜੀ ਵਾਰ ਤਿਰੰਗਾ ਝੰਡਾ ਲਹਿਰਾਇਆ।
ਆਖ਼ਰ ਮੁਲਕ ਅਜ਼ਾਦ ਤਾਂ ਹੋ ਗਿਆ ਪਰੰਤੂ ਅੰਗਰੇਜ਼ ਜਾਂਦੇ-ਜਾਂਦੇ ਇਸਦੇ ਦੋ ਟੋਟੇ ਕਰਕੇ ਇੱਕ ਅਜਿਹਾ ਭਾਂਬੜ ਮਚਾ ਗਏ ਕਿ ਇਸਨੇ ਸਮੁੱਚਾ ਮੁਲਕ ਹੀ ਆਪਣੀ ਲਪੇਟ ਵਿੱਚ ਲੈ ਲਿਆ, ਨਸਲੀ ਦੰਗੇ ਫਸਾਦਾਂ ਨੇ ਆਪਸ ਵਿੱਚ ਭਾਈਆਂ ਵਾਂਗ ਰਹਿ ਰਹੇ ਲੋਕਾਂ ਨੂੰ ਇੱਕ-ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ, ਘੁੱਗ ਵਸਦੇ ਪਿੰਡ , ਸ਼ਹਿਰ ਝੱਟਪਟ ਉੱਜੜ ਗਏ,, ਵਸਦੇ-ਰਸਦੇ ਪਰਿਵਾਰ ਖੇਰੂੰ-ਖੇਰੂੰ ਹੋ ਗਏ , ਹਰ ਗਲ਼ੀ, ਮੋੜ, ਖੇਤਾਂ ਵਿੱਚ ਲੋਥਾਂ ਹੀ ਲੋਥਾਂ ਵਿਛ ਗਈਆਂ , ਬਹੁਤ ਜ਼ਿਆਦਾ ਕਤਲੋ-ਗ਼ਾਰਦ ਹੋਈ, ਲੰਮੀਆਂ ਸਾਂਝਾਂ ਉਮਰਾਂ ਦੀਆਂ ਨਫ਼ਰਤਾਂ ਵਿੱਚ ਤਬਦੀਲ ਹੋ ਗਈਆਂ। ਹੋ ਸਕਦੈ ਜੋਤਸ਼ੀਆਂ ਦੀ ਗੱਲ ਸੱਚ ਹੀ ਰਹੀ ਹੋਵੇ ਕਿਉਂ ਕਿ 15 ਅਗਸਤ ਸੱਚੀਓਂ ਮਨਹੂਸ ਦਿਨ ਜਾਪ ਰਿਹਾ ਸੀ ਇੱਕ ਪਾਸੇ ਤਿਰੰਗਾ ਲਹਿਰਾ ਕੇ ਨੇਤਾਵਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਸਨ, ਦੂਜੇ ਪਾਸੇ ਬਟਵਾਰੇ ਨੇ ਦੇਸ਼ ਵਿੱਚ ਅਜਿਹੀ ਸੰਪਰਦਾਇਕ ਅੱਗ ਫੈਲਾ ਦਿੱਤੀ ਸੀ ਕਿ ਹਿੰਦੂ, ਸਿੱਖ ਅਤੇ ਮੁਸਲਮਾਨ ਇੱਕ ਦੂਜੇ ਨੂੰ ਕਮਾਦਾਂ ਦੇ ਖੇਤਾਂ ਵਿੱਚੋਂ ਵੀ ਲੱਭ ਕੇ ਮਾਰ ਰਹੇ ਸਨ, ਕੁੜੀਆਂ ਦੀਆਂ ਇੱਜ਼ਤਾਂ ਰੁਲ਼ੀਆਂ , ਨਸਲੀ ਮਾਰ-ਵੱਢ ਇੱਥੋਂ ਤੱਕ ਕਿ ਇੰਝ ਲਗਦਾ ਸੀ ਕਿ ਦਰਿਆਵਾਂ ਵਿੱਚ ਪਾਣੀ ਨਹੀਂ ਸਗੋਂ ਖੂਨ ਹੀ ਵਹਿ ਰਿਹਾ ਹੈ। ਇੱਕ ਪਾਸੇ ਸਵਾਰਥੀ ਅਤੇ ਤਖ਼ਤ ਦੇ ਐਸੋ-ਇਸਰਤ ਦੇ ਭੁੱਖੇ ਨੇਤਾਵਾਂ ਵਿੱਚ ਆਪਣੇ - ਆਪਣੇ ਹਿੱਸੇ ਆਉਂਦੀ ਦੌਲਤ , ਸਾਧਨ ਅਤੇ ਪਦਾਰਥੀ ਭੰਡਾਰਿਆਂ ਨੂੰ ਲੈਕੇ ਆਪਸੀ ਖਿੱਚੋਤਾਣ ਚੱਲ ਰਹੀ ਸੀ, ਆਪੋ ਆਪਣੀਆਂ ਕੁਰਸੀਆਂ ਦੀ ਝਾੜ-ਪੂੰਝ ਹੋ ਰਹੀ ਸੀ ਅਤੇ ਦੂਜੇ ਪਾਸੇ ਮੁਲਕ ਵਾਸੀ ਨਫ਼ਰਤ ਦੀ ਅੱਗ ਵਿੱਚ ਹੋਲ਼ਾਂ ਵਾਂਗ ਭੁੰਨੇ ਜਾ ਰਹੇ ਸਨ।
ਬਟਵਾਰੇ ਲਈ ਮਹਿਜ਼ 73 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਬਟਵਾਰੇ 'ਚ ਦਫ਼ਤਰਾਂ ਦੀਆਂ ਫਾਈਲਾਂ ਤੇ ਮੇਜ਼ ਕੁਰਸੀਆਂ, ਡਾਕ ਟਿਕਟਾਂ, ਬੈਂਕਾਂ 'ਚ ਪਿਆ ਸਰਮਾਇਆ, ਸੋਨਾ ਤੇ ਹੋਰ ਕੀਮਤੀ ਚੀਜ਼ਾਂ, ਜ਼ਮੀਨਾਂ, ਸੜਕਾਂ ਤੇ ਰੇਲ ਮਾਰਗ/ਇੰਜਣਾਂ, ਦੇਸ਼ ਦੀ ਸੈਨਾ ਨੇ ਵੰਡਿਆ ਜਾਣਾ ਸੀ, ਤਕਰੀਬਨ ਸਾਰਾ ਕੁਝ 80 :20 ਦੇ ਅਨੁਪਾਤ ਨਾਲ਼ ਭਾਰਤ ਅਤੇ ਪਾਕਿਸਤਾਨ 'ਚ ਵੰਡਿਆ ਗਿਆ, ਸੈਨਿਕਾਂ ਤੋਂ ਸਵੈ-ਇੱਛਾ ਦੇ ਫਾਰਮ ਭਰਾਏ ਗਏ , ਜਿਸ ਵਿੱਚ ਪੁਛਿਆ ਗਿਆ ਸੀ ਕਿ ਕਿਹੜੇ ਮੁਲਕ ਦੀ ਫੌਜ ਵਿੱਚ ਰਹਿਣਾ ਚਾਹੁੰਦੇ ਹੋ, ਦੋ ਤਿਹਾਈ ਸੈਨਾ ਭਾਰਤ ਨੂੰ ਅਤੇ ਇੱਕ ਤਿਹਾਈ ਸੈਨਾ ਪਾਕਿਸਤਾਨ ਨੂੰ ਮਿਲੀ। ਨੋਟ ਛਾਪਣ ਦੀ ਮਸ਼ੀਨ ਇੱਕੋ ਹੀ ਸੀ, ਮਜ਼ਬੂਰਨ ਕੁਝ ਸਮੇਂ ਲਈ ਪਾਕਿਸਤਾਨ ਨੂੰ ਆਪਣੀ ਕਰੰਸੀ ਦੇ ਨੋਟ 'ਗੌਰਮਿੰਟ ਪਾਕਿਸਤਾਨ' ਦੇ ਨਾਂ ਵਾਲ਼ੇ ਭਾਰਤ ਦੀ ਮਸ਼ੀਨ ਤੋਂ ਹੀ ਛਪਵਾਉਣੇ ਪਏ। ਸਭ-ਕੁਝ ਵੰਡਿਆ ਗਿਆ ਪਰ ਇੱਕ ਚੀਜ਼ ਅਜਿਹੀ ਸੀ ਜੋ ਫ਼ੇਰ ਵੀ ਨਾ ਵੰਡੀ ਗਈ, ਉਹ ਸਾਰੀ ਦੀ ਸਾਰੀ ਭਾਰਤ ਨੂੰ ਹੀ ਮਿਲੀ, ਜਿਸਦੀ ਵੰਡ ਅਨੁਸਾਰ ਬਣਦੀ ਰਾਸ਼ੀ ਪਾਕਿਸਤਾਨ ਨੂੰ ਭਾਰਤ ਨੇ ਅਦਾ ਕੀਤੀ, ਉਹ ਕੀ ਸੀ, ਉਹ ਸੀ ਸ਼ਰਾਬ...!
ਆਖ਼ਰ ਇਹ ਬਟਵਾਰਾ ਲੀਡਰਾਂ ਲਈ ਤਾਂ ਵਰਦਾਨ ਰਿਹਾ, ਲੀਡਰਾਂ ਦਾ ਸਵਾਰਥ ਕਹੋ, ਘੁਮੰਡ ਕਹੋ ਜਾਂ ਚੌਧਰ ਦੀ ਭੁੱਖ ਕਹੋ ਕਿ ਇਹ ਅਜ਼ਾਦੀ ਨਹੀਂ ਸਗੋਂ ਇੱਕ ਨਵਾਂ ਨਰਕ ਸ਼ੁਰੂ ਹੋ ਗਿਆ। ਆਮ ਦੇਸ਼ ਵਾਸੀਆਂ ਲਈ ਬਹੁਤ ਘਾਤਕ ਸਾਬਤ ਹੋਇਆ। ਬੇਸ਼ੱਕ ਸਾਡੇ ਮੁਲਕ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੱਖਰੀ ਹੋਂਦ ਬਣ ਗਈ, ਆਪਣਾ ਸੰਵਿਧਾਨ ਸਿਰਜਿਆ ਗਿਆ। ਪਰ ਕੀ ਸਾਨੂੰ ਇਹੋ ਜਿਹੀ ਅਜ਼ਾਦੀ ਚਾਹੀਦੀ ਸੀ..? ਦੇਸ਼ ਭਗਤਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਜਿਸ ਅਜ਼ਾਦੀ ਦੀ ਮੰਗ ਤੇ ਆਪਾ ਨਿਸ਼ਾਵਰ ਕੀਤਾ, ਜੇ ਪੂਰਨ ਸਵਰਾਜ ਚਾਹੁੰਦਿਆਂ ਪੂਰਨ ਅੰਧਕਾਰ ਹੀ ਪੑਾਪਤ ਹੋਣਾ ਸੀ, ਤਾਂ ਇੰਝ ਸੰਘਰਸ਼ ਲੜਨੇ ਹੀ ਕਿਉਂ ਸੀ,,, ਕੀਹਦੇ ਲਈ..?
ਉਹ ਪਹਿਲੀ 15 ਅਗਸਤ ਅਤੇ ਓਦੋਂ ਤੋਂ ਲੈਕੇ ਹੁਣ ਤੀਕ ਦੇਸ਼ ਨੂੰ ਕੀ ਕੁਝ ਨਸੀਬ ਹੋਇਆ, ਦੇਸ਼ ਨੂੰ ਅਜਿਹੀ ਅਜ਼ਾਦੀ ਨਹੀਂ ਸੀ ਚਾਹੀਦੀ...! ਜਿਸ ਵਿੱਚ ਨਿਜ਼ਾਮ ਪੱਖੋਂ ਕੱਖ ਵੀ ਨਹੀਂ ਬਦਲਿਆ ਸਗੋਂ ਮੁਢਲੀਆਂ ਲੋੜਾਂ ਦੀ ਪੂਰਤੀ ਪੱਖੋਂ ਹੋਰ ਨਿਘਾਰ ਵੱਲ ਚਲੇ ਗਏ ਹਾਂ, ਅੰਗਰੇਜ਼ਾਂ ਦੀ ਵਿਵਸਥਾ ਤਾਂ ਕੁਝ ਫ਼ੇਰ ਵੀ ਅਨੁਸਾਸ਼ਨਮਈ ਸੀ, ਹੁਣ ਤਾਂ ਸਾਡੇ ਰਾਜਨੇਤਾਵਾਂ ਕੋਲ਼ ਸੌੜੀ ਲਾਲਚੀ ਬਿਰਤੀ, ਸਨਕੀਪੁਣਾ, ਅਤੇ ਹੰਕਾਰ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ,,, ਹੁਣ ਤਾਂ ਖ਼ਾਲੀ ਖਜ਼ਾਨਿਆਂ ਨਾਲ਼ ਵੀ ਸਾਸ਼ਨ ਹੋ ਰਹੇ ਹਨ, ਤਾਨਾਸ਼ਾਹੀ ਅੱਜ ਵੀ ਫਿਰੰਗੀਆਂ ਤੋਂ ਕੁਝ ਅਗਲੇ ਦਰਜੇ ਦੀ ਹੀ ਹੈ, 'ਰੋਲਟ ਐਕਟ' ਵਾਂਗੂ ਅੱਜ ਵੀ ਕਾਨੂੰਨ ਬਣਾ ਕੇ ਜਬਰਦਸਤੀ ਥੋਪੇ ਜਾ ਰਹੇ ਹਨ, ਫ਼ੇਰ ਲੰਮੇ ਸੰਘਰਸਾਂ ਤੋਂ ਬਾਅਦ ਵੀ ਕੋਈ ਫ਼ਰਕ ਨਹੀਂ ਪੈਂਦਾ , ਨਿਆਂ ਵਿਵਸਥਾ ਮਹਿੰਗੀ, ਅਕਾਊ ਬਣ ਗਈ ਜਿਸ ਤੋਂ ਲੋਕਾਂ ਦਾ ਹੌਲ਼ੀ-ਹੌਲ਼ੀ ਵਿਸ਼ਵਾਸ਼ ਹੀ ਉੁੱਠ ਰਿਹਾ ਹੈ। ਨਵੀਆਂ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਨਿੱਤ - ਦਿਨ ਰੋਜ਼ਗਾਰ ਦੇ ਮੌਕੇ ਹੋਰ ਘਟਾਏ ਜਾ ਰਹੇ ਹਨ। ਨਸ਼ੇ ਨੌਜਵਾਨੀ ਨੂੰ ਖ਼ਤਮ ਕਰ ਰਹੇ ਹਨ।
15 ਅਗਸਤ 1947 ਤੋਂ ਹੁਣ ਤੱਕ ਲਗਾਤਾਰ ਅਸੀਂ 15 ਅਗਸਤ ਨੂੰ ਆਪਣਾ 'ਅਜ਼ਾਦੀ ਦਿਵਸ' ਮਨਾਉਂਦੇ ਆ ਰਹੇ ਹਾਂ,,, ਪਰ ਸਾਡੇ ਕਾਸੇ ਖ਼ਾਲੀ ਸੀ , ਖ਼ਾਲੀ ਰਹਿਣਗੇ।
ਸੋ ਆਓ..! ਸਾਡੇ ਭਾਰਤ ਵਾਸੀਆਂ ਨੂੰ ਉੁਨਾਂੵ ਦੇ ਦਿਲਾਂ ਅੰਦਰ ਵਸਦੀ ਸੱਚੀ ਅਜ਼ਾਦੀ ਨੂੰ ਪੑਣਾਮ ਕਰੀਏ...! ਗ਼ੁਲਾਮ ਜ਼ਹਿਨੀਅਤ, ਖੁੰਢੀ ਚੇਤਨਾ, ਮਾਰੂ ਰੂੜੀਵਾਦੀ ਨਜ਼ਰੀਆ, ਭੈਅ ਦਾ ਸ਼ਿਕਾਰ ਡਰੂ ਬਿਰਤੀ ਨੂੰ ਤਿਲਾਂਜਲੀ ਦੇਈਏ,,, ਅੰਦਰਲੀ ਚੇਤਨਾ ਨੂੰ ਨਵਾਂ ਹੁਲਾਰਾ ਦੇਈਏ,,,, ਸੋ ਆਓ...! ਆਪਣੇ - ਆਪਣੇ ਹਿੱਸੇ ਦੀ ਅਜ਼ਾਦੀ ਲਈ ਸੱਚੇ- ਸੁੱਚੇ ਯਤਨ ਕਰੀਏ, ਦਿਲੋਂ ਕੁੱਝ ਸੱਚੀਓਂ ਕਰਨ ਦਾ ਪ੍ਰਣ ਕਰੀਏ।
-
ਬਲਕਰਨ ਕੋਟ ਸ਼ਮੀਰ, ਪੰਜਾਬੀ ਮਾਸਟਰ
balkarankotshamir1@gmail.com
7508092957
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.