ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅਨੇਕਾਂ ਨਾਨਕ ਨਾਮ ਲੇਵਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਚਿਰ ਸਥਾਈ ਬਣਾਈ ਰੱਖਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਮਾਗਮ ਆਯੋਜਿਤ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਜਾਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ‘ਕਰਤਾਰਪੁਰ ਲਾਂਘਾ’ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਖੋਲ੍ਹਿਆ ਗਿਆ। ਸਾਰੇ ਸੰਸਾਰ ਵਿਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵੱਸਦੇ ਹਨ, ਉਨ੍ਹਾਂ ਵੱਲੋਂ ਵੀ ਉੱਥੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਤਨੇ ਵੀ ਪ੍ਰੋਗਰਾਮ ਅਤੇ ਸਮਾਗਮ ਹੋਏ, ਉਨ੍ਹਾਂ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਹੈ।
ਬਹੁਤਿਆਂ ਖ਼ਾਸ ਤੌਰ ਤੇ ਸਰਕਾਰਾਂ ਨੇ ਤਾਂ ਕਾਰਵਾਈਆਂ ਪਾ ਕੇ ਵਾਹਵਾ ਸ਼ਾਹਵਾ ਖੱਟਣ ਦੇ ਉੱਪਰਾਲੇ ਕੀਤੇ ਹਨ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫੈਲਾਉਣ ਅਰਥਾਤ ਲੋਕਾਂ ਨੂੰ ਉਸ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਇੱਕੋ ਇਕ ਸਾਧਨ ਸ਼ਬਦ ਹੁੰਦੇ ਹਨ, ਜੋ ਪੁਸਤਕਾਂ ਦੇ ਰੂਪ ਪ੍ਰਕਾਸ਼ਿਤ ਹੋਣੇ ਚਾਹੀਦੇ ਹਨ। ਪੁਸਤਕਾਂ ਇਤਿਹਾਸ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਸਿੱਖ ਵਿਦਵਾਨਾਂ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਬਣਦੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਿੱਖ ਵਿਦਵਾਨ ਸੌਖੀ ਸ਼ਬਦਾਵਲੀ ਵਿਚ ਪੰਜਾਬੀਆਂ ਨੂੰ ਹੀ ਜਾਣੂ ਨਹੀਂ ਕਰਵਾ ਸਕੇ।
ਹੋਰ ਭਾਸ਼ਾਵਾਂ ਜਾਨਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ। ਇਹ ਵੀ ਸ਼ੁੱਭ ਸੰਕੇਤ ਹਨ ਕਿ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਹੁਤ ਸਾਰੇ ਵਿਦਵਾਨਾਂ ਨੇ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਸਨ। ਪ੍ਰੰਤੂ ਕੁਝ ਕੁ ਅਖੌਤੀ ਵਿਦਵਾਨਾਂ ਦੀ ਹਉਮੈ ਨੇ ਆਪਣੀ ਵਿਦਵਾਨੀ ਦਾ ਰੋਹਬ ਪਾਉਣ ਲਈ ਔਖੀ ਸ਼ਬਦਾਵਲੀ ਨੂੰ ਤਰਜੀਹ ਦਿੱਤੀ ਹੈ। ਡਾ ਰਤਨ ਸਿੰਘ ਜੱਗੀ ਦੀ ‘ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ’ ਪੁਸਤਕ ਨਵੇਕਲੀ ਕਿਸਮ ਦੀ ਹੈ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਪ੍ਰਥਾ ਤੇ ਰਾਗ-ਕ੍ਰਮ ਅਨੁਸਾਰ ਸੰਕਲਿਤ ਕਰਕੇ ਸਰਲ ਸ਼ਬਦਾਂ ਵਿਚ ਆਮ ਸਾਧਾਰਨ ਲੋਕਾਂ ਦੇ ਸਮਝ ਵਿਚ ਆਉਣ ਵਾਲੇ ਅਰਥ ਕੀਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਹੈ।
ਜਪੁਜੀ ਸਾਹਿਬ, ਚਉਪਦੇ, ਅਸ਼ਟਪਦੀਆਂ, ਪਹਰੇ, ਸਲੋਕ, ਵਾਰਾਂ, ਪਉੜੀਆਂ, ਛੰਤ, ਅਲਾਹਣੀਆਂ, ਕੁਚਜੀ-ਸੁਚਜੀ, ਪਦੇ ਅਤੇ ਸੋਹਲੇ, ਜਿਨ੍ਹਾਂ ਦੀ ਗਿਣਤੀ 958 ਬਣਦੀ ਹੈ, ਦੀ ਵਿਆਖਿਆ ਭਾਵ ਅਰਥ ਅਜਿਹੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਆਮ ਪਾਠਕ ਦੇ ਸਮਝ ਵਿਚ ਆ ਸਕਣ। 556 ਪੰਨਿਆਂ ਵਾਲੀ ਵੱਡ ਅਕਾਰੀ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਇਹ ਅਧਿਆਤਮਵਾਦ ਵਿਚ ਪਰੁੱਚੀ ਇਹ ਪੁਸਤਕ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ, ਉਚੇਰੀ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕਰਵਾਈ ਹੈ। ਪੰਜਾਬ ਸਰਕਾਰ ਦੇ ਇਸ ਉੱਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਕੀਮਤ 1930 ਰੁਪਏ ਰੱਖੀ ਗਈ ਹੈ। ਇਹ ਸਹੀ ਅਰਥਾਂ ਵਿਚ ਪੰਜਾਬ ਸਰਕਾਰ ਅਤੇ ਡਾ ਰਤਨ ਸਿੰਘ ਜੱਗੀ ਵੱਲੋਂ ਸੱਚੀ ਸੁੱਚੀ ਸ਼ਰਧਾਂਜਲੀ ਹੈ।
ਇਹ ਕੰਮ ਕਿਸੇ ਇਕ ਵਿਅਕਤੀ ਲਈ ਇਕ ਨਿਸ਼ਚਤ ਸਮੇਂ ਵਿਚ ਮੁੱਕੰਮਲ ਕਰਨਾ ਅਸੰਭਵ ਅਤੇ ਅਤਿਅੰਤ ਕਠਨ ਸੀ। ਪ੍ਰੰਤੂ ਡਾ ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਅਰਧਾਂਗਣੀ ਡਾ ਗੁਰਸ਼ਰਨ ਕੌਰ ਜੱਗੀ ਦੀ ਦ੍ਰਿੜ੍ਹਤਾ, ਸੂਝ, ਲਗਨ ਅਤੇ ਪ੍ਰਤੀਬੱਧਤਾ ਨੇ ਇਹ ਸੰਭਵ ਕਰਕੇ ਵਿਖਾਇਆ ਹੈ। ਅਜਿਹਾ ਵੱਡਾ ਅਤੇ ਵਿਦਵਤਾ ਵਾਲਾ ਕੰਮ ਇਕ ਧਰਮ ਅਤੇ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ, ਪਾਲੀ, ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਡਾ ਰਤਨ ਸੰਘ ਜੱਗੀ ਅਤੇ ਇਸ ਕੰਮ ਵਿਚ ਉਨ੍ਹਾਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਡਾ ਗੁਰਸ਼ਰਨ ਕੌਰ ਜੱਗੀ ਦੋਵੇਂ ਹੀ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ।
ਸੰਸਾਰ ਦੇ ਬਾਕੀ ਧਰਮਾਂ ਦਾ ਵੀ ਉਨ੍ਹਾਂ ਨੇ ਅਧਿਐਨ ਕੀਤਾ ਹੋਇਆ ਹੈ। ਉਹ ਦੋਵੇਂ ਅਧਿਆਤਮਿਕਤਾ ਦੇ ਰੰਗ ਵਿਚ ਰੰਗੇ ਹੋਏ ਹਨ, ਜਿਸ ਕਰਕੇ ਭਾਸ਼ਾ ਦੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਇਸ ਸਮੇਂ ਜਦੋਂ ਸੰਸਾਰ ਵਿਚ ਲੋਕ ਕੁਰਾਹੇ ਪਏ ਹੋਏ ਹਨ। ਸਾਰੇ ਪਾਸੇ ਅੰਧਕਾਰ ਫੈਲਿਆ ਹੋਇਆ ਹੈ। ਜ਼ਾਤ ਪਾਤ ਦਾ ਬੋਲਬਾਲਾ ਹੈ। ਝੂਠ, ਫ਼ਰੇਬ ਕਰਕੇ ਇਨਸਾਨਾਂ ਵਿਚ ਆਪੋਧਾਪੀ ਫ਼ੈਲੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕੇ ਦੇ ਦਿੱਤੇ ਮਾਰਗ ਦਰਸ਼ਨ ਤੇ ਚੱਲਣ ਦੀ ਥਾਂ ਲੋਕ ਵਿਹਲੜ ਬਣ ਗਏ ਹਨ। ਨਾਮ ਜਪਣ ਤੋਂ ਵੀ ਮੁਨਕਰ ਹੋ ਗਏ ਹਨ। ਅਜਿਹੇ ਸਮੇਂ ਇਕ ਅਜਿਹੀ ਪੁਸਤਕ ਦੀ ਲੋੜ ਸੀ, ਜਿਸ ਨੂੰ ਪੜ੍ਹਕੇ ਗੁਰੂ ਦੀ ਦਿੱਤੀ ਨਸੀਹਤ ਉੱਪਰ ਪਹਿਰਾ ਦੇ ਸਕਣ। ਪ੍ਰੰਤੂ ਇਸ ਪੁਸਤਕ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ।
ਪੰਜਾਬ ਸਰਕਾਰ ਨੂੰ ਅਜਿਹੀਆਂ ਪੁਸਤਕਾਂ ਨਾ ਮਾਤਰ ਮੁੱਲ ਉੱਪਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਡਾ ਰਤਨ ਸਿੰਘ ਜੱਗੀ ਵਰਗੇ ਵਿਦਵਾਨ ਦੀ ਮਿਹਨਤ ਦਾ ਲਾਭ ਉਠਾਇਆ ਜਾ ਸਕੇ ਅਤੇ ਗੁਰੂ ਦੀ ਵਿਚਾਰਧਾਰਾ ਆਮ ਲੋਕਾਂ ਵਿਚ ਪਹੁੰਚ ਸਕੇ। ਇਸ ਪੁਸਤਕ ਦੇ ਆਕਾਰ ਅਤੇ ਕੀਤੇ ਕੰਮ ਨੂੰ ਵੇਖਕੇ ਡਾ ਰਤਨ ਸਿੰਘ ਜੱਗੀ ਦੀ ਘਾਲਣਾ ਅੱਗੇ ਸਿਰ ਝੁਕ ਜਾਂਦਾ ਹੈ ਕਿ ਗੁਰੂ ਨੇ ਇਤਨੀ ਵੱਡੀ ਉਮਰ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਇਸ ਪੁਸਤਕ ਨੂੰ ਲਿਖਣ ਦੀ ਅਥਾਹ ਸਮਰੱਥਾ ਬਖ਼ਸ਼ੀ ਹੈ। ਡਾ ਰਤਨ ਸਿੰਘ ਜੱਗੀ ਨੇ ਬੜੀ ਸਰਲ ਭਾਸ਼ਾ ਵਿਚ ਅਰਥ ਕੀਤੇ ਹਨ, ਜਿਹੜੇ ਆਮ ਪਾਠਕ ਦੇ ਸਮਝ ਵਿਚ ਆ ਜਾਂਦੇ ਹਨ। ਉਦਾਹਰਨ ਲਈ ਸਿਰੀ ਰਾਗੁ ਵਿਚ ਪੁਸਤਕ ਦੇ ਪੰਨਾ 79 ‘ਤੇ ਸਲੋਕ ਹੈ-
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥
ਖੜੁ ਪੱਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦ ਪਛਾਣ॥4॥
ਇਸਦੇ ਅਰਥ ਇਸ ਪ੍ਰਕਾਰ ਹਨ-ਹੇ ਵਣਜਾਰੇ ਮਿਤਰ! ਉਮਰ ਦੇ ਚੌਥੇ ਪਹਿਰ ਵਿਚ (ਜੀਵ) ਬਿਰਧ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤਰ! ਅੱਖਾਂ ਅੱਗੇ ਹਨੇਰਾ ਆ ਜਾਣ ਕਾਰਨ ਦਿਸਦਾ ਨਹੀਂ ਅਤੇ ਕੰਨਾਂ ਰਾਹੀਂ ਬੋਲ ਵੀ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ (ਹੋ ਜਾਂਦਾ ਹੈ) ਅਤੇ ਜੀਭ ਰਸ ਮਾਣਨ (ਦੀ ਰੁਚੀ) ਨਹੀਂ ਰਹਿੰਦੀ, ਸ਼ਕਤੀ ਅਤੇ ਪਰਾਕ੍ਰਮ/ ਉੱਦਮ ਮੁਕ ਜਾਂਦੇ ਹਨ। ਹਿਰਦੇ ਵਿਚ ਗੁਣ ਨਹੀਂ ਹੁੰਦੇ, (ਫਿਰ) ਉਹ ਮਨਮੁਖ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਹੈ, (ਬਸ) ਆਵਾਗਵਣ ਦੇ ਚੱਕਰ ਵਿਚ (ਪਿਆ ਰਹਿੰਦਾ ਹੈ)। (ਉਮਰ ਰੂਪ) ਖੇਤੀ ਦੇ ਪਕ ਜਾਣ ‘ਤੇ ਕੁੜਕ ਕੇ ਟੁੱਟ ਜਾਂਦਾ ਹੈ (ਭਾਵ ਮਿਰਤੂ ਹੋ ਜਾਂਦੀ ਹੈ)। (ਸੰਸਾਰ ਵਿਚ) ਜਨਮ ਲੈ ਕੇ ਫਿਰ ਚਲੇ ਜਾਣ ਵਿਚ ਕੋਈ ਮਾਣ ਦੀ ਗੱਲ ਨਹੀਂ ਹੁੰਦੀ। ਨਾਨਕ ਦਾ ਕਥਨ ਹੈ ਕਿ ਹੇ ਪ੍ਰਾਣੀ! (ਜੀਵਨ ਦੇ) ਚੌਥੇ ਪਹਿਰ ਵਿਚ ਗੁਰੂ ਦੀ ਸਿੱਖਿਆ ਅਨੁਸਾਰ ਪਾਣੀ ਦੀ ਪਛਾਣ ਕਰ।4।
ਡਾ ਰਤਨ ਸਿੰਘ ਜੱਗੀ ਨੇ ਸਰਲ ਢੰਗ ਨਾਲ ਅਰਥ ਦੱਸੇ ਹਨ। ਇਤਨੇ ਵੱਡੇ ਵਿਦਵਾਨ ਦਾ ਆਮ ਪਾਠਕਾਂ ਦੇ ਪੱਧਰ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ ਪ੍ਰੰਤੂ ਡਾ ਜੱਗੀ ਆਮ ਪਾਠਕ ਦੀ ਨਬਜ਼ ਨੂੰ ਸਮਝਦੇ ਹਨ। ਇਸ ਕਰਕੇ ਉਨ੍ਹਾਂ ਨੇ ਉਨ੍ਹਾਂ ਦੀ ਲੋੜ ਅਨੁਸਾਰ ਸਾਧਨਾ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.