ਗੁਰਭਜਨ ਗਿੱਲ ਬਹੁ ਵਿਧਾਈ ਲੇਖਕ ਹੈ। ਉਸ ਨੇ ਪੰਜਾਬੀ ਸ਼ਾਇਰੀ ਵਿੱਚ ਕਾਵਿ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ ਨਾਲ 1978 ਵਿੱਚ ਪ੍ਰਵੇਸ਼ ਕੀਤਾ ਸੀ। ਇਸ ਪਿੱਛੋਂ ਉਹ ਛੇ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ, ਅਮਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਪਾਰਦਰਸ਼ੀ, ਮਨ ਤੰਦੂਰ ਸ਼ਾਮਲ ਹਨ।
'ਸੁਰਤਾਲ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ ਜੋ 2021 ਵਿੱਚ ਛਪਿਆ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 156 ਗ਼ਜ਼ਲਾਂ ਸ਼ਾਮਲ ਹਨ। ਉਸ ਦੀਆਂ ਲਗਾਤਾਰ ਛਪੀਆਂ ਕਾਵਿ -ਪੁਸਤਕਾਂ ਉਸ ਦੀ ਲਿਖਣ ਦੀ ਲਗਾਤਾਰਤਾ ਦਾ ਠੋਸ ਸਬੂਤ ਹਨ।
ਇਹ ਗ਼ਜ਼ਲ ਸੰਗ੍ਰਹਿ ਉਸ ਦੀ ਸਿਰਜਣ ਸ਼ਕਤੀ ਦੇ ਭਰਪੂਰ ਦਰਸ਼ਨ ਕਰਵਾਉਂਦਾ ਹੈ। ਅੱਧੀ ਸਦੀ ਹੰਢਾਉਣ ਉਪਰੰਤ ਬਹੁਤੇ ਸ਼ਾਇਰਾਂ ਦੇ ਪ੍ਰੇਰਨਾ ਸਰੋਤ ਮੁੱਕ ਜਾਂਦੇ ਨੇ ਤੇ ਉਹ ਜਾਂ ਤਾਂ ਸ਼ਾਇਰੀ ਦੇ ਪਿੜ ਚੋਂ ਲਾਂਭੇ ਹੋ ਜਾਂਦੇ ਨੇ ਜਾਂ ਕਿਸੇ ਹੋਰ ਸਾਹਿਤਕ ਵਿਧਾ ਵੱਲ ਮੁੜ ਜਾਂਦੇ ਨੇ ਤੇ ਜਾਂ ਸਿਰਜਣਾ ਦੇ ਜਗਤ ਨੂੰ ਅਲਵਿਦਾ ਕਹਿ ਦਿੰਦੇ ਨੇ ਤੇ ਜਾਂ ਫਿਰ ਪਹਿਲੇ ਰਚੇ ਨੂੰ ਦੁਹਰਾਉਣ ਲੱਗ ਪੈਂਦੇ ਨੇ।
'ਸੁਰਤਾਲ' ਦਾ ਗ਼ਜ਼ਲਕਾਰ ਅਜਿਹੇ ਸਿਰਜਕ ਵਜੋਂ ਉਭਰਦਾ ਹੈ ਜੋ ਨਾ ਕੇਵਲ ਆਪਣੀ ਲੇਖਣੀ ਦੀ
ਲਗਾਤਾਰਤਾ ਨੂੰ ਲਗਾਤਾਰ ਕਾਇਮ ਰੱਖ ਰਿਹਾ ਹੈ। ਉਸ ਦੀ ਹਰ ਨਵੀਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਨਵੀਨਤਾ ਅਤੇ ਰਵਾਨੀ ਵੇਖਣ ਨੂੰ ਮਿਲਦੀ ਹੈ।
ਸ਼ਹੀਦ ਭਗਤ ਸਿੰਘ ਦਾ ਕਿੱਸਾ ਲਿਖਣ ਵਾਲੇ ਪ੍ਰੋ. ਦੀਦਾਰ ਸਿੰਘ ਨੇ ਕਦੇ ਕਿਹਾ ਸੀ।
ਸਾਹਿਤ ਸਿਰਜਣਾ ਸੂਰਮਤਾਈ ਸੂਰਮਿਆਂ ਦਾ ਕੰਮ।
ਕਵੀਆਂ ਉਹਨਾਂ ਸ਼ਿਅਰ ਕੀ ਕਹਿਣੇ ਜੋ ਸੁਖਰਹਿਣੇ ਚੰਮ।
ਸਾਹਿਤ ਸਿਰਜਣਾ ਤਾਂ ਸੂਰਮਤਾਈ ਹੈ ਹੀ, ਲਗਾਤਾਰ ਸਿਰਜਣਾ ਕਰਨੀ ਹੋਰ ਵੀ ਵੱਡੀ ਸੂਰਮਤਾਈ ਹੈ। ਇਸ ਪੱਖੋਂ 'ਸੁਰਤਾਲ' ਦਾ ਕਰਤਾ ਗੁਰਭਜਨ ਗਿੱਲ ਵੱਡਾ ਸੂਰਮਾ ਹੈ।
ਸੁਰਤਾਲ ਦੀ ਗ਼ਜ਼ਲਕਾਰੀ ਰਵਾਇਤੀ ਗ਼ਜ਼ਲ ਦੇ ਰੰਗਾਂ 'ਜ਼ੁਲਫਾਂ' ਤੇ 'ਰੁਖ਼ਸਾਰਾਂ' ਨੂੰ ਨਕਾਰ ਕੇ ਜ਼ਿੰਦਗੀ ਦੇ ਤਿੰਨ ਰੰਗਾਂ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ ਜਿਸ ਵਿੱਚ ਆਪਣੇ ਇਤਿਹਾਸ, ਮਿਥਿਹਾਸ, ਸੱਭਿਆਚਾਰ ਤੇ ਲੋਕਾਂ ਦੇ ਦਰਦ ਲਈ ਵੰਗਾਰ ਤੇ ਪ੍ਰੇਰਨਾ ਦਾ ਰੰਗ ਪ੍ਰਬਲ ਹੈ। ਪਹਿਲੀ ਗ਼ਜ਼ਲ ਵਿੱਚ ਹੀ ਉਪਰੋਕਤ ਰੰਗਾਂ ਵਿੱਚੋਂ ਬਹੁਤਿਆਂ ਦੇ ਝਲਕਾਰੇ ਮਿਲ ਜਾਂਦੇ ਨੇ।
ਲੋਕ ਸ਼ਕਤੀਆਂ ਦਸਤਕ ਦੇਵਣ ਲੋਕ ਉਡੀਕਣ ਸੂਰਜ,
ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ।
ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣ ਕੇ ਚਮਕੇ,
ਜਗਣ ਚਿਰਾਗ਼ ਉਮੀਦਾਂ ਵਾਲੇ, ਲਮਕਣ ਚਿਹਰੇ ਕੋਟ ਮੁਬਾਰਕ।
ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇ ਅਰਥਾ,
ਲੰਮੇ ਯੁੱਧਾਂ ਖ਼ਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ।
(ਪੰਨਾ-13)
ਇਹ ਸੁਚੱਜੀ ਗ਼ਜ਼ਲ ਇਕ ਤਰ੍ਹਾਂ ਨਾਲ 'ਸੁਰਤਾਲ' ਦੀ ਗ਼ਜ਼ਲਕਾਰੀ ਦਾ ਮੈਨੀਫੈਸਟੋ ਹੈ, ਐਲਾਨਨਾਮਾ ਹੈ।ਸਿਰਮੌਰ ਪੰਜਾਬੀ ਲੇਖਕ ਸ: ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਕਿਹਾ ਸੀ: ਪਿਆਰ ਜ਼ਿੰਦਗੀ ਦਾ ਸ਼੍ਰੋਮਣੀ ਜਜ਼ਬਾ ਹੈ।
ਗ਼ਜ਼ਲਕਾਰ ਦੇ ਕੁਝ ਸ਼ਿਅਰ ਇਸ ਪਰਖ਼ ਅਨੁਸਾਰ ਗੌਲਣ ਯੋਗ ਹਨ :
ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ।
ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ।
ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ,
ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ।
ਰੂਹ ਤੋਂ ਭਾਰ ਉਤਾਰਨ ਦੇ ਸਭ, ਤਰਲੇ ਨੇ,
ਓਦਾਂ ਕਿੱਥੇ ਮਨ ਉਲਥਾਇਆ ਜਾਂਦਾ ਹੈ।
ਸੁਰ ਤੇ ਸਾਜ਼ ਵਿਲਕਦੇ, ਪੀੜਾਂ ਦੱਸਣ ਲਈ,
ਧੁਰ ਅੰਦਰੋਂ ਜੇ, ਮਨ ਪਿਘਲਾਇਆ ਜਾਂਦਾ ਹੈ।
(ਪੰਨਾ-14)
ਗੁਰਭਜਨ ਕੋਲ ਉਸ ਵੱਡੇ ਬਾਬੇ ਨਾਨਕ ਦੀ ਸ਼ਬਦ ਸੁੱਚਮ ਦੀ ਉਹ ਵਿਰਾਸਤ ਹੈ ਜਿਸ ਨੇ ਕਿਹਾ ਸੀ 'ਸੱਚ ਸੁਣਾਇਸੀ ਸੱਚ ਕੀ ਬੇਲਾ'। ਉਹ ਸਾਡੇ ਸਮੇਂ ਦੇ ਹਾਕਮਾਂ ਨੂੰ ਵੀ ਬੇਪਰਦ ਕਰਦਾ ਹੈ ਜੋ ਕਹਿੰਦਾ ਹੈ ਕਿ ਲਾਲ ਸੂਹੇ ਫੁੱਲਾਂ ਦੀ ਥਾਂ ਬਾਗਾਂ ਵਿਚ ਕੇਸਰੀ ਫੁੱਲ ਬੀਜਣ ਦਾ ਹੁਕਮ ਆ ਗਿਆ ਹੈ ਅਰਥਾਤ ਦੇਸ਼ ਨੂੰ ਭਗਵੇ ਰੰਗ ਵਿੱਚ ਰੰਗਣ ਦੀ ਬਦਨੀਤੀ ਨੂੰ ਨੰਗਾ ਹੀ ਨਹੀਂ ਕੀਤਾ ਗਿਆ ਸਗੋਂ ਇਸ ਨੀਤੀ ਨੂੰ ਬਦਕਾਰ ਅਤੇ ਟੀਰੀ ਵੀ ਕਿਹਾ ਹੈ :-
ਜਿੱਥੇ ਕਿਤੇ ਬਾਗਾਂ ਵਿਚ, ਲਾਲ ਸੂਹੇ ਫੁੱਲ ਨੇ ,
ਆ ਗਿਆ ਆਦੇਸ਼, ਬੀਜੋ ਕੇਸਰੀ ਪਨੀਰੀਆਂ।
ਰੱਖ ਨਾ ਉਮੀਦ ਐਵੇਂ, ਭੋਲੇ ਦਿਲਾ ਪਾਤਸ਼ਾਹ,
ਨੀਤ ਬਦਕਾਰ ਉਹਦੀ, ਨੀਤੀਆਂ ਵੀ ਟੀਰੀਆਂ।
(ਪੰਨਾ-16)
ਜਦੋਂ ਸਮਕਾਲ ਵਿਚ ਬੋਲਣ ਤੇ ਲਿਖਣ ਤੇ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹੋਣ,ਕਲਮਕਾਰਾਂ ਦੇ ਕਤਲੋਗਾਰਤ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ, ਲਾਸ਼ਾਂ ਦੇ ਢੇਰਾਂ ਤੇ ਇੱਲਾਂ, ਗਿਰਝਾਂ ਅਤੇ ਕਾਵਾਂ ਦਾ ਝੁਰਮਟ ਹੈ ਤਾਂ ਗੁਰਭਜਨ ਗਿੱਲ ਚੁੱਪ ਤੇ ਸ਼ਾਂਤ ਕਿਵੇਂ ਬੈਠ ਸਕਦਾ ਹੈ? ਉਹ ਤਾਂ ਕੁਰਲਾ ਉੱਠਦਾ ਹੈ:
ਨਾ ਬੋਲਾਂ ਤੇ ਦਮ ਘੁੱਟਦਾ ਹੈ, ਬੋਲਣ ਤੇ ਇਤਰਾਜ਼ ਹੈ ਤੈਨੂੰ ,
ਜੀਂਦੇ ਜੀਅ ਤਾਂ ਰੂਹ ਦਾ ਪੰਛੀ, ਆਪਣੇ ਹੱਥੋਂ ਮਾਰ ਨਹੀਂ ਹੁੰਦਾ।
ਤੇਰੇ ਆਲੇ ਦੁਆਲੇ ਝੁਰਮਟ, ਇੱਲ੍ਹਾਂ ਗਿਰਝਾਂ ਕਾਵਾਂ ਦਾ ਹੈ,
ਵੱਸਦੇ ਘਰ ਵਿਚ ਏਸ ਤਰ੍ਹਾਂ ਦਾ, ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ
(ਪੰਨਾ-17)
ਸਮੇਂ ਦੀਆਂ ਸਾਜ਼ਿਸ਼ਾਂ ਨੂੰ ਵੇਖ ਕੇ ਉਸ ਦਾ ਮਨ ਦੁਖੀ ਹੋ ਜਾਂਦਾ ਹੈ ਜਦੋਂ ਇਨ੍ਹਾਂ ਸਾਜ਼ਿਸ਼ਾਂ ਨੂੰ ਹੀ ਸਲਾਹਾਂ ਕਿਹਾ ਜਾ ਰਿਹਾ ਹੈ।
ਇਸੇ ਤਰ੍ਹਾਂ ਦਾ ਕਹਿਰ ਅੱਜ ਤਕ, ਵੇਖਿਆ ਸੀ ਨਾ ਕਦੇ,
ਸਾਜ਼ਿਸ਼ੀ ਚਾਲਾਂ ਨੂੰ ਲੋਕੀਂ, ਕਹਿਣ ਲੱਗ ਪਏ ਮਸ਼ਵਰੇ।
(ਪੰਨਾ-18)
ਉਹ ਸਮਾਜ ਦੀ ਕਾਣੀ ਵੰਡ ਨੂੰ ਵੇਖਦਾ ਤੇ ਮਹਿਸੂਸਦਾ ਹੀ ਨਹੀਂ ਸਗੋਂ ਮਜ਼ਲੂਮ ਧਿਰ ਨਾਲ ਖਲੋਂਦਾ ਹੈ। ਉਸ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਜ਼ੁਲਮ ਸਹਿਣ ਲਈ ਹੀ ਪੈਦਾ ਹੋਈ ਹੈ ਤੇ ਇਹੀ ਉਸ ਦੀ ਹੋਣੀ ਹੈ:
ਕੱਚੇ ਘਰਾਂ ਉੱਤੇ ਕਹਿਰ, ਸਦਾ ਜ਼ਿੰਦਗੀ ਚ ਜ਼ਹਿਰ,
ਨਦੀ ਸ਼ੂਕਦੀ ਨੀਵਾਣਾਂ ਵੱਲ, ਵਗਦੇ ਹੀ ਰਹਿਣਾ।
(ਪੰਨਾ-19)
ਬਿਰਹਣ ਦੇ ਰੂਪ ਵਿੱਚ ਲੂਣਾ ਕੁਰਲਾਉਂਦੀ ਜਾਪਦੀ ਹੈ ਜਿਸ ਦਾ ਕੰਤ ਚਾਂਦੀ ਦੇ ਫੁੱਲ ਚੁਗਦਾ ਫਿਰਦਾ ਹੈ।
ਉਸ ਬਿਰਹਣ ਦੀ ਕੌਣ ਸੁਣੇਗਾ, ਜਿਸ ਦਾ ਕੰਤ ਘਰੇ ਨਾ ਮੁੜਿਆ ,
ਚਾਂਦੀ ਵਾਲਾ ਚੋਗਾ ਚੁਗਦਾ, ਰੱਜਦਾ ਹੀ ਨਹੀਂ ਕਮਲਾ ਢੋਲਣ।
ਲੋਕ ਸ਼ਕਤੀ ਵਿੱਚ ਏਨਾ ਬਲ ਹੈ ਪਈ ਉਹ ਵੱਡੇ ਵੱਡੇ ਰਾਜ ਭਾਗਾਂ ਦੇ ਤਖ਼ਤੇ ਵੀ ਉਲਟਾ ਸਕਦੀ ਹੈ:
ਅੱਕੇ ਲੋਕ ਪਲਟਦੇ ਤਖ਼ਤਾ, ਰਾਜ ਭਾਗ ਤਾਂ ਸ਼ੈਅ ਹੀ ਕੁਝ ਨਾ
ਵਗਦੀ ਪੌਣੇ ਦੇਈਂ ਸੁਨੇਹੜਾ, ਹੋਰ ਨਾ ਸਾਡੀ ਹਸਤੀ ਰੋਲਣ।
(ਪੰਨਾ-21)
ਜ਼ਿੰਦਗੀ ਬੇਤਰਤੀਬੀ ਹੋ ਗਈ ਹੈ, ਰੁਝੇਵੇਂ ਇੰਨੇ ਵਧ ਗਏ ਨੇ ਪਰਿਵਾਰ ਦੇ ਜੀਅ ਕਈ ਕਈ ਦਿਨਾਂ ਤਕ ਵੀ ਮਿਲ ਨਹੀਂ ਸਕਦੇ। ਸੁਰ ਤੇ ਤਾਲ ਦੀਆਂ ਵੀ ਹੁਣ ਦੁਰਗਤੀਆਂ ਹੋ ਰਹੀਆਂ ਨੇ। ਜ਼ਿੰਦਗੀ ਸੰਗੀਤ ਵਿਗੁੱਤੀ ਹੋ ਗਈ ਹੈ। ਆਲੇ ਦੁਆਲੇ ਗੁਲਾਬਾਂ ਦੀ ਥਾਂ ਕੰਡੇ ਹੀ ਰਹਿ ਗਏ ਨੇ। ਇਸ ਤਰ੍ਹਾਂ ਦੀ ਝਲਕ ਇਨ੍ਹਾਂ ਸ਼ਿਅਰਾਂ ਵਿਚੋਂ ਵੇਖੀ ਜਾ ਸਕਦੀ ਹੈ :
ਉੱਖੜੀ ਸੋਚ ਦੇ ਵਾਂਗੂੰ ਸਾਡੇ ਮਨ ਦੀ ਹਾਲਤ ਬੇਤਰਤੀਬੀ,
ਤਰਬ ਤਾਨ ਦੀ ਸਮਝ ਗੁਆਚੀ, ਦੁਰਗਤੀਆਂ ਸੁਰ ਤਾਲ ਦੀਆਂ ਹੁਣ।
ਕੰਮੀਂ ਕਾਰੀਂ ਰੁਲੇ ਬੱਚੜੇ, ਅੱਠੀੰ ਪਹਿਰੀਂ ਜੀਅ ਨਾ ਮਿਲਦੇ,
ਸਾਰਾ ਦਿਨ ਤਾਂ ਕੱਲੀਆਂ ਯਾਦਾਂ ਤਨ ਮਨ ਆਪ ਸੰਭਾਲਦਿਆਂ ਹੁਣ।
ਝੜ ਚੱਲੀਆਂ ਨੇ ਕਿਰਕ ਮਕਿਰਨੀ, ਟਾਹਣਾਂ ਸੁਰਖ਼ ਗੁਲਾਬ ਦੀਆਂ ਵੀ,
ਕੰਡੇ ਕੰਡੇ ਛੱਡ ਚੱਲੀਆਂ ਨੇ ਝੜ ਕੇ ਪੱਤੀਆਂ ਨਾਲ ਦੀਆਂ ਹੁਣ।
(ਪੰਨਾ-29)
ਇਨ੍ਹਾਂ ਗ਼ਜ਼ਲਾਂ ਵਿੱਚ ਜਿੱਥੇ ਜ਼ਿੰਦਗੀ ਦੇ ਵੰਨ ਸੁਵੰਨੇ ਰੰਗ ਪੇਸ਼ ਹੋਏ ਨੇ ਉੱਥੇ ਪੰਜਾਬੀ ਸਾਹਿਤ ਦੀ ਵਿਰਾਸਤ ਵੀ ਇਨ੍ਹਾਂ ਗ਼ਜ਼ਲਾਂ ਦਾ ਵਿਸ਼ਾ ਬਣੀ ਹੈ ਇਨ੍ਹਾਂ ਵਿੱਚ
2.
ਜਿੱਥੇ ਪੰਜਾਬੀ ਕਿੱਸਾ ਕਾਵਿ ਵਿਚਲੀ ਮੁਹੱਬਤ ਦੇ ਝਲਕਾਰੇ ਮਿਲਦੇ ਨੇ ਉੱਥੇ ਵਾਰ - ਕਾਵਿ ਵਾਲਾ ਬੀਰ ਰਸ ਵੀ ਝਲਕਦਾ ਹੈ ਜੋ ਜ਼ਿੰਦਗੀ ਨੂੰ ਹਿੰਮਤ ਅਤੇ ਹੌਸਲਾ ਦਿੰਦਾ ਹੈ।
ਬੇਹਿੰਮਤੇ ਨੂੰ ਮਾਂ ਧਰਤੀ ਵੀ, ਚੋਗ ਚੁਗਾਉਣੋਂ ਟਲ਼ ਜਾਂਦੀ ਹੈ,
ਜਿਉ ਪਰ -ਹੀਣ ਪਰਿੰਦਾ ਕੋਈ ਬਿਨਾਂ ਉਡਾਰੀ ਫਿਰਦਾ ਮਰਿਆ।
ਕੱਚੀਆਂ ਪਿੱਲੀਆਂ ਇੱਟਾਂ ਦਾ ਮੈਂ, ਗਾਹਕ ਨਹੀਂ ਜੀ ਸੁਣ ਲਉ ਸਾਰੇ,
ਨਾਨਕਸ਼ਾਹੀ ਪੱਕੀਆਂ ਇੱਟਾਂ, ਸਿਦਕ ਸਲਾਮਤ ਮੇਰਾ ਕਰਿਆ।
ਵਕਤ ਦੇ ਅੱਥਰੇ ਘੋੜੇ ਉੱਪਰ, ਮਾਰ ਪਲਾਕੀ ਚੜ੍ਹਿਆ ਹਾਂ ਮੈਂ,
ਤੇਰੇ ਦਮ ਤੇ ਉੱਡਿਆ ਫਿਰਦਾਂ,ਪਹਿਲਾਂ ਸਾਂ ਮੈਂ ਡਰਿਆ ਡਰਿਆ।
ਕੌਣ ਕਿਸੇ ਦੀ ਖ਼ਾਤਰ ਮਰਦੈ, ਸੂਰਮਿਆਂ ਜਾਂਬਾਜ਼ਾਂ ਤੋਂ ਬਿਨ,
ਸੀਸ ਤਲੀ ਤੇ, ਪੈਰ ਧਾਰ ਤੇ, ਨਿਸ਼ਚੇ ਬਾਝੋਂ ਕਿਸ ਨੇ ਧਰਿਆ।
(ਪੰਨਾ-34)
ਨਾਰੀ ਨੂੰ ਵਡਿਆਉਣ ਵਾਲੇ ਸਾਡੇ ਬਾਬਾ ਨਾਨਕ ਦਾ ਇਹ ਵਾਰਿਸ ਨਾਰੀ ਦੀ ਮਹਿਮਾ ਇੰਜ ਕਰਦਾ ਹੈ
ਚੱਲ ਨੀ ਭੈਣੇ ਆਪਾਂ ਰਲ ਕੇ, ਵੀਰਾਂ ਦੇ ਸੰਗ ਕਦਮ ਵਧਾਈਏ।
ਘਰ ਦੀ ਚਾਰਦੀਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ।
ਨਾ ਅਰਧਾਂਗਣ ਨਾ ਹਾਂ ਅਬਲਾ, ਪੂਰੀ ਹਸਤੀ ਲੈ ਕੇ ਜੰਮੀ,
ਆਪੇ ਜੱਗ ਇਹ ਸਮਝ ਲਵੇਗਾ, ਪਹਿਲਾਂ ਤਾਂ ਖੁਦ ਨੂੰ ਸਮਝਾਈਏ।
ਸਦੀਆਂ ਸਿਦਕ, ਸਲੀਕਾ, ਸੇਵਾ ਸ਼ੁਭਕਰਮਨ ਦਾ ਬੀਜ ਸਾਂਭਿਆ,
ਆ ਜਾ ਆਪਣੇ ਹੱਥੀਂ ਆਪੇ, ਵਿੱਚ ਸਿਆੜਾਂ ਇਹ ਸਭ ਲਾਈਏ।
(ਪੰਨਾ-37)
ਗ਼ਜ਼ਲਕਾਰ ਆਪਣੇ ਸਮਕਾਲੀ ਗ਼ਜ਼ਲਕਾਰਾਂ ਦਾ ਵਰਨਣ ਕਰਨੋਂ ਹੀ ਨਹੀਂ ਖੁੰਝਿਆ। ਸਮਕਾਲੀ ਸ਼ਾਇਰ ਡਾ. ਲਖਵਿੰਦਰ ਸਿੰਘ ਜੌਹਲ ਬਾਰੇ ਗ਼ਜ਼ਲ ਲਿਖ ਉਹ ਕਹਿੰਦਾ ਹੈ :
ਆ ਲਖਵਿੰਦਰ ਰਲ ਤੁਰ ਚੱਲੀਏ ਵਕਤ ਦੀਆਂ ਦੀਵਾਰਾਂ ਓਹਲੇ।
ਕਿੱਥੋਂ ਤੁਰ ਕੇ ਕਿੱਥੇ ਆਏ, ਕਦਮ ਕਦਮ ਤੇ ਖਾ ਹਿਚਕੋਲੇ।
ਕਿੱਥੇ ਪਿੰਡ ਜੰਡਿਆਲਾ ਤੇਰਾ, ਹੋਰਸ ਥਾਂ ਮੈਂ ਉੱਗਿਆ ਪੁੱਗਿਆ,
ਵਕਤ ਦੀ ਤੱਕੜੀ ਤੋਲ ਤੋਲ ਕੇ, ਕਿੰਨੇ ਸੱਚੇ ਸੌਦੇ ਤੋਲੇ।
(ਪੰਨਾ-136)
ਇਸ ਤਰ੍ਹਾਂ ਗ਼ਜ਼ਲਕਾਰਾ ਸੁਖਵਿੰਦਰ ਅੰਮ੍ਰਿਤ ਬਾਰੇ ਲਿਖਦਾ ਹੈ:
ਸਤਲੁਜ ਕੰਢੇ ਬੇਟ 'ਚ ਜੰਮੀ, ਵੇਖੋ ਧੀ ਫੁਲਕਾਰੀ ਵਰਗੀ।
ਗੀਤ ਗਜ਼ਲ ਕਵਿਤਾਵਾਂ ਲਿਖਦੀ, ਤਿੱਖੜੀ ਤੇਜ਼ ਕਟਾਰੀ ਵਰਗੀ।
ਪੰਨਾ: 166
ਸੁਖਵਿੰਦਰ ਅੰਮ੍ਰਿਤ ਨੇ ਕੁਝ ਸਾਲ ਪਹਿਲਾਂ ਜਦੋਂ ਸੁਰਜੀਤ ਪਾਤਰ ਬਾਰੇ ਗ਼ਜ਼ਲ ਲਿਖੀ ਸੀ ਤਾਂ ਉਸ ਨੂੰ ਇਹ ਇਲਮ ਨਹੀਂ ਹੋਣਾ ਕਿ ਇਕ ਦਿਨ ਗੁਰਭਜਨ ਗਿੱਲ ਵੀ ਸੁਖਵਿੰਦਰ ਅੰਮ੍ਰਿਤ ਬਾਰੇ ਗ਼ਜ਼ਲ ਲਿਖੇਗਾ?
ਸੂਰਮੇ ਪੰਜਾਬੀ ਨਾਇਕ ਵੀ ਉਸ ਦੀ ਗ਼ਜ਼ਲਕਾਰੀ ਦਾ ਵਿਸ਼ਾ ਬਣੇ ਨੇ:
ਭਗਤ ਸਰਾਭਾ ਊਧਮ ਸਿੰਘ ਤਾਂ ਅਣਖੀ ਰੁੱਤ ਕਿਰਦਾਰ ਦਾ ਨਾਂ ਹੈ।
ਲੋਕ ਮੁਕਤੀਆਂ ਖ਼ਾਤਰ ਪੱਲ੍ਹਰੀ ਸੂਹੀ ਸੁਰਖ਼ ਬਹਾਰ ਦਾ ਨਾਂ ਹੈ।
(ਪੰਨਾ-90)
ਗ਼ਜ਼ਲਕਾਰ ਦਾ ਕਲਾਵਾ ਬੜਾ ਵਿਸ਼ਾਲ ਹੈ। ਉਹ ਕੁੱਲ ਆਲਮ ਨੂੰ ਆਪਣੀ ਬੁੱਕਲ ਵਿਚ ਲੈਂਦਾ ਹੈ। ਲਤੀਨੀ ਅਮਰੀਕਾ ਦੇ ਦੇਸ਼ ਕਿਊਬਾ ਦੇ ਇਨਕਲਾਬੀ ਆਗੂ ਫੀਦਲ ਕਾਸਟਰੋ ਨੂੰ ਵੀ ਆਪਣੇ ਸ਼ਿਅਰਾਂ ਰਾਹੀਂ ਆਪਣੀ ਅਕੀਦਤ ਦੇ ਬੋਲ ਪੇਸ਼ ਕਰਦਾ ਹੈ।
ਤੂੰ ਤੁਰਿਐਂ ਤਾਂ ਏਦਾਂ ਲੱਗਿਆ ਮੌਤ ਝਕਾਨੀ ਦੇ ਗਈ ਯਾਰਾ।
ਇੱਕ ਦੂਜੇ ਨੂੰ ਮਿਲੇ ਕਦੇ ਨਾ ਕਿਉਂ ਲੱਗਦਾ ਸੀ ਭਾਈਚਾਰਾ।
ਤੇਰਾ ਵਤਨ ਕਿਊਬਾ ਸੂਹੇ ਸੂਰਜ ਦਾ ਹਮਨਾਮ ਬਣ ਗਿਆ,
ਪਿਘਲ ਗਿਆ ਤੂੰ ਲੋਕਾਂ ਖ਼ਾਤਰ, ਸਿਰ ਪੈਰੋਂ ਸਾਰੇ ਦਾ ਸਾਰਾ।
ਇਨਕਲਾਬ ਦਾ ਸੂਹਾ ਪਰਚਮ, ਡਿੱਗਿਆ, ਝੁਕਿਆ ਫਿਰ ਲਹਿਰਾਇਆ,
ਰਿਹਾ ਚਮਕਦਾ ਨੂਰ ਨਿਰੰਤਰ, ਤੇਰੀ ਟੋਪੀ ਉਤਲਾ ਤਾਰਾ।
ਤੇਰੀ ਫ਼ੌਜੀਆਂ ਵਾਲੀ ਵਰਦੀ, ਜਿਸਮ ਤੇਰੇ ਦਾ ਹਿੱਸਾ ਬਣ ਗਈ,
ਤੂੰ ਇੱਕ ਵਾਰੀ ਵੀ ਨਾ ਕੰਬਿਆ, ਦੁਸ਼ਮਣ ਦਾ ਤੱਕ ਲਸ਼ਕਰ ਭਾਰਾ।
(ਪੰਨਾ-135)
ਗ਼ਜ਼ਲਕਾਰ ਦੇ ਵੰਨ ਸੁਵੰਨੇ ਵਿਸ਼ੇ ਸੀਮਤ ਸਮੇਂ ਵਿੱਚ ਵਿਚਾਰਨੇ ਸੰਭਵ ਨਹੀਂ ਹਨ ਕਿਉਂਕਿ ਉਸ ਨੇ ਜ਼ਿੰਦਗੀ ਦਾ ਕੋਈ ਪਹਿਲੂ ਅਣਗੌਲਿਆ ਨਹੀਂ ਕੀਤਾ ਅਤੇ 156 ਗ਼ਜ਼ਲਾਂ ਦਾ ਵਿਸਥਾਰ ਸੀਮਤ ਪੰਨਿਆ ਤੇ ਨਹੀਂ ਦਿੱਤਾ ਜਾ ਸਕਦਾ।
ਗ਼ਜ਼ਲਾਂ ਦੇ ਤਕਨੀਕੀ ਪੱਖ ਬਾਰੇ ਗ਼ਜ਼ਲਕਾਰੀ ਦੇ ਉਸਤਾਦ ਵਧੇਰੇ ਰੌਸ਼ਨੀ ਪਾ ਸਕਦੇ ਨੇ। ਉਸ ਦੀ ਬੋਲੀ ਅਤੇ ਸ਼ਿਅਰਾਂ ਦੀ ਰਵਾਨੀ ਇਸ ਤਰ੍ਹਾਂ ਦੀ ਹੈ ਜਿਵੇਂ ਪੰਛੀ ਡਾਰਾਂ ਤੇ ਕਤਾਰਾਂ ਵਿੱਚ ਅਸਮਾਨੀਂ ਪਰਵਾਜ਼ ਕਰਦੇ ਨੇ।
ਗ਼ਜ਼ਲ ਦੇ ਤਕਨੀਕੀ ਪੱਖ ਬਾਰੇ ਮੈਂ ਪ੍ਰਮੁੱਖ ਪੰਜਾਬੀ ਸ਼ਾਇਰ ਹਰਭਜਨ ਸਿੰਘ ਹੁੰਦਲ ਦੇ ਸ਼ਿਅਰ ਦਾ ਸਹਾਰਾ ਲੈਂਦਾ ਹਾਂ:
ਫ਼ਿਕਰ ਬੜਾ ਪਏ ਕਰਨ ਗ਼ਜ਼ਲਗੋ ਟਿੱਪੀ ਅਤੇ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ ਤੇ ਚੱਲਦੀ ਆਰੀ ਦਾ।
ਗੁਰਭਜਨ ਟਿੱਪੀ ਅਤੇ ਸਿਹਾਰੀ ਦਾ ਜ਼ਿਕਰ ਵੀ ਕਰਦਾ ਹੈ ਪਰ ਉਸ ਦਾ ਵਧੇਰੇ ਬਲ ਦਿਲ ਤੇ ਚਲਦੀ ਆਰੀ ਦਾ ਹੈ।
ਸਿਰਫ਼ ਵਜ਼ਨ ਅਤੇ ਬਹਿਰ ਦੀ ਚਿੰਤਾ ਕਰਨ ਦੀ ਥਾਂ ਗੁਰਭਜਨ ਗਿੱਲ ਖ਼ੂਨ ਵਿੱਚ ਡੁੱਬ ਕੇ ਗ਼ਜ਼ਲ ਲਿਖਦਾ ਹੈ ,ਇਸੇ ਕਰਕੇ ਹੀ ਉਸ ਦੀ ਗ਼ਜ਼ਲ ਪਾਠਕ ਦੇ ਧੁਰ ਦਿਲ ਤਕ ਧੂ ਪਾਉਂਦੀ ਹੈ ।
ਵੱਖ ਵੱਖ ਵਿਸ਼ਿਆਂ, ਲੋਕ ਬੋਲੀ ਤੇ ਮੁਹਾਵਰਿਆਂ ਦੀ ਪੁੱਠ ਵਾਲੇ ਇਸ ਗ਼ਜ਼ਲ ਸੰਗ੍ਰਹਿ ਸੁਰ ਤਾਲ ਨੂੰ ਲੋਕਤਾ ਦੀ ਗ਼ਜ਼ਲਕਾਰੀ ਕਿਹਾ ਜਾ ਸਕਦਾ ਹੈ। ਗੁਰਭਜਨ ਗਿੱਲ ਦੀ ਇਹ ਘਾਲਣਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਸ਼ੇਸ਼ ਥਾਂ ਹਾਸਲ ਕਰਨ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।
-
ਪ੍ਰੋ ਜਾਗੀਰ ਸਿੰਘ ਕਾਹਲੋਂ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.