ਵਾਕਿਆ ਬਟਾਲਾ ਸ਼ਹਿਰ ਦੇ ਪਿੰਡ ਉਮਰਪੁਰਾ ਦਾ ਹੈ। ਮੈਂ ਸੜਕ ’ਤੇ ਤੁਰਿਆ ਜਾ ਰਿਹਾ ਸੀ ਕਿ ਸਾਹਮਣੇ ਬਿਜਲੀ ਦੇ ਖੰਭੇ ਉੱਤੇ ਚੜਿਆ ਇੱਕ ਮੁਲਾਜ਼ਮ ਜ਼ੋਰਦਾਰ ਝਟਕੇ ਨਾਲ ਧੜੰਮ ਕਰਕੇ ਥੱਲੇ ਆ ਡਿੱਗਾ।
ਮੇਰੇ ਸਮੇਤ ਕਿਨੇ ਹੋਰ ਰਾਹਗੀਰ ਭੱਜ ਕੇ ਉਸਦੀ ਮਦਦ ਲਈ ਪਹੁੰਚੇ। ਰੱਬ ਦਾ ਸ਼ੁਕਰ ਕਿ ਜਿਥੇ ਉਹ ਡਿੱਗਾ ਸੀ ਓਥੇ ਕੂੜੇ ਦਾ ਢੇਰ ਸੀ ਅਤੇ ਥਾਂ ਪੱਕਾ ਨਾ ਹੋਣ ਕਾਰਨ ਉਹ ਸੱਟੋਂ ਬਚ ਗਿਆ।
ਮੈਂ ਬਿਜਲੀ ਮੁਲਾਜ਼ਮ ਦੀਆਂ ਤਲੀਆਂ ਝੱਸਦਿਆਂ ਜਦੋਂ ਉਸਦਾ ਹਾਲ ਪੁੱਛਿਆ ਤਾਂ ਕਹਿੰਦਾ ‘ਭਾਅ ਜੀ ਮੈਂ ਠੀਕ ਹਾਂ... ਇਹ ਕੋਈ ਨਵੀਂ ਗੱਲ ਨਹੀਂ.... ਸਾਡੇ ਨਾਲ ਤਾਂ ਰੋਜ਼ ਹੀ ਇਵੇਂ ਵਾਪਰਦਾ...
ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹ ਹੱਥ ਦੇ ਕੇ ਰੱਖ ਲੈਂਦਾ’।
ਪਰ ਅੱਜ ਦਾ ਬਿਜਲੀ ਝਟਕਾ ਕੁਝ ਜਿਆਦਾ ਸੀ... ਪਰ ਚਲੋ ਫਿਰ ਵੀ ਬਚਾਅ ਹੋ ਗਿਆ। ਉਹ ਬਿਜਲੀ ਮੁਲਾਜ਼ਮ ਆਪਣੇ ਕੱਪੜੇ ਝਾੜਦਾ ਹੋਇਆ ਉੱਠਿਆ ਤੇ ਫਿਰ ਬਿਜਲੀ ਦੇ ਪੋਲ ’ਤੇ ਚੜ੍ਹਨ ਲੱਗਾ ਤਾਂ ਮੈਂ ਪੁੱਛਿਆ ਭਾਈ ਸਾਹਿਬ ਹੱਥਾਂ ਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟ ਲਗਾ ਕੇ ਚੜ੍ਹੋ ।
ਅੱਗੋਂ ਉਹ ਬਿਜਲੀ ਮੁਲਾਜ਼ਮ ਮੈਨੂੰ ਕਹਿੰਦਾ ਭਾਅ ਜੀ ਉਹ ਤਾਂ ਹੈ ਨਹੀਂ ਪਰ ਨੁਕਸ ਤਾਂ ਠੀਕ ਕਰਨਾ ਹੈ.... ਨਾਲੇ ਇਸਤੋਂ ਬਾਅਦ ਹੋਰ ਥਾਂ ਵੀ ਤਾਂ ਬਿਜਲੀ ਠੀਕ ਕਰਨ ਜਾਣਾ ਹੈ... ਓਥੋਂ ਵੀ ਲੇਟ ਹੋ ਰਹੇ ਹਾਂ...ਉਪਰੋਂ ਵੱਡੇ ਸਾਹਬ ਫੋਨ ’ਤੇ ਝਿੜਕਾਂ ਮਾਰ ਰਹੇ ਹਨ।
ਇਸਤੋਂ ਪਹਿਲਾਂ ਕਿ ਉਹ ਬਿਜਲੀ ਮੁਲਾਜ਼ਮ ਖੰਭੇ ’ਤੇ ਚੜ੍ਹਦਾ ਮੈਂ ਉਸਨੂੰ ਇੱਕ ਹੋਰ ਸਵਾਲ ਦਾਗ ਦਿੱਤਾ। ਮੈਂ ਕਿਹਾ ‘ਕੀ ਸਰਕਾਰ ਤੁਹਾਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟਾਂ ਨਹੀਂ ਦਿੰਦੀ। ਲੰਮਾ ਜਿਹਾ ਹੌਕਾ ਲੈ ਕੇ ਉਹ ਮੁਲਾਜ਼ਮ ਕਹਿਣ ਲੱਗਾ ‘ਭਾਅ ਜੀ ਸਰਕਾਰ ਤਾਂ ਸਭ ਕੁਝ ਖ਼ਰੀਦਦਾ ਪਰ ਸਾਡੇ ਤੱਕ ਨਹੀਂ ਪਹੁੰਚਦਾ’। ਸਰਕਾਰ ਤੋਂ ਇਲਾਵਾ ਸਾਡੇ ਐੱਸ.ਡੀ.ਓ. ਤੇ ਐਕਸੀਅਨ ਵੀ ਇਹ ਸਾਰਾ ਸੇਫਟੀ ਸਮਾਨ ਅਕਸਰ ਹੀ ਖ਼ਰੀਦਦੇ ਹਨ ਪਰ ਸਾਨੂੰ ਕਦੀ ਨਹੀਂ ਦਿੰਦੇ।
ਜਦੋਂ ਅਸੀਂ ਐੱਸ.ਡੀ.ਓ. ਕੋਲੋਂ ਸੇਫ਼ਟੀ ਸਮਾਨ ਦੀ ਮੰਗ ਕਰੀਦੇ ਹਾਂ ਤਾਂ ਉਹ ਅੱਗੋਂ ਕਹਿ ਦਿੰਦੇ ਹਨ ਕਿ ਤੁਸੀਂ ਤਾਂ ‘ਸਪਾਈਡਰਮੈਨ’ ਹੋ ਤੁਹਾਨੂੰ ਸੇਫਟੀ ਬੈਲਟਾਂ ਤੇ ਦਸਤਾਨਿਆਂ ਦੀ ਕੀ ਲੋੜ...।
ਮੈਂ ਪੁੱਛਿਆ ਕਿ ਫਿਰ ਤੁਹਾਡੇ ਅਧਿਕਾਰੀ ਉਨ੍ਹਾਂ ਸੇਫਟੀ ਬੈਲਟਾਂ ਅਤੇ ਦਸਤਾਨਿਆਂ ਦਾ ਕਰਦੇ ਕੀ ਹਨ...।
ਬਿਜਲੀ ਮੁਲਾਜ਼ਮ ਕਹਿਣ ਲੱਗਾ ਭਾਅ ਜੀ ਉਹ ਸੇਫਟੀ ਬੈਲਟਾਂ ਅਧਿਕਾਰੀ ਨੇ ਆਪਣੀ ਕੁਰਸੀ ’ਤੇ ਬੈਠਣ ਸਮੇਂ ਲਗਾਉਂਦੇ ਹਨ... ਕਿ ਮਤੇ ਕੁਰਸੀ ਤੋਂ ਡਿੱਗ ਉਨ੍ਹਾਂ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ ਅਤੇ ਸੇਫਟੀ ਦਸਤਾਨੇ ਤਾਂ ਉਹ ਪਤਾ ਨਹੀਂ ਕਿਸ ਕਰੰਟ ਤੋਂ ਡਰਦੇ ਲਗਾਉਂਦੇ ਹਨ, ਉਸਦਾ ਸਾਨੂੰ ਵੀ ਨਹੀਂ ਪਤਾ। ਏਨੀ ਗੱਲ ਕਹਿ ਕੇ ਉਹ ਬਿਜਲੀ ਮੁਲਾਜ਼ਮ ਨੰਗੇ ਹੱਥੀਂ ਬਿਨਾਂ ਸੇਫ਼ਟੀ ਬੈਲਟ ਤੋਂ ਮੌਤ ਨਾਲ ਮੱਥਾ ਲਗਾਉਣ ਲਈ ਫਿਰ ਉਸੇ ਬਿਜਲੀ ਦੇ ਖੰਭੇ ’ਤੇ ਜਾ ਚੜ੍ਹਿਆ ।
ਉਹ ਬਿਜਲੀ ਮੁਲਾਜ਼ਮ ਆਪਣੇ ਜੁਆਬਾਂ ਦਿੰਦਿਆਂ ਰਮਜ਼-ਰਮਜ਼ ਵਿੱਚ ਬਹੁਤ ਡੂੰਘੀ ਗੱਲ ਕਰ ਗਿਆ ਸੀ। ਮੈਂ ਹੁਣ ਕਦੀ ਖੰਭੇ ’ਤੇ ਚੜ੍ਹੇ ਮੌਤ ਨਾਲ ਜੂਝ ਰਹੇ ਉਸ ਮੁਲਾਜ਼ਮ ਵੱਲ ਦੇਖ ਰਿਹਾ ਸੀ ਅਤੇ ਕਦੀ ਮੇਰੇ ਮਨ ਵਿੱਚ ਵੱਡੇ ਅਧਿਕਾਰੀ ਦੀ ਸੇਫ਼ਟੀ ਬੈਲਟ ਲਗਾ, ਦਸਤਾਨੇ ਪਾ ਕੇ ਕੁਰਸੀ ’ਤੇ ਬੈਠੇ ਦੀ ਤਸਵੀਰ ਅੱਖਾਂ ਅੱਗੇ ਘੁੰਮ ਰਹੀ ਸੀ।
-
ਇੰਦਰਜੀਤ ਸਿੰਘ ਹਰਪੁਰਾ (ਬਟਾਲਾ), ਲੇਖਕ
*****************
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.