ਕਵਿਤਾ ਅਜਿਹਾ ਸਾਹਿਤ ਰੂਪ ਹੈ ਜੋ ਮਨੁੱਖ ਦੇ ਅੰਦਰ ਲੱਥ ਜਾਣ ਦੀ ਸਮਰੱਥਾ ਰੱਖਦੀ ਹੈ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਕਵੀ ਪੁਰਸਕਾਰ ਪ੍ਰਾਪਤ ਗੁਰਭਜਨ ਗਿੱਲ ਸਾਡਾ ਸਮਰੱਥਾਵਾਨ ਤੇ ਸੁਪ੍ਰਸਿੱਧ ਕਵੀ ਹੈ ਜਿਸਦੀ ਕਵਿਤਾ ਦਾ ਅਸਰ ਦਿਲ-ਦਿਮਾਗ ਤੇ ਸਿੱਧਾ ਤੇ ਚਿਰਜੀਵੀ ਹੁੰਦਾ ਹੈ। ਉਸਦੀ ਬਹੁਤ ਪ੍ਰਚੱਲਤ ਕਵਿਤਾ ਲੋਰੀ,
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ
ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ
ਇਕ ਲੋਰੀ ਦੇ ਦੇ।
ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੇ ਇਹ ਕਵਿਤਾ ਨਾ ਪੜ੍ਹੀ/ਸੁਣੀ ਹੋਵੇ। ਇਸ ਕਵਿਤਾ/ਗੀਤ ਦਾ ਕਵੀਆਂ ‘ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਇਹੋ ਜਿਹੀਆਂ ਹੋਰ ਅਨੇਕਾਂ ਕਵਿਤਾਵਾਂ ਨੂੰ ਜਨਮ ਦਿੱਤਾ।
ਹੁਣੇ ਜਿਹੇ ਤ੍ਰੈਮਾਸਿਕ ਪੱਤਰ ਸਿਰਜਣਾ ਵਿਚ ਉਸਦੀਆਂ ਕੁਝ ਕਵਿਤਾਵਾਂ ਪੜ੍ਹੀਆਂ ਤਾਂ ਉਂਨ੍ਹਾਂ ਵਿੱਚੋਂ ਇਕ ਕਵਿਤਾ ‘ਮਿਲ ਜਾਇਆ ਕਰ’ ਪੜ੍ਹ ਕੇ ਅੱਜ ਦੇ ਕਰੋਨਾ ਸੰਕਟ ਕਾਲ ਵਿਚ ਜਦੋਂ ਬੰਦਾ ਬੰਦੇ ਨੂੰ ਮਿਲਣ ਨੂੰ ਤਰਸ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸਨੇ ਸਾਡੀ ਸਾਰਿਆਂ ਦੀ ਦੁਖਦੀ ਰਗ਼ ਤੇ ਹੱਥ ਧਰ ਦਿੱਤਾ ਹੋਵੇ।
ਬਹੁਤ ਖੁਸ਼ੀ ਹੋਈ ਜਦੋਂ ਇਹ ਕਵਿਤਾ ਇਸ ਸੰਗ੍ਰਹਿ ਵਿਚੋਂ ਵੀ ਲੱਭ ਪਈ,
ਏਸੇ ਤਰ੍ਹਾਂ ਹੀ ਮਿਲ ਜਾਇਆ ਕਰ।
ਜਿਉਂਦੇ ਹੋਣ ਦਾ
ਭਰਮ ਬਣਿਆ ਰਹਿੰਦਾ ਹੈ।
ਫਿਕਰਾਂ ਦਾ ਚੱਕਰਵਿਊ
ਟੁੱਟ ਜਾਂਦਾ ਹੈ।
ਕੁਝ ਦਿਨ ਚੰਗੇ ਲੰਘ ਜਾਂਦੇ ਨੇ,
ਰਾਤਾਂ ਨੂੰ ਨੀਦ ਨਹੀਂ ਉਟਕਦੀ।
ਮਿਲ ਜਾਇਆ ਕਰ।
ਮਨੁੱਖ ਸਮਾਜਕ ਪ੍ਰਾਣੀ ਹੈ,ਰਿਸ਼ਤਿਆਂ ਵਿਚ ਬੱਝਿਆ ਹੋਇਆ। ਇਹ ਕਵਿਤਾ ਆਪਣੇ ਪਿਆਰਿਆਂ ਨੂੰ ਮਿਲਣ ਦੇ ਮੋਹ ਵਿਚੋਂ ਉਪਜਿਆ ਇਕ ਤਰਲਾ ਹੈ ਜੋ ਹਰ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ. ਸਿੰਘ ਇਸ ਪੁਸਤਕ ਦੇ ਸਰਵਰਕ ਦੇ ਪਿਛਲੇ ਪਾਸੇ ਲਿਖਦੇ ਹਨ, “ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿਤ ਸੰਪਾਦਨਾ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਸਰਗਰਮ ਸੱਭਿਆਚਾਰਕ ਸ਼ਖ਼ਸੀਅਤ ਹੈ।”
ਅਸੀਂ ਸਾਰੇ ਜਾਣਦੇ ਹਾਂ ਕਿ ਗੁਰਭਜਨ ਗਿੱਲ ਨਾ ਕੇਵਲ ਸਾਹਿਤ ਰਚਨਾ ਕਰਦਾ ਹੈ ਪਰੰਤੂ ਦੇਸ਼-ਵਿਦੇਸ਼ ਦੇ ਸਾਹਿਤਕ ਹਲਕਿਆਂ ਵਿਚ ਵੀ ਬਹੁਤ ਸਰਗਰਮ ਰਹਿੰਦਾ ਹੈ।
ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੱਖ ਵੱਖ ਅਹੁਦਿਆਂ ‘ਤੇ ਬਹੁਤ ਸਮੇਂ ਤੱਕ ਕਾਰਜਸ਼ੀਲ ਰਿਹਾ ਅਤੇ ਅੰਤ ਵਿਚ 2010-14 ਤੀਕ ਇਸ ਦਾ ਚਾਰ ਸਾਲ ਪ੍ਰਧਾਨ ਵੀ ਰਿਹਾ।
ਕਿੱਤੇ ਵਜੋਂ ਉਹ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਕਾਲਿਜਾਂ ਚ ਸੱਤ ਸਾਲ ਪੜ੍ਹਾਉਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ 1983 ਤੋਂ 2013 ਤੀਕ ਪੜ੍ਹਾਉਂਦਾ ਰਿਹਾ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਖਾਸ ਕਰਕੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਲੋਂ ਕਰਵਾਏ ਜਾਂਦੇ ਸਾਹਿਤਕ ਪ੍ਰੋਗਰਾਮਾਂ ਵਿਚ ਵਿਅਸਤ ਰਹਿੰਦਾ ਹੈ।
ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਉਹ ਦਸ ਕਾਵਿ-ਸੰਗ੍ਰਹਿ, ਇਕ ਗੀਤ-ਸੰਗ੍ਰਹਿ, ਛੇ ਗ਼ਜ਼ਲ ਸੰਗ੍ਰਹਿ, ਦੋ ਰੁਬਾਈ ਸੰਗ੍ਰਹਿ, ਇਕ ਵਾਰਤਕ ਪੁਸਤਕ ਦੀ ਰਚਨਾ ਕਰ ਚੁੱਕਿਆ ਹੈ। ਹੋਰ ਬਹੁਤ ਸਾਰੇ ਸੰਪਾਦਿਤ ਸਾਂਝੇ ਸੰਗ੍ਰਹਿਆਂ ਵਿਚ ਉਸ ਦੇ ਗੀਤ, ਗਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ‘ਚਰਖੜੀ’ ਉਸਦੀ ਪੁਸਤਕ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਬੇਟੀ ਦੀ ਯਾਦ ਚ ਸਥਾਪਿਤ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ(ਅਮਰੀਕਾ )ਵੱਲੋਂ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਪੰਜਾਬੀ ਕਾਵਿ-ਜਗਤ ਵਿਚ ‘ਚਰਖੜੀ’ ਦੀ ਆਮਦ ਇਕ ਸ਼ੁਭ ਸ਼ਗਨ ਹੈ।
‘ਚਰਖੜੀ’ ਦੋ ਸੌ ਬੱਤੀ ਸਫ਼ਿਆਂ ਦਾ ਵੱਡਆਕਾਰੀ ਕਾਵਿ-ਸੰਗ੍ਰਹਿ ਹੈ। ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਵਲੋਂ ਬਣਾਇਆ ਇਸਦਾ ਸਰਵਰਕ ਪਹਿਲੀ ਨਜ਼ਰ ‘ਚ ਆਕਰਸ਼ਿਤ ਕਰਦਾ ਹੈ। ਇਸ ਸੰਗ੍ਰਹਿ ਵਿਚ ਪਹਿਲੀ ਤੇ ਆਖ਼ਰੀ ਕੁਝ ਰਚਨਾਵਾਂ ਛੱਡ ਕੇ ਵਧੇਰੇ ਕਰਕੇ ਖੁੱਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ਵਿਚ ਬਹੁਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਕੁਝ ਮਹੱਤਵਪੂਰਨ ਲੇਖਕਾਂ/ਵਿਅਕਤੀਆਂ ਦੇ ਕਾਵਿ-ਚਿੱਤਰ ਵੀ ਅੰਕਿਤ ਕੀਤੇ ਗਏ ਹਨ। ਕਵਿਤਾਵਾਂ ਦੇ ਕੁਝ ਕੁ ਪਾਤਰ ਇਤਿਹਾਸ ਅਤੇ ਮਿਥਿਹਾਸ ਵਿੱਚੋਂ ਲਏ ਗਏ ਹਨ। ਇਨ੍ਹਾਂ ਆਮ ਨਾਲੋਂ ਕੁਝ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿਚ ਉਸਨੇ ਮਹਾਂਰਿਸ਼ੀ ਵਾਲਮੀਕਿ , ਰਾਵਣ, ਸੀਤਾ, ਦੁਸਹਿਰਾ, ਡਾਰਵਿਨ, ਸ਼ਹੀਦ ਭਗਤ ਸਿੰਘ, ਔਰੰਗਜ਼ੇਬ, ਆਸਿਫ਼ਾ, ਗੁਰੂ ਸਾਹਿਬਾਨ ਤੇ ਹੋਰ ਬਹੁਤ ਸਾਰੇ ਚਰਚਿਤ ਪਾਤਰਾਂ ਦਾ ਜ਼ਿਕਰ ਕੀਤਾ ਹੈ।
ਕਿਸਾਨੀ ਸੰਕਟ, ਕਰੋਨਾ ਕਾਲ ਦੀਆਂ ਦੁਸ਼ਵਾਰੀਆਂ, ਜ਼ਾਤ -ਪਾਤ, ਛੋਟੇ-ਵੱਡੇ ਦਾ ਭੇਦ-ਭਾਵ, ਗੱਲ ਕੀ ਤਕਰੀਬਨ ਹਰ ਵਿਸ਼ਾ ਆਪਣੀ ਕਵਿਤਾ ਲਈ ਚੁਣਿਆ ਹੈ।
‘ਸੂਰਜ ਦੀ ਕੋਈ ਜ਼ਾਤ ਨਹੀਂ ਹੁੰਦੀ’ ਕਵਿਤਾ ਵਿਚ ਉਸਨੇ ਮਹਾਰਿਸ਼ੀ ਵਾਲਮੀਕ ਨੂੰ ਸੂਰਜ ਦੀ ਉਪਾਧੀ ਦਿੱਤੀ ਹੈ। ਉਹ ਲਿਖਦਾ ਹੈ,
ਉਸ ਦੇ ਹੱਥ ਵਿਚ ਮੋਰਪੰਖ ਸੀ ਪੱਤਰਿਆਂ ‘ਤੇ ਨੱਚਦਾ
ਸ਼ਬਦਾਂ ਸੰਗ ਪੈਲਾਂ ਪਾਉਂਦਾ।
ਇਤਿਹਾਸ ਰਚਦਾ,
ਪਹਿਲੇ ਮਹਾਂਕਾਵਿ ਦਾ ਸਿਰਜਣਹਾਰ।
ਕਿਸੇ ਲਈ ਰਿਸ਼ੀ
ਕਿਸੇ ਵਾਸਤੇ ਮਹਾਂਰਿਸ਼ੀ।
ਲਿੱਸਿਆਂ ਨਿਤਾਣਿਆਂ ਲਈ
ਸਗਵਾਂ ਭਗਵਾਨ ਸੀ ਮੁਕਤੀਦਾਤਾ
ਸਵੈਮਾਣ ਦਾ
ਉੱਚ ਦੁਮਾਲੜਾ ਬੁਰਜ।
ਰੌਸ਼ਨ ਪਾਠ ਸੀ ਵਕਤ ਦੇ ਸਫੇ ਤੇ
ਤ੍ਰੈਕਾਲ ਦਰਸ਼ੀ ਮੱਥਾ ਸੀ,
ਫੈਲ ਗਿਆ।
ਚੌਵੀ ਹਜ਼ਾਰ ਸ਼ਲੋਕਾਂ ਵਿਚ
ਘੋਲ ਕੇ ਸੰਪੂਰਨ ਆਪਾ
ਇਤਿਹਾਸ ਹੋ ਗਿਆ।
ਸੋ ਅਸੀਂ ਵੇਖ ਸਕਦੇ ਹਾਂ ਕਿ ਉਸਦੀਆਂ ਕਵਿਤਾਵਾਂ ਵਿਚ ਬਹੁਤ ਸਾਰੀ ਜਾਣਕਾਰੀ ਵੀ ਵਿਦਮਾਨ ਹੈ ਜਿਵੇਂ ਵਾਲਮੀਕ ਦਾ ਚੌਵ੍ਹੀ ਹਜ਼ਾਰ ਸ਼ਲੋਕਾਂ ਵਾਲੇ ਮਹਾਂਕਾਵਿ ਦਾ ਪਹਿਲਾ ਰਚੈਤਾ ਹੋਣਾ।
ਪਹਿਲੀ ਕਵਿਤਾ ਚਰਖੜੀ ਜਿਸ ਦੇ ਨਾਂ ਤੇ ਕਵੀ ਨੇ ਆਪਣੀ ਪੁਸਤਕ ਦਾ ਨਾਂ ਵੀ ਰੱਖਿਆ ਹੈ, ਇਸ ਸੰਗ੍ਰਹਿ ਦੀ ਇਕ ਮਹੱਤਵਪੂਰਣ ਕਵਿਤਾ ਹੈ ਜਿਸਦਾ ਕੇਂਦਰੀ ਭਾਵ ਹੈ ਕਿ ਅੱਜ ਦੇ ਸਮੇਂ ਵਿਚ ਮਨੁੱਖ ਇੰਨਾ ਉਲਝ ਗਿਆ ਹੈ ਕਿ ਉਸ ਕੋਲ ਬਾਕੀ ਸਭ ਕੁਝ ਤਾਂ ਹੈ ਪਰ ਆਪਣੇ ਜੋਗਾ ਵਕਤ ਨਹੀਂ। ਨਾ ਉਸ ਕੋਲ ਜੀਣ ਜੋਗਾ ਵਕਤ ਹੈ ਤੇ ਨਾ ਮਰਨ ਜੋਗਾ। ਇਹ ਉਸਦੀ ਤ੍ਰਾਸਦੀ ਹੀ ਸਮਝੋ ਕਿ ਅੱਜ ਦਾ ਮਨੁੱਖ ਚਰਖੜੀ ਵਾਂਗ ਘੁੰਮ ਰਿਹਾ ਹੈ ਜਾਂ ਇਹ ਕਹਿ ਲਉ ਉਹ ਖੁਦ ਜ਼ਿੰਦਗੀ ਨਾਮੀ ਚਰਖੜੀ ਤੇ ਚੜ੍ਹਿਆ ਹੋਇਆ ਜ਼ਿੰਦਗੀ ਦਾ ਆਨੰਦ ਮਾਨਣ ਦੀ ਬਜਾਇ ਦੁਖਾਂ ਪਰੇਸ਼ਾਨੀਆਂ ਵਿਚ ਘਿਰਿਆ ਹੋਇਆ ਹੈ।
ਉਹ ਲਿਖਦਾ ਹੈ,
ਗ਼ਮਗ਼ੀਨ ਜਿਹਾ ਦਿਲ ਭਾਰੀ ਹੈ
ਬਣ ਚੱਲਿਆ ਨਿਰੀ ਮਸ਼ੀਨ ਜਿਹਾ
ਦਿਨ ਰਾਤ ਚਰਖੜੀ ਘੁੰਮੇ ਪਈ
ਹੁਣ ਰੋਣ ਲਈ ਹੀ ਵਕਤ ਨਹੀਂ।
ਕਿਸੇ ਵਰਤਾਰੇ ਨੂੰ ਉਸਦੇ ਮੌਲਿਕ ਰੂਪ ਅਤੇ ਉਸ ਤੋਂ ਪਰੇ ਉਸਦੇ ਧੁਰ ਸੋਮੇ ਤੱਕ ਸਮਝ ਲੈਣਾ ਕਾਵਿ-ਚੇਤਨਾ ਦਾ ਕਦੀਮੀ ਵਿਹਾਰ ਹੈ। ਪੰਜਾਬ ਦੇ ਕਿਸਾਨੀ ਸੰਕਟ ਨੂੰ ਆਪਣੀ ਇਕ ਕਵਿਤਾ ‘ਬਦਲ ਗਏ ਮੰਡੀਆਂ ਦੇ ਭਾਅ’ ਵਿਚ ਉਸਨੇ ਬਾਖੂਬੀ ਸਮਝਿਆ ਹੈ। ਕਿਸਾਨੀ ਸੰਕਟ ਨੇ ਪੰਜਾਬ ਦੀ ਤਕਦੀਰ ਬਦਲ ਦਿੱਤੀ ਹੈ।
ਮੰਡੀ ਦੇ ਮੁਨਾਫ਼ਾ ਆਧਾਰਿਤ ਵਿਹਾਰ ਨੇ ਕਿਸਾਨ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ। ਅਜੋਕੇ ਕਿਸਾਨੀ ਸੰਕਟ ਬਾਰੇ ਉਹ ਲਿਖਦਾ ਹੈ ਕਿ ਉਹ ਆੜਤੀਆ ਜਿਸਨੂੰ ਲੋਕ ਕੈਲਾ ਕਹਿ ਕੇ ਬੁਲਾਉਂਦੇ ਸਨ ਕਿਸਾਨ ਦੇ ਅਨਾਜ ਨੂੰ ਸਸਤੇ ਭਾਅ ਖਰੀਦ ਕੇ ਡੇਢੇ ਭਾਅ ਵੇਚ ਵੇਚ ਕੇ ਹੁਣ ਕਰਨੈਲ ਸਿੰਘ ਬਣ ਗਿਆ ਹੈ ਅਤੇ ਖੇਤਾਂ ਦਾ ਮਾਲਕ ਜਰਨੈਲ ਸਿੰਘ ਮੰਡੀ ਹੱਥੋਂ ਲੁੱਟ ਹੁੰਦਾ ਹੁੰਦਾ ਕਰਜ਼ਿਆਂ ਹੇਠ ਦੱਬਿਆ ਜੈਲੂ ਬਣ ਗਿਆ ਹੈ। ਕਿਸਾਨ ਦੇ ਦਰਪੇਸ਼ ਦੁਸ਼ਵਾਰੀਆਂ ਦਾ ਬਹੁਤ ਮਾਰਮਿਕ ਚਿਤਰ ਪੇਸ਼ ਕੀਤਾ ਗਿਆ ਹੈ ਇਸ ਕਵਿਤਾ ਵਿਚ।
ਅਸਲ ਵਿਚ ਇਹ ਕਵਿਤਾ ਕੇਵਲ ਪੰਜਾਬ ਦੇ ਕਿਸਾਨੀ ਸੰਕਟ ਦਾ ਹੀ ਬਿਆਨ ਨਹੀਂ ਕਰਦੀ ਸਗੋਂ ਪੰਜਾਬ ਦੀ ਧੁੰਦਲੀ ਪੈਂਦੀ ਜਾ ਰਹੀ ਤਸਵੀਰ ਦੀ ਕਹਾਣੀ ਹੈ, ਕਿਸਾਨ ਦੀ ਮਾੜੀ ਤਕਦੀਰ ਦੀ ਨਿਸ਼ਾਨ ਦੇਹੀ ਕਰਦੀ ਹੈ,
ਮੀਂਹ ਕਣੀ ‘ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ
ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ
ਫ਼ੌਜ ਵੀ ਨਹੀਂ ਲੈਂਦੀ।
ਅਖੇ ਛਾਤੀ ਘੱਟ ਚੌੜੀ ਹੈ!
ਕੌਣ ਦੱਸੇ
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
‘ਚਰਖੜੀ’ ਦੇ ਸਰਵਰਕ ਦੇ ਮੂਹਰਲੇ ਫਲਿੱਪਰ ‘ਤੇ ਡਾ. ਗੁਰਇਕਬਾਲ ਸਿੰਘ ਲਿਖਦੇ ਹਨ, “ ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਉ ਨੂੰ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ਵਿਚ ਜੀਵੰਤ ਸਮਾਜ ਵਿਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ। ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਉ ਵਿੱਚੋਂ ਅਰਥ ਗ੍ਰਹਿਣ ਕਰਦਾ ਹੈ।”
ਅਸੀਂ ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਵੇਖਦੇ ਹਾਂ ਕਿ ਅਜੋਕਾ ਮਨੁੱਖ ਸਮਾਜ ਵਿਚ ਬਹੁਤ ਸਾਰੇ ਮੁਹਾਜਾਂ ਤੇ ਲੜ ਰਿਹਾ ਹੈ।
ਗੁਰਭਜਨ ਗਿੱਲ ਸਾਧਾਰਣ ਭਾਸ਼ਾ ਵਿਚ ਆਪਣੀ ਕਵਿਤਾ ਰਚਦਾ ਹੈ ਜਿਸਦਾ ਸੰਚਾਰ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਉਸਦੀ ਸਾਧਾਰਣ ਦਿਸਦੀ ਕਵਿਤਾ ਰਾਹੀਂ ਉਹ ਬਹੁਤ ਕੁਝ ਬਿਆਨ ਕਰਦਾ ਬਹੁਤ ਦੂਰ ਤੱਕ ਸੋਚ ਨੂੰ ਲੈ ਜਾਂਦਾ ਹੈ। ਪਾਠਕ ਉਸਦੇ ਨਾਲ ਤੁਰਦਾ ਤੁਰਦਾ ਕਵਿਤਾ ਦਾ ਆਨੰਦ ਵੀ ਮਾਣਦਾ ਹੈ ਅਤੇ ਦਰਪੇਸ਼ ਸਥਿਤੀਆਂ ਨੂੰ ਜਾਂਚਦਾ ਘੋਖਦਾ ਵੀ ਹੈ। ‘ਨੰਦੋ ਬਾਜ਼ੀਗਰਨੀ’ ਕਵਿਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿੰਨੇ ਸਰਲ ਤਰੀਕੇ ਨਾਲ ਉਹ ਸਾਧਾਰਣ ਦਿਸਦੇ ਵਾਕਾਂ ਵਿਚੋਂ ਮਨੁੱਖੀ ਵਰਤਾਰਿਆਂ, ਸਮਾਜ ਦੀ ਸੋਚ ਅਤੇ ਰਹਿਣ ਸਹਿਣ ਪ੍ਰਤੀ ਵਾਰਤਾਲਾਪ ਉਸਾਰਦਾ ਹੈ ਅਤੇ ਸਵਾਲ ਖੜੇ ਕਰਦਾ ਹੈ। ਇਸ ਕਵਿਤਾ ਵਿਚ ਉਹ ਨੰਦੋ ਦੀ ਸੰਪੂਰਨ ਸਖਸ਼ੀਅਤ ਤੇ ਉਸਦੇ ਕਿਰਦਾਰ ਨੂੰ ਬਿਆਨ ਕਰਦਾ ਕਰਦਾ ਪੂਰੇ ਬਾਜ਼ੀਗਰ ਕਬੀਲੇ ਦੀ ਤਸਵੀਰ ਖਿੱਚ ਕੇ ਰੱਖ ਦਿੰਦਾ ਹੈ ਜੋ ਕਿ ਚਲਚਿੱਤਰ ਵਾਂਗ ਪਾਠਕ ਦੇ ਮਨ ਤੇ ਲਗਾਤਾਰ ਚੱਲਦੀ ਰਹਿੰਦੀ ਹੈ। ਨੰਦੋ ਦਾ ਬਾਸੀ ਰੋਟੀ ਖਾਣਾ, ਉਸਦਾ ਆਪਣੇ ਕੋਲ ਡਾਂਗ ਰੱਖਣਾ ਜੋ ਕਿ ਉਹ ਕੁੱਤਿਆਂ ਲਈ ਨਹੀਂ ਕੁੱਤਿਆਂ ਵਰਗੇ ਬੰਦਿਆਂ ਲਈ ਰੱਖਦੀ ਸੀ, ਗਰੀਬ ਤੇ ਅਮੀਰ ਦਾ ਪਾੜਾ, ਬਾਜ਼ੀਗਰ ਕਬੀਲੇ ਨੂੰ ਵਿਦਿਆ ਪ੍ਰfਪਤੀ ਤੋਂ ਵਾਂਝਿਆਂ ਰੱਖਿਆ ਜਾਣਾ ਸਭ ਕੁਝ ਅੱਖਾਂ ਮੂਹਰੇ ਸਾਕਾਰ ਹੋ ਜਾਂਦਾ ਹੈ ਤੇ ਸੰਵੇਦਨਸ਼ੀਲ ਪਾਠਕ ਨੂੰ ਪ੍ਰਭਾਵਤ ਕਰਦਾ ਹੈ।
‘ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ’ ਵਿਚ ਉਸਨੇ ਰਾਜਨੀਤਕ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਉਂਨ੍ਹਾਂ ਨੂੰ ਬੇਨਸਲੇ, ਵੋਟਾਂ ਲੈ ਕੇ ਮੁੱਕਰ ਜਾਣ ਵਾਲੇ ਤੇ ਸਿੱਧੀਆਂ ਕੌੜੀਆਂ ਗੱਲਾਂ ਕਰਦਾ ਹੋਇਆ ਉਨ੍ਹਾਂ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਦੇਸ਼ ਲਈ ਕੀ ਕੀਤਾ?
ਲੋਕਾਂ ਨੂੰ ਸੁਚੇਤ ਕਰਦਾ ਹੈ ਕਿ
ਏਸ ਤੋਂ ਪਹਿਲਾਂ ਕਿ
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?
‘ਚਰਖੜੀ’ ਵਿੱਚ ਮਾਂ ਤੇ ਲਿਖੀਆਂ ਸੱਤ ਭਾਵਪੂਰਤ ਕਵਿਤਾਵਾਂ ਲਿਖੀਆਂ ਮਿਲਦੀਆਂ ਹਨ ਜਿਨ੍ਹਾਂ ਦੇ ਵੱਖੋ ਵੱਖਰੇ ਭਾਵ ਹਨ ਤੇ ਵੱਖੋ ਵੱਖਰੇ ਕਿਰਦਾਰ ਹਨ।
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ ਉਹ
ਰਿਸ਼ਤੇ ਬੁਨਣੇ ਜਾਣਦੀ ਸੀ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ ਸੀ
ਜਾਂ
ਮਾਂ ਵੱਡਾ ਸਾਰਾ ਰੱਬ ਹੈ
ਧਰਤੀ ਜਿੱਡਾ ਜੇਰਾ
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ
ਪੌਣਾਂ ਤੋਂ ਤੇਜ਼ ਉਡਾਰੀ
ਬਾਗ ਹੈ ਚੰਦਨ ਰੁੱਖਾਂ ਦਾ
ਮਹਿਕਵੰਤੀ ਬਹਾਰ।
ਚਰਖੜੀ ਬਹੁਤ ਸਾਰੇ ਵਿਸ਼ਿਆਂ ਦਾ ਦਸਤਾਵੇਜ਼ ਹੈ। ਵੰਨ-ਸੁਵੰਨੇ ਵਿਸ਼ਿਆਂ ਦੀ ਭਰਮਾਰ ਹੈ ਇਸ ਵਿਚ।
ਇਉਂ ਲੱਗਦਾ ਹੈ ਇਤਿਹਾਸ, ਮਿਥਿਹਾਸ ਉਸਨੂੰ ਟੁੰਬਦਾ ਹੈ ਅਤੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਉਸਦਾ ਮਨ ਵਲੂੰਧਰ ਕੇ ਰੱਖ ਦਿੰਦੀਆਂ ਹਨ ਤਾਂ ਉਹ ਅਛੋਪਲੇ ਜਿਹੇ ਕਵਿਤਾਵਾਂ ਬਣ ਜਾਂਦੀਆਂ ਹਨ। ਉਸਦੇ ਅੰਦਰ ਦੀ ਸੰਵੇਦਨਾ ਕਵਿਤਾ ਦਾ ਰੂਪ ਧਾਰ ਲੈਂਦੀ ਹੈ।
ਉਹ ਪਾਠਕਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ
ਕਵਿਤਾ ਲਿਖਿਆ ਕਰੋ
ਦਰਦਾਂ ਨੂੰ ਧਰਤ ਮਿਲਦੀ ਹੈ।
ਕੋਰੇ ਵਰਕਿਆਂ ਨੂੰ ਸੌਂਪਿਆ ਕਰੋ,
ਰੂਹ ਦਾ ਸਗਲ ਭਾਰ।
ਇਹ ਲਿਖਣ ਨਾਲ
ਨੀਂਦ ‘ਚ ਖ਼ਲਲ ਨਹੀਂ ਪੈਂਦਾ।
ਇਉਂ ਜਾਪਦੈ ਜਿਵੇਂ ਗੁਰਭਜਨ ਲਈ ਕਵਿਤਾ ਵਿਰੇਚਨ(ਕਥਾਰਸਿਜ਼)ਹੈ ਸ਼ਾਇਦ ਇਸੇ ਲਈ ਉਹ ਲਗਾਤਾਰ ਹਰ ਵਿਸ਼ੇ ਤੇ ਲਿਖ ਰਿਹਾ ਹੈ। ਉਸਦੀ ਭਾਸ਼ਾ ਵਰਨਾਣਤਮਕ ਹੈ ਤੇ ਸ਼ੈਲੀ ਬਿਰਤਾਂਤਕ।
ਉਹ ਇਸ਼ਾਰਿਆਂ ਜਾਂ ਬਿੰਬਾਂ ਵਿਚ ਘੱਟ ਤੇ ਸਪਸ਼ਟ ਰੂਪ ਵਿਚ ਵਧੇਰੇ ਗੱਲ ਕਰਦਾ ਹੈ। ਅਲੰਕਾਰ ਤੇ ਬਿੰਬ ਉਸਦੀ ਕਵਿਤਾ ਵਿਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ ਜਿਵੇਂ ‘ਦੀਵੇ ਵਾਂਗ ਬਲਦੀ ਅੱਖ ਵਾਲੀ ਨੰਦੋ’, ‘ਰੋਟੀ ਦਾ ਗੋਲ ਪਹੀਆ’, ‘ਸ਼ਬਦ ਅੰਗਿਆਰ ਬਣੇ’, ‘ਸਿੱਲੀਆਂ ਕੰਧਾਂ’, ‘ਸੁਪਨਿਆਂ ਦੀ ਮਮਟੀ’, ‘ਕੱਥਕ ਕਥਾ ਸੁਣਾਉਂਦੇ ਪੱਤੇ’, ‘ਚਿੱਟੀਆਂ ਚੁੰਨੀਆਂ ਦਾ ਵੈਣ’ ਪਾਉਣਾ ਆਦਿ ਉਸਦੀ ਕਵਿਤਾ ਵਿਚ ਰਚ ਮਿਚ ਗਏ ਹਨ।
ਅਜਿਹੇ ਕਾਰਨਾਂ ਕਰਕੇ ‘ਚਰਖ਼ੜੀ ’ ਇਕ ਮਹੱਤਵਪੂਰਣ ਤੇ ਪੜ੍ਹਨ ਯੋਗ ਪੁਸਤਕ ਹੈ ਜੋ ਸਾਨੂੰ ਆਪਣੇ ਵਿਸ਼ਿਆਂ ਦੀ ਬਹੁਲਤਾ, ਇਸਦੀ ਸੁਚੱਜੀ ਭਾਸ਼ਾ, ਕਵਿਤਾ ਦੀ ਸੰਘਣੀ ਬੁਣਤੀ ਤੇ ਇਸਦੀ ਰਵਾਨਗੀ ਕਰਕੇ ਪ੍ਰਭਾਵਿਤ ਕਰਦੀ ਹੈ। ਇਹ ਵਿਚਾਰ ਚਰਚਾ ‘ਚਰਖ਼ੜੀ ‘ਦੀ ਸਟੀਕ ਜਿਹੀ ਜਾਣਕਾਰੀ ਹੀ ਹੈ ਕੋਈ ਸਾਹਿਤਕ ਮੁੱਲਾਂਕਣ ਨਹੀਂ। ਇਸਦਾ ਪੂਰਣ ਆਨੰਦ ਮਾਨਣ ਲਈ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨਾ ਪਵੇਗਾ।
‘ਚਰਖ਼ੜੀ ’ ਦੇ ਰਚਣਹਾਰੇ ਗੁਰਭਜਨ ਗਿੱਲ ਹੋਰਾਂ ਨੂੰ ਇਸ ਪੁਸਤਕ ਦੀ ਆਮਦ ਤੇ ਬਹੁਤ ਬਹੁਤ ਵਧਾਈ। ਕਲਮ ਇਵੇਂ ਹੀ ਚੱਲਦੀ ਰਹੇ।
-
ਸੁਰਜੀਤ ਬਰੈਂਪਟਨ (ਕੈਨੇਡਾ), ਲੇਖਕ
*****************
+1 (416) 605-3784
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.