ਕੋਈ ਸਮਾਂ ਸੀ ਜਦੋਂ ਭਾਰਤੀ ਮੂਲ ਦੇ ਲੋਕ ਅੰਤਰਿਕਸ਼, ਤਾਰਾ ਮੰਡਲ, ਖਿੱਤੀਆਂ ਅਤੇ ਇਨ੍ਹਾਂ ਦੀ ਚਾਲ ਤੇ ਖੂਬ ਧਿਆਨ ਦਿੰਦੇ ਸਨ। ਵੈਦਿਕ ਕਾਲ ਸਮੇਂ ਸਾਡੇ ਰਿਸ਼ੀ ਮੁਨੀ ਇਸ ਦਾ ਵਰਨਿਣ ਆਪਣੇ ਗਰੰਥਾਂ ਵਿੱਚ ਵੀ ਕਰਦੇ ਰਹੇ ਨੇ। ਰਿਗਵੇਦ ਵਿੱਚ ਸੂਰਜ, ਹਵਾ, ਅਗਨੀ, ਧਰਤੀ ਪਾਣੀ ਬਾਰੇ ਅਨੇਕਾਂ ਸ਼ਲੋਕ ਹਨ। ਸਾਡੇ ਕੋਲ ਤਾਰਾ ਵਿਗਿਆਨੀ, ਮੈਥੇਮਟੀਸ਼ਨ (ਹਿਸਾਬ) ਦੇ ਧੁਰੰਤਰ ਵੀ ਪੈਦਾ ਹੋਏ। ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ ਹੈ ਜਿੱਥੇ ਦੂਸਰੇ ਗ੍ਰਹਿਾਂ ਨਾਲ ਸੰਪਰਕ ਦੇ ਸੰਕੇਤ ਨੇ।
ਆਰੀਆ ਭੱਟ ਵਰਗੇ ਵਿਗਿਆਨੀ ਵੀ ਇਸੇ ਮੁਲਕ ਵਿੱਚ ਪੈਦਾ ਹੋਏ। ਸਾਨੂੰ ਸਾਰਿਆਂ ਨੂੰ ਆਪਣਾ ਬਚਪਨ ਯਾਦ ਹੈ ਜਦੋਂ ਸਾਡੇ ਪਿਉ ਦਾਦੇ, ਤਾਰਿਆਂ ਤੋਂ ਸੇਧ ਲੈ ਕੇ ਤੁਰਦੇ ਸਨ। ਤਾਰਿਆਂ ਤੋਂ ਹੀ ਉਹ ਵਕਤ ਦਾ ਅੰਦਾਜਾ ਲਗਾਉਂਦੇ ਸਨ। ਮੈਂ ਆਪਣੇ ਬਚਪਨ ਵਿੱਚ ਕੋਠੇ ਦੀ ਛੱਤ ਤੇ ਪਿਆ ਇਨ੍ਹਾਂ ਤਾਰਿਆਂ ਬਾਰੇ ਜਾਣਕਾਰੀ ਲੈਂਦਾ ਰਿਹਾ ਹਾਂ। ਧਰੂ ਤਾਰਾ, ਤਿੰਗੜ ਤਾਰੇ, ਮੰਜੀ ਜਾਂ ਸਪਤ ਰਿਸ਼ੀ ਅਸੀਂ ਸਭ ਜਾਣਦੇ ਸੀ। ਖਿੱਤੀਆਂ ਕਿਵੇਂ ਘੁੰਮਦੀਆਂ ਨੇ ਸਾਡੇ ਬਜ਼ੁਰਗਾਂ ਨੂੰ ਪਤਾ ਸੀ। ਫੇਰ ਅਜਿਹਾ ਕੀ ਹੋਇਆ ਕਿ ਸਾਡੀ ਅਗਲੀ ਪੀੜੀ ਘਰਾਂ ਅੰਦਰ ਕੈਦ ਹੋ ਕੇ ਸਭ ਕਾਸੇ ਤੋਂ ਵਿਰਵਾ ਹੋ ਗਈ। ਅੱਜ ਜੇ ਕਿਸੇ ਨਾਲ ਬ੍ਰਹਿਮੰਡ ਬਾਰੇ ਗੱਲ ਕਰੋ ਤਾਂ ਉਹ ਕੁੱਝ ਵੀ ਨਹੀਂ ਜਾਣਦਾ।
ਅਸੀਂ ਕਿੱਧਰ ਨੂੰ ਤੁਰ ਪਏ ਹਾਂ? ਆਧੁਨਿਕ ਟੈੈਕਨਾਲੋਜੀ ਨਾਲ ਸਾਡੇ ਗਿਆਨ ਵਿੱਚ ਵਾਧਾ ਹੋਣਾ ਚਾਹੀਦਾ ਸੀ, ਪਰ ਸਾਡਾ ਦਿਮਾਗ ਤਾਂ ਸਗੋਂ ਸੁੰਗੜ ਗਿਆ ਹੈ। ਕੰਮਪਿਊਟਰ ਜਿਸ ਵਿੱਚ ਹਰ ਤਰ੍ਹਾਂ ਦਾ ਗਿਆਨ ਹੈ, ਉਹ ਤਾਂ ਸਾਡੇ ਲਈ ਵਰਦਾਨ ਬਣਨਾ ਚਾਹੀਦਾ ਸੀ। ਪਰੰਤੂ ਅਸੀਂ ਉਸ ਨੂੰ ਸੋਸ਼ਲ ਸਾਈਟਾਂ, ਘਟੀਆ ਗੀਤ ਸੰਗੀਤ, ਫਿਲਮਾਂ ਅਤੇ ਡਰਾਮਿਆਂ ਤੱਕ ਹੀ ਸੀਮਿਤ ਕਰ ਲਿਆ ਹੈ। ਅਸੀਂ ਕੁਦਰਤ ਅਤੇ ਬ੍ਰਹਿਮੰਡ ਵਲੋਂ ਕਿਉਂ ਅੱਖਾਂ ਮੀਟ ਲਈਆਂ ਨੇ? ਫੋਨ ਦੀਆਂ ਬਦਲ ਰਹੀਆਂ ਜੈਨਰੇਸ਼ਨਾਂ ਨੇ ਫੋਨ ਨੂੰ ਹਥੇਲੀ ਕਮਿਊਟਰ ਵਿੱਚ ਬਦਲ ਦਿੱਤਾ ਹੈ, ਪਰ ਅਸੀਂ ਟਿੱਕ ਟੌਕ ਤੇ ਆਉਂਦੀਆਂ ਵਾਹੀਆਤ ਕਿਸਮ ਦੀਆਂ ਪੋਸਟਾਂ ਦੇਖਣ ਤੱਕ ਹੀ ਸੀਮਿਤ ਰਹਿ ਗਏ ਹਾਂ। ਇਸੇ ਕਰਕੇ ਜਦੋਂ ਵੀ ਤੁਸੀਂ ਕਿਸੇ ਨਾਲ ਖ਼ਗੋਲ ਬਾਰੇ ਗੱਲ ਕਰੋ ਤਾਂ ਉਸ ਨੂੰ ਕੱਖ ਵੀ ਸਮਝ ਨਹੀਂ ਆਉਂਦਾ। ਇਸੇ ਕਰਕੇ ਪੰਜਾਬੀ ਵਿੱਚ ਨਾਂ ਸਾਇੰਸ ਫਿਕਸ਼ਨ ਲਿਖੀ ਜਾਂਦੀ ਹੈ, ਨਾ ਬ੍ਰਹਿਮੰਡੀ ਚੇਤਨਾ ਹੈ। ਯੂਨੀਵਰਸ ਤੇ ਲਿਖਣ ਵਾਲੇ ਲੋਕ ਵੀ ਉਂਗਲਾਂ ਤੇ ਗਿਣੇ ਜਾਣ ਵਾਲੇ ਹਨ। ਅਲੋਚਕ ਤਾਂ ਬਿੱਲਕੁੱਲ ਹੀ ਨਹੀਂ।
ਅਸੀਂ ਆਰੀਅਨ ਲੋਕਾਂ ਦੀ ਵੰਸ਼ ਹਾਂ ਜੋ ਬ੍ਰਹਿਮੰਡ ਬਾਰੇ ਬਹੁਤ ਗਿਆਨ ਰੱਖਦੇ ਸਨ। ਅਸ਼ੋਕ ਦੇ ਰਾਜ ਸਮੇਂ ਗਰੀਕ ਲੋਕਾਂ ਦਾ ਭਾਰਤ ਵਿੱਚ ਆਮ ਹੀ ਆਉਣ ਜਾਣ ਸੀ। ਗਰੀਕ ਉਸ ਸਮੇਂ ਬ੍ਰਹਿਮੰਡੀ ਖੋਜਾਂ ਦਾ ਸਿਰਤਾਜ ਸੀ। ਪਾਈਥਾਗੋਰਸ 520 ਪੂਰਵ ਈ: ਵਿੱਚ ਆਪਣੇ ਸਿਧਾਂਤ ਦੇ ਚੁੱਕਾ ਸੀ। ਫੇਰ ਟਾਲਮੀ, ਥੇਲਜ, ਅਰਸਤੂ, ਪਲੈਟੋ, ਸੁਕਰਾਤ ਆਏ ਉਨ੍ਹਾਂ ਤੋਂ ਭਾਰਤ ਦਾ ਦਰਸ਼ਨ ਵੀ ਪ੍ਰਭਾਵਿਤ ਹੋਇਆ। ਗੁਰੂ ਨਾਨਕ ਨੇ ਬ੍ਰਹਿਮੰਡ ਨੂੰ ਆਪਣੀ ਬਾਣੀ ਵਿੱਚ ਬਿਆਨਿਆ, ਭਗਤਾਂ ਨੇ ਬਿਆਨਿਆ ਪਰੰਤੂ ਸਾਡੀ ਪੀੜ੍ਹੀ ਤੱਕ ਆਉਂਦਿਆਂ ਇਹ ਗਿਆਨ ਨਾ-ਮਾਤਰ ਹੀ ਰਹਿ ਗਿਆ। ਅਸੀਂ ਹੁਣ ਵੀ ਖੋਪੇ ਲੱਗੇ ਘੋੜੇ ਵਾਂਗ ਦੌੜ ਰਿਹਾ ਹਾਂ, ਸਾਨੂੰ ਨਹੀਂ ਪਤਾ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ।
ਧਰਤੀ ਉਸੇ ਤਰ੍ਹਾਂ ਨਿਰੰਤਰ ਘੁੰਮ ਰਹੀ ਹੈ, ਗੱਲਾਂ ਕਰਦੇ ਕਰਦੇ ਅਸੀਂ ਲੱਖਾਂ ਕਿਲੋਮੀਟਰਾਂ ਦਾ ਸਫਰ ਤਹਿ ਕਰ ਜਾਂਦੇ ਹਾਂ। ਚੰਦਰਮਾਂ ਦੇ ਚੱਕਰ ਨਾਲ ਸਾਡੇ ਮਹੀਨੇ ਬਦਲ ਰਹੇ ਨੇ। ਚੰਦਰਮਾਂ ਦੇ ਧਰਤੀ ਉਪਰਲੇ ਜੀਵਨ, ਸਮੁੰਦਰੀ ਪਾਣੀਆਂ ਅਤੇ ਸਮੁੱਚੇ ਜੀਵਨ ਤੇ ਬਹੁਤ ਸਾਰੇ ਪ੍ਰਭਾਵ ਨੇ। ਸੂਰਜ ਸਾਡਾ ਜੀਵਨ ਦਾਤਾ ਹੈ ਜੇ ਉਸ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਧਰਤੀ ਤੇ ਜੀਵਨ ਨਹੀਂ ਰਹੇਗਾ। ਸਾਨੂੰ ਉਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਸਾਰਾ ਕੁੱਝ ਕਿੱਥੋਂ ਆਇਆ ਹੈ ਤੇ ਕਿੱਥੇ ਨੂੰ ਜਾ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਬੰਦੇ ਦੀ ਤਾਂ ਅੋਕਾਤ ਹੀ ਕੋਈ ਨਹੀਂ ਇਸ ਵਿਸ਼ਾਲ ਬ੍ਰਹਿਮੰਡ ਪਸਾਰ ਅੱਗੇ। ਫੇਰ ਵੀ ਅਸੀਂ ਹੰਕਾਰ ਤੇ ਦਿਖਾਵਿਆਂ ਵਿੱਚ ਗ੍ਰਸਤ ਹਾਂ।ਸਾਨੂੰ ਇਸਦਾ ਥੋੜਾ ਬਹੁਤਾ ਗਿਆਨ ਤਾਂ ਚਾਹੀਦਾ ਹੈ।
ਸਾਡੇ ਜੀਣ ਦਾ ਮਕਸਦ ਰੱਟੇ ਲਾਕੇ ਚੰਗੇ ਨੰਬਰ ਲੈਣੇ ਜਾਂ ਨੌਕਰੀ ਪ੍ਰਾਪਤ ਕਰ ਲੈਣਾ ਹੀ ਰਹਿ ਗਿਆ ਹੈ। ਸਰਕਾਰਾਂ ਨੂੰ ਵੀ ਕਾਮੇ ਚਾਹੀਦੇ ਹਨ, ਉਨ੍ਹਾਂ ਨੇ ਗਿਆਨਵਾਨਾਂ ਤੋਂ ਕੀ ਲੈਣਾ ਹੈ? ਮੀਡੀਆ ਤੁਹਾਨੂੰ ਗਿਆਨ ਦੀ ਗੱਲ ਬਹੁਤੀ ਨਹੀਂ ਦਿਖਾਏਗਾ। ਤੁਹਾਨੂੰ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਤੁਹਾਨੂੰ ਡਰਾਮਿਆਂ ਫਿਲਮਾਂ, ਫੂਹੜ ਕਿਸਮ ਦੇ ਪ੍ਰੋਗਰਾਮਾਂ ਤੋਂ ਹੀ ਸਾਹ ਨਹੀਂ ਲੈਣ ਦਿੱਤਾ ਜਾ ਰਿਹਾ।
ਤੁਸੀਂ ਨਹੀਂ ਜਾਣਦੇ ਧਰਤੀ ਦੀ ਖਿੱਚ ਸ਼ਕਤੀ ਕੀ ਹੈ? ਤੁਸੀਂ ਨਹੀਂ ਜਾਣਦੇ ਵਾਤਾਵਰਨ ਦੀਆਂ ਪਰਤਾਂ ਦਾ ਕੀ ਮਹੱਤਵ ਹੈ? ਜਾਂ ਬਲੈਕ ਹੋਲ ਕਿਵੇਂ ਕੰਮ ਕਰਦੀ ਹੈ? ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਲਕਾ ਪਿੰਡ ਕਿਵੇਂ ਸੈਕਿੰਡ ਵਿੱਚ ਹੀ ਧਰਤੀ ਦਾ ਜੀਵਨ ਤਬਾਹ ਕਰ ਸਕਦਾ ਹੈ। ਸੂਰਜ ਵਲੋਂ ਅੱਗ ਦਾ ਤੂਫਾਨ ਕਿਵੇਂ ਆ ਸਕਦਾ ਹੈ? ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਹੋਵੇਗਾ ਕਿ ਜਿਵੇਂ ਵੱਡੀ ਮੱਛੀ ਛੋਟੀ ਨੂੰ ਨਿੱਗਲਦੀ ਹੈ ਐਂਡਰੋਮੀਡਾ ਗਲੈਕਸੀ, ਇਸੇ ਤਰ੍ਹਾਂ ਸਾਡੀ ਮਿਲਕੀਵੇਅ ਗਲੈਕਸੀ ਨੂੰ ਨਿਗਲ ਲਵੇਗੀ। ਦੋਸਤੋ ਇਹ ਸਾਰਾ ਕੁੱਝ ਜਾਨਣ ਦੀ ਜਰੂਰਤ ਹੈ।
ਮੈਂ ਕੋਈ ਸਾਇੰਸ ਟੀਚਰ ਨਹੀਂ ਤੇ ਨਾ ਹੀ ਕੋਈ ਪੁਲਾੜ ਵਿਗਿਆਨੀ ਹਾਂ। ਮੈਨੂੰ ਬਚਪਨ ਤੋਂ ਹੀ ਕੁਦਰਤ ਵਿੱਚ ਤੇ ਬ੍ਰਹਿਮੰਡ ਦੇ ਵਰਤਾਰਿਆਂ ਵਿੱਚ ਦਿਲਚਸਪੀ ਰਹੀ ਹੈ। 20 ਜੁਲਾਈ 1969 ਨੂੰ ਮਨੁੱਖ ਦਾ ਚੰਦਰਮਾਂ ਤੇ ਪਹੁੰਚਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ। ਮੈਂ ਯੂਰੀ ਗੈਗਰਿਨ ਪਹਿਲੇ ਪੁਲਾੜ ਯਾਤਰੀ ਨੂੰ ਇੱਕ ਨਾਇਕ ਵਾਂਗ ਮੰਨਦਾ। ਮੈਨੂੰ ਆਸਟਰੋਨਾਟਸ ਖਿੱਚਾਂ ਪਾਉਂਦੇ ਨੇ। ਮੈਨੂੰ ਮੀਟੀਆਰ ਸ਼ਾਵਰ ਵਜਦ ਵਿੱਚ ਲੈ ਜਾਂਦੀ ਹੈ। ਜਦੋਂ ਬੱਲਦ ਲਿਸ਼ਕਦੇ ਨੇ, ਬਿਜਲੀ ਗਰਜਦੀ ਆ, ਬੱਦਲ ਫਟਦੇ ਨੇ ਤਾਂ ਮੈਂ ਜਾਨਣਾ ਚਾਹੁੰਦਾ ਕਿ ਇਹ ਸਭ ਕਿਵੇਂ ਹੁੰਦਾ ਹੈ। ਮੈਂ ਕੈਨੇਡਾ ਆ ਕੇ ਵੀ ਆਪਣਾ ਇਹ ਸ਼ੌਂਕ ਜ਼ਾਰੀ ਰੱਖਿਆ। ਅਸੀਂ ਰਾਤ ਨੂੰ ਦੋ ਦੋ ਵਜੇ ਉਠਕੇ ਸਟਾਰ ਸ਼ਾਵਰ ਵੇਖਣ ਜਾਂਦੇ ਰਹੇ। ਮੈਂ ਨਾਸਾ ਦੇ ਦਫਤਰੀਂ ਗੇੜੇ ਕੱਢੇ ਕਦੇ ਕੈਨੇਡੀ ਸਪੇਸ ਸੈਂਟਰ ਕਦੇ ਹਿਊਸਟਨ ਜਾਂਦਾ ਰਿਹਾ। ਮੈਂ ਤਾਰਿਆਂ ਦੇ ਜੰਮਣ ਮਰਨ ਤੇ ਜੀਵਨ ਭੋਗਣ ਬਾਰੇ ਜਾਣਿਆ। ਨੈਬੂਲਾ ਜਾਂ ਸੁਪਰਨੋਵਾ ਬਾਰੇ ਜਾਣ ਕੇ ਮੈਨ ਹੈਰਾਨ ਹੁੰਦਾ।
ਮੇਰੀ ਬੇਟੀ ਜਦੋਂ ਚੌਥੀ ਕਲਾਸ ਵਿੱਚ ਸੀ, ਅਸੀਂ ਉਸ ਨੂੰ ਆਸਟਰੌਨੋਮੀ ਕਲੱਬ ਵਿੱਚ ਪਾਇਆ ਸੀ। ਉਦੋਂ ਮੈਂ ਉਸ ਨਾਲ ਪਹਿਲੀ ਵਾਰ ਆਬਜਰਵਾਟੋਰੀ ਵਿੱਚ ਜਾ ਕੇ ਦੂਸਰੀਆਂ ਗਲੈਕਸੀਆਂ ਦੇਖੀਆਂ। ਮੇਰੀ ਇਹ ਸਭ ਕਾਸੇ ਵਿੱਚ ਦਿਲਚਸਪੀ ਬਹੁਤ ਵਧ ਗਈ। ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਨ੍ਹਾਂ ਥਾਵਾਂ ਤੇ ਜਾਣਾ ਸ਼ੁਰੂ ਕੀਤਾ। ਆਪ ਟੈਲੀਸਕੋਪ ਲੈ ਕੇ ਦੂਸਰੇ ਗ੍ਰਹਿਾਂ ਨੂੰ ਨਿਹਾਰਿਆ। ਮੈਨੂੰ ਬਰੂਨੋ, ਗੈਲੀਲੀਉ, ਕਾਪਰਨੀਕਸ, ਨਿਊਟਨ, ਕੈਪਲਰ ਆਈਨਸਟਾਈਨ, ਸਟਵਿਨ ਹਾਕਿੰਗ ਚੰਗੇ ਲੱਗਦੇ। ਮੈਂ ਆਰਟੀਕਲ ਲਿਖਦਾ ਤਾਂ ਕਿ ਜੋ ਮੈਂ ਜਾਣਿਆ ਹੈ, ਉਹ ਹੋਰ ਲੋਕ ਵੀ ਪੜ੍ਹ ਸਕਣ। ਆਮ ਪਾਠਕ ਮੈਨੂੰ ਫੋਨ ਕਰਦੇ ਪਰ ਪੰਜਾਬੀ ਵਿੱਚ ਕੋਈ ਅਜਿਹਾ ਵਿਦਵਾਨ ਅਲੋਚਕ ਨਹੀਂ ਹੈ ਜੋ ਤਹਾਨੂੰ ਅਜਿਹੇ ਕੰਮ ਬਾਰੇ ਉਤਸ਼ਾਹਿਤ ਕਰੇ। ਕੈਨੇਡਾ ਵਿੱਚ ਵੀ ਮੈਨੂੰ ਕੋਈ ਅਜਿਹਾ ਲੇਖਕ ਨਹੀਂ ਮਿਲਿਆ ਜਿਸ ਨਾਲ ਮੈਂ ਇਸ ਵਿਸ਼ੇ ਤੇ ਗੱਲ ਕਰ ਸਕਾਂ। ਪਰ ਦੂਸਰੀਆਂ ਕੰਮਾਂ ਵਿੱਚ ਬਹੁਤ ਆਸਟਰੌਨੋਮੀ ਕਲੱਬ ਹਨ, ਲੇਖਕ ਹਨ, ਖੋਜੀ ਹਨ। ਸਾਨੂੰ ਤਾਂ ਅਜਿਹਾ ਜਾਨਣ ਦਾ ਸ਼ੌਂਕ ਹੀ ਨਹੀਂ।
ਮੈਂ ਹੁਣ ਆਪਣੇ ਲੇਖਾਂ ਦੀ ਕਿਤਾਬ ਛਪਵਾ ਦਿੱਤੀ ਹੈ ਜਿਸ ਦਾ ਨਾਂ ਹੈ 'ਬ੍ਰਹਿਮੰਡ ਯਾਤਰਾ'। ਮੈਨੂੰ ਪਤਾ ਹੈ ਇਸਦਾ ਨੋਟਿਸ ਸਿਰਫ ਪਾਠਕ ਹੀ ਲੈਣਗੇ। ਅਜਿਹੇ ਵਿਸ਼ੇ ਦੇ ਪਾਠਕ ਵੀ ਬਹੁਤ ਘੱਟ ਹਨ। ਮੈਂ ਚਾਹੁੰਦਾ ਹਾਂ ਮੇਰੇ ਪੰਜਾਬੀ ਪਾਠਕ ਬ੍ਰਹਿਮੰਡੀ ਜਾਣਕਾਰੀ ਹਾਸਲ ਕਰਨ। ਇਸ ਵਿਸ਼ੇ ਵਿੱਚ ਦਿਲਚਸਪੀ ਲੈਣ ਅਤੇ ਇਸ ਤੇ ਸੰਵਾਦ ਰਚਾਉਣ। ਪੰਜਾਬ ਦੇ ਲੋਕਾਂ ਨੂੰ ਹੁਣ ਰਾਜਨੀਤੀ ਜਾਂ ਧਰਮ ਤੋਂ ਇਲਾਵਾ ਜੀਵਨ ਦਾ ਹੋਰ ਪੱਖ ਵੀ ਜਾਨਣਾ ਚਾਹੀਦਾ ਹੈ।
ਮੇਰੀ ਕਿਤਾਬ 'ਬ੍ਰਹਿਮੰਡ ਯਾਤਰਾ' ਛਪ ਕੇ ਆ ਗਈ ਹੈ। ਜਿਸ ਨੂੰ ਯੂਨੀਸਟਾਰ ਬੁਕਸ ਵਲੋਂ ਛਾਪਿਆ ਗਿਆ ਹੈ। ਇਸ ਨੂੰ ਪਾਠਕ ਜਰੂਰ ਪੜ੍ਹਨ। ਕੈਨੇਡਾ ਦੇ ਪੰਜਾਬੀ ਪਾਠਕਾਂ ਲਈ ਵੀ ਪੁਸਤਕ ਪ੍ਰਾਪਤੀ ਲਈ ਜਾਣਕਾਰੀ ਦੇ ਦਿੱਤੀ ਜਾਵੇਗੀ। ਮੇਰਾ ਸੁਪਨਾ ਹੈ ਕਿ ਮੈਂ ਕਿਸੇ ਇੱਕ ਪੰਜਾਬੀ ਵਿੱਚ ਵੀ ਇਹ ਸੁਪਨਾ ਬੀਜ ਸਕਾਂ ਕਿ ਉਹ ਪੁਲਾੜ ਵਿੱਚ ਜਾ ਕੇ ਧਰਤੀ ਵੇਖੇ ਜਾਂ ਬ੍ਰਹਿਮੰਡ ਨੂੰ ਜਾਣੇ। ਪੰਜਾਬ ਵਿੱਚ ਕੋਈ ਪੁਲਾੜ ਲੇਖਕ ਪੈਦਾ ਹੋਵੇ ਜਾਂ ਆਸਟਰੌਨੋਮੀ ਕਲੱਬ ਬਣਨ। ਮੈਨੂੰ ਇਹ ਗੱਲ ਤੰਗ ਕਰਦੀ ਰਹਿੰਦੀ ਹੈ, ਕਿ ਕਿਉਂ ਨਹੀਂ ਸਾਡੇ ਪੰਜਾਬੀ ਖ਼ਗੋਲ ਵਿਗਿਆਨ ਵਿੱਚ ਦਿਲਚਸਪੀ ਲੈ ਰਹੇ। ਵੈਸੇ ਪਹਿਲਾਂ ਵੀ ਕੁੱਝ ਲੇਖਕ ਇਸ ਵਿਸ਼ੇ ਤੇ ਵਧੀਆ ਲਿਖ ਚੁੱਕੇ ਨੇ। ਜੇ ਮੇਰੀ ਇਹ ਪੁਸਤਕ ਪਾਠਕਾਂ ਵਿੱਚ ਕੋਈ ਉਤਸ਼ਾਹ ਪੈਦਾ ਕਰ ਸਕੇ, ਜਿਸ ਨਾਲ ਸਾਇੰਸ ਫਿਕਸ਼ਨ, ਬ੍ਰਹਿਮੰਡ, ਤਾਰਾ ਵਿਗਿਆਨ, ਖ਼ਗੋਲ ਸਾਸ਼ਤਰ ਵਿੱਚ ਮੁੜ ਤੋਂ ਦਿਲਚਸਪੀ ਪੈਦਾ ਹੋ ਜਾਵੇ ਤਾਂ ਮੈਨੂੰ ਅਤਿਅੰਤ ਖੁਸ਼ੀ ਹੋਵੇਗੀ।
-
ਮੇਜਰ ਮਾਂਗਟ, NRI ਲੇਖਕ
major.mangat@gmail.com
+14167272071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.