ਸਿਆਸਤ ਚਾਹੇ ਪੰਜਾਬ ਦੀ ਹੋਵੇ ਚਾਹੇ ਸਮੂਹ ਭਾਰਤ ਦੀ ਪਰ ਜੇਕਰ ਗੱਲ ਨਿਘਾਰ ਦੀ ਕਰੀਏ ਤਾਂ ਜਿਨ੍ਹਾਂ ਨਿਘਾਰ ਸਿਆਸਤ ਵਿੱਚ ਆ ਚੁੱਕਾ ਹੈ ਸ਼ਾਇਦ ਐਨਾ ਨਿਘਾਰ ਸਾਨੂੰ ਕਿਤੇ ਵੀ ਵੇਖਣ ਨੂੰ ਨਾ ਮਿਲੇ। ਸਿਆਸਤ ਤੋਂ ਗੰਦੀ ਸ਼ਾਇਦ ਕੋਈ ਪੰਜਾਬੀ ਦੀ ਗਾਲ ਵੀ ਨਾ ਹੋਵੇ । ਇਸ ਸਿਆਸਤ ਵਿੱਚ ਨਿਘਾਰ ਆਉਣਾ ਸਾਡੇ ਸਿਆਸੀ ਲੀਡਰਾਂ ਦੀ ਘਟੀਆ ਸੋਚਦਾ ਨਤੀਜਾ ਹੈ।ਚੱਲੋ ਅਸੀਂ ਦੋ ਘੜੀਆਂ ਮੰਨ ਲੈਂਦੇ ਹਾਂ ਕਿ ਸਿਆਸਤ ਗੰਦੀ ਹੈ ਸਿਆਸਤੀ ਲੀਡਰ ਗੰਦੇ ਨੇ ਭਾਵ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ।ਹੋਵੇ ਵੀ ਕਿਉਂ ਨਾ ,ਕਿਉਂਕਿ ਚੁਣਦੇ ਵੀ ਅਸੀਂ ਹਾਂ ਤੇ ਬੁਰਾ ਭਲਾ ਵੀ ਅਸੀਂ ਕਹਿੰਦੇ ਹਾਂ।
ਚੋਣ ਮੈਦਾਨ ਵਿੱਚ ਕਿਸੇ ਵੀ ਪਾਰਟੀ ਦਾ ਲੀਡਰ ਉਤਰੇ ਬਿਨਾਂ ਵਾਹਦਿਆਂ ਤੇ ਲਾਰਿਆ ਤੋਂ ਬਿਨਾਂ ਉਹ ਤੁਹਾਨੂੰ ਤੇ ਸਾਨੂੰ ਲੁਭਾ ਨਹੀਂ ਸਕਦਾ ਜਿੱਥੇ ਲੋਭ ਆ ਗਿਆ ਭਾਵ ਸਿਆਸਤ ਆ ਗਈ।ਲੋਭ ਤੋਂ ਖਹਿੜਾ ਛੁਡਾਉਣਾ ਕੀ ਸਾਡੇ ਪੰਜਾਬੀਆਂ ਦੇ ਵੱਸ ਦੀ ਗੱਲ ਹੈ ਸ਼ਾਇਦ ਨਹੀਂ।ਤੁਸੀਂ ਕਹੋਗੇ ਕਿਉਂ ਨਹੀਂ।ਉਹ ਇਸ ਕਰਕੇ ਕੀ ਸਾਡੇ ਗੁਰੂਆਂ ਦੇ ਸ਼ੁਰੂ ਤੋਂ ਹੀ ਇੱਕੋ ਉਪਦੇਸ਼ ਸੀ ਕੀ ਪੰਜ ਚੋਰਾਂ ਤੋਂ ਆਪਣਾ ਬਚਾਅ ਕਰੋ।ਜ਼ੇਕਰ ਤੁਸੀਂ ਇਹਨਾਂ ਪੰਜਾ ਚੋਰਾਂ ਤੋਂ ਬਚਾਅ ਕਰਗੇ ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਉਹ ਚੋਰਾਂ ਵਾਰੇ ਤੁਸੀਂ ਜਾਣਦੇ ਹੋ ਪਰ ਮੈਂ ਨਾਂ ਵੀ ਦੱਸ ਦਿੰਦਾ ਹਾਂ।ਕਿਉਂਕਿ ਮੇਰੇ ਪੰਜਾਬੀ ਭਰਾ ਭੁੱਲ ਛੇਤੀ ਜਾਂਦੇ ਹਨ ਜਿਵੇਂ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ।ਅਸੀਂ ਇਹਨਾਂ ਪੰਜ ਚੋਰਾਂ ਤੋਂ ਗੁਰੂਆਂ ਦੀ ਦੱਸੀ ਗੁਰਬਾਣੀਂ ਤੇ ਦਰਜ਼ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਕੇ ਵੀ ਖਹਿੜਾ ਨਹੀਂ ਛੁਡਾ ਸਕੇ।ਫੇਰ ਅਸੀਂ ਸਿਆਸੀ ਲੀਡਰਾਂ ਦੇ ਚੱਕਰਾਂ ਵਿੱਚੋ ਬਾਹਰ ਕਿਵੇਂ ਨਿਕਲਾਂਗੇ।ਸਾਨੂੰ ਏਥੇ ਵੀ ਸੋਚਣਾ ਪਵੇਗਾ।
ਸਿਆਸੀ ਪਾਰਟੀਆਂ ਮੁੱਦਿਆਂ ਨੂੰ ਅਧਾਰ ਬਣਾ ਕੇ ਚੋਣਾਂ ਲੜਦੀਆਂ ਹਨ ।ਪਰ ਪੂਰੇ ਨਹੀਂ ਕਰਦੀਆਂ।ਕਿਉਂਕਿ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਵਾਹਦੇ ਪੂਰੇ ਕਰਵਾਉਣੇ ਆਉਂਦੇ ਹੀ ਨਹੀਂ ।ਕਿਉਕਿ ਜਿੱਥੇ ਵਾਹਦੇ ਹੋਣਗੇ ਉੱਥੇ ਸ਼ਰਤਾਂ ਦਾ ਹੋਣਾ ਵੀ ਲਾਜ਼ਮੀ ਬਣ ਜਾਂਦਾ ਹੈ।ਸ਼ਰਤਾਂ ਭਾਵ ਵਿੱਚ ਸਾਡਾ ਖ਼ੁਦ ਦਾ ਸਵਾਰਥ ਵੀ ਭਾਵ ਲੋਭ।ਸ਼ਰਤਾਂ ਤੋਂ ਬਿਨਾਂ ਵਾਹਦੇ ਨਹੀਂ ਹੁੰਦੇ ਤੇ ਵਾਹਦਿਆਂ ਤੋਂ ਬਿਨਾਂ ਸ਼ਰਤਾਂ ਨਹੀਂ ਹੁੰਦੀਆਂ ਕਿਉਂਕਿ ਸ਼ਰਤਾਂ ਭਾਵ ਕਾਨੂੰਨ ਤੇ ਕਾਨੂੰਨ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ, ਬੇਸਰਤੇ ਚਲਾਉਣ ਵਾਲੇ ਬੇਈਮਾਨ ਕਿਉਂ ਨਾ ਹੋਣ।ਕਿਸੇ ਨੇ ਬਹੁਤ ਹੀ ਖ਼ੂਬ ਕਿਹਾ ਹੈ ਕਿ ਇੱਕ ਵਾਰ ਇੱਕ ਆਦਮੀ ਮੁਰਗੇ ਦੇ ਖੰਭ ਤੋੜ ਦਿੰਦਾ ਹੈ ਲੱਤਾਂ ਤੋਂਅਪਾਹਿਜ ਜਿਹਾ ਬਣਾ ਦਿੰਦਾ ਹੈ ਸੜਕ ਉੱਤੇ ਛੱਡ ਦਿੰਦਾ ਹੈ ।ਪਰ ਕੁੱਝ ਦੇਰ ਪਿੱਛੋਂ ਉਹ ਹੀ ਆਦਮੀ ਦਾਣੇ ਖ਼ਿਲਾਰੇ ਕੋਲ ਬੁਲਾਉਂਦਾ ਹੈ ਤੇ ਮੁਰਗਾ ਫੇਰ ਕੋਲ ਚਲਾ ਜਾਂਦਾ ਹੈ।ਬਸ ਇਥੇ ਹੀ ਸਾਡੇ ਸਮਾਜ ਤੇ ਸਾਡੇ ਲੋਕਾਂ ਦੀ ਸੋਚ ਖੜੀ ਹੈ।
ਸਿਆਸੀ ਪਾਰਟੀਆਂ ਕੋਲ ਮੁੱਦੇ ਬੜੇ ਹਨ ,ਧਰਮਾਂ ਦੇ, ਜਾਤਾਂ ਦੇ,ਬੇਰੁਜ਼ਗਾਰੀ ਦੇ,ਬਿਜਲੀ ਦੇ,ਪਾਣੀ ਦੇ,ਸਭ ਤੋਂ ਅਹਿਮ ਤੇ ਸਮਾਜ ਨੂੰ ਅਪਾਹਿਜ ਬਣਾਉਣ ਵਾਲਾ ਮੁੱਦਾ ਹੈ ਮੁਫ਼ਤ ਭਾਵ ਫ਼ਰੀ ਸ਼ਬਦ ਇਹ ਸਾਡੇ ਸਭ ਲਈ ਘਾਤਕ ਤੇ ਉਸਾਰੂ ਸੋਚ ਲਈ ਇੱਕ ਜ਼ਹਿਰ ਦਾ ਕੰਮ ਕਰਨ ਲਈ ਕਾਫ਼ੀ ਹੈ।ਪਰ ਜ਼ੇਕਰ ਇਹ ਫ਼ਰੀ ਸ਼ਬਦ ਜ਼ਹਿਰ ਪਿਆਲਾ ਹੈ ਤਾਂ ਸਾਡੇ ਲੋਕ ਪੀਣ ਲਈ ਕਾਹਲੇ ਕਿਉਂ..?ਸ਼ਾਇਦ ਉਹਨਾਂ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਤੇ ਭਰੋਸਾ ਨਹੀਂ ਰਿਹਾ ।ਗੁਰੂਆਂ ਦੇ ਦਿੱਤੇ ਉਪਦੇਸ਼ਾਂ ਨੂੰ ਵਿਸਾਰ ਗਏ।ਅੰਮ੍ਰਿਤ ਬਾਟੇ ਦੀ ਅਦਭੁਤ ਸ਼ਕਤੀ ਨੂੰ ਭੁੱਲ ਗਏ ।ਕਿਸੇ ਕੌਮ ਜਾਂ ਸਮਾਜ ਦਾ ਖ਼ਤਮ ਹੋ ਜਾਣਾ ਉਹਨਾਂ ਲਈ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕੀਤੇ ਕਾਰਜ ਵਿਸਾਰ ਦੇਣਾ ਹੀ ਪਤਨ ਦਾ ਮੁੱਖ ਕਾਰਨ ਹੁੰਦਾ ਹੈ।ਜੋ ਇਤਿਹਾਸ ਜਾਂ ਆਪਣਾ ਵਜ਼ੂਦ ਭੁੱਲ ਜਾਂਦੇ ਹਨ ਅਸਲ ਵਿੱਚ ਉਹ ਰੁਲ਼ ਜਾਂਦੇ ਹਨ।
ਸੋ ਸੰਭਲ ਜਾਓ ਜਾਂ ਆਪਣੇ ਆਪ ਨੂੰ ਸੰਭਾਲ ਲਉ ਕਿਉਂਕਿ ਸਮਾਂ ਹਰੇਕ ਵਾਰ ਮੌਕਾ ਨਹੀਂ ਦਿੰਦਾ।ਸਿਆਸੀ ਪਾਰਟੀਆਂ ਤੋਂ ਮੁੱਦੇ ਨਹੀਂ ਉਹਨਾਂ ਤੋਂ ਹੱਲ ਪੁੱਛੋਂ ਕਿਉਂਕਿ ਹੁਣ ਤੱਕ ਅਸੀਂ ਤੁਸੀਂ ਗੱਲਾਂ ਵਿੱਚ ਹੀ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ, ਸਾਡੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ,ਪ੍ਰਦੂਸ਼ਣ ਕਾਰਨ ਅਸੀਂ ਮਰ ਰਹੇ ਹਾਂ, ਦੂਸ਼ਿਤ ਪਾਣੀ ਅਸੀਂ ਪੀ ਰਹੇ ਹਾਂ, ਬੇਰੁਜ਼ਗਾਰੀ ਨਾਲ ਅਸੀਂ ਲੜ ਰਹੇ ਹਾਂ ।ਅਸੀਂ ਤੁਸੀਂ ਹਰੇਕ ਵਸਤੂ ਜਾਂ ਚੀਜ਼ ਉੱਤੇ ਟੈਕਸ ਭਰਕੇ ਵੀ ਨਰਕ ਭੋਗ ਰਹੇ ਹਾਂ ਤੇ ਇਹ ਸਿਆਸੀ ਲੀਡਰ ਨਾ ਟੈਕਸ ਨਾ ਕੋਈ ਖ਼ਰਚ ਕੀਤਿਆਂ ਬਿਨਾਂ ਹੀ ਸੁਰਗ ਭਰੀ ਜ਼ਿੰਦਗੀ ਬਿਤਾ ਰਹੇ ਹਨ ਕਾਰੋਬਾਰ ਵਧਾ ਰਹੇ ਹਨ,ਬੱਚਿਆਂ ਲਈ ਹਰੇਕ ਐਸੋ ਅਰਾਮ ਬਣਾ ਰਹੇ ਹਨ।ਸਿਰਫ਼ ਤੇ ਸਿਰਫ਼ ਝੂਠੇ ਵਾਹਦੇ ਕਰਕੇ ਅਸਲ ਮੁੱਦਿਆਂ ਤੋਂ ਸਾਡਾ ਧਿਆਨ ਹਟਾਕੇ ।
ਜ਼ੇਕਰ ਮਹਾਂਭਾਰਤ ਦਾ ਅਰਜਨ ਅਪਣੇ ਨਿਸ਼ਾਨੇ ਤੋਂ ਧਿਆਨ ਹਟਾ ਦਿੰਦਾ ਕੀ ਉਹ ਜਿੱਤ ਪਾਉਂਦੇ ਸ਼ਾਇਦ ਨਹੀਂ।ਹੁਣ ਭਾਰਤੀ ਲੋਕਾਂ ਨੂੰ ਅਰਜੁਨ ਵਾਲੀ ਅੱਖ ਦੀ ਲੋੜ ਹੈ।ਹੁਣ ਪੰਜਾਬ ਵਾਸੀਆਂ ਨੂੰ ਸਵਾਲ ਜ਼ਵਾਬ ਕਰਨ ਦੀ ਲੋੜ ਹੈ। ਉੱਝ ਹੀ ਨਾ ਮੂੰਹ ਚੁੱਕਕੇ ਲੀਡਰਾਂ ਪਿੱਛੇ ਲੱਗ ਜਾਇਆ ਕਰੋ।ਕਿਸਾਨੀ ਸੰਘਰਸ਼ ਵੱਲ ਵੇਖੋ ਤੇ ਦੂਸਰੇ ਪਾਸੇ ਸਾਡੇ ਬੇਸ਼ੁਕਰੇ ਲੋਕਾਂ ਵੱਲ ਜੋ ਕਿਸਾਨੀ ਸੰਘਰਸ਼ ਛੱਡਕੇ ਲੀਡਰਾਂ ਪਿੱਛੇ ਘੁੰਮ ਰਹੇ ਹਨ।ਪਾਰਟੀਆਂ ਪਿੱਛੇ ਨਾ ਲੜੋ ਆਪਣੇ ਹੱਕਾਂ ਖ਼ਾਤਰ ਲੜੋ। ਸਿਆਸੀ ਪਾਰਟੀਆਂ ਦੇ ਕਹੇ ਮੁੱਦਿਆਂ ਦੀ ਗੱਲ ਪੁਛਿਉ।ਪੰਜਾਬ ਤੇ ਪੰਜਾਬੀਅਤ ਲਈ ਕਰੇ ਵਾਹਦਿਆਂ ਦੀ ਗੱਲ ਪੁੱਛਣਾ, ਹੋਈ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ,ਫੜੇ ਨਹੀਂ ਦੋਸ਼ੀ ਜ਼ਵਾਬ ਜ਼ਰੂਰ ਪੁੱਛਣਾ।ਅੰਤ ਵਿੱਚ ਸਮੂਹ ਪੰਜਾਬੀਆਂ ਨੂੰ ਇਕੋ ਅਰਜ ਕਰਾਂਗਾ ਕੀ ਪਾਰਟੀਆਂ ਨਾ ਚੁਣੋ ਚੰਗੇ ਬੰਦੇ ਚੁਣੋ।ਪਾਰਟੀਆਂ ਨੇ ਕਿਸੇ ਦਾ ਕੁੱਝ ਨਹੀਂ ਸਵਾਰਨਾ ਜਦੋਂ ਸੁਧਾਰ ਲਹਿਰ ਚੱਲਣੀ ਹੈ ਤਾਂ ਚੰਗੇ ਬੰਦਿਆਂ ਤੋਂ ਚੱਲਣੀ ਹੈ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.