- ਸਿੱਧੂ ਤੇ ਕੈਪਟਨ ਦੋ ਗੁੱਟਾ ’ਚ ਕਾਂਗਰਸ ਦਾ ਹੋਵੇਗਾ ਭਵਿੱਖ ਤਹਿ 2022
ਕ੍ਰਿਕਟਰ ਤੋਂ ਕੁਮੈਂਟਰ, ਐਕਟਰ ਤੇ ਫਿਰ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਕੋਲ ਕੋਈ ਵੀ ਰਾਜਨੀਤਿਕ ਪੂੰਜੀ ਨਹੀਂ ਸੀ। ਨਵਜੋਤ ਸਿੱਧੂ 2004 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੁੰਦੇ ਹਨ ਤੇ ਆਪਣਾ ਸਿਆਸੀ ਜੀਵਨ ਸ਼ੁਰੂ ਕਰਦੇ ਹਨ। ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਭਾਜਪਾ ਨਵਜੋਤ ਸਿੰਘ ਸਿੱਧੂ ਨੂੰ 2004 ’ਚ ਲੋਕ ਸਭਾ ਲਈ ਆਪਣਾ ਉਮੀਦਵਾਰ ਚੁਣ ਕੇ ਭੇਜਦੀ ਹੈ ਤੇ ਸਿੱਧੂ ਦੀ ਆਕਰਸ਼ਕ ਦਿੱਖ ਨੂੰ ਦੇਖਦੇ ਹੋਇਆ ਸਿੱਧੂ ਅੰਮ੍ਰਿਤਸਰ ਤੋਂ ਕਾਂਗਰਸ ਦੇ ਸ਼੍ਰੀ ਰਘੂਨੰਦਨ ਲਾਲ ਭਾਟੀਆ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਦੇ ਹਨ। ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਪੈਰ ਅੰਮ੍ਰਿਤਸਰ ਦੇ ਵਿਚ ਜਮਾ ਲਏ ਤੇ ਮੁੜ 2007 ’ਚ ਅੰਮ੍ਰਿਤਸਰ ਤੋਂ ਫਿਰ ਭਾਰਤੀ ਜਨਤਾ ਪਾਰਟੀ ਤੋਂ ਹੀ ਉਮੀਦਵਾਰ ਚੁਣੇ ਜਾਂਦੇ ਹਨ ਤੇ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਸ਼੍ਰੀ ਸੁਰਿੰਦਰ ਸਿੰਗਲਾ ਨੂੰ 77626 ਭਾਰੀ ਵੋਟਾਂ ਨਾਲ ਹਰਾ ਕੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹਨ ਅਤੇ ਮੁੜ ਫਿਰ ਦੋ ਸਾਲ ਬਾਅਦ 2009 ’ਚ ਵੀ ਕਾਂਗਰਸ ਦੇ ਸ਼੍ਰੀ ਓਮ ਪ੍ਰਕਾਸ਼ ਸੋਨੀ ਤੋਂ 6858 ਵੋਟਾਂ ਦੇ ਫਰਕ ਨਾਲ ਜਿੱਤ ਜਾਂਦੇ ਹਨ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਜੀਵਨ ਦੀ ਸ਼ੁਰੂਆਤ 1982 ’ਚ ਕ੍ਰਿਕਟ ਤੋਂ ਕੀਤੀ ਅਤੇ 1999 ਤੱਕ ਸਿੱਧੂ ਕ੍ਰਿਕਟ ਚੋਟੀ ਦੇ ਖਿਡਾਰੀ ਰਹੇ। ਸਿੱਧੂ ਦੇ ਪਹਿਚਾਣ ਜਿਥੇ ਕ੍ਰਿਕਟ ਦੀ ਵਜ੍ਹਾ ਪੂਰੇ ਵਿਸ਼ਵ ’ਚ ਛਾਈ ਸੀ। ਇਸ ਦੀ ਬਦੌਲਤ ਹੀ ਸਿੱਧੂ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਦਾ ਵੀ ਹਿੱਸਾ ਬਣਨ ਲੱਗ ਪਏ ਅਤੇ ‘ਦੀ ਗ੍ਰੇਟ ਇੰਡੀਅਨ ਲਾਫਟਰ ਚੈਨਲ’ ’ਚ ਜੱਜ ਦੀ ਭੂਮਿਕਾ ਨਿਭਾਈ।
ਨਵਜੋਤ ਸਿੱਧੂ 18 ਅਪ੍ਰੈਲ 2016 ਨੂੰ ਰਾਜ ਸਭਾ ਮੈਂਬਰ ਚੁਣੇ ਜਾਂਦੇ ਹਨ ਤੇ ਥੋੜੇ ਵਕਫੇ ’ਚ ਹੀ ਸਿੱਧੂ 18 ਜੁਲਾਈ 2016 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੰਦੇ ਹਨ। ਫਿਰ ਭਾਜਪਾ ਨੂੰ ਅਲਵਿਦਾ ਕਹਿ ਕੇ 2017 ’ਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਅਪਣਾਇਆ ਅਤੇ ਫਿਰ ਤੋਂ ਕਿਸਮਤ ਅਜਮਾਉਣ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਤੇ ਭਾਜਪਾ ਦੇ ਸ਼੍ਰੀ ਰਾਜੇਸ਼ ਕੁਮਾਰ ਹਨੀ ਨੂੰ 42808 ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਨਵਜੋਤ ਸਿੱਧੂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਜਿੰਨੀ ਵਾਰ ਵੀ ਰਾਜਨੀਤਿਕ ਪਾਰੀ ਲਈ ਖੜ੍ਹੇ ਹੋਏ ਤਾਂ ਹਮੇਸ਼ਾ ਹੀ ਉਨ੍ਹਾਂ ਦੀ ਝੌਲੀ ਜਿੱਤ ਪਈ, ਪਰ ਤਿੰਨ ਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਬਣਾਏ ਜਾਣ ’ਤੇ ਵੀ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸਾਰ ਸ਼ਾਇਦ ਹੀ ਸਿੱਧੂ ਨੇ ਲਈ ਹੋਵੇ।
ਸਿੱਧੂ ਨੂੰ ਪੰਜਾਬ ’ਚ ਕਾਂਗਰਸ ਦੀ ਵਜ਼ਾਰਤ ਆਉਣ ਤੇ ਲੋਕਲ ਬਾਡੀਜ਼ ਮੰਤਰੀ ਬਣਾਇਆ ਗਿਆ ਜਿਸ ’ਤੇ ਸਿੱਧੂ ਨੇ ਪੰਜਾਬ ’ਚ ਬਾਖੂਬੀ ਕੰਮ ਕੀਤਾ ਅਤੇ 10 ਜੂਨ 2019 ਲੋਕਲ ਬਾਡੀਜ਼ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ ਅਤੇ ਇਸ ਬਾਰੇ 20 ਜੁਲਾਈ 2019 ਨੂੰ ਸ੍ਰੀ ਰਾਹੁਲ ਗਾਂਧੀ ਨੂੰ ਦੱਸਿਆ ਜਾਂਦਾ ਹੈ। ਪੰਜਾਬ ਗਵਰਨਰ ਸ੍ਰੀ ਵੀ.ਪੀ. ਬਦਨੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਦੇ ਹਨ।
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਹੁੰਦਿਆਂ ਹੀ ਸਿੱਧੂ ਤੇ ਕੈਪਟਨ ’ਚ ਰਾਜਨੀਤਿਕ ਸ਼ਾਂਤ ਯੁੱਧ ਹੋਣਾ ਸ਼ੁਰੂ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਦੇ ਖਾਸਮ ਖਾਸ ਹਨ। ਉਨ੍ਹਾ ਦੇ ਸਿੱਧੇ ਸੰਪਰਕ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਤੇ ਸੋਨੀਆਂ ਗਾਂਧੀ ਨਾਲ ਜੁੜੇ ਹੋਏ ਹਨ। ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਇਆ ਗਿਆ। ਸਿੱਧੂ ਦੇ ਪ੍ਰਧਾਨ ਬਣਨ ਨਾਲ ਕੀ ਸਿੱਧੂ 2022 ’ਚ ਪੰਜਾਬ ਕਾਂਗਰਸ ਲਿਆਉਣ ਲਈ ਨਵੀਂ ਰਣਨੀਤੀ ਬਣਾਉਣਗੇ ਜਾਂ ਖੁਦ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ਤੇ ਫਿਰ ਤੋਂ ਪਾਰਟੀ ਹਾਈਕਮਾਂਨ ਨੂੰ ਦਰਖਾਸਤ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਨਾਜ਼ੁਕ ਸਮੇਂ ’ਚ ਪੰਜਾਬ ਨੂੰ ਜਿੱਤ ਪ੍ਰਾਪਤ ਕਰਵਾਈ ਤੇ ਪੂਰੇ ਭਾਰਤ ਤੋਂ ਪੰਜਾਬ ’ਚ ਸ਼ਾਨਾਮੱਤੀ ਕਾਂਗਰਸ ਦੀ ਸਰਕਾਰ ਬਣਾਈ। ਪਾਰਟੀ ਹਾਈਕਮਾਨ ਖਾਸ ਕਰਕੇ ਸ਼੍ਰੀਮਤੀ ਸੋਨੀਆਂ ਗਾਂਧੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅੱਜ ਤੱਕ ਪਾਰਟੀ ਦੀ ਇਸ ਵਧੀਆ ਕਾਰਗੁਜ਼ਾਰੀ ਲਈ ਖੁਸ਼ ਹਨ ਅਤੇ ਅਗਾਂਹ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ। ਪ੍ਰਧਾਨ ਦੇ ਰੂਪ ’ਚ ਪਾਰਟੀ ਦਾ ਚੋਣ ਚਿੰਨ੍ਹ ਕਿਸੇ ਵੀ ਉਮੀਦਵਾਰ ਨੂੰ ਸਿੱਧੂ ਦੀ ਮੋਹਰ ਅਤੇ ਦਸਤਖ਼ਤਾਂ ਤੋਂ ਬਿਨਾਂ ਨਹੀਂ ਮਿਲੇਗਾ। ਤੀਜਾ ਜੇਕਰ ਕਾਂਗਰਸ ਫਿਰ ਤੋਂ ਚੋਣਾਂ ਜਿੱਤਦੀ ਹੈ ਤਾਂ ਪਾਰਟੀ ਅੰਦਰ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦੇ ਨੇਤਾ ਸਿੱਧੂ ਦੇ ਜ਼ਰੀਏ ਹੀ ਚੁਣੌਤ ਦਿਵਾਈ ਜਾਵੇਗੀ।
ਪਰ ਸਵਾਲ ਇਹ ਵੀ ਉਠਦਾ ਹੈ ਕੀ ਅਗਰ ਸਿੱਧੂ ਪ੍ਰਿਅੰਕਾ ਗਾਂਧੀ ਦੇ ਇੰਨ੍ਹੇ ਨਜ਼ਦੀਕ ਹਨ ਤਾਂ ਪੰਜਾਬ ਕਾਂਗਰਸ ਪਾਰਟੀ ਦਾ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਲਗਾਉਣਾ ਜ਼ਰੂਰੀ ਸੀ। ਕੀ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਸਿੱਧੂ ਨੂੰ ਇਕੱਲਾ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ। ਸ੍ਰੀ ਸੁਨੀਲ ਜਾਖੜ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤੇ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਇਕ ਗੱਲ ਸੀ ਜਾਖੜ ਨੂੰ ਇਕ ਪਾਸੇ ਰੱਖਕੇ ਸਿੱਧੂ ਨੂੰ ਪਰੋਸਿਆ ਥਾਲ ਦੇਣਾ ਕਿਸੀ ਹੈਰਾਨੀ ਤੋਂ ਘੱਟ ਨਹੀਂ।
ਅਗਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਅੰਦਰੂਨੀ ਕਲੇਸ਼ ਦੇ ਬਾਵਜੂਦ ਇਸ ਸਮੇਂ ਕਾਂਗਰਸ ਅਕਾਲੀ ਦਲ ਤੋਂ ਬਹੁਤ ਅੱਗੇ ਹਨ। ਕਾਂਗਰਸ ਪਾਰਟੀ ਦਾ ਇਹ ਅੰਦਰੂਨੀ ਕਲੇਸ਼ ਦੀ ਸ਼ੁਰੂਆਤ ਕਿਥੋਂ ਹੋਈ, ਇਸ ਦੀ ਸ਼ੁਰੂਆਤ ਪੰਜਾਬ ਨਹੀਂ ਬਲਕਿ ਦਿੱਲੀ ਤੋਂ ਹੋਈ। ਸਿੱਧੂ ਦਾ ਪਿਛੋਕੜ ਵੇਖਿਆ ਜਾਵੇ ਤਾਂ ਸਿੱਧੂ ਭਾਜਪਾ ਦੇ ਵਿਚ ਕੋਈ ਵੱਡੇ ਨੇਤਾ ਵਜੋਂ ਨਹੀਂ ਉਭਰੇ ਸਿਰਫ ਉਨ੍ਹਾਂ ਦੀ ਆਕਰਸ਼ਨ ਸ਼ਬਦਾਵਲੀ ਜਨਤਾ ਨੂੰ ਆਪਣੇ ਵੱਲ ਮੋਹਿਤ ਕਰਦੀ ਹੈ ਪਰ ਕਾਂਗਰਸ ’ਚ ਸ਼ਾਮਿਲ ਹੁੰਦਿਆਂ ਹੀ ਸਿੱਧੂ ਧਰੂ ਤਾਰੇ ਵਾਂਗ ਚਮਕਦੇ ਹਨ।
2022 ਦੀ ਇਲੈਕਸ਼ਨ ਬਹੁਤ ਨਜ਼ਦੀਕ ਹੈ ਕੀ ਸਿੱਧੂ 2022 ਦੀ ਕਾਂਗਰਸ ਨੂੰ ਮੁੜ ਲਿਆਉਣ ’ਤੇ ਪੰਜਾਬ ’ਚ ਸਮੂਹ ਵਿਧਾਇਕਾਂ ਤੇ ਕਾਂਗਰਸੀ ਲੀਡਰਾਂ ਨਾਲ ਕੋਈ ਨਵੀਂ ਰਣਨੀਤੀ ਬਣਾਉਣਗੇ। ਅੱਜ ਸਿੱਧੂ ਤੇ ਕੈਪਟਨ ਦੋ ਗੁੱਟ ਪੰਜਾਬ ’ਚ ਚੱਲ ਰਹੇ ਹਨ ਭਾਵੇਂ ਕੈਪਟਨ ਅਮਰਿੰਦਰ ਸਿੱਧੂ ਦੀ ਚੰਡੀਗੜ੍ਹ ਵਿਖੇ ਹੋਈ ਪ੍ਰਧਾਨਗੀ ਦੀ ਤਾਜਪੋਸ਼ੀ ਤੇ ਗਏ ਸੀ ਪਰ ਉਥੇ ਬੈਠੇ ਸਾਰੀਆਂ ਸ਼ਖਸ਼ੀਅਤਾਂ ਨੇ ਇਹ ਗੱਲ ਜ਼ਰੂਰ ਨੋਟ ਕੀਤੀ ਕਿ ਸਿੱਧੂ ਕੈਪਟਨ ਦੇ ਪੈਰੀ ਹੱਥ ਲਾਏ ਬਿਨਾਂ ਬਾਕੀ ਬਜ਼ੁਰਗ ਕਾਂਗਰਸੀਆਂ ਦੇ ਪੈਰੀ ਹੱਥ ਲਾ ਕੇ ਸਟੇਜ ਤੇ ਆਪਣੀ ਸਪੀਚ ਦੇਣ ਗਏ।
ਇਹ ਸਮਾਂ ਅਜਿਹਾ ਹੈ ਜਿਥੇ ਕੀ ਭਾਰਤ ਦੇ ਹਰ ਸੂਬੇ ’ਚ ਕਾਂਗਰਸ ਇਕਜੁੱਟ ਹੋ ਰਹੀ ਹੈ ਪਰ ਪੰਜਾਬ ’ਚ ਇਸਦੇ ਉਲਟ ਹੋ ਰਿਹਾ ਹੈ। ਇਸ ਵਾਰ ਪੰਜਾਬ ਦੀਆਂ ਚੋਣਾਂ ’ਚ ਕਿਸਾਨ ਅੰਦੋਲਨ ਵੀ ਲੋਕਾਂ ਦੇ ਸਿਰ ਚੱੜ ਕੇ ਬੋਲੇਗਾ। ਕਾਂਗਰਸ ਵੱਲੋਂ ਹਰ ਘਰ ਨੌਕਰੀ, ਸਮਾਰਟ ਫੋਨ ਤੇ ਅਨੇਕਾਂ ਵਾਅਦੇ ਕਾਂਗਰਸ ਲਈ ਇਕ ਚੁਣੌਤੀ ਦੇ ਰੂਪ ਵਿਚ ਉਭਰਨਗੇ। ਮਨਪ੍ਰੀਤ ਸਿੰਘ ਬਾਦਲ ਜੋ ਕਿ ਅਕਾਲੀ ਦਲ ਤੋਂ ਕਾਂਗਰਸ ਵਿਚ ਆਏ ਹਨ ਤੇ ਪੰਜਾਬ ਵਜ਼ਾਰਤ ’ਚ ਉਹ ਖਜ਼ਾਨਾ ਮੰਤਰੀ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਉਹ ਚੁੱਪ ਧਾਰੀ ਬੈਠੇ ਹਨ ਕੀ ਖਜ਼ਾਨਾ ਮੰਤਰੀ ਦਾ ਇਸ ਤਰ੍ਹਾਂ ਚੁੱਪ ਰਹਿਣਾ ਵਾਜ਼ਬ ਹੈ।
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੋ ਗੁੱਟ ਅਲੱਗ ਅਲੱਗ ਤੌਰ ਤੇ 2022 ’ਚ ਪੰਜਾਬ ’ਚ ਆਪਣਾ ਭਵਿੱਖ ਤਰਾਸ਼ ਰਹੇ ਹਨ ਕੀ 2022 ’ਚ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਬਣਾਉਣਗੇ ਕੋਈ ਨਵੀਂ ਰਣਨੀਤੀ ਜਿਸਤੇ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਹੈ।
-
ਮਨਪ੍ਰੀਤ ਸਿੰਘ ਜੱਸੀ, ਲੇਖਕ ਤੇ ਪੱਤਰਕਾਰ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.