ਤਿਰਛੀ ਨਜ਼ਰ - ਬਲਜੀਤ ਬੱਲੀ
ਦੋ ਸਵਾਲ ਜਿਨ੍ਹਾਂ ਦੇ ਜਵਾਬ ਮੈਨੂੰ ਨਹੀਂ ਲੱਭੇ ...
ਕਈ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਪਰ ਮੈਨੂੰ ਇਹ ਦੋ ਸਵਾਲਾਂ ਦੇ ਜਵਾਬ ਕਿਧਰੇ ਵੇਰਵੇ ਸਹਿਤ ਨਜ਼ਰ ਨਹੀਂ ਆਏ .
ਪਹਿਲਾ ਇਹ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਜੋ 18 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ - ਉਸ ਦਾ ਵੇਰਵਾ ਭਾਵ ਸਾਰੇ 18 ਨੁਕਤੇ ਕਿਹੜੇ ਹਨ ? ਕੀ ਹਾਈ ਕਮਾਂਡ , ਜਾਂ ਕੈਪਟਨ ਸਰਕਾਰ ਨੇ ਉਹ ਜਾਰੀ ਕੀਤੇ ਹਨ ? ਹਰੀਸ਼ ਰਾਵਤ ਨੇ ਪਿਛਲੇ ਮਹੀਨੇ ਸਭ ਤੋਂ ਪਹਿਲਾਂ ਦਿੱਲੀ ਵਿਚ ਇਨ੍ਹਾਂ ਦਾ ਐਲਾਨ ਕੀਤਾ ਸੀ . ਇਹ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫ਼ਰੰਸ ਕਰਨਗੇ ਤੇ ਇਨ੍ਹਾਂ ਨੁਕਤਿਆਂ ਨੂੰ ਲਾਗੂ ਕਰਨਗੇ .
ਇਸ ਤੋਂ ਬਾਅਦ ਇਹ ਨਵਜੋਤ ਸਿੱਧੂ ਨੇ ਟਵੀਟ ਕਰਕੇ ਇਹ ਕਿਹਾ ਸੀ ਕਿ ਇਨ੍ਹਾਂ 18 ਨੁਕਤਿਆਂ ਨੂੰ ਲਾਗੂ ਕਰਨਾ ਉਸ ਦਾ ਟੀਚਾ ਹੈ . ਪ੍ਰਧਾਨ ਬਣਨ ਤੋਂ ਬਾਅਦ ਫੇਰ ਸਿੱਧੂ ਨੇ 18 ਨੁਕਾਤੀ ਲਾਗੂ ਕਰਨ ਦੀ ਗੱਲ ਕੀਤੀ.
ਮੇਰੀ ਬਹੁਤ ਉਤਸੁਕਤਾ ਹੈ ( ਕਾਂਗਰਸੀਆਂ ਤੇ ਹੋਰ ਲੋਕਾਂ ਦੀ ਵੀ ਹੋਵੇਗੀ ਕਿਉਂਕਿ ਮੈਂ ਕਈ ਜ਼ਿਲ੍ਹਾ ਪੱਧਰੀ ਕਾਂਗਰਸੀ ਨੇਤਾਵਾਂ ਨੂੰ ਵੀ ਪੁੱਛਿਆ ਹੈ ਪਰ ਉਹ ਕਹਿੰਦੇ ਉਨ੍ਹਾਂ ਨੂੰ ਵੀ ਨਹੀਂ ਪੂਰੇ ਨੁਕਤੇ ਪਤਾ ) ਕਿ ਪਤਾ ਲੱਗੇ ਕਿ ਉਹ ਕਿਹੜੇ ਜਾਦੂਮਈ 18 ਨੁਕਤੇ ਹਨ ਜਿਨ੍ਹਾਂ ਨੂੰ ਲਾਗੂ ਕਰਨ ਤੋਂ ਬਾਅਦ ਸਾਰੇ ਮਸਲੇ ਹੱਲ ਹੋ ਜਾਣਗੇ . .ਇੱਕ ਅੱਧ ਅਖ਼ਬਾਰ ਨੇ ਆਪਣੇ ਪੱਧਰ ਤੇ ਇਨ੍ਹਾਂ ਦਾ ਜ਼ਿਕਰ ਜ਼ਰੂਰ ਕੀਤਾ ਸੀ ਪਰ ਕਾਂਗਰਸ ਪਾਰਟੀ , ਰਾਜ ਸਰਕਾਰ ਜਾਂ ਨਵਜੋਤ ਸਿੱਧੂ ਵੱਲੋਂ ਬਕਾਇਦਾ ਤੌਰ ਤੇ ਇਹ ਨੁਕਤੇ ਜਾਰੀ ਨਹੀਂ ਕੀਤੇ ਦਿਖਾਈ ਦਿੱਤੇ .
ਕਾਂਗਰਸ ਹਾਈ ਕਮਾਂਡ ਤੇ ਨਵਜੋਤ ਸਿੱਧੂ ਦੋਹਾਂ ਅੱਗੇ ਇਹ ਸਵਾਲ ਹੈ ਕਿ ਉਹ ਇਹ 18 ਨੁਕਤੇ ਵੇਰਵੇ ਸਹਿਤ ਜਾਰੀ ਕਰਨ.
ਦੂਜਾ ਮੇਰਾ ਸਵਾਲ ਇਹ ਹੈ ਕਿ ਪਿਛਲੇ ਸਮੇਂ ਪਿਛਲੇ ਇੱਕ ਸਾਲ ਵਿਚ ਕੋਰੋਨਾ ਮਹਾਂਮਾਰੀ ਦੌਰਾਨ -ਕੋਵਿਡ ਕੋਡ / ਹਦਾਇਤਾਂ / ਨਿਯਮਾਂ / ਗਾਈਡ ਲਾਈਨਜ਼ ਦੀ ਉਲੰਘਣਾ ਦੇ ਦੋਸ਼ 'ਚ ਜਿਹੜੇ ਸਿਆਸੀ ਨੇਤਾਵਾਂ ਅਤੇ ਕਾਰਕੁਨਾਂ ਦੇ ਖ਼ਿਲਾਫ਼ ਦਰਜਨਾਂ ਕੇਸ ਦਰਜ ਕੀਤੇ ਗਏ ਸਨ ਅਤੇ ਕਈਆਂ ਦਾ ਪ੍ਰਚਾਰ ਵੀ ਬਹੁਤ ਕੀਤਾ ਗਿਆ ਸੀ , ਉਨ੍ਹਾਂ ਦਾ ਕੀ ਬਣਿਆ ? ਜਦੋਂ ਲੋਕ ਕੋਰੋਨਾ ਮਹਾਂਮਾਰੀ ਨਾਲ ਮਰ ਰਹੇ ਸਨ ਤਾਂ ਉਸ ਵੇਲੇ ਵੀ ਰੈਲੀਆਂ , ਧਰਨੇ ਅਤੇ ਮੁਜ਼ਾਹਰੇ ਕਰਨ ਕੀ ਕਿਸੇ ਨੇਤਾ ਨੂੰ ਇਸ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਜਿਵੇਂ ਕਿ ਕੁਝ ਕਲਾਕਾਰਾਂ ਨੂੰ ਸ਼ੂਟਿੰਗ ਕਰਨ ਵੇਲੇ ਜਾਂ ਫੇਰ ਆਮ ਲੋਕਾਂ ਦੇ ਵਿਆਹਾਂ ਮੌਕੇ ਕੀਤਾ ਗਿਆ ਸੀ ?
ਕੀ ਸਿਆਸੀ ਨੇਤਾਵਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਚੱਲ ਰਹੀ ਹੈ ? ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੇਸ ਬਣੇ ਸਨ ਤਾਂ ਕੀ ਉਨ੍ਹਾਂ ਨੇ ਜ਼ਮਾਨਤਾਂ ਕਰਾਈਆਂ ? ਕੀ ਪੁਲਸ ਨੇ ਉਨ੍ਹਾਂ ਦੇ ਖ਼ਿਲਾਫ਼ ਤਹਿ ਸਮੇਂ ਅੰਦਰ ਚਲਾਨ ਪੇਸ਼ ਕੀਤੇ ? ਸਵਾਲ ਇਹ ਵੀ ਹੈ ਕਿ ਪੰਜਾਬ 'ਚ ਅਜਿਹੀ ਉਲੰਘਣਾ ਦੇ ਦੋਸ਼ 'ਚ ਕੀ ਸੱਤਾਧਾਰੀ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਵੀ ਕੇਸ ਦਰਜ ਹੋਏ ? ਇਹ ਮੇਰੀ ਓਪਨ ਆਰ ਟੀ ਆਈ ਹੈ ਕਿ ਅਜਿਹੇ ਕਿੰਨੇ ਕੇਸ ਸਨ ਤੇ ਕਿਸ ਕਿਸ ਦੇ ਖ਼ਿਲਾਫ਼ ਬਣੇ ਅਤੇ ਉਨ੍ਹਾਂ ਦਾ ਕੀ ਬਣਿਆ ? ਲੋਕਾਂ ਦੇ ਸਾਹਮਣੇ ਇਹ ਜਾਣਕਾਰੀ ਆਉਣੀ ਚਾਹੀਦੀ ਹੈ .
27 ਜੁਲਾਈ , 2021
-
ਬਲਜੀਤ ਬੱਲੀ, ਐਡੀਟਰ , ਬਾਬੂਸ਼ਾਹੀ ਨਿਊਜ਼ ਨੈੱਟਵਰਕ
tirshinazar@gmail.com
+91-919915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.