ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦਾਂ ਦੀ ਦਾਸਤਾਨ ਹੈ। ਭਾਵੇਂ ਰਾਜ ਲਾਲੀ ਬਟਾਲਾ ਦਾ ਇਹ ਪਲੇਠਾ ਗ਼ਜ਼ਲ ਸੰਗ੍ਰਹਿ ਹੈ ਪ੍ਰੰਤੂ ਗ਼ਜ਼ਲਾਂ ਪੜ੍ਹਨ ਤੋਂ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਇਕ ਹੰਢੇ ਵਰਤੇ ਗ਼ਜ਼ਲ ਦੇ ਮਾਹਿਰ ਦੀਆਂ ਗ਼ਜ਼ਲਾਂ ਹਨ। ਗ਼ਜ਼ਲਗੋ ਨੇ ਇਨਸਾਨੀਅਤ ਨੂੰ ਸਮਾਜ ਵਿਚ ਵਿਚਰਦਿਆਂ ਆ ਰਹੀਆਂ ਅੜਚਣਾਂ, ਮੁਸ਼ਕਲਾਂ, ਸਮੱਸਿਆਵਾਂ ਅਤੇ ਤਕਲੀਫ਼ਾਂ ਦਾ ਬੜੇ ਹੀ ਸੰਜੀਦਾ ਢੰਗ ਨਾਲ ਗ਼ਜ਼ਲ ਦੇ ਨਿਯਮਾਂ ਅਨੁਸਾਰ ਪ੍ਰਗਟਾਵਾ ਕਰਦਿਆਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ ‘ਤੇ ਗ਼ਜ਼ਲਾਂ ਨੂੰ ਗ਼ਜ਼ਲਗੋ ਬਹੁਤੇ ਰੁਮਾਂਸਵਾਦ ਵਿਚ ਲਪੇਟ ਕੇ ਲਪੇਟੇ ਕਰਦੇ ਹਨ। ਪ੍ਰੰਤੂ ਰਾਜ ਲਾਲੀ ਬਟਾਲਾ ਦੀਆਂ ਬਹੁਤੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਹਨ।
ਜੇਕਰ ਕਿਸੇ ਗ਼ਜ਼ਲ ਵਿਚ ਉਨ੍ਹਾਂ ਨੇ ਰੋਮਾਂਸਵਾਦ ਦੀ ਗੱਲ ਕੀਤੀ ਹੈ ਤਾਂ ਉਸਦੇ ਨਾਲ ਹੀ ਮਾਨਵਤਾ ਦੇ ਦਰਦ ਦੀ ਤਰਜਮਾਨੀ ਵੀ ਕੀਤੀ ਹੈ। ਪਰਿਵਾਰਾਂ ਦੇ ਆਪਸੀ ਸੰਬੰਧਾਂ ਵਿਚ ਆ ਰਹੀ ਖਟਾਸ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਦੁਖਾਂਤ ਦਾ ਵੀ ਜ਼ਿਕਰ ਕੀਤਾ ਹੈ। ਨੌਜਵਾਨਾ ਵੱਧਲੋਂ ਆਪਣੇ ਮਾਪਿਆਂ ਦੀ ਅਣਗਹਿਲੀ ਅਤੇ ਮਾਪਿਆਂ ਦੇ ਅਜਿਹੇ ਵਿਵਹਾਰ ਹੋਣ ਕਰਕੇ ਅਹਿਸਾਸਾਂ ਨੂੰ ਵੀ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿਚ ਬੱਚਿਆਂ ਦੇ ਪਰਵਾਸ ਵਿਚ ਜਾਣ ਨਾਲ ਮਾਪਿਆਂ ਦੇ ਦਿਲਾਂ ਵਿਚ ਜੋ ਵਾਪਰਦੀ ਹੈ। ਉਸ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਮਾਵਾਂ ਪੁੱਤਰਾਂ ਦੇ ਵਿਛੋੜੇ ਦਾ ਸੰਤਾਪ ਹੰਢਾਉਂਦੀਆਂ ਝੋਰੇ ਵਿਚ ਹੀ ਰਹਿੰਦੀਆਂ ਹਨ। ਗ਼ਜ਼ਲਗੋ ਇੱਛਰਾਂ ਦਾ ਜ਼ਿਕਰ ਕਰਕੇ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਨੂੰ ਵੀ ਯਾਦ ਕਰਵਾਉਂਦਾ ਹੋਇਆ ਕਹਿੰਦਾ ਹੈ ਇੱਛਰਾਂ ਵਰਗੀਆਂ ਮਾਵਾਂ ਆਪਣੇ ਘਰ ਵਿਚ ਹੀ ਬਿਰਹਾ ਦੇ ਦੁੱਖ ਵਿਚ ਹੀ ਰੁਲ ਜਾਂਦੀਆਂ ਹਨ। ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਸੰਤਾਪ ਦਾ ਜ਼ਿਕਰ ਵੀ ਅਸਿੱਧੇ ਤੌਰ ‘ਤੇ ਕਰਦਾ ਲਾਲੀ ਲਿਖਦਾ ਹੈ ਕਿ ਉਹ ਆਪਣੇ ਦੇਸ਼ ਵਿਚ ਰੋਜ਼ੀ ਰੋਟੀ ਦਾ ਸਾਧਨ ਨਾ ਹੋਣ ਕਰਕੇ ਪ੍ਰਦੇਸਾਂ ਵਿਚ ਜਾਂਦੇ ਹਨ-
ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖ਼ਾਤਰ।
ਪਿੱਛੇ ਦੇਸ਼ ‘ਚ ਰੁਲ ਗਈਆਂ ਨੇ ਇੱਛਰਾਂ ਵਰਗੀਆਂ ਮਾਵਾਂ।
ਪੁੱਤ ਜਦੋਂ ਦੇ ਘਰ ਨੂੰ ਭੁੱਲੇ, ਮਾਵਾਂ ਜਾਵਣ ਹੰਝੂ ਕੇਰੀ।
ਦਿਲ ਪਰਦੇਸ਼ਾਂ ਦੇ ਵਿਚ ਬੇਸ਼ਕ ਲਗਦਾ ਹੈ, ਮੈਂ ਘਰ ਵਾਪਿਸ ਆਇਆ, ਤੇਰੇ ਕਰਕੇ।
ਜਿਸ ਘਰ ਅੰਦਰ ਹੋਰ ਬਣੇ ਘਰ, ਮੈਂ ਘਬਰਾਵਾਂ, ਓਥੇ ਅਕਸਰ।
ਪਿਆਰ ਮੁਹੱਬਤ ਮਮਤਾ ਮਿਲਦੀ, ਜਿੱਥੇ ਮਾਵਾਂ, ਓਥੇ ਅਕਸਰ।
ਪਿਤਾਵਾਂ ਤੋਂ ਨਾ ਇਹ ਪੁੱਛੋ ਕੇ ਮਮਤਾ ਚੀਜ਼ ਕੀ ਹੁੰਦੀ,
ਤੁਸੀਂ ਮਾਵਾਂ ਦੇ ਦਿਲ ਫੋਲੋ, ਗੁਜ਼ਾਰਿਸ਼ ਹੈ ਮੇਰੀ ਸਭ ਨੂੰ।
ਆਪਣੇ ਹੀ ਘਰ ਦੇ ਅੰਦਰ, ਮੈਨੂੰ ਨਕਾਰਦੇ ਹਨ,
ਨੁੱਕਰ ‘ਚ ਜੀਅ ਰਿਹਾ ਹਾਂ, ਨੁੱਕਰ ‘ਚ ਮਰ ਰਿਹਾ ਹਾਂ।
ਹੈ ਘਰਾਂ ਅੰਦਰ ਹਕੂਮਤ ਨੇਰ੍ਹ ਦੀ,
ਜਜ਼ਬਿਆਂ ਦਾ ਦੀਪ ਕੋਈ ਬਾਲ ਫਿਰ।
ਸਮਾਜ ਵਿਚ ਹਉਮੈ ਦੀ ਸਮਾਜਿਕ ਬਿਮਾਰੀ ਬਾਰੇ ਵੀ ਰਾਜ ਲਾਲੀ ਨੇ ਲਿਖਿਆ ਹੈ ਕਿ ਹਰ ਇਨਸਾਨ ਦੇ ਦਿਮਾਗ਼ ਵਿਚ ਹਉਮੈ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਨੇ ਸਮਾਜਿਕਤਾ ਨੂੰ ਠੇਸ ਪਹੁੰਚਾਈ ਹੈ। ਦੂਜਿਆਂ ਤੋਂ ਜ਼ੋਰ ਜ਼ਬਰਦਸਤੀ ਖੋਹ ਲੈਣ ਨੂੰ ਇਨਸਾਨ ਆਪਣਾ ਹੱਕ ਸਮਝਦਾ ਹੈ। ਜਿਤਨੀ ਦੇਰ ਇਨਸਾਨ ਨਫ਼ਰਤ ਅਤੇ ਹਉਮੈ ਤੋਂ ਛੁਟਕਾਰਾ ਨਹੀਂ ਪਾ ਲੈਂਦਾ ਉਤਨੀ ਦੇਰ ਸਮਾਜ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਪੈਦਾ ਨਹੀਂ ਹੋ ਸਕਦੀ-
ਹੂਕ ਨੂੰ ਜਦ ਤੋਂ ਮੇਰੇ ਵਿਚ ਵਾਸ ਲੱਭਾ, ਆਪਣੀ ਹਉਮੈ ਦਾ ਹੀ ਅਹਿਸਾਸ ਲੱਭਾ।
ਰਲ ਕੇ ਆਪਾਂ ਹੱਕ ਆਪਣਾ ਖੋਹ ਲਿਆ ਹੈ, ਇੱਲ ਦੇ ਇੱਕ ਆਲ੍ਹਣੇ ‘ਚੋਂ ਮਾਸ ਲੱਭਾ।
ਨਫ਼ਰਤ ਹਉਮੈ ਭੁੱਲ ਭੁਲਾ ਕੇ, ਪਿਆਰ ਦੀ ਹਾਮੀ ਭਰ ਦਿੱਤੀ,
ਸਿਮਟਣ ਦੇ ਨਾ ਬਿੰਦੂ ਵਾਂਗਰ, ਦਾਇਰੇ ਵਾਂਗਰ ਫੈਲਣ ਦੇ।
ਇਹ ਤਾਂ ਹਉਮੈ ਦੇ ਕੋਲੋਂ ਮੁਨਾਸਿਬ ਨਾ ਸੀ,
ਪਿਆਰ ਕੋਲੋਂ ਜੋ ਦੀਪਕ ਜਗਾ ਹੋ ਗਿਆ।
ਨਫ਼ਰਤਾਂ ਦੇ ਸੇਕ ਤੋਂ ਜੋ ਅੱਕ ਚੁੱਕਾ,
ਯੱਖ ਠੰਡਾ ਸ਼ੀਤ ਹੋਣਾ ਲੋਚਦਾ ਹੈ।
ਸਮਾਜ ਵਿਚ ਸਮਾਜਿਕ ਨਾਬਰਾਬਰੀ ਦਾ ਜ਼ਿਕਰ ਕਰਦਿਆਂ ਰਾਜ ਲਾਲੀ ਕਹਿੰਦਾ ਹੈ ਕਿ ਉਤਨੀ ਦੇਰ ਲੋਕਾਈ ਦਾ ਭਲਾ ਨਹੀਂ ਹੋ ਸਕਦਾ ਜਿਤਨੀ ਦੇਰ ਸਮਾਜ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕੋ ਜਿਹੇ ਮੌਕੇ ਨਹੀਂ ਮਿਲਦੇ। ਕੋਈ ਵੀ ਇਨਸਾਨ ਭੁੱਖਾ ਨਾ ਰਹੇ, ਸਗੋਂ ਸਾਰੇ ਇਕ ਦੂਜੇ ਦੇ ਪੂਰਕ ਬਣਨ। ਆਪਣੇ ਹੀ ਆਪਣਿਆਂ ਦਾ ਨੁਕਸਾਨ ਕਰੀ ਜਾ ਰਹੇ ਹਨ। ਜਿਤਨੀ ਦੇਰ ਅਸੀਂ ਇਕ ਦੂਜੇ ਦੇ ਹੱਕਾਂ ‘ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਉਤਨੀ ਦੇਰ ਸਮਾਜ ਵਿਚ ਇਨਸਾਫ਼ ਨਹੀਂ ਮਿਲ ਸਕਦਾ। ਆਰਥਿਕ ਤੌਰ ਤੇ ਤਾਕਤਵਰ ਲੋਕ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਉਤਨੀ ਦੇਰ ਬਰਾਬਰਤਾ ਆ ਹੀ ਨਹੀਂ ਸਕਦੀ। ਗ਼ਜ਼ਲਗੋ ਇਹ ਵੀ ਪ੍ਰੇਰਨਾ ਕਰਦਾ ਹੈ ਕਿ ਇਨਸਾਨ ਨੂੰ ਇਕ ਦੂਜੇ ਤੋਂ ਡਰਨ ਦੀ ਲੋੜ ਨਹੀਂ ਸਗੋਂ ਮੇਲ ਮਿਲਾਪ ਵਧਾਕੇ ਇੱਕਮੁੱਠ ਹੋ ਕੇ ਆਪੋ ਆਪਣੇ ਹੱਕਾਂ ਲਈ ਲੜਨਾ ਸਿੱਖਣਾ ਚਾਹੀਦਾ ਹੈ। ਅਮੀਰ ਲੋਕ ਗ਼ਰੀਬਾਂ ਦੀ ਮਦਦ ਨਹੀਂ ਕਰਦੇ ਸਗੋਂ ਬੈਂਕਾਂ ਨੂੰ ਭਰ ਦਿੰਦੇ ਹਨ ਗ਼ਰੀਬ ਭੁੱਖੇ ਢਿੱਡ ਸੌਂਦਾ ਹੈ-
ਉਹ ਖੀਸੇ ਵਿੱਚ ਪਾ ਤਾਲਾ ਸਦਾ ਲੱਭਦਾ ਰਿਹਾ ਚਾਬੀ,
ਹੈ ਉਸਨੂੰ ਇਹ ਪਤਾ ਪੱਕਾ ਕਿ ਉਸਦਾ ਘਰ ਨਹੀਂ ਕੋਈ।
ਮਿਲੇ ਰੋਟੀ ਦੋ ਵੇਲੇ ਦੀ, ਕੋਈ ਭੁੱਖਾ ਨਹੀਂ ਸੌਂਵੇ,
ਸਿਵਾ ਇਸਦੇ ਮੇਰੀ ਚਾਹਤ, ਮੇਰੀ ਸੱਧਰ ਨਹੀਂ ਕੋਈ।
ਸ਼ਰੇ ਬਾਜ਼ਾਰ ‘ਲਾਲੀ’ ਮਾਰਿਆ ਰਲ ਕੇ ਖੁਦਾਵਾਂ ਨੇ,
ਕਿਤੋਂ ਇਨਸਾਫ਼ ਮਿਲ ਜਾਵੇ ਅਜੇਹਾ ਦਰ ਨਹੀਂ ਕੋਈ।
ਬਣ ਜਾਂਦਾ ਜੋ ਦਰਸ਼ਕ ਏਥੇ, ਨਾ ਜਿਤਦਾ ਨਾ ਹਰਦਾ ਬੰਦਾ।
ਮਾੜੇ ਦੀ ਇਹ ਬਾਤ ਨਾ ਪੁਛੇ, ਤਕੜੇ ਕੋਲੋਂ ਡਰਦਾ ਬੰਦਾ।
ਢਿੱਡ ਕਿਸੇ ਦਾ ਭਰ ਨਾ ਸਕਦਾ, ਬੈਂਕਾਂ ਨੂੰ ਹੈ ਭਰਦਾ ਬੰਦਾ।
ਮੇਰੇ ਨਾਲ ਦਗ਼ਾ ਜਿਸ ਕੀਤਾ, ਮੇਰਾ ਸੀ ਉਹ ਘਰ ਦਾ ਬੰਦਾ।
ਧਾਰਮਿਕ ਲੋਕਾਂ ਦੀ ਕਾਰਗੁਜ਼ਾਰੀ ‘ਤੇ ਕਿੰਤੂ ਪ੍ਰੰਤੂ ਕਰਦਾ ਰਾਜ ਲਿਖਦਾ ਹੈ ਕਿ ਉਨ੍ਹਾਂ ਤੋਂ ਵੀ ਸਮਾਜ ਦਾ ਵਿਸ਼ਵਾਸ਼ ਉਠ ਗਿਆ ਹੈ।-
ਪੂਜਾ ਵੀ ‘ਤੇ ਲੁੱਟਾਂ ਖੋਹਾਂ, ਕੀ ਕੀ ਕਾਰੇ ਕਰਦਾ ਬੰਦਾ।
ਸਭ ਕੁਝ ਏਥੇ ਰਹਿ ਜਾਣਾ ਪਰ, ਮੇਰੀ ਮੇਰੀ ਕਰਦਾ ਬੰਦਾ।
ਧਰਮਾਂ ਵਾਲੇ ਪੱਲੜੇ ਵਿਚ ਮੈਂ ਊਣਾ ਹਾਂ,
ਭੇਜੇ ਕਿਹੜਾ ਪੀਰ ਪੈਗੰਬਰ, ਸੋਚ ਰਿਹਾਂ।
ਕਤਲ ਕਰੇ ਜੋ ਮਾਨਵਤਾ ਦਾ, ਇਕ ਦਿਨ ਖੁਦ ਵੀ ਮਰਦਾ ਬੰਦਾ।
ਮਾੜਾ ਸੀ ਬੰਦਾ ਹੁਣ ‘ਬਾਬਾ’ ਹੈ ਬਣਿਆਂ,
ਮੰਦਿਰ, ਮਸਜਿਦ ਤੇ ਦਰਗਾਹਾਂ ਦੇ ਕਰਕੇ।
ਸ਼ਿਵਾਲੇ ਬਣ ਗਏ ਹਨ ਹਰ ਨਗਰ ਹਰ ਮੋੜ ਦੇ ਉਤੇ,
ਸਕੂਲਾਂ ਨੂੰ ਕਿਤੇ ਖੋਲ੍ਹੋ, ਗੁਜ਼ਾਰਿਸ਼ ਹੈ ਮੇਰੀ ਸਭ ਨੂੰ।
ਮਾਨਵਤਾ ਦੇ ਦਰਦਾਂ ਦੀ ਪੀੜ ਦਾ ਅਹਿਸਾਸ ਕਰਦਾ ਹੋਇਆ ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿਚ ਪੀੜ ਨੂੰ ਮੁੱਖ ਵਿਸ਼ਾ ਬਣਾਕੇ ਲਗਪਗ ਹਰ ਗ਼ਜ਼ਲ ਵਿਚ ਆਪਣੇ ਇਸ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਇਸ ਕਰਕੇ ਇਨਸਾਨ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਪ੍ਰੰਤੂ ਜੇ ਮੁਕੰਮਲ ਹੋ ਜਾਣ ਤਾਂ ਪੀੜ ਹੋਰ ਵੱ ਜਾਂਦੀ ਹੈ। ਇਨਸਾਨ ਵੱਖ ਨਹੀਂ ਹੋ ਰਿਹਾ-
ਆਪਣੇ ਪੈਰੀਂ ਜਿੰਨੇ ਦੁੱਖ ਹੰਢਾਈ ਬੈਠੇ ਲੋਕ,
ਸੀਨੇ ਦੇ ਵਿਚ ਓਨੇ ਦਰਦ ਛੁਪਾਈ ਬੈਠੇ ਲੋਕ।
ਪੀੜ ਪਰਾਹੁਣੀ ਕਦ ਤਕ ਮੇਰੇ ਨਾਲ ਰਹੇ,
ਖੁਦ ਹੀ ਜਦ ਮੈਂ ਖੁਦ ਤੋਂ ਨਾਬਰ, ਸੋਚ ਰਿਹਾਂ।
ਪੀੜ ਦੀ ਮੁਨਿਆਦ ਨਾਪਣ ਵਾਸਤੇ,
ਫੱਟ ਦਿਲ ਦੇ ਖੋਲਦਾ ਦਿਨ ਰਾਤ ਉਹ।
ਉਹ ਨਹੀਂ ਹਟਿਆ ਕਦੇ ਵੀ ਦਿਲ ਦੁਖਾਉਣੋਂ,
ਫਿਰ ਕਿਵੇਂ ਮਨ-ਜੀਤ ਹੋਣਾ ਲੋਚਦਾ ਹੈ।
ਪੂਰਾ ਸਾਗਰ ਪੀ ਕੇ ਵੀ ਹਾਲੇ ਤਿਰਹਾਏ ਹਨ,
ਮਾਰੂਥਲ ਦੀ ਪਿਆਸ ਜੋ ਹੋਠੀਂ ਲਾਈ ਬੈਠੇ ਲੋਕ।
ਘਰ ਵੰਡੇ ਹਨ ਜ਼ਰ ਵੰਡੇ ਹਨ ਵੰਡ ਲਏ ਹਨ ਸਾਕ,
ਪਾਣੀ ਉਤੇ ਵੀ ਹੁਣ ਲੀਕਾਂ ਪਾਈ ਬੈਠੇ ਲੋਕ।
ਪਿਆਰ ਮੁਹੱਬਤ ਬਾਰੇ ਵੀ ਗ਼ਜ਼ਲਗੋ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਹਨ-
ਖ਼ਜ਼ਾਨਾ ਮੁਹੱਬਤ ਦਾ ਸੀ ਕੋਲ ਮੇਰੇ, ਮੈਂ ਹੱਥੋਂ ਗਵਾਇਆ ਤੇਰੇ ਜਾਣ ਮਗਰੋਂ।
ਮੈਂ ਕਰਦਾ ਸੀ ਪੂਜਾ ਤੇਰੀ ਵਸਲ ਵੇਲੇ, ਮੈਂ ਤੈਨੂੰ ਧਿਆਇਆ ਤੇਰੇ ਜਾਣ ਮਗਰੋਂ।
ਇਸ਼ਕ ਐਸਾ ਰੋਗ ਹੈ ਜਿਸ ਦੀ ਖੁਦਾ, ਆਖ਼ਿਰੀ ਦਮ ਤਕ ਦਵਾ ਕੋਈ ਨਹੀਂ।
ਜਿੱਤਣ ਦੇ ਲਈ ਖੇਡ ਰਿਹਾਂ, ਕਾਹਤੋਂ ਬਾਜ਼ੀ ਹਰ ਜਾਵਾਂ।
ਠਾਕੁਰ ਕਹਿ ਜਾਂ ਠੋਕਰ ਮਾਰ, ਪੱਥਰ ਵਾਂਗਰ ਜਰ ਜਾਵਾਂ।
ਇਸ਼ਕ ਉਸ ਦੇ ਨੂੰ ਮੈਂ ਜੇ ਸਿਜਦਾ ਕਰਾਂ ਤਾਂ ਗ਼ਲਤ ਹੈ,
ਆਪਣੀ ਧੀ ਨੂੰ ਜੋ ਖੁਦ ਬਦਨਾਮ ਲਿਖ ਕੇ ਰੋ ਪਿਆ।
ਹਰ ਕੋਈ ਮਿਲਦਾ ਹੈ ਜੀਕਣ ਆਪਣਾ, ਭੀੜ ਵੇਲੇ ਆਪਣਾ ਕੋਈ ਨਹੀਂ।
ਰਾਜ ਲਾਲੀ ਬਟਾਲਾ ਨੇ ਆਪਣੀਆਂ ਗ਼ਜ਼ਲਾਂ ਵਿਚ ਕੋਈ ਅਜਿਹਾ ਵਿਸ਼ਾ ਨਹੀਂ ਛੱਡਿਆ ਜਿਸਦਾ ਸੰਬੰਧ ਮਾਨਵਤਾ ਦੀ ਬਿਹਤਰੀ ਨਾਲ ਹੋਵੇ ਪ੍ਰੰਤੂ ਲਿਖਿਆ ਨਾ ਹੋਵੇ। ਗ਼ਰੀਬੀ ਅਮੀਰੀ ਦੇ ਪਾੜੇ ਤੋਂ ਲੈ ਕੇ ਭ੍ਰਿਸ਼ਟਾਚਾਰ, ਬੇ ਔਲਾਦ, ਯਤੀਮ, ਇਸਤਰੀਆਂ ਦੀ ਤ੍ਰਾਸਦੀ, ਕਚਹਿਰੀਆਂ ਵਿਚ ਗਵਾਹਾਂ ਦਾ ਮੁੱਕਰਨਾ, ਦੁਕਾਨਦਾਰਾਂ ਦਾ ਘਟ ਤੋਲਣਾ, ਜ਼ਮੀਨੀ ਵਿਚ ਪਾਣੀ ਦਾ ਸਤਰ ਘਟਣਾ ਅਤੇ ਇਨਸਾਨੀ ਰਿਸ਼ਤਿਆਂ ਵਿਚ ਗਿਰਾਵਟ ਗ਼ਜ਼ਲਾਂ ਵਿਚ ਮੌਜੂਦ ਹਨ-
ਸਿਰ ‘ਤੇ ਕਫਣ ਬੰਨ੍ਹ ਕੇ ਜਿਹੜਾ ਤੁਰਿਆ ਹੈ,
ਉਸਨੂੰ ਕਰ ਸਕਦਾ ਕੋਈ ਬਰਬਾਦ ਨਹੀਂ।
ਗੋਦ ਖਿਡਾ ਤੂੰ ਬਾਲਾਂ ਨੂੰ ਜੋ ਬੇਘਰ ਨੇ,
ਕੀ ਹੋਇਆ ਜੇ ਤੇਰੇ ਘਰ ਔਲਾਦ ਨਹੀਂ।
ਕੰਧਾਂ ਹੀ ਕੰਧਾਂ ਨੇ ਇਥੇ, ਦਮ ਘੁਟਦਾ ਹੈ ਘਰ ਅੰਦਰ।
ਦਿਲ ਕਰਦਾ ਹੈ ਕੰਧਾਂ ਦੇ ਅੰਦਰ ਰੋਸ਼ਨ ਦਾਨ ਬਣਾਵਾਂ।
ਲਾਲੀ ਤੇਰਾ ਸੱਚ ਅਦਾਲਤ ਦੇ ਅੰਦਰ,
ਹਰਿਆ ਝੂਠੇ ਚੰਦ ਗਵਾਹਾਂ ਦੇ ਕਰਕੇ।
ਸੱਚੇ ਵੀ ਹੁਣ ਝੂਠੇ ਲੱਗਣ, ਪਾਣੀ ਝੂਠ ਦਾ ਭਰਦੇ ਬੰਦੇ।
ਜਿਉਂਦੇ ਵੀ ਇਹ ਮਰਿਆਂ ਵਰਗੇ, ਬਰਫਾਂ ਜੀਕਣ ਖਰਦੇ ਬੰਦੇ।
ਚਾਂਦੀ ਦੀ ਜੁੱਤੀ ਖਾ ਕੇ ਹੀ, ਫ਼ਾਇਲ ਅੱਗੇ ਕਰਦੇ ਬੰਦੇ।
ਮਿਹਨਤ ਕਸ਼ ਲੋਕਾਂ ਦੇ ਹਿੱਸੇ, ਕੱਚੇ ਕੋਠੇ, ਢਾਰੇ ਵੇਖੇ।
ਅਗਰ ਜੀਵਨ ਦੇ ਵਿਚ ਇਕਸਾਰਤਾ ਹੋ ਦੇਖਣੀ ਚਾਹੁੰਦੇ,
ਖ਼ਰਾ ਤੋਲੋ, ਖ਼ਰਾ ਬੋਲੋ, ਗੁਜ਼ਾਰਿਸ ਹੈ ਮਰੀ ਸਭ ਨੂੰ।
ਖਾਲਾਂ ਦੇ ਵਿਚ ਥੋੜ੍ਹਾ ਪਾਣੀ ਰਹਿਣ ਦਿਓ,
ਧਰਤੀ ਜਾਇਆਂ ਨੂੰ ਵੀ ਕੁਝ ਧਰਵਾਸ ਰਹੇ।
ਨਦੀ ਦੀ ਪਿਆਸ ਅਣਮੁੱਕ ਹੈ, ਸਮੁੰਦਰ ਤਾਂ ਨਹੀਂ ਦੋਸ਼ੀ,
ਜੇ ਉਸਦੀ ਪੈੜ ਦੱਬੋ ਤਾਂ, ਨਿਕਲਦਾ ਹੋਰ ਹੀ ਕੁਝ ਹੈ।
ਜੀਣਾ ਹਰਾਮ ਕਰਨਾ ਤੇਰਾ ਹੈ ਵਾਰਸਾਂ ਨੇ, ਚੌਕਾਂ ‘ਚ ਹੱਕ ਮੰਗਦੇ, ਜਿੰਨੇ ਤੂੰ ਲੋਕ ਮਾਰੇ।
ਸਦੀਆਂ ਤੋਂ ਹੋ ਰਿਹਾ ਹੈ ਔਰਤ ਦੇ ਨਾਲ ਐਸਾ, ਜਦ ਰਾਮ ਡੋਬਦਾ ਹੈ, ਸੀਤਾ ਨੂੰ ਕੌਣ ਤਾਰੇ। ਲੋੜਾਂ ਨੇ ਰਿਸ਼ਤਿਆਂ ਦਾ ਕੀਤਾ ਹੈ ਸੇਕ ਮੱਠਾ,ਮੈਂ ਬਰਫ਼ ਬਣ ਨਾ ਜਾਵਾਂ ਏਦਾਂ ਨਾ ਠਾਰ ਮੈਨੂੰ।
ਕਿਸੇ ਦਾ ਘਰ ਦਾ ਸੂਰਜ ਅੱਜ, ਸਿਆਸਤ ਦੀ ਬਲੀ ਚੜ੍ਹਿਆ,
ਹਨ੍ਹੇਰਾ ਉਸ ਘਰ ਲੇਕਿਨ ਭੜਕਦਾ ਹੋਰ ਹੀ ਕੁਝ ਹੈ।
ਕਬਰਾਂ ਵਿਚ ਆਰਾਮ ਜਿਹਾ ਏ, ਜੀਵਨ ਵਿਚ ਜੋ ਨਾਮ ਜਿਹਾ ਏ।
ਮੈਨੂੰ ਤਾਂ ਹੁਣ ਮਾਰ ਮੁਕਾਓ, ਸਾਹਾਂ ਦਾ ਬਸ ਨਾਮ ਜਿਹਾ ਏ।
ਸ਼ੀਸ਼ਿਆਂ ਦੇ ਕਰਕੇ ਟੁਕੜੇ ਲਾ ਲਏ ਸਰਦਲ ਤੇ ਉਸ,
ਅਕਸ ਟੁਕੜੇ ਹੁਣ ਵੀ ਉਸਦਾ ਪੂਰਾ ਹੀ ਦਿਖਲਾਉਣ ਕਿਉਂ?
ਲਾਲੀ ਗ਼ਜ਼ਲ ਸੰਗ੍ਰਹਿ ਵਿਚ 60 ਗ਼ਜ਼ਲਾਂ, 86 ਪੰਨੇ, 125 ਰੁਪਏ ਕੀਮਤ ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਭਵਿੱਖ ਵਿਚ ਰਾਜ ਲਾਲੀ ਬਟਾਲਾ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਕਰਵਾਉਣ ਦੀ ਆਸ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.