ਦਾਦੀ ਮਾਂ ਸ਼੍ਰੀਮਤੀ ਮਾਇਆ ਦੇਵੀ ਦੁੱਗਲ ਆਪਣੀ ਸੌ ਸਾਲ ਤੋਂ ਵਧੇਰੇ ਤੇ ਵਧੀਆ ਉਮਰ ਭੋਗ ਕੇ ਚਲੀ ਗਈ ਹੈ। ਉਨਾਂ ਦਾ ਸਰੀਰ ਕੁਦਰਤ ਵਲੋਂ ਹੀ ਅਰੋਗ ਸੀ ਪਰ ਕਹਿੰਦੇ ਨੇ ਕਿ ਬੁਢੇਪਾ ਵੀ ਤਾਂ ਇਕ ਰੋਗ ਹੀ ਹੈ, ਸਰੀਰ ਖੁਰਦਾ ਜਾਂਦਾ ਹੈ, ਭੁਰਦਾ ਜਾਂਦਾ ਹੈ। ਉਨਾ ਦੀਆਂ ਅੱਖਾਂ, ਕੰਨ ਤੇ ਮੇਹਦਾ ਅੰਤ ਤੀਕ ਦਰੁਸਤ ਰਹੇ। ਆਪਣੀ ਠੰਢੀ ਮਿੱਠੀ ਛਾਂ ਨਾਲ, ਅਸੀਸਾਂ ਤੇ ਆਸ਼ੀਰਵਾਦ ਨਾਲ ਸਾਰੇ ਪਰਿਵਾਰ ਨੂੰ ਨਿਹਾਲ ਕਰਕੇ ਰੁਖਸਤ ਹੋਈ ਹੈ ਪਿਆਰੀ ਦਾਦੀ ਮਾਂ। ਵਿਕਰਮਜੀਤ ਦੁੱਗਲ ਦੀ ਦਾਦੀ ਮਾਂ ਨਾਲ ਮੇਰਾ ਭਾਵਨਾਤਮਕ ਰਿਸ਼ਤਾ ਇਸ ਕਰਕੇ ਵੀ ਸੀ ਕਿਉਂਕਿ ਮੇਰੀ ਦਾਦੀ ਦਾ ਨਾਂ ਵੀ ਇਤਫਾਕ ਨਾਲ ਮਾਇਆ ਦੇਵੀ ਹੀ ਸੀ, ਤੇ ਮੈਂ ਆਪਣੇ ਜੰਮਣ ਤੋਂ ਲੈਕੇ ਜੁਆਨ ਹੋਣ ਤੱਕ ਦਾ ਸਮਾਂ ਆਪਣੀ ਦਾਦੀ ਦੀ ਬੁੱਕਲ ਵਿਚ ਹੀ ਬਿਤਾਇਆ ਸੀ।
ਮੇਰੀ ਦਾਦੀ 1998 ਵਿਚ ਚਲੇ ਗਈ ਸੀ ਤੇ ਦੁੱਗਲ ਸਾਹਿਬ ਦਾਦੀ ਇਸੇ ਹਫਤੇ। ਪਿਛਲੇ ਦਿਨੀ ਇਕ ਹਫਤਾ ਪਟਿਆਲੇ ਦਾਦੀ ਮਾਂ ਕੋਲ ਸਾਂ, ਤਾਂ ਉਹ ਬਿਲਕੁਲ ਠੀਕ ਠਾਕ ਸਨ। ਨਿੱਕੀਆਂ ਨਿੱਕੀਆਂ ਗੱਲਾਂ ਕਰਦੇ, ਸਭਨਾ ਦਾ ਹਾਲ ਚਾਲ ਪੁਛਦੇ ਰਹੇ। ਯਾਦਦਸ਼ਤ ਬੜੀ ਕਮਾਲ ਦੀ ਸੀ ਉਨਾ ਦੀ, ਸਭ ਨਿੱਕਿਆਂ ਵੱਡਿਆਂ ਦੇ ਨਾਂ ਚੇਤੇ ਸਨ ਉਨਾ ਨੂੰ। ਮੈਂ ਪੁੱਛਿਆ ਕਿ ਦਾਦੀ ਮਾਂ, ਦੇਸ਼ ਦੀ ਵੰਡ ਵੇਲੇ ਆਪ ਦੀ ਉਮਰ ਕਿੰਨੀ ਸੀ? ਕਹਿੰਦੇ ਕਿ ਮੇਰਾ ਵਿਆਹ ਵੰਡ ਵਾਲੇ ਦਿਨਾਂ ਵਿਚ ਹੀ ਹੋਇਆ ਸੀ ਪੁੱਤ, ਇੱਕ ਇੱਕ ਸੀਨ ਚੇਤੇ ਐ ਮੈਨੂੰ ਰੌਲਿਆਂ ਦਾ, ਬੜਾ ਮਾੜਾ ਵੇਲਾ ਆਇਆ ਵੰਡ ਦਾ ਕਿ ਰਹੇ ਰੱਬ ਦਾ ਨਾਂ।
'ਦੁੱਗਲ ਦਾਦੀ' ਬੜੇ ਸਿਦਕ ਵਾਲੀ ਸੀ। ਪਹਿਲਾਂ ਉਨਾ ਦੇ ਪਤੀ ਸ਼੍ਰੀ ਬਾਬੂ ਰਾਮ ਦੁੱਗਲ ਨੇ ਪੰਜਾਬ ਪੁਲਿਸ ਵਿੱਚ ਬਤੌਰ ਹੌਲਦਾਰ ਸੇਵਾ ਕੀਤੀ ਤੇ ਫਿਰ ਉਨਾ ਦੇ ਪੁੱਤਰ ਸ਼੍ਰੀ ਕਸ਼ਮੀਰੀ ਲਾਲ ਦੁੱਗਲ ਨੇ ਬਤੌਰ ਸਬ ਇੰਸਪੈਕਟਰ ਸੇਵਾ ਨਿਭਾਈ ਤੇ ਹੁਣ ਪੋਤਰਾ ਵਿਕਰਮ ਡੀ ਆਈ ਜੀ ਹੈ। ਇਕ ਪਰਿਵਾਰ ਦੀਆਂ ਤਿੰਨ ਪੀੜੀਆਂ ਦੀ ਪੰਜਾਬ ਪੁਲਿਸ ਵਿਚ ਬੇਲਾਗ ਸੇਵਾ ਹੈ। ਸੱਚੀਓਂ ਬੜੀ ਟੌਹਰ ਹੁੰਦੀ ਸੀ ਸਾਡੇ ਬਾਬੇ ਬਾਬੂ ਰਾਮ ਦੁੱਗਲ ਦੀ। ਗੋਰੇ ਚਿੱਟੇ ਰੰਗ ਦੇ ਸਨ ਤੇ ਪੂਰਾ ਕੱਦ ਕਾਠ। ਮੈਂ ਦੇਖਦਾ ਹੁੰਦਾ ਕਿ ਜਦ ਆਪਣੇ ਜੱਦੀ ਪਿੰਡ ਕੋਟ ਭਾਈ ਆਪਣੇ ਭਰਾ ਮੇਲਾ ਰਾਮ ਦੁੱਗਲ ਤੇ ਭਰਜਾਈ ਪ੍ਰਕਾਸ਼ ਰਾਣੀ ਨੂੰ ਮਿਲਣ ਆਇਆ ਕਰਦੇ ਸਨ। ਕੁੱਲੇ ਵਾਲੀ ਪਗੜੀ ਵੀ ਬੰਨਦੇ ਤੇ ਤੁਰਲੇ ਵਾਲੀ ਵੀ। ਚਿੱਟੇ ਲੀੜੇ ਤੇ ਸੋਹਣੀ ਜੁੱਤੀ ਪਹਿਨਦੇ।
ਦਾਦੀ ਜੀ ਅਕਸਰ ਹੀ ਆਪਣੇ ਪੋਤਿਆਂ ਵਿਕਰਮ ਤੇ ਸਿਮਰਨ ਤੇ ਪੋਤ ਨੂੰਹਾਂ ਡਾ ਗੀਤਿੰਦਰ (ਆਈ ਆਰ ਐਸ) ਤੇ ਰੀਤਿਕਾ ਉਤੇ ਡਾਹਢਾ ਮਾਣ ਮਹਿਸੂਸ ਕਰਦੇ ਆਖਦੇ ਕਿ ਮੈਨੂੰ ਫੁੱਲਾਂ ਵਾਗੂੰ ਸਾਂਭਦੇ ਐ। ਭੂਆ ਜੀ ਸੁਰਿੰਦਰ ਦੁੱਗਲ ਨੂੰ ਉਨਾ ਨੂੰਹ ਘੱਟ ਤੇ ਧੀ ਵੱਧ ਸਮਝਿਆ। ਹੁਣ ਵੀ ਭੂਆ ਸੁਰਿੰਦਰ ਉਨਾ ਦਾ ਭੋਰਾ ਵਿਸਾਹ ਨਹੀਂ ਸੀ ਖਾਂਦੇ ਤੇ ਪਲ ਪਲ ਉਨਾ ਦਾ ਧਿਆਨ ਰਖਦੇ। ਜਿੱਥੇ ਜਿੱਥੇ ਵਿਕਰਮ ਦੀ ਡਿਊਟੀ ਹੁੰਦੀ ਦਾਦੀ ਮਾਂ ਨੂੰ ਨਾਲ ਨਾਲ ਚੁੱਕੀ ਫਿਰਦੇ। ਦਾਦੀ ਦੀਆਂ ਅਸੀਸਾਂ ਅਨਮੋਲ ਹਨ। ਦਾਦੀ ਜੀ ਨੇ ਆਖਣਾ, "ਆਹ ਮੇਰੀ ਪੋਤ ਨੂੰਹ ਗੀਤ ਕਿੱਡੀ ਵੱਡੀ ਅਫਸਰ ਐ, ਕਮਿਸ਼ਨਰ ਲਗੀ ਹੋਈ ਐ ਪਰ ਇਹਦੇ 'ਚ ਆਕੜ ਫਾਕੜ ਭੋਰਾ ਨੀ, ਬੜੀ ਕਰਮਾਂ ਆਲੀ ਕੁੜੀ ਐ ਏਹੇ।" ਉਨਾ ਨੂੰ ਵਿਕਰਮਜੀਤ ਦੁੱਗਲ ਦੀਆਂ ਪ੍ਰਾਪਤੀਆਂ ਉਤੇ ਵੀ ਬੜਾ ਮਾਣ ਸੀ। ਬਸ ਇਕੋ ਝੋਰਾ ਸੀ ਆਪਣੇ ਪੁੱਤਰ ਕਸ਼ਮੀਰੀ ਲਾਲ ਦੇ ਵਿਛੋੜੇ ਦਾ।
ਵਾਹਵਾ ਸਾਲ ਹੋਏ (ਇਹ ਫੋਟੋ ਉਦੋਂ ਦੀ ਹੈ), ਮੈਂ ਅਬੋਹਰ ਘਰ ਗਿਆ, ਭੂਆ ਸੁਰਿੰਦਰ ਆਖਣ ਲੱਗੇ, "ਬੀਜੀ, ਪਛਾਣੋ ਏਸ ਮੁੰਡੇ ਨੂੰ?" ਤਾਂ ਝਟ ਦੇਣੇ ਬੋਲੇ, " ਦਰਸ਼ੀ ਦੇ ਸਾਲੇ ਦਾ ਮੁੰਡਾ ਐਘੁਗਿਆਣਿਓਂ। ਜਦੋਂ ਮੇਲਾ ਰਾਮ ਪੂਰਾ ਹੋਇਆ ਕੋਟ ਭਾਈ, ਏਹੇ ਭੱਜ ਭੱਜ ਕੰਮ ਕਰਦਾ ਫਿਰੇ,ਮੈਂ ਪੁੱਛਿਆ ਤਾਂ ਊਸ਼ਾ ਆਂਹਦੀ ਮੇਰਾ ਭਤੀਜਾ ਐ ਚਾਚੀ ਜੀ।"
ਮੈਂ ਉਨਾ ਦੀ ਯਾਦ ਸ਼ਕਤੀ ਉਤੇ ਹੈਰਾਨ ਰਹਿ ਗਿਆ।
ਪਿਛਲੇ ਦਿਨੀਂ ਜਦ ਮੈਂ ਪਿੰਡ ਜਾਣ ਲੱਗਿਆ ਤਾਂ ਆਖਿਆ, ਮਾਂ ਜੀ, ਮੈਂ ਪਿੰਡ ਜਾਨੈ। ਤੁਸੀਂ ਤਕੜੇ ਰਿਹੋ? ਪੁੱਛਣ ਲੱਗੇ, "ਫੇਰ ਕਿੱਦਣ ਆਏਂਗਾ ਹੁਣ ਤੂੰ?" ਦਾਦੀ ਮਾਂ ਤੋਂ ਹੁਣ ਮੈਂ ਪੁਛਦਾ ਹਾਂ, "ਤੁਸੀਂ ਕਦੋਂ ਆਓਗੇ ਦਾਦੀ ਮਾਂ, ਸਾਡੇ ਨਾਲੋਂ ਰੁੱਸ ਗਈ ਬੋਹੜ ਦੀ ਛਾਂ?"
ਰੱਬ ਸੁਰਗਾਂ ਵਿਚ ਵਾਸ ਕਰੇ!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
919417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.