ਬਾਗ਼ੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਕੁਲ ਹਿੰਦ ਕਾਂਗਰਸ ਕਮੇਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪੇ ਜਾਣ ਸਬੰਧੀ 10 ਜਨਪਥ ਤੋਂ ਰਸਮੀ ਐਲਾਨ ਹੋ ਚੁੱਕਿਆ ਹੈ। ਨਿਰਸੰਦੇਹ, ਇਹ ਸਿੱਧੂ ਲਈ ਵੱਡੀ ਸਿਆਸੀ ਤੇ ਨੈਤਿਕ ਜਿੱਤ ਹੈ ਕਿਓਂਕਿ ਆਪਣੇ ਰਾਜਸੀ ਵਿਰੋਧੀ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੀ ਰਾਜਸੀ ਪਕੜ ਢਿੱਲੀ ਕਰਨ ਲਈ ਓਸ ਨੇ ਜਬਰਦਸਤ ਰਣਨੀਤਕ ਫ਼ਤਹ ਹਾਸਲ ਕੀਤੀ ਹੈ।
ਹੁਣ, ਦਿਲਚਸਪ ਸਿਆਸੀ ਸੂਰਤੇਹਾਲ ਪਰਗਟ ਹੋਈ ਹੈ ਕਿਓਂਕਿ ਇਕ ਤਾਂ ਕਪਤਾਨ ਅਮਰਿੰਦਰ ਦਾ ਖ਼ਾਸਮ ਖ਼ਾਸ ਸੁਨੀਲ ਜਾਖੜ ਸੂਬਾ ਪ੍ਰਧਾਨਗੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ, ਦੂਜੀ ਗੱਲ ਇਹ ਕਿ ਪੰਜਾਬ ਵਿਚ ਸਿਆਸੀ ਪੱਖੋਂ ਤਾਕ਼ਤ ਦੇ 2 ਧੁਰੇ ਉੱਸਰ ਗਏ ਨੇ। ਮੁੱਖ ਮੰਤਰੀ ਵਾਲੀ ਤਾਕਤ ਕਪਤਾਨ ਕੋਲ ਰਹੇਗੀ ਪਰ ਜਿਹੜੇ ਸਿੱਧੂ ਦੇ ਟਵੀਟਾਂ ਨੂੰ ਕਪਤਾਨ ਹੁਰੀਂ ਨਾ-ਪਸੰਦ ਕਰਦੇ ਸਨ, ਓਸੇ ਸਿੱਧੂ ਨੂੰ ਸੂਬੇ ਦੇ ਪ੍ਰਧਾਨ ਦੇ ਤੌਰ ਉੱਤੇ ਵਿਚਰਦਿਆਂ ਦੇਖਣਾ ਉਨ੍ਹਾਂ ਦੀ ਮਜਬੂਰੀ ਹੋਵੇਗੀ।
ਕਲ੍ਹ ਦੀ ਗੱਲ ਹੈ ਕਿ ਪਾਠਕ ਮਿੱਤਰ ਨੇ ਇਹ ਰਾਏ ਮੰਗੀ ਜਾਂ ਸੁਆਲ ਕੀਤਾ ਕਿ ਸੋਨੀਆ ਗਾਂਧੀ ਦੇ ਘਰੋਂ ਨਵਜੋਤ ਸਿੱਧੂ ਨੂੰ ਮਿਲੇ ਮਾਣ ਤਾਣ ਨੂੰ ਮੈਂ ਕਿਹੜੀ ਤੱਕਣੀ ਨਾਲ ਵੇਖਦਾ ਹਾਂ! ... ਤਾਂ ਮੈਂ ਬਿਨਾਂ ਕਿਸੇ ਰਸਮ ਅਦਾਇਗੀ ਵਿਚ ਪਿਆ, ਇਹ ਆਖ ਦਿੱਤਾ ਕਿ ਇਹ ਨਿਰਾ ਪੁਰਾ ਸੋਨੀਆ ਗਾਂਧੀ ਦਾ ਨਿਰਣਾ ਨਹੀਂ ਹੈ ਬਲਕਿ ਪ੍ਰਿਅੰਕਾ ਵਾਡਰਾ ਤੇ ਰਾਹੁਲ ਗਾਂਧੀ ਦੀ ਰਜ਼ਾ ਵੀ ਏਸ ਫੈਸਲੇ ਵਿਚ ਰਲੀ ਹੋਈ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਆਓ, ਰਤਾ ਵਿਹਾਰੀ ਹੋ ਕੇ ਸੋਚਦੇ ਹਾਂ ਕਿ ਜਦੋਂ ਸਿੱਧੂ, ਭਾਰਤੀ ਜਨਤਾ ਪਾਰਟੀ ਵਿਚ ਸਨ, ਸਿਖਰਲੀ ਅਗਵਾਈ ਨੇ ਉਸ ਨੂੰ "ਸਿਤਾਰਾ ਹੈਸੀਅਤ ਪ੍ਰਚਾਰਕ" ਦਾ ਲਕਬ ਦਿੱਤਾ ਸੀ। ਉਦੋਂ, ਪ੍ਰਿਅੰਕਾ ਤੇ ਰਾਹੁਲ ਨੇ ਦਿਨੋਂ ਦਿਨ ਰਸਾਤਲ ਵੱਲ ਜਾ ਰਹੀ ਕਾਂਗਰਸ ਲਈ ਸਿੱਧੂ ਵਰਗੇ ਕਿਸੇ ਹਾਸਾ ਮਖੌਲ ਵਿਚ ਨਿਪੁੰਨ ਸਿਆਸੀ ਸਾਥੀ ਦੀ ਕਲਪਨਾ ਨਹੀਂ ਕੀਤੀ ਹੋਵੇਗੀ!!!
ਜੇ ਦਿੱਲੀ ਦਰਬਾਰ ਵਿਚ ਬੈਠੇ ਸੂਤਰਾਂ ਦੀਆਂ ਗੱਲਾਂ ਉੱਤੇ ਭਰੋਸਾ ਕਰੀਏ ਤਾਂ ਪ੍ਰਿਅੰਕਾ, ਸਿੱਧੂ ਨੂੰ ਕਾਂਗਰਸ ਵਿਚ ਲਿਆਉਣ ਲਈ ਮਾਤਾ ਸੋਨੀਆ ਤੇ ਵੀਰ ਰਾਹੁਲ ਨਾਲੋਂ ਵੱਧ ਤਾਂਘਵਾਨ ਸੀ। 60ਵਾਰੀ ਪ੍ਰਸ਼ਾਂਤ ਕਿਸ਼ੋਰ ਨੂੰ ਸਿੱਧੂ ਕੋਲ ਘੱਲਿਆ ਗਿਆ ਸੀ। ਇਸ ਤੋਂ ਵੀ ਪਹਿਲਾਂ, ਕੁਦਰਤਨ, ਇਹ ਹੋਇਆ ਕਿ ਭਾਜਪਾ ਨੇ ਸਿੱਧੂ ਨਾਲ ਅੰਦਰਖਾਤੇ ਕੀਤੇ ਵਾਅਦੇ ਮੁਜਬ ਉਸਨੂੰ ਲੰਘੀਆਂ ਵਿਧਾਨ ਸਭਾਈ ਚੋਣਾਂ ਤੋਂ ਕੁਝ ਅਰਸਾ ਪਹਿਲਾਂ ਪੰਜਾਬ ਦਾ "ਸੀ ਐੱਮ ਫੇਸ" ਬਣਾ ਕੇ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਤੇ ਸਿੱਧੂ ਨੇ ਅਚੇਤ ਮਨ ਵਿਚ ਮੌਲਦੀਆਂ ਖਾਹਿਸ਼ਾਂ ਦੀ ਸੇਧ ਵਿਚ ਪਾਰਟੀ ਆਗੂਆਂ ਵਿਰੁੱਧ ਸ਼ੇਅਰੋ ਸ਼ਾਇਰੀ ਸ਼ੁਰੂ ਕਰ ਕੇ, ਮੋਰਚਾ ਲਾ ਦਿੱਤਾ। ਅਕਾਲੀਆਂ ਦੇ ਦਰਜਨ ਧੜੇ ਹਨ ਤੇ ਬਾਦਲ ਧੜਾ ਇਨ੍ਹਾਂ ਵਿਚੋਂ ਤਾਕ਼ਤਵਰ ਹੈ, ਬਾਦਲਾਂ ਵਿਰੁੱਧ ਜਦੋਂ ਸਿੱਧੂ ਗੱਜਦਾ ਹੋਇਆ ਨਜ਼ਰੀਂ ਪੈਂਦਾ ਹੈ ਤਾਂ ਬਹੁਤ ਸਾਰੇ ਰਾਜਸੀ ਮਾਹਰ ਏਸ ਵਰਤਾਰੇ ਨੂੰ ਸਿੱਧੂ ਦੀ ਬਰੀਕ ਸਿਆਸੀ ਰਣਨੀਤੀ ਨਾਲ ਜੋੜ ਕੇ ਵੇਖਦੇ ਹਨ। ਵਜ੍ਹਾ ਇਹ ਹੈ ਕਿ ਬਹੁਤ ਸਾਰੇ ਵੋਟਰ, ਵੋਟਾਂ ਦੇ ਦੰਗਲ ਵਿਚ ਮਨ ਪਰਚਾਵਾ ਕਰਨਾ ਚਾਹੁੰਦੇ ਹਨ, ਸ਼ਬਦ ਦੇ ਮੁਕੰਮਲ ਅਰਥਾਂ ਵਿਚ ਗੱਲ ਕਰੀਏ ਤਾਂ ਇਹੋ ਜਿਹੇ ਵੋਟਰ, ਕੀਮਤ ਵਸੂਲ ਕਰਨੀ ਚਾਹੁੰਦੇ ਹੁੰਦੇ ਹਨ, ਏਸੇ ਲਈ ਅਸੀਂ ਦੇਖ ਸਕਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕਪਤਾਨ ਅਮਰਿੰਦਰ ਸਿੰਘ ਵਰਗੇ ਘਾਗ ਸਿਆਸੀ ਬੰਦੇ ਵੀ ਰੈਲੀਆਂ ਤੇ ਜਲਸਿਆਂ ਵਿਚ ਭਾਸ਼ਣ ਝਾੜਨ ਵੇਲੇ ਭੀੜ ਵਿਚ ਮੌਜੂਦ ਸਧਾਰਨ ਤੋਂ ਸਧਾਰਨ ਬੰਦੇ ਨੂੰ ਖੁਸ਼ ਕਰਨ ਲਈ ਉੱਚੀ ਆਵਾਜ਼ ਕਰ ਕੇ, ਵਿਰੋਧੀ ਨੂੰ ਲਲਕਾਰੇ ਮਾਰਦੇ ਕੰਨੀਂ ਪੈਂਦੇ ਹਨ।
ਵਜ੍ਹਾ ਸਾਫ ਹੈ ਕਿ ਆਮ ਬੰਦਾ ਰੈਲੀਆਂ ਤੇ ਵੋਟ ਅਧਾਰਤ ਚੋਣਾਂ ਨੂੰ ਮੇਲੇ ਗੇਲੇ ਵਾਂਗ ਮਾਨਣਾ ਲੋਚਦਾ ਹੈ, ਸਿੱਧੂ ਜੇ ਬਾਦਲਾਂ ਨੂੰ ਲਲਕਾਰੇ ਮਾਰੇਗਾ, ਤੱਦੇ ਹੀ ਵੋਟਰ ਉਸਨੂੰ ਭਵਿੱਖ ਦੇ ਮੁੱਖ ਮੰਤਰੀ ਦੇ ਬਤੌਰ ਸੋਚ ਸਕਦਾ ਹੈ। ਰਾਜਨੀਤੀ ਵਿਚ ਜਿਹੜੀ ਰਣਨੀਤੀ-ਰਣਨੀਤੀ ਦੀ ਚਰਚਾ ਚੱਲੀ ਰਹਿੰਦੀ ਹੈ, ਉਹ ਕੋਈ ਅਸਮਾਨੋਂ ਉੱਤਰਨ ਵਾਲੀ ਸ਼ੈ ਨ੍ਹੀ ਹੁੰਦੀ ਬਲਕਿ ਇਹੀ ਮਨੋ ਵਿਗਿਆਨਕ ਗੱਲਾਂ ਹੁੰਦੀਆਂ ਨੇ।
***
ਸਿੱਧੂ ਨੂੰ ਪੰਜਾਬ ਕਾਂਗਰਸ ਦਾ ਸਰਦਾਰ ਥਾਪ ਕੇ ਰਾਹੁਲ ਤੇ ਪ੍ਰਿਅੰਕਾ ਉਨ੍ਹਾਂ ਸੂਬਿਆਂ ਵਿਚ ਸਿਆਸੀ ਕਮਾਈ ਖੱਟ ਸਕਦੇ ਹਨ, ਜਿਥੇ ਜਿਥੇ ਵੋਟਾਂ ਵੇਲੇ ਕਾਂਗਰਸ ਦੀ ਗੈਰ ਹਾਜ਼ਰੀ ਲੱਗ ਰਹੀ ਹੈ। ਸਿੱਧੂ ਨੂੰ ਬੋਲਣ ਦਾ ਸ਼ੌਕ ਹੈ ਤੇ ਰੈਲੀਆਂ ਦੇ ਸ਼ੁਕੀਨਾਂ ਨੂੰ ਸੁਣਨ ਦਾ ਸ਼ੌਕ ਹੁੰਦਾ ਹੈ। ਏਸ ਲਈ ਕਾਂਗਰਸ ਦਾ ਇਹ ਖੱਪਾ ਪੂਰਿਆ ਜਾ ਸਕਦਾ ਹੈ।
****
ਜੇ ਕਿਸੇ ਨੂੰ ਨਾ ਚੇਤੇ ਹੋਵੇ ਕਿ ਸਿੱਧੂ ਤੇ ਪੰਜਾਬ ਵਜ਼ਾਰਤ ਵਿਚ ਤਕਰਾਰ ਕਿਥੋਂ ਤੇ ਕਦੋਂ ਸ਼ੁਰੂ ਹੋਈ ਸੀ ਤਾਂ ਅਸੀਂ ਉਨ੍ਹਾਂ ਦਾ ਚੇਤਾ ਸੱਜਰਾ ਕਰਾ ਸਕਦੇ ਹਾਂ। ਭਾਵੇਂ ਯੂ ਟਿਊਬ ਉੱਤੇ ਦੇਖ ਲਿਓ ਜਾਂ ਚੇਤੇ ਉੱਤੇ ਜ਼ੋਰ ਪਾਇਓ ਕਿ ਸਿੱਧੂ ਨੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਉੱਤੇ ਦੋਸ਼ ਲਾਏ ਸਨ ਕਿ ਬਰਗਾੜੀ ਕਾਂਡ, ਬਹਿਬਲ ਕਲਾਂ ਕਾਂਡ ਤੇ ਬੇਅਦਬੀ ਮਾਮਲਿਆਂ ਵਿਚ ਅਮਰਿੰਦਰ ਪਿਛਲੇ ਹਾਕਮਾਂ (ਬਾਦਲਾਂ) ਦੀ ਮਦਦ ਕਰ ਰਹੇ ਹਨ। ਬਿਕਰਮ ਮਜੀਠੀਆ ਉੱਤੇ ਭਲਵਾਨ ਭੋਲੇ ਨੇ ਜਿਹੜੇ ਬਿਆਨ ਦਿੱਤੇ ਸਨ, ਉਨ੍ਹਾਂ ਬਿਆਨਾਂ ਦੀ ਬੁਨਿਆਦ ਉੱਤੇ ਮਜੀਠੀਏ ਉੱਤੇ ਬਣਦੀ ਕਾਰਵਾਈ ਕਰਨ ਲਈ ਪੁਲਸ ਨੂੰ ਹੁਕਮ ਨਹੀਂ ਕੀਤੇ ਜਾ ਰਹੇ। ਸਿੱਧੂ ਨੇ ਇਹ ਵੀ ਇਲਜ਼ਾਮਤਰਸ਼ੀ ਕੀਤੀ ਸੀ ਕਿ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਜਿਹੜੀਆਂ ਬੱਸਾਂ ਪੰਜਾਬ ਵਿਚ ਬਿਨਾਂ ਪਰਮਿਟ ਮਨਜ਼ੂਰੀ ਤੋਂ ਸਵਾਰੀਆਂ ਢੋਅ ਕੇ ਕਰੋੜਾਂ ਦਾ ਵਪਾਰ ਕਰ ਰਹੀਆਂ ਹਨ, ਦਾ ਪਹੀਆ ਰੋਕਿਆ ਨਹੀਂ ਜਾ ਰਿਹਾ ਤੇ ਚੁੱਪ ਸਹਿਮਤੀ ਨਾਲ ਬਾਦਲਾਂ ਨੂੰ ਬੱਸਾਂ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ। ਏਸ ਤੋਂ ਇਲਾਵਾ ਉਸ ਨੇ ਕੇਬਲ ਟੀ ਵੀ ਉੱਤੇ ਅਜਾਰੇਦਾਰੀ ਤੋੜਨ ਲਈ ਨਵੀਂ ਨੀਤੀ ਘੜ੍ਹਨ ਦਾ ਮੁੱਦਾ ਚੁੱਕਿਆ ਸੀ। ਮੰਤਰੀਆਂ ਦਾ ਦਖ਼ਲ ਘਟਾਉਣ ਲਈ ਈ-ਗਵਰਨੈਂਸ ਲਿਆਉਣ ਤੇ ਦਫ਼ਤਰੀ ਬਾਊਆਂ ਦੇ ਕਾਗਜ਼ੀ ਕੰਮ ਤੇ ਪਰੇਸ਼ਾਨ ਕਰਨ ਵਾਲੀਆਂ ਸਥਿਤੀਆਂ ਘਟਾਉਣ ਲਈ ਰੌਲਾ ਪਾਇਆ ਸੀ। ਜੰਮਣ ਮਰਨ ਦੇ ਸਰਟੀਫਿਕੇਟ ਲੈਣ ਲਈ ਖੂਹ ਦੇ ਡੱਡੂ ਬਣੇ ਦਫ਼ਤਰੀ ਕਲਰਕਾਂ ਦੀ ਥਾਂ ਈ-ਪ੍ਰਸ਼ਾਸ਼ਨ ਨੂੰ ਹੋਰ ਵਧਾਉਣ ਲਈ ਜ਼ੋਰ ਪਾਇਆ ਸੀ।
ਸਿੱਧੂ ਦੇ ਦਾਅਵੇ ਉੱਤੇ ਯਕੀਨ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਵਜ਼ਾਰਤ ਦੀ ਪਹਿਲੀ ਕੈਬਿਨੇਟ ਮੀਟਿੰਗ ਵਿਚ ਮੰਗ ਰੱਖ ਦਿੱਤੀ ਸੀ ਕਿ ਆਬਕਾਰੀ, ਪੁਟਾਈ (ਮਾਈਨਿੰਗ) ਤੇ ਕੇਬਲ ਬਾਰੇ ਨਵੇਂ ਦੌਰ ਦੇ ਹਾਣ ਦੀਆਂ ਨੀਤੀਆਂ ਬਣਾ ਕੇ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਬੇ-ਲਗਾਮ ਅਫਸਰਸ਼ਾਹੀ ਤੇ ਆਪ ਹੁਦਰੇ ਦਫ਼ਤਰੀ ਬਾਊਆਂ ਦੇ ਭ੍ਰਿਸ਼ਟਾਚਾਰ ਨੂੰ ਬਹੁਤੀ ਹੱਦ ਤਕ ਮੁਕਾਇਆ ਜਾ ਸਕੇ।
ਆਖ਼ਰੀ ਤੇ ਨੁਕਤੇ ਵਾਲੀ ਗੱਲ
ਓਹ ਗੱਲ ਇਹ ਹੈ ਕਿ ਸਿੱਧੂ ਨੂੰ 10 ਜਨਪਥ ਨੇ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਲਾਇਆ ਪਰ ਮੁੱਖ ਮੰਤਰੀ ਤਕ ਜਾ ਸਕਦੀ ਪੌੜੀ ਉੱਤੇ ਪੈਰ-ਧਰਾਵਾ ਕਰਾ ਦਿੱਤਾ ਹੈ। ਜਿੰਨਾ ਫ਼ਿਕਰ, ਸਿੱਧੂ ਨੂੰ ਆਪਣੇ ਰਾਜਸੀ ਕਰੀਅਰ ਦਾ ਹੋਵੇਗਾ, ਓਹਦੇ ਤੋਂ ਕਿਤੇ ਵੱਧ ਫ਼ਿਕਰ ਕਾਂਗਰਸ ਦੇ ਧੁਰੰਧਰਾਂ ਨੂੰ ਕਾਂਗਰਸ ਦੇ ਭਵਿੱਖ ਦਾ ਹੈ। ਇਹ ਸਾਰੇ ਸਿਆਸੀ ਰਿਸ਼ਤੇ ਨਾਤੇ ਪਰ-ਨਿਰਭਰਤਾ ਦੇ ਹਨ। ਏਸ ਕਿਸਮ ਦੀ ਪਰ-ਨਿਰਭਰਤਾ ਵਿੱਚੋਂ ਹੀ ਆਤਮ-ਨਿਰਭਰ ਹੋਣ ਦੇ ਖ਼ਾਬ ਦੇਖੇ ਜਾਂਦੇ ਹਨ।
ਬਿਨਾਂ ਸ਼ੱਕ, ਸਿੱਧੂ ਨੇ ਹੁਣ ਤਕ ਦੇ ਰਾਜਸੀ ਕਰੀਅਰ ਵਿਚ ਕੋਈ ਵਿੱਤੀ ਘਾਲਾਮਾਲਾ ਨਹੀਂ ਕੀਤਾ ਤੇ ਝੋਲੀ ਸਾਫ਼ ਸੁਥਰੀ ਰੱਖੀ ਹੈ ਪਰ ਇਹ ਚਲੰਤ ਦੌਰ ਓਹਦੇ ਲਈ ਮਾਰਕੇਬਾਜ਼ੀ ਵਿਚ ਪੈਣ ਦਾ ਨਹੀਂ ਜਾਪਦਾ ਸਗੋਂ ਸਮਾਜਕ ਸਰੋਕਾਰਾਂ ਵਾਲੀ ਸਿਆਸਤ ਦੇ ਮੱਦਾਹ ਹੋਣ ਦਾ ਜਿਹੜਾ ਦਾਅਵਾ ਹੁਣ ਤਾਈਂ ਕੀਤਾ ਹੈ, ਓਸ ਮੁਤਾਬਕ, ਕੰਮ ਕਰ ਕੇ ਵਿਖਾਉਣ ਦਾ ਹੈ।
ਲੋਕਾਂ ਦਾ ਕੀ ਹੈ? ਉਹਨਾਂ ਨੇ ਕਿਸੇ ਨੂੰ ਲਿਖ ਕੇ ਤਾਂ ਕੁਝ ਨਹੀਂ ਦਿੱਤਾ ਹੋਇਆ। 2022 ਵਿਚ ਚੋਣ ਦੰਗਲ ਮਘਣਾ ਹੈ, ਲੋਕਾਂ ਦਾ ਟੁਟਵਾਂ ਫ਼ੈਸਲਾ ਆ ਗਿਆ ਤਾਂ ਲੰਘੜੀ ਵਿਧਾਨ ਸਭਾ ਬਣੇਗੀ। ਬਿਨਾਂ ਸ਼ੱਕ ਅਸੀਂ ਆਮ ਲੋਕ ਤਾਂ ਗੱਠਜੋੜ ਸਰਕਾਰਾਂ ਉਸਾਰ ਕੇ ਫੈਦੇ ਵਿਚ ਰਹਿੰਦੇ ਹਾਂ ਪਰ ਖੁੱਲ੍ਹ ਡੁੱਲ੍ਹ ਵਾਲੀ (ਨਿਰ ਅੰਕੁਸ਼) ਸਰਕਾਰ ਦੇ ਸੁਪਨੇ ਲੈਣ ਵਾਲਿਆਂ ਨੂੰ ਹਰ ਕਦਮ ਸੋਚ ਸੋਚ ਕੇ ਚੁੱਕਣ ਦੀ ਜ਼ਰੂਰਤ ਹੈ ਕਿਓਂਕਿ ਸਾਰੇ ਈ ਸਿਆਣੇ ਨੇ ਤੇ ਸਿਆਸਤ ਹੁਣ ਨਵੇਂ ਢੰਗ ਦੀ ਹੁੰਦੀ ਜਾਂਦੀ ਹੈ। ਮੀਡੀਆ, ਖ਼ਾਸਕਰ ਸੋਸ਼ਲ ਮੀਡੀਆ ਨੇ ਵੱਡਾ ਫ਼ਰਕ ਪਾਉਣਾ ਹੈ।
-
ਯਾਦਵਿੰਦਰ, ਲੇਖਕ
yadwahad@gmail. com
+91 9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.