ਨੈੱਟਵਰਕਿੰਗ ਸਾਈਟਾਂ ਤੇ ਨਕਦ-ਰਹਿਤ ਖ਼ਰੀਦਦਾਰੀ ਦੇ ਵੱਧਦੇ ਰੁਝਾਨ ਦੇ ਚੱਲਦਿਆਂ ਇਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸ਼ੰਕੇ ਹਨ। ਇਹ ਤਾਂ ਆਪਾਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਕਿਸੇ ਵੀ ਨੈੱਟਵਰਕਿੰਗ ਸਾਈਟ ਦੀ ਆਈ.ਡੀ. ਦਾ ਪਾਸਵਰਡ ਨਾਂ, ਗੋਤ, ਜਨਮ ਮਿਤੀ, ਮੋਬਾਈਲ ਨੰਬਰ, ਰੋਲ ਨੰਬਰ, ਬੈਂਕ ਖਾਤਾ ਨੰਬਰ, ਪਾਸਪੋਰਟ ਨੰਬਰ ਜਾਂ ਪੈਨ ਕਾਰਡ ਨੰਬਰ ਆਦਿ ਨਾਲ਼ ਮਿਲਦਾ-ਜੁਲਦਾ ਨਹੀਂ ਹੋਣਾ ਚਾਹੀਦਾ। ਆਪਣੇ ਮੋਬਾਈਲ ਦੇ ਇਨ-ਬਾਕਸ ਵਿੱਚ ਆਏ ਇੱਕ ਵਾਰੀ ਵਾਲ਼ੇ ਪਿਨਕੋਡ (ਓ.ਟੀ.ਪੀ.) ਕਿਸੇ ਵੀ ਹਾਲਤ ਕਿਸੇ ਨੂੰ ਵੀ ਨਹੀਂ ਦੱਸਣਾ, ਕਿਉਂਕਿ ਬੈਂਕ ਵੱਲੋਂ ਕਦੇ ਵੀ ਕਿਸੇ ਗਾਹਕ ਦੇ ਏ.ਟੀ.ਐਮ. ਕਾਰਡ ਦਾ ਨੰਬਰ ਜਾਂ ਪਿਨ-ਕੋਡ ਨਹੀਂ ਮੰਗਿਆ ਜਾਂਦਾ। ਪਰ ਫਿਰ ਵੀ ਭੋਲੇ-ਭਾਲੇ ਲੋਕ ਇਹਨਾਂ ਠੱਗਾਂ ਵਲੋਂ ਝੂਠੇ ਸਬਜ਼ਬਾਗ ਦਿਖਾਏ ਜਾਣ 'ਤੇ ਆਪਣਾ ਆਰਥਿਕ ਨੁਕਸਾਨ ਕਰਵਾ ਬੈਠਦੇ ਹਨ।
ਇਸ ਤਰਾਂ ਦੇ ਠੱਗ ਲੋਕਾਂ ਨੂੰ ਕੋਈ ਵੱਡੀ ਲਾਟਰੀ ਨਿਕਲਣ ਬਾਰੇ ਈ-ਮੇਲਜ਼ ਵੀ ਭੇਜਦੇ ਹਨ। ਉਸ ਵੱਡੀ ਰਕਮ ਨੂੰ ਲੈਣ ਲਈ ਪਹਿਲਾਂ ਗਾਹਕ ਨੂੰ ਇਕ ਨਿਰਧਾਰਿਤ ਰਕਮ ਠੱਗਾਂ ਦੇ ਖਾਤੇ ਵਿਚ ਜਮਾਂ ਕਰਵਾਉਣੀ ਹੁੰਦੀ ਹੈ। ਗਾਹਕ ਵਲੋਂ ਲਾਲਚ ਹਿੱਤ ਪੈਸੇ ਠੱਗਾਂ ਦੇ ਖਾਤੇ 'ਚ ਜਮਾਂ ਕਰਵਾਉਣ ਤੋਂ ਤੁਰੰਤ ਬਾਅਦ ਉਹ ਠੱਗ ਆਪਣੇ ਮੋਬਾਈਲ ਫ਼ੋਨ ਬੰਦ ਕਰ ਦਿੰਦੇ ਹਨ। ਕਈ ਚਿੱਟ-ਫੰਡ ਕੰਪਨੀਆਂ ਵੀ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਬਹੁਤ ਹੀ ਘੱਟ ਸਮੇਂ ਵਿਚ ਦੁੱਗਣੇ ਜਾਂ ਤਿਗਣੇ ਕਰਨ ਦਾ ਲਾਲਚ ਦੇ ਰਹੀਆਂ ਹਨ। ਕਈ ਚਲਾਕ ਲੋਕ ਏ.ਟੀ.ਐਮ. 'ਚੋਂ ਪੈਸੇ ਕਢਾਉਣ ਆਏ ਕਿਸੇ ਵਿਅਕਤੀ ਨੂੰ ਗੱਲਾਂ 'ਚ ਲਾ ਕੇ ਉਸ ਦਾ ਏ.ਟੀ.ਐਮ. ਕਾਰਡ ਬਦਲ ਲੈਂਦੇ ਹਨ ਤੇ ਕੁਝ ਦੇਰ ਬਾਅਦ ਉਕਤ ਵਿਅਕਤੀ ਨੂੰ ਬੈਂਕ ਵੇਲੋਂ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਢੰਗ ਤਰੀਕਿਆਂ ਬਾਬਤ ਜ਼ਿਆਦਾਤਰ ਲੋਕ ਜਾਗਰੂਕ ਹੋ ਗਏ ਹਨ, ਜਿਸ ਦੇ ਚੱਲਦਿਆਂ ਡਿਜੀਟਲ ਠੱਗੀਆਂ ਮਾਰਨ ਵਾਲੇ ਠੱਗ ਹੋਰ ਵਧੇਰੇ ਚੌਕਸ ਹੋ ਗਏ ਹਨ ਤੇ ਠੱਗੀਆਂ ਦੇ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ।
ਅੱਜਕੱਲ੍ਹ ਠੱਗਾਂ ਵਲੋਂ 'ਸਿੰਮ ਕਲੋਨਿੰਗ' ਦਾ ਢੰਗ ਅਪਣਾਇਆ ਜਾ ਰਿਹਾ ਹੈ। ਬੇਸ਼ੱਕ ਇਸ ਦੇ ਮੌਕੇ ਘੱਟ ਹਨ ਤੇ ਇਹ ਢੰਗ ਔਖਾ ਵੀ ਹੈ ਪਰ ਪੇਸ਼ਾਵਰ ਠੱਗ ਇਸ ਦੀ ਵਰਤੋ ਕਰ ਕੇ ਲੋਕਾਂ ਦੇ ਬੈਂਕ ਖਾਤੇ ਖ਼ਾਲੀ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਪਹਿਲਾਂ ਠੱਗ ਬੈਂਕ ਦੇ ਕਿਸੇ ਖਾਤਾ ਧਾਰਕ ਨੂੰ ਫ਼ੋਨ ਕਰਦਾ ਹੈ। ਇੱਥੇ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਉਸੇ ਕੰਪਨੀ ਦਾ ਐਗਜ਼ੀਕਿਊਟਿਵ ਦੱਸਦਾ ਹੈ, ਜਿਹੜਾ ਸਿੰਮ ਕਾਰਡ ਤੁਸੀਂ ਚਲਾ ਰਹੇ ਹੋ। ਗੱਲਾਂ-ਗੱਲਾਂ 'ਚ ਉਹ ਗਾਹਕ ਤੋਂ ਸਾਰੀ ਜਾਣਕਾਰੀ ਲੈ ਲੈਂਦਾ ਹੈ। ਉਹ ਗਾਹਕ ਨੂੰ ਉਲਝਾਉਣ ਲਈ ਕਹਿੰਦਾ ਹੈ ਕਿ ਤੁਹਾਡੇ ਨੰਬਰ ਨੂੰ ਬੰਦ ਕਰਨ ਦੀ ਬੇਨਤੀ ਆਈ ਹੈ, ਕਿਉਂਕਿ ਤੁਹਾਡਾ ਸਿੰਮ ਗੁਆਚ ਗਿਆ ਹੈ।
ਤੁਸੀਂ ਉਸ ਨੂੰ ਕਹੋਗੇ ਕਿ ਸਿੰਮ ਤਾਂ ਮੇਰੇ ਕੋਲ ਹੀ ਹੈ ਪਰ ਉਹ ਤੁਹਾਨੂੰ ਗੱਲਾਂ-ਬਾਤਾਂ 'ਚ ਯਕੀਨ ਦਿਵਾ ਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦੱਸ ਕੇ ਤੁਹਾਡੇ ਕੋਲੋਂ ਡਿਟੇਲਜ਼ ਲੈ ਲਵੇਗਾ। ਇਸ ਤਰਾਂ ਕੁਝ ਦੇਰ ਬਾਅਦ ਤੁਹਾਡਾ ਸਿੰਮ ਬੰਦ ਹੋ ਜਾਵੇਗਾ ਅਤੇ ਉਹ ਸ਼ਾਤਰ ਦਿਮਾਗ਼ ਬਿਨਾ ਸਮਾਂ ਗਵਾਏ ਕੰਪਨੀ ਤੋਂ ਤੁਹਾਡੇ ਉਹੀ ਨੰਬਰ ਦਾ ਡੁਪਲੀਕੇਟ ਸਿੰਮ ਜਾਰੀ ਕਰਵਾ ਲਵੇਗਾ। ਹੁਣ ਜਦਕਿ ਬਾਕੀ ਡਿਟੇਲ ਉਹ ਤੁਹਾਡੇ ਕੋਲੋਂ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਹੈ, ਬੈਂਕ ਟਰਾਂਸਜੈਕਸ਼ਨ ਕਰਨ ਲਈ ਅਖੀਰਲਾ ਸੁਰੱਖਿਆ ਚੈੱਕ ਯਾਨੀ ਕਿ ਓ.ਟੀ.ਪੀ. ਵੀ ਸਿੱਧਾ ਉਸੇ ਨਵੇਂ ਡੁਪਲੀਕੇਟ ਸਿੰਮ 'ਚ ਜਾਵੇਗਾ। ਜਦੋਂ ਤੱਕ ਤੁਸੀਂ ਕੰਪਨੀ ਦੇ ਕਸਟਮਰ ਕੇਅਰ 'ਤੇ ਕਾਲ ਕਰ ਕੇ ਜਾਂ ਕੰਪਨੀ ਦੇ ਦਫ਼ਤਰ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਓਗੋ, ਉਦੋਂ ਤੱਕ ਉਹ ਠੱਗ ਓ.ਟੀ.ਪੀ. ਦੀ ਮਦਦ ਨਾਲ ਤੁਹਾਡੇ ਖਾਤੇ ਨੂੰ ਸਾਫ਼ ਕਰ ਚੁੱਕਿਆ ਹੋਵੇਗਾ। ਇੱਥੇ ਦੱਸਣਯੋਗ ਹੈ ਕਿ ਭਾਵੇਂ ਮੋਬਾਈਲ ਸਿੰਮ ਚਲਾਉਣ ਵਾਲੀਆਂ ਕੰਪਨੀਆਂ ਆਪਣੇ ਗਾਹਕਾਂ ਦੀ ਸੁਰੱਖਿਆ ਪ੍ਰਤੀ ਬਹੁਤ ਇਹਤਿਆਤ ਵਰਤਦੀਆਂ ਹਨ ਪਰ ਠੱਗੀ ਦੇ ਇਸ ਢੰਗ 'ਚ ਤੁਹਾਡੇ ਸਿੰਮ ਕਾਰਡ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਮਿਲੀਭੁਗਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਸਾਈਬਰ ਠੱਗਾਂ ਵਲੋਂ ਅੱਜਕੱਲ੍ਹ ਇਕ ਨਵੇਂ ਤੇ ਲੁਭਾਉਣੇ ਢੰਗ ਦੀ ਵਰਤੋ ਕੀਤੀ ਜਾ ਰਹੀ ਹੈ। ਇਸ ਦਾ ਬੈਂਤ ਖਾਤੇ, ਏ.ਟੀ.ਐਮ., ਸਿੰਮ ਆਦਿ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਅਚਾਨਕ ਫੇਸਬੁੱਕ 'ਤੇ ਤੁਹਾਨੂੰ ਕਿਸੇ ਬਹੁਤ ਹੀ ਸੋਹਣੀ ਦਿੱਖ ਵਾਲੀ ਅਤਿ ਮਾਡਰਨ ਲੜਕੀ ਦੇ ਪ੍ਰੋਫਾਈਲ ਤੋਂ ਫਰੈਂਡ ਰਿਕੁਐਸਟ ਆਉਂਦੀ ਹੈ। ਤੁਹਾਡੇ ਵਲੋਂ ਬੇਨਤੀ ਮਨਜ਼ੂਰ ਕਰਨ ਉਪਰੰਤ ਚੈਟ ਸ਼ੁਰੂ ਹੋ ਜਾਂਦੀ ਹੈ। 2-4 ਦਿਨਾਂ 'ਚ ਮੋਬਾਈਲ ਨੰਬਰ ਐਕਸਚੇਂਜ ਹੋ ਜਾਂਦੇ ਹਨ। ਫਿਰ ਵਟਸਐਪ ਜਾਂ ਫੇਸਬੁੱਕ ਮੈਸੰਜਰ 'ਤੇ ਕਾਲਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਜ਼ਿਆਦਾਤਰ ਵਿਦੇਸ਼ੀ ਨਾਂ ਜਿਵੇਂ ਕਿ ਐਂਜਲ, ਬਰਾਊਨ ਐਂਡਰਸਨ, ਸੋਫੀਆ ਨਾਂ ਦੇ ਪ੍ਰੋਫਾਈਲ ਵਾਲੀਆਂ ਲੜਕੀਆਂ ਇਸ ਦੌਰਾਨ ਵਟਸਐਪ ਜਾਂ ਫੇਸਬੁੱਕ 'ਤੇ ਆਪਣੀਆਂ ਜਾਂ ਫ਼ਰਜ਼ੀ ਉਤੇਜਿਤ ਤੇ ਭੜਕਾਊ ਫ਼ੋਟੋਆਂ ਅੱਪਲੋਡ ਕਰਦੀਆਂ ਰਹਿੰਦੀਆਂ ਹਨ।
ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਰਈਸ ਦਰਸਾਉਂਦੀਆਂ ਹਨ। ਹੌਲੀ-ਹੌਲੀ ਦੋਸਤੀ ਤੇ ਫਿਰ ਪਿਆਰ ਦਾ ਇਜ਼ਹਾਰ ਕਰਦੀਆਂ ਹਨ। ਪੂਰੇ ਵਿਸ਼ਵਾਸ 'ਚ ਲੈਣ ਉਪਰੰਤ ਉਹ ਤੁਹਾਨੂੰ ਕਿਸੇ ਵੱਡੇ ਗਿਫ਼ਟ ਦੇਣ ਦੇ ਇਵਜ਼ ਵੱਜੋਂ ਤੁਹਾਡਾ ਐਡਰੈੱਸ ਮੰਗਦੀਆਂ ਹਨ, ਤਾਂ ਕਿ ਉਹ ਗਿਫ਼ਟ (ਜਿਸ ਦੀ ਕੀਮਤ ਉਹ ਕਈ-ਕਈ ਲੱਖ ਦੱਸਦੀਆਂ ਹਨ) ਕੋਰੀਅਰ ਕੀਤਾ ਜਾ ਸਕੇ। ਤੁਸੀਂ ਖ਼ੁਸ਼ੀ ਤੇ ਲਾਲਚ ਦੇ ਮਾਰੇ ਸਾਰਾ ਕੁਝ ਦੱਸਦੇ ਜਾਂਦੇ ਹੋ। ਇਸ ਦੌਰਾਨ ਉਨ੍ਹਾਂ ਵਲੋਂ ਕਾਲ ਆਉਂਦੀ ਹੈ ਕਿ ਉਨ੍ਹਾਂ ਦਾ ਬੈਂਕ ਖਾਤਾ ਟੈਕਸ ਜਾਂ ਕਿਸੇ ਹੋਰ ਕਾਰਨਾਂ ਕਰ ਕੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਇਸ ਲਈ ਉਹ ਤੁਹਾਡੇ ਕੋਲੋਂ ਉਧਾਰ ਪੈਸੇ ਦੀ ਮੰਗ ਕਰਦੀਆਂ ਹਨ ਅਤੇ ਆਪਣੇ ਪਿਆਰ ਦਾ ਵਾਸਤਾ ਪਾ ਕੇ ਵਿਸ਼ਵਾਸ ਦਿਵਾਉਂਦੀਆਂ ਹਨ ਕਿ ਖਾਤਾ ਚੱਲਦੇ ਹੀ ਸਾਰੇ ਪੈਸੇ ਵਾਪਸ ਭੇਜ ਦੇਣਗੀਆਂ। ਇਸ ਤਰਾਂ ਤੁਸੀਂ ਪਿਆਰ-ਪਿਆਰ 'ਚ ਲੁੱਟ ਦਾ ਸ਼ਿਕਾਰ ਹੋ ਜਾਂਦੇ ਹੋ ਤੇ ਤੁਹਾਨੂੰ ਇਸ ਦਾ ਕਈ ਦਿਨਾਂ ਤੱਕ ਪਤਾ ਵੀ ਨਹੀਂ ਲੱਗਦਾ।
ਇਸ ਤੋਂ ਇਲਾਵਾ ਇਸੇ ਢੰਗ ਰਾਹੀ ਕਈ ਲੜਕੀਆਂ ਗਿਫ਼ਟ ਭੇਜਣ ਬਦਲੇ ਕੋਰੀਅਰ ਜਾਂ ਰਜਿਸਟ੍ਰੇਸ਼ਨ ਆਦਿ ਦੇ ਖ਼ਰਚੇ ਲਈ 40-50 ਹਜ਼ਾਰ ਦਾ ਟਾਂਕਾ ਲਾ ਜਾਂਦੀਆਂ ਹਨ ਤੇ ਤੁਸੀਂ ਕਈ-ਕਈ ਹਫ਼ਤਿਆਂ ਤੱਕ ਉਸ ਵਲੋਂ ਭੇਜੇ ਗਿਫ਼ਟ ਨੂੰ ਉਡੀਕਦੇ ਰਹਿੰਦੇ ਹੋ। ਉਸ ਤੋਂ ਬਾਅਦ ਉਹ ਮੋਮੋ ਠੱਗਣੀਆਂ ਤੁਹਾਨੂੰ ਬਲਾਕ ਕਰ ਕੇ ਨਵੇਂ ਸ਼ਿਕਾਰ ਦੀ ਭਾਲ ਸ਼ੁਰੂ ਕਰ ਦਿੰਦੀਆਂ ਹਨ। ਸੋ ਦਿਲ ਦੇ ਨਾਲ-ਨਾਲ ਦਿਮਾਗ ਤੋਂ ਕੰਮ ਲੈਣਾ ਕਦੇ ਨਾ ਭੁੱਲੋ। ਤੁਹਾਡੇ ਭੋਰਾ ਜਿਹਾ ਵੀ ਅਵੇਸਲਾ ਹੁੰਦੇ ਹੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ-ਬੈਠੇ ਠੱਗ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ, ਸੋ ਹਮੇਸ਼ਾ ਸਤਰਕ ਰਹਿਣ ਦੀ ਲੋੜ ਹੈ।
-
ਅਮਰਬੀਰ ਸਿੰਘ ਚੀਮਾ, ਲੇਖਕ
amarbircheema@gmail.com
9888940211
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.