ਸਾਹਿਤ ਦੇ ਖੇਤਰ ਵਿੱਚ ਆਪਣਾ ਅੱਡਰਾ ਅਧਿਆਤਮਕ ਪਹੁੰਚ ਦਾ ਮੁਕਾਮ ਬਣਾਉਣ ਵਾਲ਼ੇ ਸ: ਹਰਭਜਨ ਸਿੰਘ 'ਹਾਮੀ' ਇੱਕ ਜ਼ਹੀਨ ਕਵੀ, ਪੱਤਰਕਾਰ, ਅਧਿਆਪਕ, ਸਬ ਐਡੀਟਰ ਅਤੇ ਇਸ ਤੋਂ ਵੀ ਵੱਡੀ ਗੱਲ ਇੱਕ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਸਨ। ਜਲੰਧਰ ਜ਼ਿਲ੍ਹੇੵ ਦੇ ਸ਼ਾਹਕੋਟ ਲਾਗੇ ਆਪਣੇ ਨਾਨਕੇ ਪਿੰਡ ਕੋਹਾੜ ਕਲਾਂ 'ਚ ਉਨ੍ਹਾਂੵ ਦਾ ਜਨਮ 1932 ਈ: ਵਿੱਚ ਸ: ਬਚਨ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ, ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ, ਉਨ੍ਹਾਂ ਨੇ ਉਸਦਾ ਨਾਂ ਹਰਭਜਨ ਸਿੰਘ ਰੱਖਿਆ, ਸਾਹਿਤਕ ਜਗਤ ਵਿੱਚ ਪ੍ਰਵੇਸ਼ ਕਰਦਿਆਂ ਜਾਂ ਇੰਝ ਕਹਿ ਲਵੋ ਕਿ ਹਰਭਜਨ ਦੇ ਕਵਿਤਾ ਅੰਦਰੋਂ ਫੁੱਟਦਿਆਂ ਹੀ ਉਨ੍ਹਾਂੵ ਦੇ ਨਾਂ ਨਾਲ਼ 'ਹਾਮੀ' ਪੱਕੇ ਤੌਰ ਤੇ ਜੁੜ ਗਿਆ ਸੀ। ਉਹ ਸਾਰੀ ਉਮਰ ਸੱਚ ਦਾ ਹਾਮੀ ਰਿਹਾ ਜਿਸ ਦੀ ਹਾਮੀ ਅੱਜ ਵੀ ਉਨ੍ਹਾਂੵ ਦੀਆਂ 25 ਤੋਂ ਵੱਧ ਲਿਖੀਆਂ ਕਿਤਾਬਾਂ ਭਰਦੀਆਂ ਹਨ।
ਹਰਭਜਨ ਸਿੰਘ 'ਹਾਮੀ' ਜੀ ਨੇ ਸੁਲਤਾਨਪੁਰ ਲੋਧੀ ਦੇ ਖ਼ਾਲਸਾ ਸਕੂਲ ਵਿੱਚ ਅਤੇ ਫਿਰ ਐੱਸ. ਡੀ. ਸਕੂਲ ਵਿੱਚ ਨੌਕਰੀ ਕੀਤੀ, ਉਹ ਡਡਵੰਡੀ ਦੇ ਹਾਈ ਸਕੂਲ ਦੇ ਮੁੱਖ ਅਧਿਆਪਕ ਵੀ ਰਹੇ। ਫਿਰ ਰੇਲਵੇ 'ਚ ਨੌਕਰੀ ਕਰਦਿਆਂ ਅੰਬਾਲਾ, ਜਲੰਧਰ ਅਤੇ ਅੰਮ੍ਰਿਤਸਰ ਸਟੇਸ਼ਨਾਂ ਤੇ ਰਹਿੰਦਿਆਂ ਵੀ ਸ਼ਾਇਰੀ ਨਾਲ਼ ਅੰਦਰੋਂ ਜੁੜੇ ਰਹੇ। 1978 ਵਿੱਚ ਪੰਜਾਬੀ ਅਦਾਰੇ 'ਜਗ ਬਾਣੀ' ਦੇ ਸਬ ਐਡੀਟਰ ਬਣੇ। 1990 ਈ: ਵਿੱਚ 'ਵਿਸ਼ਵ ਪੰਜਾਬੀ ਕਾਨਫ਼ਰੰਸ' ਵਿੱਚ ਭਾਗ ਲੈਣ ਲਈ ਉਹ ਟੋਰਾਂਟੋ ਚਲੇ ਗਏ। ਵਾਪਸ ਆ ਕੇ ਉਨ੍ਹਾਂੵ ਨੇ 'ਅੱਜ ਦੀ ਅਵਾਜ਼' ਅਤੇ 'ਨਵਾਂ ਜ਼ਮਾਨਾ' ਦੇ ਸਬ ਐਡੀਟਰ ਵਜੋਂ ਕੰਮ ਕੀਤਾ।
ਉਂਝ 'ਹਾਮੀ' ਦੀ ਕਵਿਤਾ ਨੂੰ ਕਿਸੇ ਸੀਮਤ ਦਾਇਰੇ ਜਾਂ ਕਿਸੇ ਵਾਦ ਨਾਲ਼ ਜੋੜ ਕੇ ਦੇਖਣਾ ਠੀਕ ਨਹੀਂ ਹੋਵੇਗਾ, ਕਿਉਂਕਿ ਉਹ ਵਿਸ਼ਾਲ ਹਿਰਦੇ ਦੇ ਜ਼ਹੀਨ ਸ਼ਾਇਰ ਸਨ। ਉਹ ਕਵਿਤਾ ਨੂੰ ਨਾ ਸਿਰਫ਼ ਲਿਖਦੇ ਹੀ ਸਨ ਸਗੋਂ ਕਵਿਤਾ ਨੂੰ ਗਹਿਰਾਈ ਦੇ ਤਲ ਤੋਂ ਮਹਿਸੂਸਦੇ ਹੋਏ ਮਾਣਦੇ ਵੀ ਸਨ। ਉਨ੍ਹਾਂੵ ਦੀ ਉਰਦੂ -ਫ਼ਾਰਸੀ ਭਾਸ਼ਾਈ ਸਮਝ ਉਚੇਰੀ ਹੋਣ ਕਾਰਨ ਸਾਹਿਤਕ ਜਗਤ ਵਿੱਚ ਉਨ੍ਹਾਂੵ ਨੂੰ ਭਰਪੂਰ ਸ਼ੁਹਰਤ ਮਿਲੀ।
ਫ਼ਖਰ ਅਤੇ ਮਾਣ ਵਾਲ਼ੀ ਗੱਲ ਹੈ ਕਿ ਸਿੱਖ ਜਗਤ ਨੂੰ ਸਿੱਖੀ ਸਿਧਾਂਤਾਂ , ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਦਿਲੋਂ-ਜਾਨੋਂ ਸਮਰਪਿਤ ਇੱਕ ਡੂੰਘੇ ਸ਼ਾਇਰ ਸ: ਹਰਭਜਨ ਸਿੰਘ 'ਹਾਮੀ' ਮਿਲੇ, ਜਿਸ ਨਾਲ਼ ਸਿੱਖੀ ਦੀਆਂ ਬਾਰੀਕ ਸਮਝਾਂ ਆਮ ਪਾਠਕਾਂ ਦੇ ਪੱਲੇ ਪਈਆਂ। 'ਹਾਮੀ' ਆਪਣੀ ਕਵਿਤਾ ਨੂੰ ਸਟੇਜ ਤੇ ਵੀ ਹੁਨਰ ਮਈ ਢੰਗ ਨਾਲ਼ ਕਹਿਣ ਜਾਣਦੇ ਸਨ, ਆਪਣੇ ਸਮਕਾਲੀ ਕਵੀਆਂ ਵਿੱਚ ਉਨ੍ਹਾਂੵ ਦੀ ਵੱਖਰੀ ਪਛਾਣ ਸੀ।
ਉਨ੍ਹਾਂ ਦੀ ਸਭ ਤੋਂ ਵੱਡੀ ਸਾਹਿਤਕ ਦੇਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਉਰਦੂ ਵਿੱਚ ਤਰਜਮਾ ਕਰਨਾ ਸੀ। ਮਹਾਂਕਾਵਿ 'ਸਾਈਂ ਮੀਆਂ ਮੀਰ' ਅਤੇ 'ਸ਼੍ਰੀ ਚੰਦ੍ਰਾਇਣ ਤੋਂ ਇਲਾਵਾ ਗ਼ਜ਼ਲ ਸੰਗ੍ਰਹਿ 'ਮਿਜ਼ਰਾਬ', ਸ਼ਰਾਬ ਅਤੇ ਧੁਆਂਖੇ ਨਕਸ਼ ਤੋਂ ਬਿਨਾ 'ਮੈਂ ਹਾਂ ਕੋਹਿਨੂਰ', ਸਰਮਦ, ਪਾਕ ਰੂਹਾਂ , ਦੇਵ ਲੋਕ ਆਦਿ ਉਨ੍ਹਾਂੵ ਦੀਆਂ ਚਰਚਿਤ ਪੁਸਤਕਾਂ ਹਨ।
ਉਨ੍ਹਾਂ ਨੂੰ ਭਾਰਤੀ ਦਲਿਤ ਸਾਹਿਤ ਅਕਾਦਮੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਗੁਰਦੁਆਰਾ ਕਮੇਟੀ ਦਿੱਲੀ , ਸ਼੍ਰੀ ਗੁਰੂ ਸਿੰਘ ਸਭਾ ਟੋਰਾਂਟੋ (ਕੈਨੇਡਾ) ਤੋਂ ਬਿਨਾਂ ਹੋਰ ਵੀ ਕਈ ਸਾਹਿਤਕ ਸਭਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਾਹਿਤ ਨੂੰ ਸਮਰਪਿਤ ਕਰ ਦਿੱਤੀ, ਜ਼ਿੰਦਗੀ ਦੇ ਅੰਤਲੇ ਦਿਨਾਂ ਵਿੱਚ ਵੀ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਉਰਦੂ ਦੇ ਤਰਜਮੇ ਨੂੰ ਸੰਪੂਰਨ ਕਰਨ ਵਿੱਚ ਸ਼ਿੱਦਤ ਅਤੇ ਲਗਨ ਨਾਲ਼ ਜੁਟੇ ਰਹੇ, ਜਿਉਂ ਹੀ ਇਹ ਕਾਰਜ ਸੰਪੂਰਨ ਹੋਇਆ 20 ਜੁਲਾਈ 1994 ਈ: ਨੂੰ ਉਹ ਸਾਡੇ ਤੋਂ ਸਦਾ ਲਈ ਵਿੱਛੜ ਗਏ।
ਕੁਝ ਵੀ ਹੋਵੇ ਸ: ਹਰਭਜਨ ਸਿੰਘ 'ਹਾਮੀ' ਜਿਹੀ ਗਹਿਰੀ ਸਮਝ ਵਾਲ਼ਾ ਇੱਕ ਵੱਡਾ ਅਧਿਆਤਮਵਾਦੀ ਕਵੀ ਛੇਤੀ ਕਿਤੇ ਦੁਬਾਰਾ ਨਹੀਂ ਮਿਲਣਾ, ਉਨ੍ਹਾਂੵ ਦੀਆਂ ਕਿਰਤਾਂ ਜਿਊਂਦੀਆਂ ਰਹਿਣਗੀਆਂ, ਜੋ, ਜਿੱਥੇ ਉਸਨੇ ਸਫ਼ਰ ਛੱਡਿਆ ਹੈ , ਉਸ ਤੋਂ ਅਗਲੇਰੇ ਪੜਾਵਾਂ ਵੱਲ ਵਧਣ ਲਈ ਸਾਹਿਤ ਰਸੀਆਂ ਨੂੰ ਇਸ਼ਾਰੇ ਕਰਦੀਆਂ ਰਹਿਣਗੀਆਂ ਅਤੇ ਪਾਠਕਾਂ ਨੂੰ ਆਪਣੀ ਨਿੱਘੀ ਲੋਅ ਹਮੇਸ਼ਾ ਵੰਡਦੀਆਂ ਰਹਿਣਗੀਆਂ।
-
ਬਲਕਰਨ ਕੋਟ ਸ਼ਮੀਰ, ਪੰਜਾਬੀ ਮਾਸਟਰ
balkarankotshamir1@gmail.com
7508092957
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.